ਲਾਲ ਬੁਖ਼ਾਰ ਕੀ ਹੁੰਦਾ ਹੇ?
ਲਾਲ ਬੁਖ਼ਾਰ ਇੱਕ ਲਾਗ ਹੁੰਦੀ ਹੈ ਜੋ ਗਰੁਪ A ਬੈਟਾ-ਹੀਮੋਲਿਕਿ ਸਟ੍ਰੈਪਟੋਕਾਕਸ (GABS) ਨਾਮ ਵਾਲੇ ਜਾਂ ਸਟ੍ਰੈੱਪ ਦੇ ਜਰਾਸੀਮ (ਜਰਮ) ਦੀ ਇੱਕ ਕਿਸਮ ਤੋਂ ਲੱਗਦੀ ਹੈ। ਇਹ ਜਰਮ ਇੱਕ ਅਜਿਹਾ ਪਦਾਰਥ ਜਿਸ ਨੂੰ ਕੀਟਾਣੂ ਵਿਸ਼ (ਟੌਕਸਿਨ) ਕਿਹਾ ਜਾਂਦਾ ਹੈ ਜਿਸ ਤੋਂ ਕੁਝ ਲੋਕ ਸੰਵੇਦਨਸ਼ੀਲ ਹੁੰਦੇ ਹਨ।ਗੈਬਜ਼ (GABS) ਨਾਮ ਦੇ ਇਹ ਸਾਰੇ ਕੀਟਾਣੂ ਵਿਸ਼ ਨਹੀਂ ਪੈਦਾ ਕਰਦੇ ਅਤੇ ਥੋੜ੍ਹੇ ਜਿੰਨੇ ਲੋਕ ਹੀ ਇਸ ਤੋਂ ਸੰਵੇਦਨਸ਼ੀਲ ਹੁੰਦੇ ਹਨ।
ਇਸ ਲਾਗ ਦਾ ਮੁੱਖ ਲੱਛਣ ਕਿਰਮਚੀ ਰੰਗ (ਲਾਲ ਤੋਂ ਸੰਗਤਰੀ) ਦਾ ਇੱਕ ਧੱਫ਼ੜ ਹੈ ਜੋ ਤੁਹਾਡੇ ਬੱਚੇ ਦੀ ਚਮੜੀ ਉੱਤੇ ਫ਼ੈਲ ਜਾਂਦਾ ਹੈ। ਲਾਲ ਬੁਖ਼ਾਰ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਸ਼ਾਇਦ ਈ ਕਦੇ ਹੁੰਦਾ ਹੈ। ਇਹ 4 ਤੋਂ 8 ਸਾਲ ਦੇ ਬੱਚਿਆਂ ਨੂੰ ਅਕਸਰ ਹੁੰਦਾ ਹੈ।
ਲਾਲ ਬੁਖ਼ਾਰ ਦੀਆਂ ਨਿਸ਼ਾਨੀਆਂ ਅਤੇ ਲੱਛਣ
ਧੱਫ਼ੜ
ਧੱਫ਼ੜ ਲਾਲ ਬੁਖ਼ਾਰ ਦੀ ਬਹੁਤ ਨੁਮਾਇਆਂ ਨਿਸ਼ਾਨੀ ਹੁੰਦੀ ਹੈ। ਆਮ ਤੌਰ ਤੇ ਮੁੱਢ ਵਿੱਚ ਇਹ ਧੁੱਪ ਨਾਲ ਝੁਲਸੀ ਹੋਈ ਜਗ੍ਹਾ ਲੱਗਦੀ ਹੈ ਜਿਸ ਨੂੰ ਛੋਹਿਆਂ ਲੱਗਦਾ ਹੈ ਇਹ ਰੇਗਮਾਰ ਜਿਹੀ ਹੈ ਅਤੇ ਇਸ ਜਗ੍ਹਾ ਖਾਰਸ਼ ਵੀ ਹੁੰਦੀ ਹੈ। ਪਹਿਲਾਂ ਇਹ ਥੱਫ਼ੜ ਗਰਦਨ ਅਤੇ ਚਿਹਰੇ 'ਤੇ ਪ੍ਰਗਟ ਹੁੰਦਾ ਹੈ, ਫ਼ਿਰ ਫ਼ੈਲ ਕੇ ਛਾਤੀ ਅਤੇ ਪਿੱਠ 'ਤੇ ਪਹੁੰਚ ਜਾਂਦਾ ਹੈ। ਸਰੀਰ ਦੀਆਂ ਭੰਨਾਂ ਵਾਲੀਆਂ ਥਾਵਾਂ , ਖਾਸ ਕਰ ਕੱਛਾਂ ਅਤੇ ਕੂਹਣੀਆਂ, ਵਿਖੇ ਲਾਲ ਧਾਰੀਆਂ ਦਾ ਰੂਪ ਧਾਰਨ ਕਰਨ ਲੱਗ ਪੈਂਦਾ ਹੈ। 4 ਤੋਂ 6 ਦਿਨ ਪਿੱਛੋਂ ਇਹ ਧੱਫ਼ੜ ਮੱਧਮ ਪੈਣਾ ਸ਼ੁਰੂ ਹੋ ਜਾਂਦਾ ਹੈ। ਧੱਫ਼ੜ ਦੇ ਅਲੋਪ ਹੋ ਹਾਣ ਪਿੱਛੋਂ 7 ਤੋਂ 10 ਦਿਨ ਪ੍ਰਭਾਵਤ ਚਮੜੀ ਤੋਂ ਪੇਪੜੀ ਉੱਤਰਨੀ ਸ਼ੁਰੂ ਹੋ ਜਾਂਦੀ ਹੈ ਅਤੇ 6 ਹਫ਼ਤਿਆਂ ਤੀਕ ਉੱਤਰਦੀ ਰਹਿੰਦੀ ਹੈ।
ਬੁਖ਼ਾਰ
ਬੁਖ਼ਾਰ ਤੇਜ਼ ਵੀ ਹੋ ਸਕਦਾ ਹੈ। ਧੱਫ਼ੜ ਤੋਂ 12 ਤੋਂ 48 ਘੰਟੇ ਪਹਿਲਾਂ ਆਮ ਕਰ ਕੇ ਬੁਖ਼ਾਰ ਹੁੰਦਾ ਹੈ।
ਗਲ਼ੇ ਦਾ ਦਰਦ
ਜੇ ਤੁਸੀਂ ਬੱਚੇ ਦੇ ਮੂੰਹ ਦੇ ਅੰਦਰ ਵੇਖੋ, ਤਾਂ ਤੁਸੀਂ ਸ਼ਾਇਦ ਵਧੇ ਹੋਏ ਲਾਲ ਟੌਨਸਿਲ (ਗੱਲ਼ ਦੇ ਕੰਡੇ) ਵੇਖੋਗੇ ਜਿਨ੍ਹਾਂ ਉੱਤੇ ਕਈ ਵਾਰੀ ਸਫ਼ੈਦ-ਪੀਲੀ ਝਿੱਲੀ ਜਾਂ ਲੇਪ ਚੜ੍ਹਿਆ ਲੱਗਦਾ ਹੈ। ਉਸ ਦੀ ਜੀਭ ਛੋਟੇ ਛੋਟੇ ਲਾਲ ਟਿਮਕਣਿਆਂ ਕਾਰਨ ਸਫ਼ੈਦ-ਲਾਲ ਲੱਗੇਗੀ ਅਤੇ ਸਟ੍ਰਾਬੇਰੀ ਨਾਲ ਮਿਲਦੀ ਜੁਲਦੀ ਹੋਵੇਗੀ।
ਦੂਜੇ ਲੱਛਣ
ਕਈ ਬੱਚਿਆਂ ਵਿੱਚ ਦੂਜੇ ਲੱਛਣ, ਜਿਵੇਂ ਕਿ ਸਿਰ ਦਰਦ, ਦਿਲ ਕੱਚਾ ਹੋਣਾ, ਉਲਟੀ ਆਉਣੀ, ਢਿੱਡ ਵਾਲੀ ਜਗ੍ਹਾ ਪੀੜ, ਅਤੇ ਪੱਠਿਆਂ ਵਿੱਚ ਦਰਦ, ਵੀ ਹੋ ਸਕਦੇ ਹਨ।
ਇਸ ਹਾਲਤ ਦੇ ਸਾਰੇ ਕੇਸ ਉਸੇ ਤਰ੍ਹਾਂ ਦੇ ਨਹੀਂ ਲੱਗਦੇ ਅਤੇ ਬਹੁਤੀਆਂ ਹਾਲਤਾਂ ਇੱਕੋ ਜਿਹੀਆਂ ਲੱਗ ਸਕਦੀਆਂ ਹਨ। ਆਪਣੇ ਬੱਚੇ ਦੀ ਬਿਮਾਰੀ ਬਾਰੇ ਜਾਣਕਾਰੀ ਲੈਣ ਲਈ, ਕਿਰਪਾ ਕਰਕੇ ਆਪਣੇ ਬੱਚੇ ਦੇ ਡਾਕਟਰ ਨਾਲ ਗੱਲ ਕਰੋ।
ਦੂਜੀਆਂ ਲਾਗਾਂ ਵਾਲੀਆਂ ਹਾਲਤਾਂ (ਜਿਵੇਂ ਕਿ ਖ਼ਸਰਾ ਜਾਂ ਸਟੈਫ਼ਾਇਲੋਕੁਕਲ ਚਮੜੀ ਦੀ ਲਾਗ) ਜਾਂ ਸੋਜ਼ਸ਼ੀ ਹਾਲਤਾਂ (ਜਿਵੇਂ ਕਿ ਕਾਵਾਸਕੀ ਬਿਮਾਰੀ)
ਲਾਲ ਬੁਖ਼ਾਰ ਲਈ ਡਾਕਟਰ ਕੀ ਕਰ ਸਕਦੇ ਹਨ?
ਗਲ਼ੇ 'ਚੋਂ ਫ਼ੰਬੇ ਦੁਆਰਾ ਨਮੂਨਾ ਲੈਣਾ ਜਾਂ ਖ਼ੂਨ ਦੇ ਟੈਸਟ
ਬੱਚੇ ਦੇ ਦਰਦ ਅਤੇ ਧੱਫ਼ੜ ਦੇ ਕਾਰਨ ਦਾ ਪਤਾ ਕਰਨ ਲਈ ਡਾਕਟਰ ਉਸ ਦੇ ਗਲ਼ੇ ਵਿੱਚੋਂ ਫ਼ੰਬੇ ਦੁਆਰਾ ਇੱਕ ਨਮੂਨਾ ਲਵੇਗਾ। ਇਹ ਇੱਕ ਤਰ੍ਹਾਂ ਦਾ ਤੀਲ੍ਹਾ ਹੁੰਦਾ ਹੈ ਜਿਸ ਦੇ ਸਿਰੇ 'ਤੇ ਰੂੰ ਹੁੰਦਾ ਹੈ ਜਿਸ ਨੂੰ ਡਾਕਟਰ ਬੱਚੇ ਦੇ ਗਲ਼ੇ ਦੇ ਪਿੱਛੇ ਅਤੇ ਪਾਸਿਆਂ ਨਾਲ ਛੁਹਾਅ ਕੇ ਨਮੂਨਾ ਹਾਸਲ ਕਰਦਾ ਹੈ। ਇਸ ਨਮੂਨੇ ਨੂੰ ਫ਼ਿਰ ਸਟ੍ਰੈੱਪ (ਲਾਲ ਬੁਖ਼ਾਰ ਤੇ ਗੱਲ਼ ਦੇ ਕੰਡੇ ਲਾਉਣ ਵਾਲੇ) ਦੇ ਜਰਮ ਦਾ ਪਤਾ ਕਰਨ ਲਈ ਟੈਸਟ ਕੀਤਾ ਜਾਂਦਾ ਹੈ।
ਲਾਲ ਬੁਖ਼ਾਰ ਨੂੰ ਦੂਜੀਆਂ ਹਾਲਤਾਂ ਤੋਂ ਨਿਖੇੜਾ ਕਰਨ ਲਈ ਕਈ ਵਾਰੀ ਖ਼ੂਨ ਦੇ ਟੈਸਟ ਕਰਨ ਦੀ ਲੋੜ ਪੈ ਸਕਦੀ ਹੈ।
ਰੋਗਾਣੂਨਾਸ਼ਕ (ਐਂਟੀਬਾਇਟਿਕਸ)
ਜੇ ਗਲ਼ੇ ਵਿੱਚ ਲਿਆ ਗਿਆ ਨਮੂਨਾ ਸਟ੍ਰੈੱਪ ਜਰਮ ਦੀ ਹੋਂਦ ਨੂੰ ਪਾਜ਼ੇਟਿਵ (ਯਕੀਨੀ) ਸਾਬਤ ਕਰਦਾ ਹੋਵੇ ਤਾਂ ਡਾਕਟਰ ਤੁਹਾਡੇ ਬੱਚੇ ਲਈ ਮੂੰਹ ਰਾਹੀਂ ਲੈਣ ਲਈ ਰੋਗਾਣੂਨਾਸ਼ਕ (ਐਂਟੀਬਾਇਟਿਕਸ) ਜਾਂ ਰੋਗਾਣੂਨਾਸ਼ਕ (ਐਂਟੀਬਾਇਟਿਕਸ) ਦਾ ਟੀਕਾ ਲਾਉਣ ਦਾ ਨੁਸਖ਼ਾ ਦੇਵੇਗਾ।
ਜੇ ਤੁਹਾਡਾ ਬੱਚਾ ਮੂੰਹ ਰਾਹੀਂ ਦਵਾਈ ਨਹੀਂ ਲੈਂਦਾ ਜਾਂ ਤੁਸੀਂ ਦਵਾਈ ਬਾਕਾਇਦਗੀ ਨਾਲ ਨਹੀਂ ਦੇ ਸਕਦੇ ਤਾਂ ਡਾਕਟਰ ਲਮਾਂ ਸਮਾਂ ਅਸਰ ਕਰਨ ਵਾਲੀ ਪੈਨੀਸਿਲਿਨ ਦਾ ਟੀਕਾ ਲਾ ਸਕਦਾ ਹੈ। ਜੇ ਇਸ ਨੂੰ ਉਚਿੱਤ ਢੰਗ ਨਾਲ ਦਿੱਤਾ ਜਾਵੇ ਤਾਂ ਰੋਗਾਣੂਨਾਸ਼ਕ (ਐਂਟੀਬਾਇਟਿਕ) ਓਨੀ ਹੀ ਤੇਜ਼ੀ ਨਾਲ ਅਸਰ ਕਰੇਗਾ ਜਿੰਨੀ ਤੇਜ਼ੀ ਨਾਲ ਟੀਕਾ ਅਸਰ ਕਰਦਾ ਹੈ।
ਆਪਣੇ ਬੱਚੇ ਦੀ ਸੰਭਾਲ ਘਰ ਵਿੱਚ ਕਰਨੀ
ਬੁਖ਼ਾਰ ਉੱਤੇ ਨਜ਼ਰ ਰੱਖੋ ਅਤੇ ਰੋਗਾਣੂਨਾਸ਼ਕਾਂ (ਐਂਟੀਬਾਇਟਿਕਸ) ਦੀ ਪੂਰੀ ਦਵਾਈ ਦਿਓ
ਬੁਖ਼ਾਰ ਅਤੇ ਗਲ਼ੇ ਦਾ ਦਰਦ ਆਮ ਕਰ ਕੇ ਰੋਗਾਣੂਨਾਸ਼ਕ (ਐਂਟੀਬਾਇਟਿਕ) ਇਲਾਜ ਦੇ 48 ਘੰਟਿਆਂ ਪਿੱਛੋਂ ਠੀਕ ਹੋ ਜਾਂਦਾ ਹੈ। ਬਿਮਾਰੀ ਮੁੜ ਨਾ ਆਵੇ, ਇਸ ਨੂੰ ਰੋਕ ਪਾਉਣ ਲਈ ਅਤੇ ਪੇਚੀਦਗੀਆਂ ਤੋਂ ਬਚਾਅ ਕਰਨ ਲਈ ਜ਼ਰੂਰੀ ਹੈ ਕਿ ਇਹ ਇਲਾਜ ਪੂਰਾ ਕੀਤਾ ਜਾਵੇ।
ਬੁਖ਼ਾਰ ਜਾਂ ਦਰਦ ਦੇ ਇਲਾਜ ਲਈ ਅਸੀਟਾਮਿਨੋਫ਼ਿਨ (ਟਾਇਲਾਨੌਲ ਜਾਂ ਟੈਂਪਰਾ ਜਾਂ ਦੂਜੇ ਬਰੈਂਡ) ਜਾਂ ਆਈਬਿਊਪਰੋਫ਼ੈਨ (ਮੌਟਰਿਨ ਜਾਂ ਐਡਵਿੱਲ ਜਾਂ ਦੂਜੇ ਬਰੈਂਡ) ਵਰਤੀ ਜਾ ਸਕਦੀ ਹੈ। ਆਪਣੇ ਬੱਚੇ ਨੂੰ ਏ ਐੱਸ ਏ (ਅਸੀਟਲਸਾਲਾਸਾਲਕ ਐਸਿਡ ਜਾਂ ਐੱਸਪਰੀਨ) ਨਾ ਦਿਓ।
ਗਲ਼ੇ ਦਾ ਦਰਦ
ਲਾਲ ਬੁਖ਼ਾਰ ਵਾਲੇ ਤੁਹਾਡੇ ਬੱਚੇ ਲਈ ਖਾਣਾ ਅਤੇ ਪੀਣਾ ਦੁਖਦਾਈ ਹੋ ਸਕਦਾ ਹੈ। ਯਕੀਨੀ ਬਣਾਓ ਕਿ ਉਹ ਕਾਫ਼ੀ ਮਾਤਰਾ ਵਿੱਚ ਤਰਲ ਪੀਂਦਾ ਹੈ। ਆਪਣੇ ਬੱਚੇ ਲਈ ਖਾਣਾ ਅਤੇ ਪੀਣਾ ਅਸਾਨ ਅਤੇ ਅਨੰਦਮਈ ਬਣਾਓ। ਕੁਝ ਸਹਾਇਕ ਭੋਜਨ ਹੇਠ ਦਰਜ ਹਨ:
- ਕੋਸੀ (ਬਹੁਤੀ ਗਰਮ ਨਹੀਂ) ਕੈਫ਼ੀਨ ਮੁਕਤ ਅਰਾਮ ਦੇਣ ਵਾਲੀ ਚਾਹ
- ਕੋਸੇ (ਬਹੁਤਾ ਗਰਮ ਨਹੀਂ) ਪੌਸ਼ਟਕ ਸੂਪ
- ਆਈਸ ਦੇ ਕਿਊਬ, ਜੰਮਿਆ ਹੋਇਆ ਜੂਸ, ਜਾਂ ਚੂਸਣ ਲਈ ਪੌਪਸਿਕਲ
- ਸਟ੍ਰਾਅ (ਨਾਲ਼ੀ) ਨਾਲ ਠੰਡੀਆਂ ਪੀਣ ਵਾਲੀਆਂ ਚੀਜ਼ਾਂ; ਇਸ ਤਰ੍ਹਾਂ ਪੀਣਾ ਉਸ ਲਈ ਸੌਖਾ ਹੁੰਦਾ ਹੈ।
- ਫ਼ਲਾਂ ਅਤ ਯੋਗ੍ਰਹਰਟ ਸਮੂਦੀਆਂ ਦਾ ਮਿਸ਼ਰਨ
- ਫ਼ਰੀਜ਼ ਕੀਤੇ ਭੋਜਨ ਜਿਵੇਂ ਕਿ ਆਈਸ ਕਰੀਮ ਜਾਂ ਮਿਲਕਸ਼ੇਕ
ਧੱਫ਼ੜ ਤੋਂ ਅਰਾਮ ਲੈਣਾ
ਚਮੜੀ ਨੂੰ ਨਰਮ ਕਰਨ ਲਈ ਖ਼ੁਸ਼ਬੂ ਰਹਿਤ ਨਮੀ ਦੇਣ ਵਾਲੀਆਂ ਚੀਜ਼ਾਂ ਵਰਤੋ। ਜਵੀ ਦਾ ਦਲੀਆ, ਜਾਂ ਵਿਪਾਰਕ ਓਟਮੀਲ ਬੇਦਿੰਗ ਪਾਊਡਰ ਵਰਤ ਕੇ ਲਾਲੀ ਅਤੇ ਬੇਅਰਾਮੀ ਨੂੰ ਘਟਾਇਆ ਜਾ ਸਕਦਾ ਹੈ।
ਲਾਗ ਦੇ ਫ਼ੈਲਣ ਨੂੰ ਕਿਵੇਂ ਰੋਕਿਆ ਜਾਂਦਾ ਹੈ
ਧੱਫ਼ੜ ਆਪਣੇ ਆਪ ਵਿੱਚ ਛੂਤ ਵਾਲੇ ਨਹੀਂ ਹੁੰਦੇ। ਫ਼ਿਰ ਵੀ, ਲਾਲ ਬੁਖ਼ਾਰ ਪਰਿਵਾਰ ਦੇ ਮੈਂਬਰਾਂ ਜਾਂ ਤੁਹਾਡੇ ਬੱਚੇ ਦੇ ਨਾਲ ਪੜ੍ਹਣ ਵਾਲਿਆਂ ਨੂੰ ਸਹਿਜੇ ਹੀ ਲੱਗ ਸਕਦਾ ਹੈ। ਕੋਈ ਬੱਚਾ ਜਾਂ ਬਾਲਗ, ਜੋ ਤੁਹਾਡੇ ਘਰ ਵਿੱਚ ਰਹਿੰਦਾ ਹੋਵੇ, ਅਤੇ ਜਿਸ ਤੋਂ ਸੰਪਰਕ ਦੇ ਇਕ ਹਫ਼ਤੇ ਪਿੱਛੋਂ ਉਸ ਨੂੰ ਉਹੋ ਜਿਹੇ ਲੱਛਣ ਪ੍ਰਗਟ ਹੁੰਦੇ ਹੋਣ ਉਸ ਦੇ ਗਲ਼ੇ ਅੰਦਰੋਂ ਫ਼ੰਬੇ ਨਾਲ ਨਮੂਨਾ ਲਿਆ ਜਾਣਾ ਚਾਹੀਦਾ ਹੈ।
ਤੁਹਾਡੇ ਬੱਚੇ ਵੱਲੋਂ ਰੋਗਾਣੂਨਾਸ਼ਕ ਲੈਣ ਤੋਂ 24 ਘੰਟੇ ਪਿੱਛੋਂ ਕਿਸੇ ਹੋਰ ਨੂੰ ਛੂਤ ਨਹੀਂ ਲੱਗ ਸਕਦੀ। ਇਸ ਦਾ ਭਾਵ ਹੈ ਕਿ ਤੁਹਾਡਾ ਬੱਚਾ ਜਦੋਂ ਉਹ ਠੀਕ ਮਹਿਸੂਸ ਕਰਦਾ ਹੈ ਉਸ ਤੋਂ ਇੱਕ ਦਿਨ ਪਿੱਛੋਂ ਸਕੂਲ ਜਾ ਸਕਦਾ ਹੈ। ਲਾਗ ਦੇ ਫ਼ੈਲਣ 'ਤੇ ਰੋਕ-ਥਾਮ ਕਰਨ ਲਈ ਕੁਝ ਨੁਕਤੇ ਹੇਠ ਦਰਜ ਹਨ:
- ਆਪਣੇ ਹੱਥ ਸਾਬਨ ਵਾਲੇ ਨਿੱਘੇ ਪਾਣੀ ਨਾਲ ਧੋਵੋ।
- ਆਪਣੇ ਦੋਸਤਾਂ ਜਾਂ ਹਮਜਮਾਤੀਆਂ ਨਾਲ ਪੀਣ ਵਾਲੇ ਗਲਾਸ ਜਾਂ ਖਾਣ ਵਾਲੇ ਭਾਂਡੇ ਸਾਂਝੇ ਨਾ ਕਰੋ।
- ਇਹ ਯਕੀਨੀ ਬਣਾਓ ਕਿ ਤੁਹਾਡੇ ਬੱਚੇ ਦੇ ਖਾਣੇ ਵਾਲੇ ਭਾਂਡਿਆਂ ਨੂੰ ਅਤੇ ਪੀਣ ਵਾਲੇ ਗਲਾਸਾਂ ਨੂੰ ਸਾਬਨ ਵਾਲੇ ਗਰਮ ਪਾਣੀ ਨਾਲ ਜਾਂ ਡਿਸ਼ਵਾਸ਼ਰ ਵਿੱਚ ਧੋਤਾ ਜਾਵੇ।
- ਆਪਣੀ ਕੂਹਣੀ ਵਿੱਚ ਨਿੱਛ ਮਾਰੋ ਜਾਂ ਖੰਘਣ ਲੱਗਿਆਂ ਆਪਣੇ ਮੂੰਹ ਅਤੇ ਨੱਕ ਨੂੰ ਢਕ ਲਓ।
ਡਾਕਟਰੀ ਸਹਾਇਤਾ ਕਦੋਂ ਲੈਣੀ ਹੈ
ਆਪਣੇ ਬੱਚੇ ਦੇ ਡਾਕਟਰ ਨੂੰ ਫ਼ੋਨ ਕਰੋ ਜੇ:
- ਰੋਗਾਣੂਨਾਸ਼ਕ ਲੈਣ ਦੇ 48 ਘੰਟੇ ਪਿੱਛੋਂ ਵੀ ਬੁਖ਼ਾਰ ਨਾ ਉੱਤਰਦਾ ਹੋਵੇ
- ਧੱਫ਼ੜ ਛਾਲੇ ਬਣ ਜਾਣ ਜਾਂ ਨੰਗੇ ਫ਼ੋੜੇ ਬਣ ਜਾਣ ਜਾਂ ਬਹੁਤ ਦਰਦ ਵਾਲੇ ਬਣ ਜਾਣ
- ਪੀਣ ਜਾਂ ਖਾਣ ਦੇ ਯੋਗ ਨਹੀਂ ਅਤੇ ਉਸ ਅੰਦਰ ਪਾਣੀ ਦੀ ਘਾਟ ਹੋਵੇ
- ਬਹੁਤ ਉਲਟੀਆਂ ਕਰਦਾ ਹੋਵੇ
- ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੋਵੇ
- ਬਹੁਤ ਬਿਮਾਰ ਲੱਗਦਾ ਹੋਵੇ
ਮੁੱਖ ਨੁਕਤੇ
- ਬੁਖ਼ਾਰ, ਖੁਰਦਰੇ ਲਾਲ ਧੱਫ਼ੜ, ਅਤੇ ਗਲ਼ੇ ਦੇ ਦਰਦ ਲਾਲ ਬੁਖ਼ਾਰ ਦੇ ਮੁੱਖ ਲੱਛਣ ਹੁੰਦੇ ਹਨ।
- ਜੇ ਤੁਹਾਨੂੰ ਲੱਗਦਾ ਹੋਵੇ ਕਿ ਤੁਹਾਡੇ ਬੱਚੇ ਨੂੰ ਲਾਲ ਬੁਖ਼ਾਰ ਹੈ ਤਾਂ ਉਸ ਨੂੰ ਝੱਟਪਟ ਡਾਕਟਰ ਕੋਲ ਲੈ ਜਾਓ।
- ਬਿਮਾਰੀ ਦੇ ਦੁਬਾਰਾ ਹੋਣ ਅਤੇ ਪੇਚੀਦਗੀਆਂ ਉੱਤੇ ਰੋਕ ਪਾਉਣ ਲਈ ਰੋਗਾਣੂਨਾਸ਼ਕ ਦਾ ਪੂਰਾ ਇਲਾਜ ਕਰਨਾ ਅਹਿਮ ਹੁੰਦਾ ਹੈ।
- ਦਰਦ ਨੂੰ ਘਟਾਉਣ ਲਈ ਨਰਮ ਖ਼ੁਰਾਕ ਅਤੇ ਠੰਡੇ ਪੀਣ ਵਾਲੇ ਤਰਲ ਅਤੇ ਟਾਇਲਾਨੌਲ, ਐਡਵਿੱਲ ਜਾਂ ਦੂਜੇ ਬਰੈਂਡ ਵਰਤੋ।
- ਯਕੀਨੀ ਬਣਾਓ ਕਿ ਆਪਣੇ ਪਰਿਵਾਰ ਦੇ ਕਿਸੇ ਹੋਰ ਮੈਂਬਰਾਂ ਜਾਂ ਸੰਪਰਕ ਵਿੱਚ ਦੂਜੇ ਵਿਅਕਤੀਆਂ, ਜਿਨ੍ਹਾਂ ਵਿੱਚ ਉਹੋ ਜਿਹੇ ਲੱਛਣ ਹੋਣ, ਉਹ ਮੁੱਢਲੇ ਹੈਲ਼ਥ ਪ੍ਰਦਾਤਾ ਨੂੰ ਮਿਲਣ।