ਸਟ੍ਰੈੱਪ ਥਰੋਟ ਕੀ ਹੁੰਦਾ ਹੈ?
ਸਟ੍ਰੈੱਪ ਥਰੋਟ ਗਲ਼ੇ ਦੀ ਇੱਕ ਲਾਗ ਹੁੰਦੀ ਹੈ ਜੋ ਜਰਾਸੀਮਾਂ, ਸਟ੍ਰੈੱਪਟਾਕਾਕਸ ਨਾਂ ਦੇ ਇੱਕ ਜਰਮ ਤੋਂ ਲੱਗਦੀ ਹੈ। ਇਸ ਲਾਗ ਦੇ ਮੁੱਖ ਲੱਛਣ ਬੁਖ਼ਾਰ ਅਤੇ ਗਲ਼ੇ ਦਾ ਦਰਦ ਹੁੰਦੇ ਹਨ। ਸਟ੍ਰੈੱਪ ਥਰੋਟ 4 ਤੋਂ ਲੈ ਕੇ 8 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਆਮ ਪਾਈ ਜਾਂਦੀ ਹੈ, ਅਤੇ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਵਿਰਲੀ ਹੀ ਹੁੰਦੀ ਹੈ। ਗਰੁੱਪ A ਬੈਟਾ-ਹੀਮੋਲਾਟਿਕ ਸਟ੍ਰੈਪਟੋਕਾਕਸ (ਗੈਬਜ਼) ਕਾਰਨ ਲੱਗਿਆ ਇੱਕ ਕਿਸਮ ਦਾ ਸਟ੍ਰੈੱਪ ਥਰੋਟ ਸਰੀਰ ਦੇ ਦੂਜੇ ਹਿੱਸਿਆਂ ਵਿੱਚ ਪੇਚੀਦਗੀਆਂ ਪੈਦਾ ਕਰ ਸਕਦਾ ਹੈ। ਦੂਜੀ ਕਿਸਮ ਦਾ ਸਟ੍ਰੈੱਪ ਥਰੋਟ ਪੇਚੀਦਗੀਆਂ ਪੈਦਾ ਨਹੀਂ ਕਰਦਾ।
ਨਿਸ਼ਾਨੀਆਂ ਅਤੇ ਲੱਛਣ
- ਗਲ਼ੇ ਦਾ ਦਰਦ
- ਬੁਖ਼ਾਰ
- ਦਰਦ ਕਾਰਨ ਤੁਹਾਡਾ ਬੱਚਾ ਖਾਣ ਜਾਂ ਪੀਣ ਤੋਂ ਨਾਂਹ ਕਰ ਸਕਦਾ ਹੈ
- ਤੁਹਾਡੇ ਬੱਚੇ ਨੂੰ (ਖ਼ੁਰਾਕ) ਆਦਿ ਨਿਗਲਣ ਵਿੱਚ ਕਠਿਨਾਈ ਆਉਂਦੀ ਹੈ
- ਗਲ਼ੇ ਦੇ ਵਧੇ ਹੋਏ ਲਾਲ ਟੌਨਸਿਲਜ਼, ਜਿਨ੍ਹਾਂ ਉੱਤੇ ਕਈ ਵਾਰੀ ਸਫ਼ੈਦ-ਪੀਲਾ ਰੰਗ ਚੜ੍ਹਿਆ ਲੱਗਦਾ ਹੈ
ਕਈ ਬੱਚਿਆਂ ਵਿੱਚ ਸਿਰ ਦਰਦ, ਉਲਟੀਆਂ, ਅਸਧਾਰਨ ਪੇਟ ਦਰਦ, ਅਤੇ ਪੱਠਿਆਂ ਦੇ ਦਰਦ ਜਿਹੇ ਲੱਛਣ ਵੀ ਹੋ ਸਕਦੇ ਹਨ।
ਸਟ੍ਰੈੱਪ ਥਰੋਟ ਦੇ ਲੱਛਣ ਵਾਇਰਸ ਜਾਂ ਦੂਜੀ ਬਿਮਾਰੀ ਤੋਂ ਲੱਗੇ ਗਲ਼ੇ ਦੇ ਦਰਦ ਦੇ ਲੱਛਣਾਂ ਜਿਹੇ ਹੁੰਦੇ ਹਨ। ਇਹ ਹੀ ਕਾਰਨ ਹੈ ਕਿ ਸਹੀ ਕਾਰਨ ਦੀ ਸ਼ਨਾਖ਼ਤ ਕਰਨ ਵਾਸਤੇ ਸਿਹਤ ਪ੍ਰਦਾਤਾ ਵੱਲੋਂ ਤੁਹਾਡੇ ਬੱਚੇ ਦਾ ਮੁਆਇਨਾ ਕਰਨ ਦੀ ਲੋੜ ਪੈਂਦੀ ਹੈ।
ਡਾਕਟਰ ਸਟ੍ਰੈੱਪ ਥਰੋਟ ਦਾ ਕੀ ਕਰ ਸਕਦੇ ਹਨ?
ਗਲ਼ੇ ਅੰਦਰ ਦਾ ਫੰਬੇ ਰਾਹੀਂ ਨਮੂਨਾ ਲੈਣਾ
ਤੁਹਾਡੇ ਬੱਚੇ ਦੇ ਗਲ਼ੇ ਦੇ ਦਰਦ ਦਾ ਕਾਰਨ ਪਤਾ ਕਰਨ ਲਈ ਡਾਕਟਰ ਗਲ਼ੇ ਵਿੱਚ ਫੇਰ ਕੇ ਵੇਖਣ ਵਾਲਾ ਇੱਕ ਫ਼ੰਬਾ ਲਵੇਗਾ। ਇਹ ਇੱਕ ਤਰ੍ਹਾਂ ਛੜੀ ਹੁੰਦੀ ਜਿਸ ਦੇ ਸਿਰੇ 'ਤੇ ਰੂੰ ਲੱਗੀ ਹੁੰਦੀ ਹੈ ਜਿਸ ਨੂੰ ਡਾਕਟਰ ਬੱਚੇ ਦੇ ਗਲ਼ੇ ਦੇ ਪਾਸਿਆਂ ਅਤੇ ਗਲ਼ੇ ਦੇ ਪਿੱਛਲੇ ਹਿੱਸੇ ਵਿੱਚ ਫੇਰਦਾ ਹੈ। ਇਸ ਫ਼ੰਬੇ ਦਾ ਟੈਸਟ ਕੀਤਾ ਜਾਂਦਾ ਹੈ ਕਿ ਇਹ ਗਰੁੱਪ A ਦੀ ਲਾਗ (ਸਟ੍ਰੈੱਪ ਥਰੋਟ) ਤਾਂ ਨਹੀਂ।
ਸਟ੍ਰੈੱਪਟਾਕਾਕਸ ਦੇ ਜਰਾਸੀਮ ਦੀ ਸ਼ਨਾਖ਼ਤ ਕਰਨ ਦੇ ਮੰਤਵ ਨਾਲ ਕਈ ਕਲੀਨਿਕ ਰੈਪਿਡ ਟੈਸਟ (ਤੁਰੰਤ ਕੀਤਾ ਜਾਣਾ ਵਾਲਾ ਟੈਸਟ) ਕਰਦੇ ਹਨ। ਜੇ ਬਿਮਾਰੀ ਦੀ ਹੋਂਦ ਯਕੀਨੀ ਹੋਵੇ ਤਾਂ ਇਹ ਟੈਸਟ ਬਹੁਤ ਲਾਹੇਵੰਦ ਹੁੰਦਾ ਹੈ। ਪਰ ਜੇ ਟੈਸਟ ਵਿੱਚ ਬਿਮਾਰੀ ਦੀ ਹੋਂਦ ਯਕੀਨੀ ਨਾ ਹੋਵੇ ਤਾਂ ਇਸ ਦਾ ਭਾਵ ਇਹ ਨਹੀਂ ਕਿ ਸਟ੍ਰੈੱਪ ਥਰੋਟ ਹੈ ਨਹੀਂ।
ਰੋਗਾਣੂਨਾਸ਼ਕ (ਐਂਟੀਬਾਇਟਿਕਸ)
ਸਟ੍ਰੈੱਪ ਥਰੋਟ ਭਾਵੇਂ ਬਿਨਾਂ ਦਵਾਈਆਂ ਤੋਂ ਵੀ ਠੀਕ ਹੋ ਜਾਂਦਾ ਹੈ, ਗੈਬਜ਼ (GABS) ਕਾਰਨ ਲੱਗੀ ਲਾਗ, ਜੇ ਇਲਾਜ ਨਾ ਕੀਤਾ ਜਾਵੇ, ਤਾਂ ਪੇਚੀਦਗੀਆਂ ਪੈਦਾ ਕਰ ਸਕਦੀ ਹੈ। ਜੇ ਗਲ਼ੇ ਵਿੱਚੋਂ ਫ਼ੰਬੇ ਦੁਆਰਾ ਲਿਆ ਗਿਆ ਨਮੂਨਾ ਗੈਬਜ਼ ਦੀ ਹੋਂਦ ਨੂੰ ਯਕੀਨੀ ਦੱਸੇ ਤਾਂ ਡਾਕਟਰ ਬੱਚੇ ਨੂੰ ਮੂੰਹ ਰਾਹੀ ਲੈਣ ਲਈ ਰੋਗਾਣੂਨਾਸ਼ਕਾਂ (ਐਂਟੀਬਾਇਟਿਕਸ) ਦਾ ਨੁਸਖ਼ਾ ਦੇ ਸਕਦਾ ਹੈ। ਸਟ੍ਰੈੱਪ ਦੀਆਂ ਦੂਜੀਆਂ ਕਿਸਮਾਂ ਵਾਸਤੇ ਰੋਗਾਣੂਨਾਸ਼ਕ (ਐਂਟੀਬਾਇਟਿਕਸ) ਦੁਆਰਾ ਇਲਾਜ ਕਰਵਾਉਣ ਦੀ ਲੋੜ ਨਹੀਂ ਪੈ ਸਕਦੀ।
ਆਪਣੇ ਬੱਚੇ ਦੀ ਸੰਭਾਲ ਘਰ ਵਿੱਚ ਕਰਨੀ
ਬੁਖ਼ਾਰ 'ਤੇ ਨਜ਼ਰ ਰੱਖੋ ਅਤੇ ਰੋਗਾਣੂਨਾਸ਼ਕਾਂ (ਐਂਟੀਬਾਇਟਿਕਸ) ਦਾ ਕੋਰਸ ਪੂਰਾ ਕਰੋ
ਰੋਗਾਣੂਨਾਸ਼ਕ ਲੈਣ ਦੇ 3 ਦਿਨਾਂ ਪਿੱਛੋਂ ਬੁਖ਼ਾਰ ਅਤੇ ਗਲ਼ੇ ਦਾ ਦਰਦ ਆਮ ਕਰ ਕੇ ਸੁਧਰ ਜਾਂਦਾ ਹੈ। ਇਸ ਬਿਮਾਰੀ ਦੇ ਮੁੜ ਕੇ ਲੱਗਣ, ਰੋਗਾਣੂਨਾਸ਼ਕ ਨੂੰ ਬੇਅਸਰ ਕਰਨ, ਪੇਚੀਦਗੀਆਂ ਨੂੰ ਰੋਕਣ ਲਈ ਜ਼ਰੂਰੀ ਹੈ ਕਿ ਜਿਵੇਂ ਹਦਾਇਤ ਕੀਤੀ ਗਈ ਹੋਵੇ ਉਸ ਅਨੁਸਾਰ ਰੋਗਾਣੂਨਾਸ਼ਕ ਇਲਾਜ ਦਾ ਕੋਰਸ ਮੁਕੰਮਲ ਕੀਤਾ ਜਾਵੇ।
ਬੁਖ਼ਾਰ ਜਾਂ ਦਰਦ ਦੇ ਇਲਾਜ ਲਈ ਅਸੀਟਾਮਿਨੋਫ਼ਿਨ (ਟਾਇਲਾਨੌਲ, ਟੈਂਪਰਾ, ਜਾਂ ਦੂਜੇ ਬਰੈਂਡ) ਜਾਂ ਆਈਬਿਊਪਰੋਫ਼ੈਨ (ਐਡਵਿੱਲ, ਮੌਟਰਿਨ ਜਾਂ ਦੂਜੇ ਬਰੈਂਡ) ਦਿੱਤੀ ਜਾ ਸਕਦੀ ਹੈ। ਆਪਣੇ ਬੱਚੇ ਨੂੰ ਏ ਐੱਸ ਏ (ਅਸੀਟਲਸਾਲਾਸਾਲਕ ਐਸਿਡ ਜਾਂ ਐੱਸਪਰੀਨ) ਬਿਲਕੁਲ ਨਾ ਦਿਓ।
ਆਪਣੇ ਬੱਚੇ ਨੂੰ ਨਰਮ ਭੋਜਨ ਅਤੇ ਤਰਲ ਖ਼ੁਰਾਕ ਦਿਓ
ਸਟ੍ਰੈੱਪ ਥਰੋਟ ਦੇ ਬਿਮਾਰ ਤੁਹਾਡੇ ਬੱਚੇ ਨੂੰ ਖਾਣਾ ਅਤੇ ਪੀਣਾ ਦੁੱਖਦਾਰੀ ਹੋ ਸਕਦਾ ਹੈ। ਆਪਣੇ ਬੱਚੇ ਨੂੰ ਵੱਧ ਅਰਾਮ ਵਿੱਚ ਰੱਖਣ ਲਈ ਹੇਠ ਕੁਝ ਗੁਰ ਪੇਸ਼ ਕੀਤੇ ਜਾਂਦੇ ਹਨ:
- ਜੇ ਤੁਹਾਡੇ ਬੱਚੇ ਨੂੰ ਸੰਘ ਅੰਦਰ ਨਿਗਲਣ ਵਿੱਚ ਮੁਸ਼ਕਲ ਆਉਂਦੀ ਹੋਵੇ, ਤਾਂ ਉਸ ਨੂੰ ਸਹਿਜੇ ਹੀ ਨਿਗਲੀ ਜਾ ਸਕਣ ਵਾਲੀ ਖ਼ੁਰਾਕ, ਜਿਵੇਂ ਕਿ ਆਈਸ ਕਰੀਮ, ਪੁਡਿੰਗ, ਜਾਂ ਯੋਗ੍ਹਰਟ ਦਿਓ।
- ਕਾਫ਼ੀ ਮਾਤਰਾ ਵਿੱਚ ਤਰਲ ਪਿਆਓ। ਸਟ੍ਰਾਅ ਜਾਂ ਪੀਣ ਵਾਲੇ ਕੱਪ ਦੀ ਵਰਤੋਂ ਕਰਨ ਨਾਲ ਮਦਦ ਮਿਲਦੀ ਹੈ।
- ਜੇ ਤੁਹਾਡਾ ਬੱਚਾ 1 ਸਾਲ ਤੋਂ ਵੱਧ ਉਮਰ ਦਾ ਹੈ, ਤਾਂ ਗਲ਼ੇ ਨੂੰ ਨਰਮ ਕਰਨ ਲਈ ਅਤੇ ਖੰਘ ਵਿੱਚ ਮਦਦ ਹਾਸਲ ਕਰਨ ਲਈ ਉਸ ਨੂੰ ਜਰਮ-ਰਹਿਤ ਕੀਤੇ ਸ਼ਹਿਦ ਦੇ 1 ਤੋਂ 2 ਛੋਟੇ ਚਮਚੇ ਦੇਣ ਦੀ ਕੋਸ਼ਿਸ਼ ਕਰੋ।
- ਵੱਧ ਉਮਰ ਦੇ ਬੱਚੇ ਲੂਣ ਵਾਲੇ ਕੋਸੇ ਪਾਣੀ ਨਾਲ ਗਰਾਰੇ ਵੀ ਕਰ ਸਕਦੇ ਹਨ।
ਵੱਧ ਉਮਰ ਦੇ ਬੱਚਿਆਂ ਅਤੇ 13-19 ਸਾਲ ਦੇ ਯੁਵਕਾਂ ਦੀ ਸੂਰਤ ਵਿੱਚ ਆਈਸ ਕਿਊਬ ਅਤੇ ਲਾਜ਼ੈਂਜਜ਼ ਵੀ ਕੁਝ ਰਾਹਤ ਮੁਹੱਈਆ ਕਰ ਸਕਦੇ ਹਨ।
ਲਾਗ ਦੇ ਫ਼ੈਲਣ ਨੂੰ ਘਟਾਓ
ਸਟ੍ਰੈੱਪ ਥਰੋਟ ਸਹਿਜੇ ਹੀ ਪਰਿਵਾਰ ਦੇ ਮੈਂਬਰਾਂ ਅਤੇ ਤੁਹਾਡੇ ਬੱਚੇ ਦੇ ਹਮਜਮਾਤੀਆਂ ਵਿੱਚ ਫ਼ੈਲ ਸਕਦੀ ਹੈ। ਕਿਸੇ ਵੀ ਬੱਚੇ ਜਾਂ ਬਾਲਗ਼ ਜੋ ਤੁਹਾਡੇ ਘਰ ਵਿੱਚ ਰਹਿੰਦਾ ਹੋਵੇ ਜਿਸ ਵਿੱਚ ਅਗਲੇ 5 ਦਿਨਾਂ ਵਿਚ ਇਹੋ ਜਿਹੇ ਲੱਛਣ ਹੋਣ ਤਾਂ ਉਸ ਨੂੰ ਗਲ਼ੇ ਵਿੱਚੋਂ ਫ਼ੰਬੇ ਦਾ ਨਮੂਨਾ ਲੈਣਾ ਚਾਹੀਦਾ ਹੈ। ਰੋਗਾਣੂਨਾਸ਼ਕ ਲੈਣ ਦੇ 234 ਘੰਟੇ ਪਿੱਛੋਂ ਤੁਹਾਡੇ ਬੱਚੇ ਤੋਂ ਛੂਤ ਨਹੀਂ ਲੱਗ ਸਕਦੀ। ਇਸ ਦਾ ਭਾਵ ਹੈ ਕਿ ਤੁਹਾਡਾ ਬੱਚਾ ਪਹਿਲਾਂ ਨਾਲੋਂ ਬਿਹਤਰ ਮਹਿਸੂਸ ਕਰਨ ਦੇ 1 ਦਿਨ ਪਿੱਛੋਂ ਵਾਪਸ ਸਕੂਲ ਜਾ ਸਕਦਾ ਹੈ।
ਲਾਗ ਦੇ ਫ਼ੈਲਣ ਨੂੰ ਰੋਕਣ ਲਈ ਹੋਰ ਨੁਕਤੇ:
- ਸਾਬਨ ਵਾਲੇ ਕੋਸੇ ਪਾਣੀ ਜਾਂ ਐਲਕੋਹਲ ਅਧਾਰਤ ਹੱਥ ਮਲਣ ਵਾਲੇ ਪਦਾਰਥ ਨਾਲ ਹੱਥ ਧੋਵੋ।
- ਆਪਣੇ ਦੋਸਤਾਂ ਨਾਲ ਪੀਣ ਵਾਲੇ ਗਲਾਸ ਜਾਂ ਖਾਣ ਵਾਲੇ ਬਰਤਣ ਸਾਂਝੇ ਨਾ ਕਰੋ।
- ਯਕੀਨੀ ਬਣਾਓ ਕਿ ਤੁਹਾਡੇ ਬੱਚੇ ਦੇ ਖਾਣ ਲਈ ਬਰਤਣ ਅਤੇ ਪੀਣ ਲਈ ਗਲਾਸਾਂ ਨੂੰ ਸਾਬਣ ਵਾਲੇ ਗਰਮ ਪਾਣੀ ਨਾਲ ਧੌਤਾ ਜਾਂਦਾ ਹੈ ਜਾਂ ਡਿਸ਼ਵਾਸ਼ਰ ਵਿੱਚ ਧੋਤਾ ਜਾਂਦਾ ਹੈ।
- ਨਿੱਛ ਆਪਣੀ ਕੂਹਣੀ ਵਿੱਚ ਮਾਰੋ ਜਾਂ ਖੰਘਣ ਲੱਗਿਆਂ ਆਪਣਾ ਮੂੰਹ ਅਤੇ ਨੱਕ ਢੱਕ ਲਓ।
- ਚੁੰਮਣ ਤੋਂ ਅਤੇ ਚਿਹਰੇ ਦੇ ਨਜ਼ਦੀਕੀ ਸੰਪਰਕ ਕਰਨ ਤੋਂ ਪਰਹੇਜ਼ ਕਰੋ।
ਪੇਚੀਦਗੀਆਂ
ਗਲ਼ੇ ਅੰਦਰ ਫ਼ੋੜੇ ਦੀ ਪੀਕ
ਗਲ਼ੇ ਅੰਦਰ ਪੀਕ (ਗਲ਼ੇ ਦੇ ਟਿਸ਼ੂ ਅੰਦਰ ਪੀਕ ਜਮ੍ਹਾਂ ਹੋਣੀ) ਸਟ੍ਰੈੱਪ ਥਰੋਟ ਤੋਂ ਵਿਕਸਤ ਹੁੰਦੀ ਹੈ। ਲੱਛਣਾਂ ਵਿੱਚ ਤੇਜ਼ ਬੁਖ਼ਾਰ,ਅਵਾਜ਼ ਇਸ ਤਰ੍ਹਾਂ ਦੀ ਆਉਣੀ ਜਿਵੇਂ ਮੂੰਹ ਉੱਤੇ ਕੱਪੜਾ ਬੰਨ੍ਹਿਆ ਹੋਵੇ, ਮੂੰਹ ਖੋਲ੍ਹਣ ਵਿੱਚ ਮੁਸ਼ਕਲ ਆਉਣੀ, ਵੱਧ ਮਾਤਰਾ ਵਿੱਚ ਥੁੱਕ ਆਉਣਾ,ਅਤੇ ਰਾਲ਼ਾਂ ਵਗਣੀਆਂ,ਅਤੇ ਗਰਦਨ ਦਾ ਸੁੱਜ ਜਾਣਾ ਸ਼ਾਮਲ ਹੁੰਦੇ ਹਨ।
ਹੋਰ ਪੇਚੀਦਗੀਆਂ
ਭਾਵੇਂ ਇੰਜ ਘੱਟ ਹੀ ਹੁੰਦਾ ਹੈ ਪਰ ਪੇਚੀਦਗੀਆਂ ਵਾਪਰ ਸਕਦੀਆਂ ਹਨ। ਇਨ੍ਹਾਂ ਵਿੱਚੋਂ ਇੱਕ ਹੈ ਜੋੜਾਂ ਦੇ ਦਰਦ ਦਾ ਬੁਖ਼ਾਰ ਜਿਸ ਕਾਰਨ ਚਮੜੀ, ਜੋੜ, ਦਿਲ, ਅਤੇ ਦਿਮਾਗ਼ ਉੱਤੇ ਅਸਰ ਪੈ ਸਕਦਾ ਹੈ। ਜੋੜਾਂ ਦੀ ਸੋਜ਼ਸ਼ (ਅਰਥਰਾਈਟਿਸ) ਅਤੇ ਗੁਰਦੇ ਦੀ ਸੋਜ਼ਸ਼ ਹੋਰ ਪੇਚੀਦਗੀਆਂ ਵੀ ਪੈਦਾ ਹੋ ਸਕਦੀਆਂ ਹਨ।
ਸਟ੍ਰੈੱਪ ਥਰੋਟ ਦਾ ਇਲਾਜ ਰੋਗਾਣੂਨਾਸ਼ਾਂ ਦੁਆਰਾ ਕਰਨ ਨਾਲ ਇਹ ਪੇਚੀਦਗੀਆਂ ਸਦਾ ਲਈ ਰੁੱਕ ਜਾਂਦੀਆਂ ਹਨ।
ਆਪਣੇ ਬੱਚੇ ਦੇ ਸਿਹਤ ਪ੍ਰਦਾਨ ਕਰਨ ਵਾਲੇ ਨਾਲ ਕਦੋਂ ਸੰਪਰਕ ਕਰਨਾ ਹੈ
ਆਪਣੇ ਬੱਚੇ ਦੇ ਡਾਕਟਰ ਨੂੰ ਫ਼ੋਨ ਕਰੋ ਜੇ:
- ਰੋਗਾਣੂਨਾਸ਼ਕ ਸ਼ੁਰੂ ਕਰਨ ਦੇ 3 ਦਿਨ ਅੰਦਰ ਜੇ ਬੁਖ਼ਾਰ ਚਲਾ ਨਹੀਂ ਜਾਂਦਾ
- ਜੇ ਤੁਹਾਡੇ ਕੋਈ ਹੋਰ ਸਰੋਕਾਰ ਜਾਂ ਪ੍ਰਸ਼ਨ ਹੋਣ
- ਤੁਹਾਡੇ ਬੱਚੇ ਨੂੰ ਬੁਖ਼ਾਰ, ਧੱਫ਼ੜ, ਜੋੜਾਂ ਦੀ ਸੋਜ਼ਸ਼, ਜਾਂ ਸਾਹ ਚੜ੍ਹਦਾ ਹੋਵੇ
ਆਪਣੇ ਬੱਚੇ ਨੂੰ ਨਜ਼ਦੀਕੀ ਐਮਰਜੰਸੀ ਵਿਭਾਗ ਪਹੁੰਚਾਓ ਜਾਂ 911 'ਤੇ ਫ਼ੋਨ ਕਰੋ, ਜੇ:
- ਉਹ ਪੀਣ ਜਾਂ ਖਾਣ ਦੇ ਕਾਬਲ ਨਹੀਂ ਅਤੇ ਉਸ ਅੰਦਰ ਪਾਣੀ ਦੀ ਘਾਟ ਵਾਪਰ ਰਹੀ ਹੈ
- ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੋਵੇ
- ਵੇਖਣ ਨੂੰ ਬਿਮਾਰ ਲੱਗਦਾ ਹੋਵੇ
ਮੁੱਖ ਨੁਕਤੇ
- ਸਟ੍ਰੈੱਪ ਥਰੋਟ ਦੇ ਮੁੱਖ ਲੱਛਣ ਹਨ ਬੁਖ਼ਾਰ ਅਤੇ ਗਲ਼ਾ
- ਜੇ ਤੁਹਾਨੂੰ ਸ਼ੱਕ ਹੋਵੇ ਕਿ ਤੁਹਾਡੇ ਬੱਚੇ ਨੂੰ ਸਟ੍ਰੈੱਪ ਥਰੋਟ ਹੋ ਸਕਦਾ ਹੈ, ਉਸ ਨੂੰ ਬਾਕਾਇਦਾ ਸਿਹਤ ਪ੍ਰਦਾਤਾ ਕੋਲ ਲੈ ਜਾਓ।
- ਇਸ ਬਿਮਾਰੀ ਦੇ ਮੁੜ ਹੋ ਜਾਣ ਅਤੇ ਪੇਚੀਦਗੀਆਂ ਹੋਣ ਤੋਂ ਰੋਕਣ ਲਈ ਰੋਗਾਣੂਨਾਸ਼ਕ (ਐਂਟੀਬਾਇਟਿਕਸ) ਦੀ ਪੂਰੀ ਦਵਾਈ ਲੈਣੀ ਬਹੁਤ ਹੀ ਜ਼ਰੂਰੀ ਹੁੰਦੀ ਹੈ।
- ਦਰਦ ਘਟਾਉਣ ਲਈ ਨਰਮ ਭੋਜਨ ਅਤੇ ਪੀਣ ਵਾਲੀਆਂ ਠੰਡੀਆਂ ਚੀਜ਼ਾਂ ਅਤੇ ਦਵਾਈਆਂ ਦੀ ਵਰਤੋਂ ਕਰੋ।
- ਯਕੀਨੀ ਬਣਾਓ ਕਿ ਇਨ੍ਹਾਂ ਲੱਛਣਾਂ ਵਾਲੇ ਪਰਿਵਾਰ ਦੇ ਦੂਜੇ ਮੈਂਬਰ ਜਾਂ ਨਜ਼ਦੀਕੀ ਸੰਪਰਕ ਵਾਲੇ ਵਿਅਕਤੀ ਸਿਹਤ ਪ੍ਰਦਾਤਾ ਨੂੰ ਮਿਲਣ।