ਇਹ ਕਿਤਾਬਚਾ ਅਜਿਹੀ ਜਾਣਕਾਰੀ ਮੁਹੱਈਆ ਕਰਦਾ ਹੈ ਕਿ ਜਦੋਂ ਤੁਹਾਡੇ ਬੱਚੇ ਨੂੰ ਦਰਦ ਹੁੰਦਾ ਹੋਵੇ ਤਾਂ ਘਰ ਵਿੱਚ ਹੀ ਉਸ ਦੀ ਸੰਭਾਲ ਕਿਵੇਂ ਕਰਨੀ ਹੈ। ਛੋਟੀ ਮੋਟੀ ਥਾਂ ਤੋਂ ਡਿੱਗਣ ਕਾਰਨ ਲੱਗੀ ਸੱਟ, ਮਚਕੋੜ, ਗਲ਼ੇ ਦੇ ਦਰਦ, ਕੰਨ ਵਿੱਚ ਦਰਦ, ਜਾਂ ਹਸਪਤਾਲ ਵਿੱਚ ਕਿਸੇ ਪ੍ਰੋਸੀਜਰ, ਜਿਵੇਂ ਕਿ ਟੁੱਟੀ ਹੋਈ ਹੱਡੀ ਨੂੰ ਦੁਬਾਰਾ ਸਿੱਧੀ ਕਰਨ ਅਤੇ ਪਲਸਤਰ ਲਾਉਣ ਕਾਰਨ ਉਸ ਨੂੰ ਦਰਦ ਹੋ ਸਕਦਾ ਹੈ।
ਆਪਣੇ ਬੱਚੇ ਨੂੰ ਦਰਦ ਤੋਂ ਅਰਾਮ ਲਈ ਮਾਪੇ ਸਭ ਤੋਂ ਬਿਹਤਰ ਫ਼ੈਸਲਾ ਕਰਨ ਵਿੱਚ ਮਦਦ ਕਰ ਸਕਦੇ ਹਨ ਕਿਉਂਕਿ ਉਹ ਆਪਣੇ ਬੱਚੇ ਨੂੰ ਸਭ ਤੋਂ ਜ਼ਿਆਦਾ ਚੰਗੀ ਤਰ੍ਹਾਂ ਜਾਣਦੇ ਹਨ।
ਆਪਣੇ ਬੱਚੇ ਦੇ ਦਰਦ ਬਾਰੇ ਤੁਹਾਨੂੰ ਕੀ ਜਾਣਨ ਦੀ ਲੋੜ ਹੈ
- ਸਾਰੇ ਬੱਚੇ ਦਰਦ ਇੱਕੋ ਤਰ੍ਹਾਂ ਮਹਿਸੂਸ ਨਹੀਂ ਕਰਦੇ।
- ਕਸ਼ਟਦਾਇਕ ਘਟਨਾ ਵਾਪਰਨ ਤੋਂ ਬਆਦ ਦੇ ਦਿਨਾਂ ਵਿੱਚ ਦਰਦ ਘਟਣਾ ਚਾਹੀਦਾ ਹੈ, ਨਾ ਕਿ ਵਧਣਾ ਚਾਹੀਦਾ ਹੈ।
- ਦਰਦ ਦੀ ਦਵਾਈ ਨਾਲ ਤੁਹਾਡੇ ਬੱਚੇ ਨੂੰ ਦਰਦ ਘੱਟ ਮਹਿਸੂਸ ਹੋਵੇਗਾ।
- ਆਪਣੇ ਬੱਚੇ ਨੂੰ ਧੀਰਜ ਦੇਣ, ਉਸ ਨੂੰ ਅਰਾਮਦਾਇਕ ਮਹਿਸੂਸ ਕਰਨ ਅਤੇ ਦਰਦ ਘਟਾਉਣ ਵਿੱਚ ਮਦਦ ਕਰੇਗਾ।
- ਬੱਚੇ ਦਾ ਧਿਆਨ ਕਿਸੇ ਹੋਰ ਪਾਸੇ ਲਾਉਣ ਨਾਲ ਵੀ ਦਰਦ ਘਟਾਉਣ ਵਿੱਚ ਮਦਦ ਕਰ ਸਕਦਾ ਹੈ।
- ਧੀਰਜ ਦੇਣਾ ਅਤੇ ਧਿਆਨ ਕਿਸੇ ਹੋਰ ਪਾਸੇ ਲਾਉਣਾ ਆਪਣੇ ਬੱਚੇ ਨੂੰ ਦਵਾਈ ਦੇਣ ਜਿੰਨਾਂ ਹੀ ਮਹੱਤਵਪੂਰਨ ਹੋ ਸਕਦਾ ਹੈ।
ਦਰਦ ਦਾ ਅਨੁਮਾਨ ਲਾਉਣਾ: ਇਹ ਜਾਣਨਾ ਕਿ ਕੀ ਬੱਚੇ ਦੇ ਦਰਦ ਹੁੰਦਾ ਹੈ
ਕਈ ਵਾਰੀ ਜਦੋਂ ਤੁਹਾਡੇ ਬੱਚੇ ਦੇ ਦਰਦ ਹੁੰਦਾ ਹੈ ਉਹ ਦੱਸ ਦਿੰਦਾ ਹੈ। ਉਹ ਦਰਦ, ਦੁੱਖ ਲੱਗਦੈ, ਹਾਏ, ਪੀੜ ਜਾਂ ਊਈ ਜਿਹੇ ਸ਼ਬਦ ਵਰਤ ਸਕਦਾ ਹੈ। ਜਿਸ ਹਿੱਸੇ ਵਿੱਚ ਦਰਦ ਹੁੰਦਾ ਹੈ ਤੁਹਾਡਾ ਬੱਚਾ ਉਸ ਵੱਲ ਇਸ਼ਾਰਾ ਕਰ ਸਕਦਾ ਹੈ, ਜਾਂ ਉਸ `ਤੇ ਹੱਥ ਆਦਿ ਰੱਖ ਕੇ ਉਸ ਦਾ ਬਚਾਅ ਕਰ ਸਕਦਾ ਹੈ। ਜੇ ਉਹ ਦਰਦ ਦੀ ਸ਼ਿਕਾਇਤ ਨਹੀਂ ਕਰਦਾ, ਤੁਸੀਂ ਆਪਣੇ ਬੱਚੇ ਨੂੰ ਪੁੱਛ ਸਕਦੇ ਹੋ ਕਿ ਉਸ ਨੂੰ ਕਿੰਨਾ ਕੁ ਦਰਦ ਹੁੰਦਾ ਹੈ।
ਜੇ ਤੁਹਾਡਾ ਬੱਚਾ ਵੱਡੀ ਉਮਰ ਦਾ ਹੋਵੇ, ਉਸ ਦੇ ਕਿੰਨਾ ਕੁ ਦਰਦ ਹੁੰਦਾ ਹੈ, ਇਹ ਜਾਣਨ ਲਈ ਤੁਸੀਂ ਦਰਦ ਦਾ 0 ਤੋਂ 10 ਦਾ ਪੈਮਾਨਾ ਵਰਤ ਸਕਦੇ ਹੋ। ਆਪਣੇ ਬੱਚੇ ਨੂੰ ਕਹੋ ਕਿ ਉਹ ਦਰਦ ਬਾਰੇ 0 ਤੋਂ 10 ਦੇ ਪੈਮਾਨੇ ਅਨੁਸਾਰ ਦੱਸੇ। 0 ਤੋਂ ਭਾਵ ਕਿ ਕੋਈ ਦਰਦ ਨਹੀਂ ਅਤੇ 10 ਤੋਂ ਭਾਵ ਬਹੁਤ ਜ਼ਿਆਦਾ ਦਰਦ। ਥੋੜ੍ਹਾ ਦਰਦ 0 ਤੋਂ 3 ਹੋਵੇਗਾ, ਦਰਮਿਆਨਾ ਦਰਦ 4ਤੋਂ 6 ਹੋਵੇਗਾ, ਅਤੇ 7 ਤੋਂ ਉੱਪਰ ਬਹੁਤ ਜ਼ਿਆਦਾ ਦਰਦ ਹੋਵੇਗਾ।
ਤੁਸੀਂ ਪੁੱਛ ਸਕਦੇ ਹੋ ਕਿ ਕੀ ਥੋੜ੍ਹਾ, ਦਰਮਿਆਨਾ ਜਾਂ ਬਹੁਤ ਦਰਦ ਆਪਣੇ ਸ਼ਬਦਾਂ ਵਿੱਚ ਦੱਸੇ।
ਕੁਝ ਬੱਚੇ ਆਪਣੇ ਦਰਦ ਬਾਰੇ ਨਹੀਂ ਬੋਲਣਗੇ
ਹੋ ਸਕਦਾ ਹੈ ਤੁਹਾਡਾ ਬੱਚਾ ਦਰਦ ਬਾਰੇ ਬੋਲ ਕੇ ਦੱਸਣ ਜਾਂ ਦੱਸ ਸਕਣ ਦੇ ਯੋਗ ਨਾ ਹੋਵੇ। ਆਪਣੇ ਬੱਚੇ ਉੱਪਰ ਗਹੁ ਨਾਲ ਨਜ਼ਰ ਰੱਖੋ ਅਤੇ ਵੇਖੋ ਤੁਸੀਂ ਕੀ ਮਹਿਸੂਸ ਕਰਦੇ ਹੋ। ਮਾਪਿਆਂ ਨੂੰ ਅਕਸਰ ਪਤਾ ਲੱਗ ਜਾਂਦਾ ਹੈ, ਜੇ ਉਨ੍ਹਾਂ ਦੇ ਬੱਚੇ ਦੇ ਦਰਦ ਹੁੰਦਾ ਹੋਵੇ।
ਇਹ ਵੇਖਣ ਲਈ ਕਿ ਕੀ ਤੁਹਾਡੇ ਬੱਚੇ ਦੇ ਦਰਦ ਹੁੰਦਾ ਹੈ ਕਿਹੜੀ ਗੱਲ ਤੇ ਨਜ਼ਰ ਰੱਖਣੀ ਚਾਹੀਦੀ ਹੈ
ਨਜ਼ਰ ਰੱਖੋ ਅਤੇ ਵੇਖੋ ਜੇ ਤੁਹਾਡਾ ਬੱਚਾ ਤਿਊੜੀਆਂ ਪਾਉਂਦਾ ਹੈ, ਜਾਂ ਬਾਹਰ ਨੂੰ ਲੱਤਾਂ ਮਾਰਦਾ ਹੈ। ਕੀ ਉਹ ਆਪਣੇ ਦੰਦ ਕਰੀਚਦਾ ਹੈ? ਕੀ ਤੁਹਾਡਾ ਬੱਚਾ ਆਪਣੀਆਂ ਲੱਤਾ ਨੂੰ ਪੇਟ ਤੱਕ ਉੱਪਰ ਨੂੰ ਖਿੱਚਦਾ ਹੈ? ਜੇ ਉਹ ਸਿੱਸਕੀਆਂ ਭਰਦਾ ਹੈ ਜਾਂ ਆਮ ਨਾਲੋਂ ਜ਼ਿਆਦਾ ਰੋਂਦਾ ਹੈ, ਜਾਂ ਉਸ ਦਾ ਸਰੀਰ ਆਕੜਿਆ ਹੋਇਆ ਹੈ, ਤਾਂ ਹੋ ਸਕਦਾ ਹੈ ਉਸ ਦੇ ਦਰਦ ਹੁੰਦਾ ਹੋਵੇ। ਜਦੋਂ ਕਿਸੇ ਬੱਚੇ ਦੇ ਦਰਦ ਹੁੰਦਾ ਹੈ ਉਹ ਸ਼ਾਂਤ ਲੇਟਿਆ ਹੋ ਸਕਦਾ ਹੈ ਅਤੇ ਹਿੱਲਣਾ ਜੁੱਲਣਾ ਜਾਂ ਜਿਹੜੇ ਕੰਮ ਉਹ ਆਮ ਤੌਰ ‘ਤੇ ਕਰਦਾ ਹੈ ਉਹ ਕੰਮ ਨਹੀਂ ਕਰਨੇ ਚਾਹੁੰਦਾ , ਜਿਵੇਂ ਕਿ ਖੇਡਣਾ, ਟੀਵੀ ਵੇਖਣਾ, ਜਾਂ ਖਾਣਾ।
ਦਰਦ ਦਾ ਇਲਾਜ: ਘਰ ਅੰਦਰ ਹੀ ਦਰਦ ਦੀ ਦਵਾਈ ਨਾਲ ਆਪਣੇ ਬੱਚੇ ਨੂੰ ਦਰਦ ਤੋਂ ਅਰਾਮ ਦਵਾਉਣਾ
ਦਰਦ ਦੀ ਦਵਾਈ ਦੇਣ ਲਈ ਉਡੀਕ ਨਾ ਕਰੋ
ਦਰਦ ਤੋਂ ਉਦੋਂ ਅਰਾਮ ਮਿਲਦਾ ਹੈ ਜਦੋਂ ਤੁਸੀਂ ਦਵਾਈ ਦੇਣ ਲਈ ਉਦੋਂ ਤੱਕ ਉਡੀਕ ਨਹੀਂ ਕਰਦੇ ਜਦੋਂ ਤੱਕ ਤੁਹਾਡੇ ਬੱਚੇ ਦੇ ਬਹੁਤ ਜ਼ਿਆਦਾ ਦਰਦ ਨਾ ਹੋਣ ਲੱਗ ਜਾਵੇ। ਜੇ ਤੁਸੀਂ ਉਡੀਕ ਕਰਦੇ ਹੋ, ਤਾਂ ਦਰਦ ਖ਼ਤਮ ਹੋਣ ਵਿੱਚ ਬਹੁਤ ਸਮਾਂ ਲੱਗ ਸਕਦਾ ਹੈ।
ਦਵਾਈ ਦੀ ਮਾਤਰਾ ਤੁਹਾਡੇ ਬੱਚੇ ਦੀ ਉਮਰ ਅਤੇ ਉਸ ਦੇ ਭਾਰ ਉੱਤੇ ਨਿਰਭਰ ਕਰਦੀ ਹੈ। ਜੇ ਹਸਪਤਾਲ ਵਿੱਚੋਂ ਤੁਹਾਨੂੰ ਛੁੱਟੀ ਮਿਲਣ ਵੇਲੇ ਦਰਦ ਦੀ ਦਵਾਈ ਤਜਵੀਜ਼ ਕੀਤੀ ਗਈ ਹੋਵੇ, ਡਾਕਟਰ ਅਤੇ ਫ਼ਾਰਮਾਸਿਸਟ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰੋ।
ਦਵਾਈ ਦੇ ਸੰਭਾਵੀ ਮੰਦੇ ਅਸਰਾਂ ਬਾਰੇ ਸਚੇਤ ਰਹੋ। ਮੰਦੇ ਅਸਰ ਉਹ ਸਮੱਸਿਆਵਾਂ ਹੁੰਦੀਆਂ ਹਨ ਜਿਹੜੀਆਂ ਦਵਾਈ ਦੇ ਹੀ ਕਾਰਨ ਹੁੰਦੀਆਂ ਹਨ। ਆਪਣੇ ਡਾਕਟਰ, ਨਰਸ ਜਾਂ ਫ਼ਾਰਮਾਸਿਸਟ ਨਾਲ ਮੰਦੇ ਅਸਰਾਂ ਬਾਰੇ ਗੱਲ ਕਰੋ।
ਦਰਦ ਦੀਆਂ ਦਵਾਈਆਂ ਕਈ ਕਿਸਮ ਦੀਆਂ ਹਨ। ਕੁਝ ਉਦਾਹਰਨਾਂ ਇਹ ਹਨ:
ਅਸੀਟਾਮਿਨੋਫ਼ਿਨ (Acetaminophen)
ਅਸੀਟਾਮਿਨੋਫ਼ਿਨ ਦੇ ਆਮ ਬਰਾਂਡ ਟਾਇਲੇਨੋਲ (Tylenol) ਅਤੇ ਟੈਂਪਰਾ (Tempra) ਹਨ। ਇਹ ਇੱਕੋ ਦਵਾਈ ਦੇ ਤਿੰਨ ਵੱਖ ਵੱਖ ਨਾਂ ਹਨ। ਜੇ ਤੁਹਾਡੇ ਬੱਚੇ ਦੇ ਹਲਕਾ ਦਰਦ ਹੋ ਰਿਹਾ ਹੈ, ਬਾਕਾਇਦਾ ਹਰ 4 ਘੰਟਿਆਂ ਬਾਦ ਤੁਸੀਂ ਅਸੀਟਾਮਿਨੋਫਿਨ ਵਰਤ ਸਕਦੇ ਹੋ। ਆਪਣੇ ਬੱਚੇ ਨੂੰ ਦੇਣ ਲਈ ਅਸੀਟਾਮਿਨੋਫ਼ਿਨ ਇੱਕ ਸੁਰੱਖਿਅਤ ਦਵਾਈ ਹੈ। ਜਦੋਂ ਤੁਸੀਂ ਇਹ ਦਵਾਈ ਡੱਬੀ ਜਾਂ ਬੋਤਲ ਉੱਪਰ ਦਿੱਤੀਆਂ ਹਦਾਇਤਾਂ ਅਨੁਸਾਰ ਦਿੰਦੇ ਹੋ ਤਾਂ ਇਸ ਦੇ ਕੋਈ ਗੰਭੀਰ ਮੰਦੇ ਅਸਰ ਨਹੀਂ ਹੁੰਦੇ।
ਆਇਬੂਪਰਫ਼ਿਨ (Ibuprofen)
ਆਇਬੂਪਰਫ਼ਿਨ ਦੇ ਆਮ ਬਰਾਂਡ ਐਡਵਿੱਲ (Advil) ਅਤੇ ਮੋਟਰਿਨ (Motrin) ਹਨ। ਇਹ ਇੱਕੋ ਦਵਾਈ ਦੇ ਤਿੰਨ ਵੱਖ ਵੱਖ ਨਾਂ ਹਨ। ਆਪਣੇ ਡਾਕਟਰ ਨੂੰ ਪੁੱਛੋ ਕਿ ਕੀ ਦਰਦ ਲਈ ਬੱਚੇ ਨੂੰ ਐਡਵਿੱਲ ਦੇਣੀ ਠੀਕ ਹੈ। ਆਇਬੂਪਰਫ਼ਿਨ ਅਤੇ ਅਸੀਟਾਮਿਨੋਫ਼ਿਨ ਮਿਲਾ ਕੇ ਲੈਣੀਆਂ ਫ਼ਾਇਦੇਮੰਦ ਹੁੰਦੀਆਂ ਹਨ।
ਦਰਦ ਦੀਆਂ ਹੋਰ ਦਵਾਈਆਂ
ਨਰਸ, ਅਡਵਾਂਸਡ ਪ੍ਰੈਕਟਿਸ ਨਰਸ, ਜਾਂ ਡਾਕਟਰ ਤੁਹਾਡੇ ਬੱਚੇ ਨੂੰ ਘਰ ਅੰਦਰ ਦੇਣ ਲਈ ਦਰਦ ਦੀਆਂ ਕੋਈ ਹੋਰ ਦਵਾਈਆਂ ਦਾ ਨੁਸਖ਼ਾ ਦੇ ਸਕਦੇ ਹਨ ਜਾਂ ਤਜਵੀਜ਼ ਕਰ ਸਕਦੇ ਹਨ। ਇਹ ਪੁੱਛਣਾ ਯਕੀਨੀ ਬਣਾਉ ਕਿ ਇਹ ਦਵਾਈਆਂ ਕਿਵੇਂ ਅਤੇ ਕਦੋਂ ਲੈਣੀਆਂ ਹਨ। ਨਰਸ, ਅਡਵਾਂਸਡ ਪ੍ਰੈਕਟਿਸ ਨਰਸ, ਜਾਂ ਡਾਕਟਰ ਤੁਹਾਨੂੰ ਦੱਸ ਸਕਦਾ ਹੈ ਕਿ ਦੂਜੀਆਂ ਦਵਾਈਆਂ ਇਕੱਲੀਆਂ ਹੀ ਲੈਣੀਆਂ ਹਨ ਜਾਂ ਅਸੀਟਾਮਿਨੋਫ਼ਿਨ ਨਾਲ ਮਿਲਾ ਕੇ ਲੈਣੀਆਂ ਹਨ। ਦਰਮਿਆਨੇ ਜਾਂ ਗੰਭੀਰ ਦਰਦ ਲਈ ਤੁਹਾਨੂੰ ਓਪੀਓਇਡਜ਼ (ਦਰਦ ਦੀਆਂ ਤੇਜ਼ ਅਸਰ ਵਾਲੀਆਂ ਦਵਾਈਆਂ) ਲਈ ਨੁਸਖ਼ਾ ਦਿੱਤਾ ਜਾ ਸਕਦਾ ਹੈ। ਮਾਰਫ਼ੀਨ, ਹਾਈਡਰੋਮੋਰਫ਼ੋਨ ਅਤੇ ਔਕਸੀਕੋਡੋਨ ਆਦਿ ਓਪੀਓਇਡਜ਼ ਦਵਾਈਆਂ ਹੁੰਦੀਆਂ ਹਨ । ਤਜਵੀਜ਼ ਕੀਤੀ ਗਈ ਦਵਾਈ ਦੀਆਂ ਹਦਾਇਤਾਂ ਦੀ ਧਿਆਨ ਨਾਲ ਪਾਲਣਾ ਕਰੋ। ਜੇ ਤੁਹਾਡੇ ਕੋਈ ਪ੍ਰਸ਼ਨ ਹੋਣ ਆਪਣੇ ਬੱਚੇ ਦੇ ਡਾਕਟਰ ਜਾਂ ਫ਼ਾਰਮਾਸਿਸਟ ਨਾਲ ਸੰਪਰਕ ਕਰੋ।
ਸਰੀਰ ਦੀ ਸਤ੍ਹਾ ਉੱਪਰ ਲਾਉਣ ਲਈ ਸੁੰਨ ਕਰ ਦੇਣ ਵਾਲੀ ਦਵਾਈ (ਕਰੀਮ)
ਕਈ ਵਾਰੀ ਤੁਹਾਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਤੁਹਾਡੇ ਬੱਚੇ ਦੇ ਕਸ਼ਟਦਾਇਕ ਪ੍ਰੋਸੀਜ਼ਰ ਕੀਤਾ ਜਾਣਾ ਹੈ, ਜਿਵੇਂ ਕਿ ਰੋਗਾਂ ਤੋਂ ਸੁਰੱਖਿਆ ਲਈ ਟੀਕਾ ਲੱਗਣਾ। ਇਸ ਲਈ ਦਰਦ ਘਟਾਉਣ ਵਿੱਚ ਮਦਦ ਕਰਨ ਵਾਸਤੇ ਤੁਸੀਂ ਕਾਫ਼ੀ ਕੁਝ ਕਰ ਸਕਦੇ ਹੋ, ਜਿਵੇਂ ਕਿ ਏਮਲਾ (Emla), ਮੈਕਸੀਲੀਨ (Maxilene), ਜਾਂ ਏਮਟੌਪ (Ametop) ਜਿਹੀ ਕਰੀਮ ਦੀ ਵਰਤੋਂ ਕਰ ਕੇ, ਜਿਸ ਨਾਲ ਚਮੜੀ ਸੁੰਨ ਹੋ ਜਾਂਦੀ ਹੈ। ਪੈਕੇਜ ਉੱਪਰ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰੋ।
ਦਵਾਈ ਤੋਂ ਬਗ਼ੈਰ ਦਰਦ ਘੱਟ ਕਰਨਾ
ਦਵਾਈ ਤੋਂ ਬਗ਼ੈਰ ਦਰਦ ਘਟਾਉਣ ਦੇ ਦੋ ਮੁੱਖ ਤਰੀਕੇ ਹੁੰਦੇ ਹਨ। ਇੱਕ ਸਰੀਰਕ ਅਰਾਮ ਦੇ ਢੰਗਾਂ ਦੀ ਵਰਤੋ ਕਰ ਕੇ, ਅਤੇ ਦੂਜਾ ਧਿਆਨ ਹੋਰ ਪਾਸੇ ਲਾਉਣ ਦੇ ਮਨੋਵਿਗਿਆਨਕ ਢੰਗਾਂ ਦੀ ਵਰਤੋਂ ਕਰ ਕੇ।
ਦਰਦ ਘੱਟ ਕਰਨ ਲਈ ਸਰੀਰਕ ਅਰਾਮ ਦੇ ਢੰਗ
ਜਿਹੜੇ ਢੰਗਾਂ ਨਾਲ ਤੁਹਾਡੇ ਬੱਚੇ ਨੂੰ ਸਭ ਤੋਂ ਵਧੀਆ ਅਰਾਮ ਮਿਲਦਾ ਹੈ, ਉਹ ਵਰਤੋ।
- ਆਈਸ ਪੈਕਸ (ਬਰਫ਼ ਦੀ ਥੈਲੀ): ਜੇ ਸੋਜਸ਼ ਹੋਵੇ ਤਾ ਇਹ ਸਭ ਤੋਂ ਵਧੀਆ ਢੰਗ ਹੈ; ਆਈਸ ਪੈਕ ਦੀ ਵੱਧ ਤੋਂ ਵੱਧ ਵਰਤੋਂ 15 ਮਿੰਟ ਕਰਨੀ ਚਾਹੀਦੀ ਹੈ, ਘੰਟੇ ਵਿੱਚ ਇੱਕ ਵਾਰੀ।
- ਸਿੱਲ੍ਹਾ ਸੇਕ: ਜਦੋਂ ਸੋਜ਼ਸ਼ ਦੀ ਕੋਈ ਚਿੰਤਾ ਨਾ ਹੋਵੇ ਅਤੇ ਸਖ਼ਤ ਚੋਟ ਲੱਗਣ ਤੋਂ ਤਿੰਨ ਦਿਨਾਂ ਪਿੱਛੋਂ ਕਰਨ ਲਈ ਇਹ ਸਭ ਤੋਂ ਵਧੀਆ ਢੰਗ ਹੈ; ਸਿੱਲ੍ਹਾ ਸੇਕ ਵੱਧ ਤੋਂ ਵੱਧ 20 ਮਿੰਟ ਦੇਣਾ ਚਾਹੀਦਾ ਹੈ, ਘੰਟੇ ਵਿੱਚ ਇੱਕ ਵਾਰੀ; ਚਮੜੀ ਸੜ ਜਾਣ ਦੇ ਖ਼ਤਰੇ ਤੋਂ ਬਚਾ ਕਰਨ ਲਈ ਸੇਕ “ਕੋਸਾ ਜਿਹਾ” ਹੋਣਾ ਚਾਹੀਦਾ ਹੈ ਨਾ ਕਿ “ਗਰਮ”।
- ਬੱਚੇ ਨੂੰ ਚੁੱਕੋ, ਲਾਡ ਕਰੋ, ਝੂਟੇ ਦਿਉ ਅਤੇ ਥਾਪੜੋ।
- ਦਰਦ ਵਾਲੀ ਥਾਂ ਮਲ਼ਨੀ ਜਾਂ ਮਾਲਸ਼ ਕਰਨੀ।
- ਦੁੱਖਦੀ ਥਾਂ ਹੇਠ ਸਿਰ੍ਹਾਣਾ ਰੱਖੋ।
- ਬੈੱਡ ਤੋਂ ਉੱਠਣ ਅਤੇ ਚੱਲਣ ਫ਼ਿਰਨ ਦੇ ਨਾਲ ਨਾਲ ਮੁਦਰਾ ਬਦਲਣੀ ਵੀ ਫ਼ਾਇਦੇਮੰਦ ਹੋ ਸਕਦੀ ਹੈ।
ਦਰਦ ਘੱਟ ਕਰਨ ਲਈ ਧਿਆਨ ਹੋਰ ਪਾਸੇ ਲਾਉਣ ਦੇ ਮਨੋਵਿਗਿਆਨਕ ਢੰਗ
ਇਹ ਢੰਗ ਬੱਚੇ ਦਾ ਧਿਆਨ ਦਰਦ ਤੋਂ ਹੋਰ ਪਾਸੇ ਹਟਾਉਣ ਨਾਲ ਕੰਮ ਕਰਦੇ ਹਨ। ਕੁਝ ਬੱਚਿਆਂ ਦਾ ਧਿਆਨ ਹੇਠ ਦਿੱਤੇ ਅਨੁਸਾਰ ਹੋਰ ਪਾਸੇ ਲੱਗ ਜਾਂਦਾ ਹੈ:
- ਟੀਵੀ, ਵੀਡੀਓ, ਡੀਵੀਡੀ ਵੇਖਣ ਜਾਂ ਕੰਪਿਊਟਰ ਗੇਮਾਂ ਨਾਲ
- ਕਹਾਣੀ ਸੁਣਾਉਣ ਨਾਲ
- ਬੁਲਬਲੇ ਉਡਾਉਣ ਨਾਲ
- ਤੁਹਾਡੇ ਨਾਲ ਖੇਡਣ ਨਾਲ
- ਆਪਣੇ ਮਨ ਭਾਉਂਦੇ ਖਿਡਾਉਣੇ ਨਾਲ ਖੇਡਣ ਨਾਲ
ਪਤਾ ਕਰਨਾ ਕਿ ਤੁਹਾਡੇ ਬੱਚੇ ਦਾ ਕੀ ਹਾਲ ਹੈ (ਦਰਦ ਦਾ ਮੁੜ-ਅਨੁਮਾਨ ਲਾਉਣਾ)
ਆਪਣੇ ਬੱਚੇ ਨੂੰ ਦਰਦ ਤੋਂ ਅਰਾਮ ਦੇਣ ਦੇ ਢੰਗ ਵਰਤਣ ਤੋਂ ਪਿੱਛੋਂ, ਇਹ ਵੇਖਣਾ ਮਹੱਤਵਪੂਰਨ ਹੈ ਕਿ ਦਰਦ ਵਿੱਚ ਫ਼ਰਕ ਪਿਆ ਹੈ ਜਾਂ ਨਹੀਂ। ਤੁਸੀਂ ਇਸ ਤਰ੍ਹਾਂ ਚੈੱਕ ਕਰ ਸਕਦੇ ਹੋ:
- ਦਵਾਈ ਦੇਣ ਤੋਂ 1 ਘੰਟਾ ਪਿੱਛੋਂ ਵੇਖੋ ਕਿ ਤੁਹਾਡੇ ਬੱਚੇ ਨੂੰ ਕਿੰਨਾ ਦਰਦ ਹੁੰਦਾ ਹੈ।
- ਆਪਣੇ ਬੱਚੇ ਨੂੰ ਕਹੋ ਕਿ ਉਹ ਦਰਦ ਬਾਰੇ 0 ਤੋਂ 10 ਵਾਲੇ ਪੈਮਾਨੇ ਅਨੁਸਾਰ ਦੱਸੇ, ਜਾਂ “ਥੋੜ੍ਹਾ ਥੋੜ੍ਹਾ ਦਰਦ ਹੁੰਦਾ ਹੈ, ਬਹੁਤ ਦਰਦ ਹੁੰਦਾ ਹੈ,” ਜਾਂ ਗਹੁ ਨਾਲ ਵੇਖੋ ਉਹ ਕਿਵੇਂ ਵਿਹਾਰ ਕਰਦਾ ਹੈ।
- ਜੇ ਤੁਹਾਡੇ ਬੱਚੇ ਦੇ ਫ਼ਿਰ ਵੀ ਦਰਦ ਹੁੰਦਾ ਹੈ, ਸਲਾਹ ਲੈਣ ਲਈ ਆਪਣੇ ਫ਼ੈਮਿਲੀ ਡਾਕਟਰ ਨੂੰ ਫ਼ੋਨ ਕਰੋ।
- ਆਪਣੇ ਬੱਚੇ ਨੂੰ ਧੀਰਜ ਦੇਣਾ ਅਤੇ ਉਸ ਦਾ ਧਿਆਨ ਦਰਦ ਤੋਂ ਹੋਰ ਪਾਸੇ ਲਾਉਣਾ ਯਾਦ ਰੱਖੋ।
- ਜੇ ਦਰਦ ਦੀਆਂ ਦਵਾਈਆਂ ਨੂੰ ਮਿਲਾਅ ਕੇ ਦੇਣ, ਸਰੀਰਕ ਅਰਾਮ ਅਤੇ ਧਿਆਨ ਹੋਰ ਪਾਸੇ ਲਾਉਣ ਦੇ ਮਨੋਵਿਗਿਆਨਕ ਢੰਗ ਨਾਲ ਦਰਦ ਘੱਟ ਕਰਨ ਵਿੱਚ ਫ਼ਾਇਦਾ ਨਹੀਂ ਹੁੰਦਾ, ਜਾਂ ਤੁਹਾਡੇ ਬੱਚੇ ਦਾ ਦਰਦ ਵਧ ਜਾਂਦਾ ਹੈ, ਆਪਣੇ ਡਾਕਟਰ ਨੂੰ ਫ਼ੋਨ ਕਰੋ।
ਮੁੱਖ ਨੁਕਤੇ
- ਸਾਰੇ ਬੱਚੇ ਦਰਦ ਨੂੰ ਇੱਕੋ ਤਰ੍ਹਾਂ ਮਹਿਸੂਸ ਨਹੀਂ ਕਰਦੇ ਹੁੰਦੇ।
- ਤੁਸੀਂ ਬੱਚੇ ਨੂੰ ਪੁੱਛ ਕੇ ਅਤੇ ਉਸ ਦੇ ਵਿਹਾਰ ਨੂੰ ਗਹੁ ਨਾਲ ਵੇਖ ਕੇ ਪਤਾ ਕਰ ਸਕਦੇ ਹੋ ਕਿ ਤੁਹਾਡੇ ਬੱਚੇ ਦੇ ਕਿੰਨਾ ਕੁ ਦਰਦ ਹੋ ਰਿਹਾ ਹੈ।
- ਦਰਦ ਦੀਆਂ ਦਵਾਈਆਂ ਨਾਲ ਆਪਣੇ ਬੱਚੇ ਦਾ ਦਰਦ ਘੱਟ ਕੀਤਾ ਜਾ ਸਕਦਾ ਹੈ। ਨਰਸ, ਡਾਕਟਰ ਜਾਂ ਫ਼ਾਰਮਾਸਿਸਟ ਵੱਲੋਂ ਦਿੱਤੀਆਂ ਹਦਾਇਤਾਂ ਦੀ ਹਮੇਸ਼ਾਂ ਪਾਲਣਾ ਕਰੋ।
- ਆਪਣੇ ਬੱਚੇ ਦਾ ਦਰਦ ਸਰੀਰਕ ਅਤੇ ਵਿਹਾਰਕ ਢੰਗਾਂ ਨਾਲ ਵੀ ਘੱਟ ਕੀਤਾ ਜਾ ਸਕਦਾ ਹੈ।
- ਆਪਣੇ ਬੱਚੇ ਦੇ ਦਰਦ ਦਾ ਮੁੜ ਅਨੁਮਾਨ ਲਾਉ।