ਨਮੂਨੀਆ (ਫ਼ੇਫ਼ੜਿਆਂ ਦੀ ਸੋਜ ਦੀ ਬਿਮਾਰੀ)

Pneumonia [ Punjabi ]

PDF download is not available for Arabic and Urdu languages at this time. Please use the browser print function instead

ਨਮੂਨੀਆ ਫ਼ੇਫ਼ੜਿਆਂ ਅਤੇ ਸਾਹ ਲੈਣ ਵਾਲੇ ਰਸਤੇ ਦੇ ਥਲੜੇ ਹਿੱਸੇ ਦੀ ਇੱਕ ਲਾਗ ਹੁੰਦੀ ਹੈ। ਇਸ ਦੀਆਂ ਨਿਸ਼ਾਨੀਆਂ ਅਤੇ ਲੱਛਣਾਂ ਅਤੇ ਆਪਣੇ ਬੱਚੇ ਦੀ ਸੰਭਾਲ ਕਿਵੇਂ ਕਰਨੀ ਹੈ ਬਾਰੇ ਸਿੱਖੋ।

ਨਮੂਨੀਆ ਕੀ ਹੁੰਦਾ ਹੈ?

ਨਮੂਨੀਆ ਫੇਫ਼ੜਿਆਂ ਦੀ ਲਾਗ ਹੁੰਦੀ ਹੈ। ਇਸ ਨੂੰ ਸਾਹ ਲੈਣ ਵਾਲੇ ਰਸਤੇ ਦੇ ਥਲੜੇ ਹਿੱਸੇ ਦੀ ਲਾਗ ਵੀ ਕਿਹਾ ਜਾਂਦਾ ਹੈ ਕਿਉਂਕ ਇਹ ਫੇਫ਼ੜਿਆਂ ਅੰਦਰ ਡੂੰਘੀ ਵਾਪਰਦੀ ਹੈ। ਨਮੂਨੀਆ ਬਹੁਤੀਆਂ ਸੂਰਤਾਂ ਵਿੱਚ ਵਾਇਰਸਾਂ ਕਾਰਨ ਹੁੰਦਾ ਹੈ। ਥੋੜ੍ਹੀ ਗਿਣਤੀ ਵਿੱਚ ਨਮੂਨੀਆ ਜਰਾਸੀਮਾਂ ਦੇ ਕਾਰਨ ਹੁੰਦਾ ਹੈ। ਅਕਸਰ ਨਮੂਨੀਆ ਜ਼ੁਕਾਮ ਪਿੱਛੋਂ ਹੁੰਦਾ ਹੈ।

ਨਮੂਨੀਏ ਦੀਆਂ ਨਿਸ਼ਾਨੀਆਂ ਅਤੇ ਲੱਛਣ

ਬੱਚਿਆਂ ਵਿੱਚ ਨਮੂਨੀਏ ਦੇ ਲੱਛਣ ਇੱਕ ਦੂਸਰੇ ਤੋਂ ਵੱਖਰੇ ਹੁੰਦੇ ਹਨ। ਇਹ ਜ਼ੁਕਾਮ ਜਾਂ ਸਾਹ ਦੇ ਰਸਤਿਆਂ ਦੇ ਉਪਰਲੇ ਹਿੱਸੇ ਦੇ ਲੱਛਣਾਂ ਵਰਗੇ ਹੋ ਸਕਦੇ ਹਨ। ਨਮੂਨੀਏ ਦੀਆਂ ਆਮ ਨਿਸ਼ਾਨੀਆਂ ਅਤੇ ਲੱਛਣਾਂ ਵਿੱਚ ਹੇਠ ਦਰਜ ਸ਼ਾਮਲ ਹਨ:

  • ਤੇਜ਼ ਬੁਖ਼ਾਰ
  • ਖੰਘ
  • ਤੇਜ਼ ਸਾਹ ਲੈਣਾ
  • ਸਾਹ ਲੈਣ ਵਿੱਚ ਮੁਸ਼ਕਲ ਆਉਣੀ
  • ਫ਼ੇਫ਼ੜਿਆਂ ਵਿੱਚੋਂ ਤਿੜਕਵੀਆਂ ਆਵਾਜ਼ਾਂ ਆਉਣੀਆਂ
  • ਭੁੱਖ ਨਾ ਲੱਗਣੀ
  • ਖੰਘਣ ਕਰਕੇ ਜਾਂ ਬਲਗ਼ਮ ਅੰਦਰ ਲੰਘਾਉਣ ਲੱਗਿਆਂ ਉਲਟੀ ਕਰਨੀ
  • ਠੀਕ ਮਹਿਸੂਸ ਨਾ ਕਰਨਾ ਅਤੇ ਘਬਰਾਇਆ ਮਹਿਸੂਸ ਕਰਨਾ
  • ਪੇਟ (ਢਿੱਡ)ਵਿੱਚ ਦਰਦ

ਤੁਹਾਡਾ ਡਾਕਟਰ ਨਮੂਨੀਏ ਲਈ ਕੀ ਕਰ ਸਕਦਾ ਹੈ

ਜਦੋਂ ਡਾਕਟਰ ਨੂੰ ਸ਼ੱਕ ਹੋਵੇ ਕਿ ਨਮੂਨੀਏ ਹੈ ਤਾਂ ਤੁਹਾਡੇ ਬੱਚੇ ਦਾ ਐਕਸ-ਰੇਅ ਕੀਤਾ ਜਾ ਸਕਦਾ ਹੈ। ਡਾਕਟਰ ਤੁਹਾਡੇ ਬੱਚੇ ਦਾ ਖ਼ੂਨ ਦੇ ਕੁਝ ਟੈਸਟ ਵੀ ਕਰ ਸਕਦਾ ਹੈ। ਵਾਰਿਸ ਵਾਲੇ ਨਮੂਨੀਏ ਲਈ ਰੋਗਾਣੂਨਾਸ਼ਕ (ਐਂਟੀਬਾਇਉਟਿਕ) ਨਾਲ ਇਲਾਜ ਦੀ ਲੋੜ ਨਹੀਂ ਹੁੰਦੀ ਹੈ, ਪਰ ਵਾਇਰਸ ਅਤੇ ਜਰਾਸੀਮੀ ਕਾਰਨਾਂ ਦਾ ਨਿਖੇੜਾ ਕਰਨਾ ਸੌਖਾ ਨਹੀਂ ਹੁੰਦਾ। ਸਭ ਤੋਂ ਚੰਗਾ ਇਲਾਜ ਦਾ ਫੈਸਲਾ ਕਰਨ ਤੋਂ ਪਹਿਲਾਂ ਤੁਹਾਡੇ ਬੱਚੇ ਦਾ ਡਾਕਟਰ ਕਈ ਗੱਲਾਂ ਨੂੰ ਵਿਚਾਰੇਗਾ।

ਜੇ ਲੋੜ ਹੋਵੇ ਤਾਂ ਹਸਪਤਾ​ਲ ਵਿੱਚ ਦਾਖ਼ਲ ਹੋਣਾ

ਬਹੁਤੇ ਬੱਚਿਆਂ ਦੀ ਸੰਭਾਲ ਘਰ ਵਿੱਚ ਹੀ ਕੀਤੀ ਜਾ ਸਕਦੀ ਹੈ। ਜਿਹੜੇ ਬੱਚੇ ਵੱਧ ਬਿਮਾਰ ਹੋਣ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਨ ਦੀ ਲੋੜ ਪੈ ਸਕਦੀ ਹੈ। ਉਨ੍ਹਾਂ ਨੂੰ ਆਕਸੀਜਨ ਜਾਂ ਦੂਜੀਆਂ ਦਵਾਈਆਂ ਦੀ ਲੋੜ ਪੈ ਸਕਦੀ ਹੈ। ਪਹਿਲਾਂ ਬੱਚੇ ਨੂੰ ਨਾੜੀ ਰਾਹੀਂ ਰੋਗਾਣੂਨਾਸ਼ਕ (ਇੰਟਰਾਵੀਨਸ) ਦੇਣੇ ਪੈ ਸਕਦੇ ਹਨ, ਅਤੇ ਫ਼ਿਰ ਜਿਉਂ ਜਿਉਂ ਬੱਚੇ ਦੀ ਹਾਲਤ ਸੁਧਰਦੀ ਹੈ ਤਾਂ ਉਹ ਮੂੰਹ ਰਾਹੀਂ ਦਿੱਤੇ ਜਾ ਸਕਦੇ ਹਨ।

ਆਪਣੇ ਬੱਚੇ ਦੀ ਘਰ ਵਿੱਚ ਸੰਭਾਲ ਕਰਨੀ

ਰੋਗਾਣੂਨਾਸਕਾਂ (ਐਂਟੀਬਾਇਉਟਿਕਸ) ਦੀ ਪੂਰੀ ਦਵਾਈ ਖ਼ਤਮ ਕਰੋ

ਜੇ ਤੁਹਾਡੇ ਬੱਚੇ ਲਈ ਰੋਗਾਣੂਨਾਸ਼ਕ (ਐਂਟੀਬਾਇਉਟਿਕਸ) ਦਿੱਤੇ ਗਏ ਸਨ ਤਾਂ ਉਸ ਨੂੰ ਸਾਰੀਆ ਗੋਲੀਆਂ ਜ਼ਰੂਰ ਹੀ ਖ਼ਤਮ ਕਰਨੀਆਂ ਚਾਹੀਦੀਆਂ ਹਨ ਭਾਵੇਂ ਕਿ ਉਹ ਬਿਹਤਰ ਮਹਿਸੂਸ ਕਰ ਰਿਹਾ ਹੋਵੇ। ਇਹ ਲਾਗ ਦੇ ਮੁੜ ਲੱਗਣ ਨੂੰ ਰੋਕਣ ਲਈ ਮਹੱਤਵਪੂਰਨ ਹੁੰਦਾ ਹੈ।

ਬੁਖ਼ਾਰ `ਤੇ ਨਜ਼ਰ ਰੱਖਣੀ ਅਤੇ ਇਸ ਦਾ ਇਲਾਜ ਕਰਨਾ

ਬੁਖ਼ਾਰ ਲਈ ਅਸੀਟਾਮਿਨੋਫ਼ਿਨ (ਟਾਇਲਾਨੌਲ , ਟੈਂਪਰਾ, ਜਾਂ ਦੂਜੇ ਬਰੈਂਡ) ਜਾਂ ਆਈਬਿਊਪਰੋਫ਼ੈਨ (ਮੌਟਰਿਨ, ਐਡਵਿੱਲ, ਜਾਂ ਦੂਜੇ ਬਰੈਂਡ) ਦੀ ਵਰਤੋਂ ਕਰੋ। ਆਪਣੇ ਬੱਚੇ ਨੂੰ ਏਐਸਏ (ਅਸੀਟਲਸਾਲਾਸਾਲਕ ਐਸਿਡ ਜਾਂ ਐੱਸਪਰੀਨ) ਨਾ ਦਿਓ।

ਆਪਣੇ ਬੱਚੇ ਨੂੰ ਖਾਣ-ਪੀਣ ਲਈ ਦਿੰਦੇ ਰਹੋ ਅਤੇ ਉਸ ਨੂੰ ਨਿਰਜਲ਼ੀ ਨਾ ਹੋਣ ਦਿਓ

ਆਪਣੇ ਬੱਚੇ ਨੂੰ ਹਾਈਡਰੇਟ ਰੱਖਣ ਲਈ ਕਾਫ਼ੀ ਮਾਤਰਾ ਵਿੱਚ ਤਰਲ ਪਿਆਉ।

ਪਹਿਲਾਂ ਤੁਹਾਡਾ ਬੱਚਾ ਬਹੁਤਾ ਖਾਣਾ ਖਾਣਾ ਚਾਹੁੰਦਾ ਨਹੀ ਹੋ ਸਕਦਾ। ਲਾਗ ਜਦੋਂ ਇੱਕ ਵਾਰੀ ਦੂਰ ਹੋਣੀ ਸ਼ੁਰੂ ਜਾਂਦੀ ਹੈ ਅਤੇ ਤੁਹਾਡਾ ਬੱਚਾ ਪਹਿਲਾਂ ਨਾਲੋਂ ਬਿਹਤਰ ਮਹਿਸੂਸ ਕਰਨਾ ਸ਼ੁਰੂ ਕਰ ਦਿੰਦਾ ਹੈ। ਉਹ ਵੱਧ ਖਾਣਾ ਚਾਹੇਗਾ।

ਧੂੰਏਂ ਵਾਲੀਆਂ ਥਾਵਾਂ ਤੋਂ ਦੂਰ ਰਹੋ

ਆਪਣੇ ਬੱਚੇ ਨੂੰ ਧੂੰਏਂ ਅਤੇ ਦੂਸਰੀਆਂ ਫ਼ੇਫ਼ੜਿਆਂ ਨੂੰ ਖ਼ਲਸ਼ ਕਰਨ ਵਾਲੀਆਂ ਵਸਤਾਂ ਤੋਂ ਦੂਰ ਰੱਖੋ।

ਖੰਘ ਦੇ ਲੱਛਣ

ਤੁਹਾਡੇ ਬੱਚੇ ਦੀ ਖੰਘ ਠੀਕ ਹੋਣ ਤੋਂ ਪਹਿਲਾਂ ਵਿਗੜੀ ਹੋਈ ਹੋ ਸਕਦੀ ਹੈ। ਜਿਉਂ ਹੀ ਨਮੂਨੀਆ ਠੀਕ ਹੋ ਰਿਹਾ ਹੁੰਦਾ ਹੈ ਤੁਹਾਡਾ ਬੱਚਾ ਬਲਗ਼ਮ ਨੂੰ ਖ਼ਾਰਜ ਕਰਨ ਲਈ ਖੰਘੇਗਾ। ਉਸ ਦੀ ਖੰਘ ਕੁਝ ਹਫ਼ਤੇ ਜਾਰੀ ਰਹਿ ਸਕਦੀ ਹੈ।

ਡਾਕਟਰੀ ਸਹਾਇਤਾ ਕਦੋਂ ਲੈਣੀ ਹੈ

ਆਪਣੇ ਬੱਚੇ ਦੇ ਰੈਗੂਲਰ ਡਾਕਟਰ ਨੂੰ ਮਿਲੋ ਜੇ:

  • ਤੁਹਾਡੇ ਬੱਚੇ ਦੀ ਖੰਘ ਤਿੰਨ ਹਫ਼ਤਿਆਂ ਤੋਂ ਵੱਧ ਰਹਿੰਦੀ ਹੈ
  • ਰੋਗਾਣੂਨਾਸ਼ਕ ਸ਼ੁਰੂ ਕਰਨ ਦੇ ਤਿੰਨ ਦਿਨ ਪਿੱਛੋਂ ਵੀ ਤੁਹਾਡੇ ਬੱਚੇ ਦਾ ਬੁਖ਼ਾਰ ਨਹੀਂ ਹਟਦਾ

ਆਪਣੇ ਬੱਚੇ ਨੂੰ ਨਜ਼ਦੀਕੀ ਐਮਰਜੰਸੀ ਵਿਭਾਗ ਲੈ ਕੇ ਜਾਓ, ਜਾਂ 911 ਨੂੰ ਫ਼ੋਨ ਕਰੋ, ਜੇ ਤੁਹਾਡਾ ਬੱਚਾ:

  • ਸਾਹ ਲੈਣ ਵਿੱਚ ਕਠਨਾਈ ਮਹਿਸੂਸ ਕਰਦਾ ਹੈ
  • ਉਸ ਦੇ ਬੁੱਲ੍ਹ ਪੀਲ਼ੇ ਜਾਂ ਨੀਲੇ ਹੋ ਜਾਂਦੇ ਹਨ
  • ਰੋਗਾਣੂਨਾਸ਼ਕ ਖ਼ੁਰਾਕ ਨੂੰ ਉਲਟੀ ਕਰ ਕੇ ਬਾਹਰ ਲੱਢਦਾ ਹੈ ਜਾਂ ਤਰਲ ਪੀਣ ਤੋਂ ਨਾਂਹ ਕਰਦਾ ਹੈ
  • ਬਹੁਤ ਬਿਮਾਰ ਲੱਗਦਾ ਹੈ

ਮੁੱਖ ਨੁਕਤੇ

  • ਨਮੂਨੀਆ ਫ਼ੇ਼ਫ਼ੜਿਆਂ ਵਿੱਚ ਢੂੰਘੀ ਇੱਕ ਲਾਗ ਹੁੰਦੀ ਹੈ। ਇਹ ਵਾਇਰਸ ਕਾਰਨ ਜਾਂ ਜਰਾਸੀਮਾਂ ਕਾਰਨ ਵੀ ਲੱਗ ਸਕਦੀ ਹੈ।
  • ਜੇ ਤੁਹਾਡੇ ਬੱਚੇ ਨੂੰ ਰੋਗਾਣੂਨਾਸ਼ਕ (ਐਂਟੀਬਾਇਉਟਿਕਸ) ਦਿੱਤੇ ਜਾਂਦੇ ਹਨ ਤਾਂ ਯਕੀਨੀ ਬਣਾਓ ਕਿ ਉਹ ਪੂਰੇ ਲਏ ਜਾਣ, ਭਾਵੇਂ ਤੁਹਾਡਾ ਬੱਚਾ ਪਹਿਲਾਂ ਨਾਲੋਂ ਠੀਕ ਮਹਿਸੂਸ ਕਰਦਾ ਹੋਵੇ।
  • ਆਪਣੇ ਬੱਚੇ ਨੂੰ ਅਰਾਮ ਵਿੱਚ ਰੱਖੋ ਅਤੇ ਉਸ ਨੂੰ ਬਹੁਤ ਮਾਤਰਾ ਵਿੱਚ ਤਰਲ ਦਿਓ।
Dernières mises à jour: avril 12 2011