ਸੁੰਨਤ ਕਰਨ ਤੋਂ ਕੀ ਭਾਵ ਹੈ?
ਨਰ ਦੀ ਸਪਾਰੂ ਚਮੜੀ ਨੂੰ ਕੱਟ ਦੇਣ ਨੂੰ ਸੁੰਨਤ ਕਿਹਾ ਜਾਂਦਾ ਹੈ। ਆਮ ਕਰ ਕੇ ਸੁੰਨਤ ਜਨਮ ਤੋਂ ਛੇਤੀ ਹੀ ਪਿੱਛੋਂ ਕਰ ਦਿੱਤੀ ਜਾਂਦੀ ਹੈ। ਫ਼ਿਰ ਵੀ, ਇਹ ਅਪਰੇਸ਼ਨ ਵੱਡੇ ਬੱਚਿਆਂ ਦਾ ਵੀ ਕੀਤਾ ਜਾਂਦਾ ਹੈ।
ਸੁੰਨਤ ਕਰਨ ਦੇ ਦੋ ਢੰਗ ਹੁੰਦੇ ਹਨ, ਚੀਰਾ ਦੇ ਕੇ ਜਾਂ ਪਲਾਸਟਿਕ ਦੀ ਰਿੰਗ ਵਰਤ ਕੇ। ਸੁੰਨਤ ਦੀਆਂ ਦੋਹਾਂ ਵਿਧੀਆਂ ਲਈ ਸਫ਼ਾਈ, ਦਰਦ ਉੱਤੇ ਕਾਬੂ ਪਾਉਣਾ ਅਤੇ ਆਮ ਸੰਭਾਲ ਇੱਕੋ ਜਿਹੀ ਹੰਦੀ ਹੈ।
ਸੁੰਨਤ ਕਰਨ ਪਿੱਛੋਂ ਆਮ ਸੰਭਾਲ
ਚੀਰਾ ਦੇ ਕੇ ਸੁੰਨਤ ਕਰਨ ਦੀ ਕਿਸਮ
ਸਰਜਰੀ ਪਿੱਛੋਂ ਦੇ ਹਫ਼ਤੇ ਵਿੱਚ ਤੁਹਾਡੇ ਲੜਕੇ ਨੂੰ ਹਰ ਰੋਜ਼ ਤਿੰਨ ਵਾਰੀ ਗਰਮ ਪਾਣੀ ਨਾਲ ਜ਼ਰੂਰ ਨਹਾਉਣਾ ਚਾਹੀਦਾ ਹੈ।
ਤੁਹਾਡਾ ਲੜਕਾ ਘਰ ਵਾਪਸ ਆਵੇਗਾ ਤਾਂ ਹੋ ਸਕਦਾ ਹੈ ਕਿ ਉਸ ਦੀ ਸੁੰਨਤ ਵਾਲੀ ਜਗ੍ਹਾ `ਤੇ ਛੋਟੀ ਜਿਹੀ ਪੱਟੀ ਬੱਝੀ ਹੋਵੇ। ਇਸ ਪੱਟੀ ਨੂੰ ਉਤਾਰਨ ਦਾ ਯਤਨ ਨਾ ਕਰੋ। ਇਸ ਨੂੰ ਆਪਣੇ ਆਪ ਹੀ ਉਤਰਣ ਦਿਓ। ਜੇ ਸਰਜਰੀ ਪਿੱਛੋਂ ਅਗਲੀ ਸਵੇਰ ਪੱਟੀ ਲਹਿੰਦੀ ਨਹੀਂ ਹੈ ਤਾਂ ਪਾਣੀ ਨਾਲ ਗਿੱਲੀ ਕਰਕੇ ਉਤਾਰ ਦਿਓ।
ਜੇ ਤੁਹਾਡਾ ਬੱਚਾ ਬੇਅਰਾਮ ਹੋਵੇ, ਤਾਂ ਉਸ ਨੂੰ ਦਿਨ ਵਿੱਚ ਤਿੰਨ ਤੋਂ ਵੱਧ ਵਾਰੀ ਨਹਾਉ। ਜਿੱਥੋਂ ਸੰਭਵ ਹੋਵੇ, ਇੰਦਰੀ ਨੂੰ ਹਵਾ ਨਾਲ ਖ਼ੁਸ਼ਕ ਹੋਣ ਦਿਓ।
ਜਦੋਂ ਤੀਕ ਮੁਕੰਮਲ ਤੌਰ ਤੇ ਠੀਕ ਨਹੀਂ ਹੋ ਜਾਂਦਾ, ਹਰ ਵਾਰੀ ਨਹਾਉਣ ਪਿੱਛੋਂ ਸੁੰਨਤ ਵਾਲੀ ਜਗ੍ਹਾ 'ਤੇ ਟੌਪੀਕਲ ਐਂਟੀਬਾਇਟਿਕ ਕਰੀਮ, ਜਿਵੇਂ ਕਿ ਪੌਲੀਸਪੋਰਿਨ (Polysporin®), ਲਗਾਓ।
ਰਿੰਗ ਟਾਈਪ ਸੁੰਨਤ
ਰਿੰਗ, ਜਿਸ ਨੂੰ ਕਈ ਵਾਰੀ ਪਲਾਸਟੀਬੈੱਲ ਕਿਹਾ ਜਾਂਦਾ ਹੈ, ਦੋ ਕੁ ਹਫ਼ਤਿਆਂ ਵਿੱਚ ਆਪਣੇ ਆਪ ਉੱਤਰ ਜਾਂਦੀ ਹੈ। ਇਸ ਨੂੰ ਖਿੱਚ ਕੇ ਨਾ ਉਤਾਰੋ।
ਇੰਦਰੀ ਸਾਫ਼ ਕਰਨ ਲਈ ਆਪਣੇ ਬੱਚੇ ਨੂੰ ਗਰਮ ਪਾਣੀ ਨਾਲ ਨਹਾਓ। ਨਹਾਉਣ ਪਿੱਛੋਂ ਰਿੰਗ ਦੀ ਚਮੜੀ ਉੱਤੇ ਐਂਟੀਬਾਇਟਿਕ ਕਰੀਮ ਲਾਓ। ਜਿੱਥੋਂ ਤੀਕ ਸੰਭਵ ਹੋਵੇ, ਇੰਦਰੀ ਨੂੰ ਹਵਾ ਨਾਲ ਹੀ ਸਾਫ਼ ਹੋਣ ਦਿਓ।
ਆਪਣੇ ਬੱਚੇ ਦੇ ਦਰਦ 'ਤੇ ਦਵਾਈ ਰਾਹੀਂ ਕਾਬੂ ਪਾਉਣਾ
ਸੁੰਨਤ ਹੋਣ ਪਿੱਛੋਂ 24 ਘੰਟੇ ਦੇ ਸਮੇਂ ਦੌਰਾਨ, ਤੁਸੀਂ ਆਪਣੇ ਬੱਚੇ ਨੂੰ ਦਰਦ ਜਾਂ ਬੁਖ਼ਾਰ ਵਾਸਤੇ ਅਸੀਟਾਮਿਨੋਫ਼ਿਨ ਦੇ ਸਕਦੇ ਹੋ। ਤੁਹਾਡੇ ਬੱਚੇ ਨੂੰ ਖੁੱਲ੍ਹੇ ਅਤੇ ਅਰਾਮਦਾਇਕ ਕੱਪੜੇ ਪਾਉਣੇ ਚਾਹੀਦੇ ਹਨ। ਹੋ ਸਕਦਾ ਹੈ ਸਰਜਰੀ ਪਿੱਛੋਂ ਤੁਹਾਡਾ ਬੱਚਾ ਪਹਿਲੀ ਵਾਰੀ ਕਈ ਘੰਟਿਆਂ ਪਿੱਛੋਂ ਪਿਸ਼ਾਬ ਕਰੇ। ਜੇ ਉਹ ਆਰਾਮ ਮਹਿਸੂਸ ਕਰੇ, ਤਾਂ ਗਰਮ ਪਾਣੀ ਨਾਲ ਨਹਾਉਣ ਵੇਲੇ ਟੱਬ ਵਿੱਚ ਹੀ ਪਿਸ਼ਾਬ ਕਰਨ ਲਈ ਉਸ ਨੂੰ ਉਤਸ਼ਾਹਤ ਕਰੋ।
ਮੁੜ ਕੇ ਸਾਧਾਰਨ ਕਿਰਿਆਵਾਂ ਸ਼ੁਰੂ ਕਰਨੀਆਂ
ਅਗਲੇ ਕੁਝ ਦਿਨਾਂ ਵਿੱਚ ਉਹ ਹੌਲ਼ੀ ਹੌਲ਼ੀ ਆਪਣੀਆਂ ਸਾਧਾਰਨ ਕਿਰਿਆਵਾਂ ਸ਼ੁਰੂ ਕਰ ਸਕਦਾ ਹੈ। ਜੇ ਉਹ ਵੱਧ ਉਮਰ ਦਾ ਹੋਵੇ ਜਦੋਂ ਆਮ ਵਾਂਗ ਖੇਡਦਾ ਹੋਵੇ ਤਾਂ ਉਹ ਸਕੂਲ ਵੀ ਜਾਣਾ ਸ਼ੁਰੂ ਕਰ ਸਕਦਾ ਹੈ।
ਸਰਜਰੀ ਤੋਂ ਘੱਟੋ ਘੱਟ 6 ਹਫ਼ਤਿਆਂ ਲਈ ਤੁਹਾਡਾ ਬੱਚਾ ਅਜਿਹੇ ਖਿਡੌਣਿਆਂ ਨਾਲ ਨਾ ਖੇਡੇ ਜਿਨ੍ਹਾਂ ਵਿੱਚ ਖਿੱਚ ਪੈਂਦੀ ਹੋਵੇ, ਜਿਵੇਂ ਕਿ ਬਾਈਸਿਕਲ। ਉਸ ਨੂੰ ਕਈ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਉਸ ਦੇ ਚੱਡੇ ਵਾਲੇ ਹਿੱਸੇ ਵਿੱਚ ਖਿੱਚ ਪੈਂਦੀ ਹੋਵੇ, ਜਿਵੇਂ ਕਿ ਵਾੜ ਨੂੰ ਪਾਰ ਕਰਨਾ।
ਡਾਕਟਰ ਨੂੰ ਕਦੋਂ ਬੁਲਾਉਣਾ ਹੈ
ਸਰਜਰੀ ਪਿੱਛੋਂ ਕੁਝ ਘੰਟੇ ਥੋੜ੍ਹਾ ਜਿਹਾ ਖ਼ੂਨ ਨਿਕਲਣਾ ਸਾਧਾਰਨ ਗੱਲ ਹੁੰਦੀ ਹੈ। ਸਰਜਰੀ ਵਾਲੇ ਦਿਨ ਦੇ ਖ਼ਤਮ ਹੋਣ `ਤੇ ਖ਼ੂਨ ਬੰਦ ਹੋ ਜਾਣਾ ਚਾਹੀਦਾ ਹੈ।
ਜੇ ਸੁੰਨਤ ਵਾਲੀ ਜਗ੍ਹਾ ਤੋਂ ਲਗਾਤਾਰ ਜਾਂ ਭਾਰੀ ਖ਼ੂਨ ਨਿਕਲਦਾ ਹੈ ਤਾਂ ਇੰਦਰੀ ਨੂੰ ਘੁੱਟ ਕੇ ਦਬਾਓ। ਜਦੋਂ ਖ਼ੂਨ ਉੱਤੇ ਕਾਬੂ ਪਾ ਲਿਆ ਜਾਵੇ ਫ਼ਿਰ ਯੂਰੋਲੋਜੀ (ਪਿਸ਼ਾਬ ਨਾਲ ਸੰਬੰਧਤ) ਕਲਿਨਿਕ ਜਾਂ ਉਸ ਹਸਪਤਾਲ, ਜਿੱਥੇ ਸੁੰਨਤ ਕੀਤੀ ਗਈ ਹੋਵੇ, ਨੂੰ ਫ਼ੋਨ ਕਰੋ।
ਹਸਪਤਾਲ ਜਾਂ ਕਲਿਨਿਕ ਵਿਖੇ ਬਾਅਦ ਵਿੱਚ ਜਾਣਾ
ਤੁਹਾਡੇ ਲੜਕੇ ਨੂੰ ਹਸਪਤਾਲ ਦੇ ਯੂਰੋਲੋਜੀ ਕਲਿਨਿਕ ਵਿਖੇ ਬਾਅਦ ਵਿੱਚ ਜਾਣ ਦੀ ਲੋੜ ਪਵੇਗੀ। ਕਲਿਨਿਕ ਦਾ ਅਮਲਾ ਤੁਹਾਨੂੰ ਦੱਸੇਗਾ ਕਿ ਕਦੋਂ ਆਉਣਾ ਹੈ। ਜੇ ਤੁਹਾਨੂੰ ਆਪਣੇ ਲੜਕੇ ਦੀ ਸੁੰਨਤ ਦੀ ਸੰਭਾਲ ਕਰਨ ਬਾਰੇ ਕੋਈ ਪ੍ਰਸ਼ਨ ਹੋਣ ਤਾਂ, ਯੂਰੋਲੋਜੀ ਕਲਿਨਿਕ ਨੂੰ ਫ਼ੋਨ ਕਰੋ।
ਮੁੱਖ ਨੁਕਤੇ
- ਸੁੰਨਤ ਪਿੱਛੋਂ ਤੁਹਾਡੇ ਲੜਕੇ ਨੂੰ ਇੱਕ ਹਫ਼ਤਾ ਲਈ ਹਰ ਰੋਜ਼ ਤਿੰਨ ਵਾਰੀ ਗਰਮ ਪਾਣੀ ਨਾਲ ਨਹਾਉਣਾ ਚਾਹੀਦਾ ਹੈ।
- ਜੇ ਤੁਹਾਡਾ ਲੜਕਾ ਘਰ ਆ ਗਿਆ ਹੈ ਤੇ ਉਸ ਦੀ ਸੁੰਨਤ ਵਾਲੀ ਜਗ੍ਹਾ ਪੱਟੀ ਬੱਝੀ ਹੋਈ ਹੋਵੇ, ਤਾਂ ਇਹ ਆਪਣੇ ਆਪ ਲਹਿ ਜਾਵੇਗੀ।
- ਜੇ ਤੁਹਾਡੇ ਲੜਕੇ ਦੀ ਸੁੰਨਤ ਰਿੰਗ ਦੀ ਵਰਤੋਂ ਦੁਆਰਾ ਕੀਤੀ ਗਈ ਹੋਵੇ ਤਾਂ ਰਿੰਗ ਨੂੰ ਆਪਣੇ ਲਹਿ ਜਾਣ ਦਿਓ।
- ਦਰਦ ਘਟਾਉਣ ਲਈ, ਆਪਣੇ ਲੜਕੇ ਨੂੰ ਬੋਤਲ ਉੱਤੇ ਦਿੱਤੀਆਂ ਹਦਾਇਤਾਂ ਅਨੁਸਾਰ ਅਸੀਟਾਮਿਨੋਫ਼ਿਨ ਜਾਂ ਆਈਬਿਊਪਰੋਫ਼ੈਨ ਦੇ ਸਕਦੇ ਹੋ।
- ਤੁਹਾਡੇ ਲੜਕੇ ਨੂੰ ਅਜਿਹੀਆਂ ਕਿਰਿਆਵਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜਿਹੜੀਆਂ ਇੰਦਰੀ ਜਾਂ ਚੱਡੇ ਨੂੰ ਉਤੇਜਤ ਕਰ ਸਕਦੀਆਂ ਹੋਣ।