ਦਸਤ

Diarrhea in children [ Punjabi ]

PDF download is not available for Arabic and Urdu languages at this time. Please use the browser print function instead

​ਦੱਸਤਾਂ ਕਾਰਨ ਵਾਰ ਵਾਰ ਪਤਲੀ ਟੱਟੀਆਂ ਆਉਂਦੀਆਂ ਹਨ। ਬੇਬੀਆਂ ਅਤੇ ਬੱਚਿਆਂ ਨੂੰ ਦੱਸਤ ਲੱਗਣ ਦੇ ਕਾਰਨ, ਉਨ੍ਹਾਂ ਦੀ ਸੰਭਾਲ ਕਿਵੇਂ ਕਰਨੀ ਹੈ ਅਤੇ ਸਰੀਰ ਅੰਦਰ ਪਾਣੀ ਦੀ ਘਾਟ ਹੋ ਜਾਣ ਤੋਂ ਕਿਵੇਂ ਬਚਾਅ ਕਰਨਾ ਹੈ, ਬਾਰੇ ਪੜ੍ਹੋ।

ਦਸਤ ਕੀ ਹੁੰਦੇ ਹਨ?

ਦਸਤ ਉਹ ਹੁੰਦੇ ਹਨ ਜਦੋਂ ਤੁਹਾਡੇ ਬੱਚੇ ਨੂੰ ਵਾਰ ਵਾਰ ਟੱਟੀ ਆਉਂਦੀ ਹੈ ਅਤੇ ਟੱਟੀ ਢਿੱਲੀ ਜਾਂ ਪਾਣੀ ਵਾਂਗ ਪਤਲੀ ਹੁੰਦੀ ਹੈ। ਦਸਤ ਅਕਸਰ ਵਾਇਰਸ ਨਾਲ ਲੱਗਦੇ ਹਨ ਜਿਸ ਨਾਲ ਅੰਤੜੀਆਂ ਦੀ ਅੰਦਰਲੀ ਤਹਿ ਨੂੰ ਲਾਗ ਲੱਗ ਜਾਂਦੀ ਹੈ।

ਕਈ ਵਾਰੀ, ਜਰਾਸੀਮੀ ਲਾਗ ਜਾਂ ਪਰਜੀਵੀਆਂ ਕਾਰਨ ਵੀ ਦਸਤ ਲੱਗ ਸਕਦੇ ਹਨ। ਇਹ ਖ਼ਾਸ ਕਿਸਮ ਦੇ ਭੋਜਨ ਖਾਣ ਜਾਂ ਪੀਣ ਅਤੇ ਰੋਗਾਣੂਨਾਸ਼ਕ ਲੈਣ ਕਾਰਨ ਵੀ ਲੱਗ ਜਾਂਦੇ ਹਨ।

ਵਧੇਰੇ ਜਾਣਕਾਰੀ ਲਈ, ਕ੍ਰਿਪਾ ਕਰਕੇ ਰੋਗਾਣੂਨਾਸ਼ਕ ਨਾਲ ਸੰਬੰਧਤ ਦਸਤ ਪੜ੍ਹੋ।.

ਅਜਿਹੀਆਂ ਡਾਕਟਰੀ ਹਾਲਤਾਂ ਜਿਹੜੀਆਂ ਇਹ ਅਸਰ ਪਾਉਂਦੀਆਂ ਹਨ ਕਿ ਅੰਤੜੀਆਂ ਵਿੱਚੋਂ ਭੋਜਨ ਕਿਵੇਂ ਹਜ਼ਮ ਹੁੰਦਾ ਹੈ। ਕਾਰਨ ਵੀ ਲੱਗ ਦਸਤ ਜਾਂਦੇ ਹਨ।

ਗੰਭੀਰ ਦਸਤਾਂ ਦੀਆਂ ਨਿਸ਼ਾਨੀਆਂ ਅਤੇ ਲੱਛਣ

ਗੰਭੀਰ ਦਸਤ ਹਾਨੀਕਾਰਕ ਹੋ ਸਕਦੇ ਹਨ ਕਿਉਂਕਿ ਇਨ੍ਹਾਂ ਕਾਰਨ ਡੀਹਾਈਡਰੇਸ਼ਨ ਹੋ ਜਾਂਦੀ ਹੈ। ਡੀਹਾਈਡਰੇਸ਼ਨ ਸਰੀਰ ਵਿੱਚ ਤਰਲਾਂ ਦੀ ਘਾਟ ਹੋ ਜਾਣ ਕਰਕੇ ਹੁੰਦੀ ਹੈ। ਛੋਟੇ ਬਾਲਾਂ ਵਿੱਚ ਤਰਲ ਬਹੁਤ ਤੇਜ਼ੀ ਨਾਲ ਘਟ ਸਕਦੇ ਹਨ। ਡੀਹਾਈਡਰੇਸ਼ਨ ਦੀਆਂ ਨਿਸ਼ਾਨੀਆਂ ਵਿੱਚ ਇਹ ਸ਼ਾਮਲ ਹੋ ਸਕਦੇ ਹਨ:

  • ਮੂੰਹ ਖ਼ੁਸ਼ਕ ਹੋਣਾ
  • ਰੋਣ ਸਮੇਂ ਹੰਝੂ ਘੱਟ ਆਉਣੇ
  • ਅੱਖਾਂ ਅੰਦਰ ਨੂੰ ਧੱਸ ਜਾਣੀਆਂ
  • ਆਮ ਵਾਂਗ ਪਿਸ਼ਾਬ ਨਾ ਕਰਨਾ
  • ਪਿਸ਼ਾਬ ਦਾ ਰੰਗ ਗੂੜ੍ਹਾ ਹੋਣਾ
  • ਇੱਕ ਸਾਲ ਤੋਂ ਛੋਟੇ ਬਾਲ ਦੇ ਸਿਰ ਦੇ ਨਰਮ ਉੱਪਰਲੇ ਹਿੱਸੇ ਦਾ ਅੰਦਰ ਨੂੰ ਧੱਸ ਜਾਣਾ
  • ਉਰਜਾ (ਸ਼ਕਤੀ) ਦੀ ਘਾਟ

ਵਧੇਰੇ ਜਾਣਕਾਰੀ ਲੈਣ ਲਈ ਕਿਰਪਾ ਕਰ ਕੇ ਪੜ੍ਹੋ ਡੀਹਾਈਡਰੇਸ਼ਨ.

ਦਸਤ 1 ਹਫ਼ਤੇ ਤੱਕ ਰਹਿ ਸਕਦੇ ਹਨ

ਦਸਤ ਇੱਕ ਤੋਂ 7 ਦਿਨਾਂ ਤੱਕ ਰਹਿ ਸਕਦੇ ਹਨ। ਇਸ ਸਮੇਂ ਦੌਰਾਨ, ਡੀਹਾਈਡਰੇਸ਼ਨ ਨੂੰ ਰੋਕਣ ਲਈ ਆਪਣੇ ਬੱਚੇ ਨੂੰ ਕਾਫ਼ੀ ਮਾਤਰਾ ਵਿੱਚ ਤਰਲ ਪਦਾਰਥ ਦਿਓ। ਸਿਹਤਮੰਦ ਰਹਿਣ ਲਈ ਤੁਹਾਡੇ ਬੱਚੇ ਨੂੰ ਭੋਜਨ ਖਾਣਾ ਜਾਰੀ ਰੱਖਣਾ ਚਾਹੀਦਾ ਹੈ।

ਦਸਤ ਲੱਗੇ ਆਪਣੇ ਬੱਚੇ ਦਾ ਘਰ ਅੰਦਰ ਕਿਵੇਂ ਧਿਆਨ ਰੱਖਣਾ ਚਾਹੀਦਾ ਹੈ

ਛਾਤੀ ਦਾ ਦੁੱਧ ਪੀਣ ਵਾਲੇ ਬਾਲਾਂ (ਬੇਬੀਆਂ) ਨੂੰ ਦਸਤ ਲੱਗਣੇ

ਜੀਵਨ ਦੇ ਪਹਿਲੇ ਕੁਝ ਮਹੀਨਿਆਂ ਦੌਰਾਨ, ਛਾਤੀ ਦਾ ਦੁੱਧ ਪੀਣ ਵਾਲੇ ਬਾਲਾਂ ਨੂੰ ਢਿੱਲੀ ਟੱਟੀ ਆਉਣੀ ਸੁਭਾਵਕ ਹੈ। ਤੁਹਾਡੇ ਬੱਚੇ ਨੂੰ ਦਸਤ ਲੱਗੇ ਹੋ ਸਕਦੇ ਹਨ ਜੇ ਅਚਾਨਕ ਉਸ ਨੂੰ ਬਹੁਤ ਵਾਰੀ ਟੱਟੀ ਆਉਣ ਲੱਗ ਜਾਂਦੀ ਹੈ। ਟੱਟੀ ਵਿੱਚ ਚਿਪਚਿਪਾ ਮਾਦਾ ਜਾਂ ਖ਼ੂਨ ਆਉਣਾ ਦਸਤ ਦੀਆ ਹੋਰ ਨਿਸ਼ਾਨੀਆਂ ਹਨ। ਬਦਬੂਦਾਰ ਟੱਟੀ ਵੀ ਦਸਤਾਂ ਦੀ ਨਿਸ਼ਾਨੀ ਹੋ ਸਕਦੀ ਹੈ। ਜੇ ਤੁਸੀਂ ਸੋਚਦੇ ਹੋ ਕਿ ਤੁਹਾਡੇ ਬੱਚੇ ਨੂੰ ਦਸਤ ਲੱਗੇ ਹਨ, ਛਾਤੀ ਦਾ ਦੁੱਧ ਪਿਆਉਣਾ ਜਾਰੀ ਰੱਖੋ, ਪ੍ਰੰਤੂ ਬਹੁਤੀ ਵਾਰੀ ਪਿਆਉ। ਜਦੋਂ ਤੁਹਾਡੇ ਬੱਚੇ ਨੂੰ ਦਸਤ ਲੱਗੇ ਹੋਣ ਛਾਤੀ ਦਾ ਦੁੱਧ ਪਿਆਉਣਾ ਬੰਦ ਨਾ ਕਰੋ।

ਜੇ ਦਸਤ ਬਹੁਤ ਗੰਭੀਰ ਹੋਣ ਜਾਂ ਤੁਸੀਂ ਡੀਹਾਈਡਰੇਸ਼ਨ ਦੀਆਂ ਨਿਸ਼ਾਨੀਆਂ ਵੇਖੋਂ, ਤੁਸੀਂ ਆਪਣੇ ਬੱਚੇ ਨੂੰ ਓਰਲ ਰੀਹਾਈਡਰੇਸ਼ਨ ਸਲਿਊਸ਼ਨ (ਮੂੰਹ ਰਾਹੀਂ ਦੇਣ ਵਾਲੇ ਮੁੜ ਤਰਲ ਭਰਪੂਰ ਬਣਾਉਣ ਵਾਲੇ ਘੋਲ) ਦੇ ਸਕਦੇ ਹੋ, ਜਿਵੇਂ ਕਿ ਪੀਡੀਆਲਾਈਟ। ਪੀਡੀਆਲਾਈਟ ਭੋਜਨਾਂ ਦੇ ਸਮੇਂ ਦੇ ਵਿਚਕਾਰ ਜਾਂ ਬਾਦ ਵਿੱਚ ਦਿਉ। ਮੂੰਹ ਰਾਹੀਂ ਦੇਣ ਵਾਲੇ ਮੁੜ ਤਰਲ ਭਰਪੂਰ ਬਣਾਉਣ ਵਾਲੇ ਘੋਲ ਛਾਤੀ ਦੇ ਦੁੱਧ ਦੀ ਥਾਂ ਨਹੀਂ ਦੇਣੇ ਚਾਹੀਦੇ।

ਜੇ ਤੁਹਾਡਾ ਬਾਲ (ਬੇਬੀ) ਛਾਤੀ ਨੂੰ ਚੰਗੀ ਤਰ੍ਹਾਂ ਨਹੀਂ ਚੁੰਘ ਰਿਹਾ ਤਾਂ ਫ਼ਿਰ ਛਾਤੀ ਵਿੱਚੋਂ ਕੱਢਿਆ ਹੋਇਆ ਦੁੱਧ ਡਰਾਪਰ ਨਾਲ ਦਿਉ ਜਾਂ ਓਰਲ ਰੀਹਾਈਡਰੇਸ਼ਨ ਸਲਿਊਸ਼ਨ (ਮੂੰਹ ਰਾਹੀ ਦੇਣ ਵਾਲਾ ਮੁੜ ਤਰਲ ਭਰਪੂਰ ਬਣਾਉਣ ਵਾਲਾ) ਘੋਲ ਦਿਉ)(delete)। ਆਪਣੇ ਬਾਲ ਨੂੰ ਹਰ 3 ਮਿੰਟ ਪਿੱਛੋਂ 1 ਛੋਟਾ ਚਮਚਾ (5 ਮਿ.ਲੀ.) ਛਾਤੀ ਵਿੱਚੋਂ ਕੱਢਿਆ ਹੋਇਆ ਦੁੱਧ ਜਾਂ ਓਰਲ ਰੀਹਾਈਡਰੇਸ਼ਨ ਸਲਿਊਸ਼ਨ ਦਿਉ। ਲੋੜ ਅਨੁਸਾਰ ਮਾਤਰਾ ਵਧਾਉਂਦੇ ਰਹੋ। ਜਦੋਂ ਤੁਹਾਡਾ ਬਾਲ 4 ਘੰਟੇ ਤੱਕ ਉਲਟੀ ਨਹੀਂ ਕਰਦਾ, ਦੁਬਾਰਾ ਛਾਤੀ ਤੋਂ ਦੁੱਧ ਪਿਆਉਣ ਦੀ ਕੋਸ਼ਿਸ਼ ਕਰੋ।

ਜੇ ਕਿਸੇ ਕਾਰਨ ਤੁਹਾਨੂੰ ਛਾਤੀ ਤੋਂ ਦੁੱਧ ਚੁੰਘਾਉਣਾ ਬੰਦ ਕਰਨਾ ਪਵੇ, ਯਕੀਨੀ ਬਣਾਉ ਕਿ ਜਦੋਂ ਤੱਕ ਤੁਸੀਂ ਫ਼ਿਰ ਤੋਂ ਦੁੱਧ ਚੁੰਘਾਉਣਾ ਸ਼ੁਰੂ ਨਹੀਂ ਕਰ ਦਿੰਦੇ ਉਦੋਂ ਤੱਕ ਆਪਣੀਆਂ ਛਾਤੀਆਂ ਵਿੱਚੋਂ ਦੁੱਧ ਪੰਪ ਨਾਲ ਕੱਢੋ।

ਜੇ ਤੁਹਾਡਾ ਬਾਲ ਠੋਸ ਭੋਜਨ ਖਾਂਦਾ ਹੈ ਅਤੇ ਉਸ ਨੂੰ ਦਸਤ ਲੱਗ ਜਾਂਦੇ ਹਨ, ਉਸ ਦੀ ਸਧਾਰਨ ਖ਼ੁਰਾਕ ਜਾਰੀ ਰੱਖੋ। ਜੇ ਉਹ ਉਲਟੀਆਂ ਕਰ ਰਿਹਾ ਹੋਵੇ, ਛਾਤੀ ਦਾ ਦੁੱਧ ਜਾਂ ਉੱਪਰ ਦਰਸਾਏ ਅਨੁਸਾਰ ਓਰਲ ਰੀਹਾਈਡਰੇਸ਼ਨ ਸਲਿਊਸ਼ਨ ਦਿਉ। ਜਦੋਂ ਉਲਟੀਆਂ ਆਉਣੀਆਂ 4 ਘੰਟਿਆਂ ਲਈ ਬੰਦ ਹੋ ਜਾਣ, ਤੁਸੀਂ ਉਸ ਨੂੰ ਸਾਦਾ ਭੋਜਨ ਦੇ ਸਕਦੇ ਹੋ। ਇਨ੍ਹਾਂ ਵਿੱਚ ਘੱਟ ਸ਼ੱਕਰ ਵਾਲੇ ਅਤੇ ਸੌਖੇ ਹਜ਼ਮ ਹੋ ਜਾਣ ਵਾਲੇ ਭੋਜਨ ਸ਼ਾਮਲ ਹਨ, ਜਿਵੇਂ ਕਿ ਸੀਰੀਅਲ ਜਾਂ ਫੇਹੇ ਹੋਏ ਕੇਲੇ। ਬਾਲ ਅਗਲੇ ਦਿਨ ਵਾਪਸ ਆਪਣੀ ਸਧਾਰਨ ਖ਼ੁਰਾਕ ਖਾਣ ਦੇ ਯੋਗ ਹੋ ਸਕਦੇ ਹਨ।

ਫ਼ਾਰਮੂਲਾ ਪੀਣ ਵਾਲੇ ਬੱਚਿਆਂ ਨੂੰ ਦਸਤ

ਫ਼ਾਰਮੂਲਾ ਪੀਣ ਵਾਲੇ ਬੱਚਿਆਂ ਨੂੰ ਦਸਤ ਲੱਗਿਆਂ ਦੌਰਾਨ ਉਨ੍ਹਾਂ ਦਾ ਹਰ ਰੋਜ਼ ਲੈਣ ਵਾਲਾ ਫ਼ਾਰਮੂਲਾ ਜਾਰੀ ਰੱਖਣਾ ਚਾਹੀਦਾ ਹੈ। ਫ਼ਾਰਮੂਲੇ ਨੂੰ ਪਤਲਾ ਨਾ ਕਰੋ।

ਜੇ ਤੁਹਾਡਾ ਬਾਲ ਉਲਟੀਆਂ ਨਹੀਂ ਕਰਦਾ, ਆਪਣੇ ਬੱਚੇ ਦੀ ਲੋੜ ਅਨੁਸਾਰ ਫ਼ਾਰਮੂਲਾ ਉਸ ਨੂੰ ਦਿਉ। ਆਮ ਨਾਲੋਂ ਵਧੇਰੇ ਵਾਰੀ ਦਿਉ।

ਜੇ ਤੁਹਾਡਾ ਬਾਲ ਫ਼ਾਰਮੂਲੇ ਦੀ ਉਲਟੀ ਕਰ ਦਿੰਦਾ ਹੈ, ਤਾਂ ਫ਼ਿਰ ਉਸ ਨੂੰ ਓਰਲ ਰੀਹਾਈਡਰੇਸ਼ਨ ਸਲਿਊਸ਼ਨ (ਮੂੰਹ ਰਾਹੀ ਦੇਣ ਵਾਲਾ ਮੁੜ ਤਰਲ ਭਰਪੂਰ ਬਣਾਉਣ ਵਾਲਾ ਘੋਲ) ਦਿਉ ਜਿਵੇਂ ਕਿ ਪੀਡੀਆਲਾਈਟ ਜਾਂ ਪੀਡੀਏਟਰਿਕ ਇਲੈਕਟਰੋਲਾਈਟ। ਆਪਣੇ ਬਾਲ ਨੂੰ ਹਰ 2 ਤੋਂ 3 ਮਿੰਟ ਪਿੱਛੋਂ 1 ਛੋਟਾ ਚਮਚਾ (5 ਮਿ.ਲੀ.) ਓਰਲ ਰੀਹਾਈਡਰੇਸ਼ਨ ਸਲਿਊਸ਼ਨ ਦਿਉ। ਇਹ ਉਦੋਂ ਤੱਕ ਜਾਰੀ ਰੱਖੋ ਜਦੋਂ ਤੱਕ ਤੁਹਾਡਾ ਬਾਲ ਬਿਨਾਂ ਉਲਟੀ ਕਰੇ ਵਧੇਰੇ ਮਾਤਰਾ ਵਿੱਚ ਇਸ ਨੂੰ ਹਜ਼ਮ ਕਰ ਲੈਂਦਾ ਹੈ। ਆਪਣੇ ਬਾਲ ਦੇ ਵਜ਼ਨ ਅਨੁਸਾਰ ਇੱਕ ਪੌਂਡ ਪਿੱਛੇ 2 ਤੋਂ 3 ਛੋਟੇ ਚਮਚੇ (ਇੱਕ ਕਿਲੋਗਰਾਮ ਪਿੱਛੇ 20 ਮਿ.ਲੀ.) ਦੇਣ ਦੀ ਕੋਸ਼ਿਸ਼ ਕਰੋ, ਹਰ ਘੰਟੇ ਪਿੱਛੋਂ ਜਦੋਂ ਉਹ ਜਾਗਦਾ ਹੋਵੇ। ਜੇ ਤੁਹਾਡਾ ਬਾਲ (ਬੇਬੀ) 2 ਘੰਟੇ ਬਗੈਰ ਉਲਟੀ ਕੀਤਿਆਂ ਕੱਢ ਦਿੰਦਾ ਹੈ, ਫ਼ਿਰ ਤੋਂ ਫ਼ਾਰਮੂਲਾ ਦੇਣਾ ਸ਼ੁਰੂ ਕਰ ਦਿਉ। ਥੋੜ੍ਹੀ ਥੋੜ੍ਹੀ ਮਾਤਰਾ ਵਿੱਚ ਵਧੇਰੇ ਵਾਰੀ ਘੋਲ ਦੇਣਾ ਜਾਰੀ ਰੱਖੋ।

ਜੇ ਤੁਹਾਡਾ ਬਾਲ ਇੱਕ ਦਿਨ ਤੋਂ ਵੱਧ ਆਮ ਲੈਣ ਵਾਲਾ ਆਪਣਾ ਫ਼ਾਰਮੂਲਾ ਉਲਟੀ ਰਾਹੀਂ ਕੱਢਦਾ ਰਹਿੰਦਾ ਹੈ ਤਾਂ ਆਪਣੇ ਡਾਕਟਰ ਨਾਲ ਗੱਲ ਕਰੋ। ਹੋਰ ਕਿਸੇ ਪਰਕਾਰ ਦੇ ਤਰਲ ਜਿਵੇਂ ਕਿ ਜੂਸ, ਚੌਲਾਂ ਦਾ ਪਾਣੀ, ਸਪੋਰਟਸ ਡਰਿੰਕਸ, ਚਾਹ, ਜਾਂ ਘਰੇਲੂ ਉਪਚਾਰ (ਘੋਲ) ਨਾ ਦਿਉ।

ਠੋਸ ਭੋਜਨ ਖਾਣ ਵਾਲੇ ਬੱਚਿਆਂ ਨੂੰ ਦਸਤ

ਜੇ ਤੁਹਾਡਾ ਬਾਲ (ਬੇਬੀ) ਠੋਸ ਭੋਜਨ ਖਾਂਦਾ ਹੈ ਅਤੇ ਉਸ ਨੂੰ ਦਸਤ ਲੱਗ ਜਾਂਦੇ ਹਨ, ਉਸ ਦੀ ਸਧਾਰਨ ਖ਼ੁਰਾਕ ਜਾਰੀ ਰੱਖੋ। ਜੇ ਉਹ ਉਲਟੀਆਂ ਕਰ ਰਿਹਾ ਹੋਵੇ, ਫ਼ਾਰਮੂਲਾ ਜਾਂ ਉੱਪਰ ਦਰਸਾਏ ਅਨੁਸਾਰ ਓਰਲ ਰੀਹਾਈਡਰੇਸ਼ਨ ਸਲਿਊਸ਼ਨ ਦਿਉ। ਜਦੋਂ ਉਲਟੀਆਂ ਆਉਣੀਆਂ 4 ਘੰਟਿਆਂ ਲਈ ਬੰਦ ਹੋ ਜਾਣ, ਤੁਸੀਂ ਉਸ ਨੂੰ ਸਾਦਾ ਭੋਜਨ ਦੇ ਸਕਦੇ ਹੋ। ਇਨ੍ਹਾਂ ਵਿੱਚ ਘੱਟ ਸ਼ੱਕਰ ਵਾਲੇ ਅਤੇ ਸੌਖੇ ਹਜ਼ਮ ਹੋ ਜਾਣ ਵਾਲੇ ਭੋਜਨ ਸ਼ਾਮਲ ਹਨ, ਜਿਵੇਂ ਕਿ ਸੀਰੀਅਲ ਜਾਂ ਫੇਹੇ ਹੋਏ ਕੇਲੇ। ਬਾਲ (ਬੇਬੀ) ਅਗਲੇ ਦਿਨ ਵਾਪਸ ਆਪਣੀ ਸਧਾਰਨ ਖ਼ੁਰਾਕ ਖਾਣ ਦੇ ਯੋਗ ਹੋ ਸਕਦੇ ਹਨ।

ਛੋਟੀ ਉਮਰ ਦੇ ਬੱਚਿਆਂ ਨੂੰ ਦਸਤ

ਜੇ ਦਸਤ ਹਲਕੇ ਹੋਣ, ਤੁਸੀਂ ਆਪਣੇ ਬੱਚੇ ਦੇ ਪੀਣ ਵਾਲੇ ਜੂਸ, ਜਿੰਜਰ ਏਲ, ਅਤੇ ਹੋਰ ਸਾਫਟ ਡਰਿੰਕਸ ਦੀ ਮਾਤਰਾ ਸੀਮਤ ਕਰ ਸਕਦੇ ਹੋ। ਪੀਣ ਵਾਲੇ ਇਨ੍ਹਾਂ ਪਦਾਰਥਾਂ ਵਿੱਚ ਸ਼ੱਕਰ ਹੁੰਦੀ ਹੈ ਜੋ ਦਸਤਾਂ ਨੂੰ ਵਿਗਾੜ ਦਿੰਦੀ ਹੈ। ਪੀਣ ਵਾਲੇ ਪਦਾਰਥ ਜਿਨ੍ਹਾਂ ਵਿੱਚ ਕੈਫ਼ੀਨ ਹੁੰਦੀ ਹੈ ਜਿਵੇਂ ਕਿ ਕੋਲਾ, ਵੀ ਦਸਤਾਂ ਨੂੰ ਵਿਗਾੜ ਦਿੰਦੇ ਹਨ।

ਜੇ ਦਸਤ ਵਾਰ ਵਾਰ ਆਉਂਦੇ ਹੋਣ ਅਤੇ ਪਾਣੀ ਵਾਂਗ ਪਤਲੇ ਹੋਣ, ਆਪਣੇ ਬੱਚੇ ਨੂੰ ਵਧੇਰੇ ਮਾਤਰਾ ਵਿੱਚ ਤਰਲ ਪਦਾਰਥ ਦਿਉ। ਜੇ ਤੁਹਾਡੇ ਬੱਚੇ ਵਿੱਚ ਡੀਹਾਇਡਰੇਸ਼ਨ ਦੀਆਂ ਨਿਸ਼ਾਨੀਆਂ ਵਿਖਾਈ ਦੇਣ, ਤੁਸੀਂ ਉਸ ਨੂੰ ਓਰਲ ਰੀਹਾਈਡਰੇਸ਼ਨ ਸਲਿਊਸ਼ਨ ਦੇ ਸਕਦੇ ਹੋ (ਜਿਵੇਂ ਕਿ ਪੀਡੀਆਲਾਈਟ, ਇਨਫ਼ੇਲਾਇਟ, ਜਾਂ ਪੀਡੀਏਟਰਿਕ ਇਲੈਕਟਰੋਲਾਈਟ)। ਬਹੁਤੇ ਬੱਚੇ ਓਰਲ ਰੀਹਾਈਡਰੇਸ਼ਨ ਸਲਿਊਸ਼ਨ ਪੀਣਾ ਪਸੰਦ ਨਹੀਂ ਕਰਦੇ ਕਿਉਂਕਿ ਇਸ ਦਾ ਸੁਆਦ ਨਮਕੀਨ ਹੁੰਦਾ ਹੈ। ਜੇ ਇਹ ਘੋਲ ਬਹੁਤ ਠੰਢਾ ਕੀਤਾ ਹੋਵੇ ਤਾਂ ਬੱਚੇ ਪਸੰਦ ਕਰ ਸਕਦੇ ਹਨ। ਕੁਝ ਬੱਚੇ ਓਰਲ ਰੀਹਾਈਡਰੇਸ਼ਨ ਦੇ ਪੌਪਸੀਕਲ (ਕੁਲਫ਼ੀਆਂ) ਪਸੰਦ ਕਰਦੇ ਹਨ। ਤੁਸੀਂ ਇਹ ਗਰਾਸਰੀ ਸਟੋਰਾਂ ਜਾਂ ਫ਼ਾਰਮੇਸੀਆਂ ਤੋਂ ਖ਼ਰੀਦ ਸਕਦੇ ਹੋ।

ਤੁਸੀਂ ਬਜ਼ਾਰੋਂ ਮਿਲਣ ਵਾਲੇ ਰੀਹਾਈਡਰੇਸ਼ਨ ਸਲਿਊਸ਼ਨ ਵਿੱਚ ਜੂਸ ਮਿਲਾ ਕੇ ਓਰਲ ਰੀਹਾਈਡਰੇਸ਼ਨ ਸਲਿਊਸ਼ਨ ਨੂੰ ਸੁਆਦਲਾ (ਸੁਗੰਧਦਾਰ) ਬਣਾਉਣ ਦੀ ਅਜ਼ਮਾਇਸ਼ ਵੀ ਕਰ ਸਕਦੇ ਹੋ। 1:2 ਦੇ ਅਨੁਪਾਤ ਨਾਲ ਮਿਲਾਓ (2 ਹਿੱਸੇ ਰੀਹਾਈਡਰੇਸ਼ਨ ਸਲਿਊਸ਼ਨ ਵਿੱਚ 1 ਹਿੱਸਾ ਜੂਸ)। ਜੇ ਓਰਲ ਰੀਹਾਈਡਰੇਸ਼ਨ ਸਲਿਊਸ਼ਨ ਨਹੀਂ ਮਿਲਦਾ, ਆਪਣੇ ਬੱਚੇ ਨੂੰ ਇਲੈਕਰੋਲਾਈਟ ਸਪੋਰਟਸ ਡਰਿੰਕ ਜਿਵੇਂ ਕਿ ਗੇਟਰੇਡ (Gatorade) ਦਿਉ। ਆਪਣੇ ਬੱਚੇ ਨੂੰ ਇਸ ਤਰ੍ਹਾਂ ਦੇ ਇਲਾਜ ਦੇਣ ਤੋਂ ਪਹਿਲਾਂ ਆਪਣੇ ਡਾਕਟਰ ਨੂੰ ਪੁੱਛੋ।

ਜੇ ਤੁਹਾਡਾ ਬੱਚਾ ਉਲਟੀਆਂ ਕਰਦਾ ਹੈ, ਉਸ ਨੂੰ ਠੋਸ ਭੋਜਨ ਦੇਣ ਤੋਂ ਪਰਹੇਜ਼ ਕਰੋ। ਉਸ ਨੂੰ ਕਾਫ਼ੀ ਮਾਤਰਾ ਵਿੱਚ ਤਰਲ ਪਦਾਰਥ ਦੇਣੇ ਯਕੀਨੀ ਬਣਾਉ। ਆਪਣੇ ਬੱਚੇ ਨੂੰ ਹਰ 5 ਮਿੰਟਾਂ ਪਿੱਛੋਂ 1 ਜਾਂ 2 ਛੋਟੇ ਚਮਚੇ ਤਰਲ ਪਦਾਰਥ ਦਿਉ। ਲੋੜ ਅਨੁਸਾਰ ਵਧਾਉਂਦੇ ਜਾਉ। ਜੇ ਉਸ ਨੇ 4 ਘੰਟਿਆਂ ਤੋਂ ਵੱਧ ਸਮੇਂ ਤੱਕ ਉਲਟੀ ਨਹੀਂ ਕੀਤੀ, ਫ਼ਿਰ ਬੱਚੇ ਨੂੰ ਠੋਸ ਭੋਜਨ ਦੇਣੇ ਸ਼ੁਰੂ ਕਰੋ।

ਬਹੁਤੇ ਬੱਚਿਆਂ ਨੂੰ ਜਦੋਂ ਉਲਟੀਆਂ ਜਾਂ ਦਸਤ ਲੱਗੇ ਹੋਣ ਉਹ ਸਾਦੇ, ਸਟਾਰਚ (ਨਸ਼ਾਸ਼ਤੇ) ਵਾਲੇ ਭੋਜਨ ਵਧੇਰੇ ਅਸਾਨੀ ਨਾਲ ਹਜ਼ਮ ਕਰਨ ਦੇ ਯੋਗ ਹੁੰਦੇ ਹਨ। ਅਜਿਹੇ ਭੋਜਨਾਂ ਦੀਆਂ ਉਦਾਹਰਨਾਂ ਵਿੱਚ ਸਿਰੀਅਲ, ਬਰੈੱਡ, ਕਰੈਕਰ, ਚੌਲ਼, ਨੂਡਲਜ਼, ਆਲੂ ਅਤੇ ਕੇਲੇ ਸ਼ਾਮਲ ਹਨ। ਜਦੋਂ ਤੁਹਾਡੇ ਬੱਚੇ ਨੂੰ ਦਸਤ ਲੱਗੇ ਹੋਏ ਹੋਣ ਉਦੋਂ ਉਸ ਨੂੰ ਠੋਸ ਭੋਜਨ ਖਾਂਦੇ ਰਹਿਣਾ ਚਾਹੀਦਾ ਹੈ। ਚੰਗੀ ਪੌਸ਼ਟਿਕਤਾ ਉਸ ਨੂੰ ਰਾਜ਼ੀ ਹੋਣ ਵਿੱਚ ਮਦਦ ਕਰੇਗੀ।

3 ਸਾਲ ਜਾਂ ਇਸ ਤੋਂ ਵੱਡੀ ਉਮਰ ਦੇ ਬੱਚਿਆਂ ਵਿੱਚ ਦਸਤ

ਜੇ ਦਸਤ ਹਲਕੇ ਹੋਣ, ਜੂਸ, ਜਿੰਜਰਏਲ ਅਤੇ ਦੂਸਰੇ ਸਾਫਟ ਡਰਿੰਕਸ ਪੀਣ ਦੀ ਮਾਤਰਾ ਸੀਮਤ ਕਰੋ। ਪੀਣ ਵਾਲੇ ਇਨ੍ਹਾਂ ਪਦਾਰਥਾਂ ਵਿੱਚ ਸ਼ੱਕਰ ਹੁੰਦੀ ਹੈ ਜੋ ਦਸਤਾਂ ਨੂੰ ਵਿਗਾੜ ਦਿੰਦੀ ਹੈ। ਕੈਫ਼ੀਨ ਯੁਕਤ ਪੀਣ ਵਾਲੇ ਪਦਾਰਥ ਜਿਵੇਂ ਕਿ ਕੋਲਾ ਆਦਿ ਵੀ ਦਸਤਾਂ ਨੂੰ ਵਿਗਾੜਦੇ ਹਨ।

ਜੇ ਦਸਤ ਵਾਰ ਵਾਰ ਅਤੇ ਪਾਣੀ ਵਾਂਗ ਪਤਲੇ ਆਉਂਦੇ ਹੋਣ, ਆਪਣੇ ਬੱਚੇ ਨੂੰ ਕਾਫੀ ਮਾਤਰਾ ਵਿੱਚ ਤਰਲ ਪਦਾਰਥ ਦਿਉ। 3 ਸਾਲ ਤੋਂ ਵੱਡੀ ਉਮਰ ਦੇ ਬਹੁਤੇ ਬੱਚਿਆਂ ਨੂੰ ਦਸਤਾਂ ਦੌਰਾਨ ਸਧਾਰਨ ਤਰਲ ਪਦਾਰਥ ਜਾਂ ਸਪੋਰਟਸ ਡਰਿੰਕਸ ਦਿੱਤੇ ਜਾ ਸਕਦੇ ਹਨ। ਜੇ ਤੁਹਾਡੇ ਬੱਚੇ ਵਿੱਚ ਡੀਹਾਈਡਰੇਸ਼ਨ ਦੀਆਂ ਨਿਸ਼ਾਨੀਆਂ ਵਿਖਾਈ ਦਿੰਦੀਆਂ ਹੋਣ, ਤੁਸੀਂ ਉਨ੍ਹਾਂ ਨੂੰ ਓਰਲ ਰੀਹਾਈਡਰੇਸ਼ਨ ਸਲਿਊਸ਼ਨ ਦੇ ਸਕਦੇ ਹੋ (ਜਿਵੇਂ ਕਿ ਪੀਡੀਆਲਾਈਟ, ਇਨਫ਼ੇਲਾਇਟ, ਜਾਂ ਪੀਡੀਏਟਰਿਕ ਇਲੈਕਟਰੋਲਾਈਟ)। ਬਹੁਤੇ ਬੱਚੇ ਓਰਲ ਰੀਹਾਈਡਰੇਸ਼ਨ ਸਲਿਊਸ਼ਨ ਪੀਣਾ ਪਸੰਦ ਨਹੀਂ ਕਰਦੇ ਕਿਉਂਕਿ ਇਸ ਦਾ ਸੁਆਦ ਨਮਕੀਨ ਹੁੰਦਾ ਹੈ। ਜੇ ਇਹ ਘੋਲ ਬਹੁਤ ਠੰਢਾ ਕੀਤਾ ਹੋਵੇ ਤਾਂ ਬੱਚੇ ਪਸੰਦ ਕਰ ਸਕਦੇ ਹਨ। ਕੁਝ ਬੱਚੇ ਓਰਲ ਰੀਹਾਈਡਰੇਸ਼ਨ ਦੇ ਪੌਪਸੀਕਲ (ਕੁਲਫ਼ੀਆਂ) ਪਸੰਦ ਕਰਦੇ ਹਨ। ਤੁਸੀਂ ਇਹ ਗਰਾਸਰੀ ਸਟੋਰਾਂ ਜਾਂ ਫ਼ਾਰਮੇਸੀਆਂ ਤੋਂ ਖ਼ਰੀਦ ਸਕਦੇ ਹੋ।

ਤੁਸੀਂ ਓਰਲ ਰੀਹਾਈਡਰੇਸ਼ਨ ਸਲਿਊਸ਼ਨ ਵਿੱਚ ਜੂਸ ਮਿਲਾ ਕੇ ਉਸ ਨੂੰ ਸੁਆਦਲਾ (ਸੁਗੰਧਦਾਰ) ਬਣਾਉਣ ਦੀ ਅਜ਼ਮਾਇਸ਼ ਵੀ ਕਰ ਸਕਦੇ ਹੋ। 1:2 ਦੇ ਅਨੁਪਾਤ ਨਾਲ ਮਿਲਾਓ (2 ਹਿੱਸੇ ਰੀਹਾਈਡਰੇਸ਼ਨ ਸਲਿਊਸ਼ਨ ਵਿੱਚ 1 ਹਿੱਸਾ ਜੂਸ)। ਜੇ ਓਰਲ ਰੀਹਾਈਡਰੇਸ਼ਨ ਸਲਿਊਸ਼ਨ ਨਹੀਂ ਮਿਲਦਾ, ਆਪਣੇ ਬੱਚੇ ਨੂੰ ਇਲੈਕਰੋਲਾਈਟ ਸਪੋਰਟਸ ਡਰਿੰਕ ਜਿਵੇਂ ਕਿ ਗੇਟਰੇਡ (Gatorade) ਦਿਉ।

ਜੇ ਤੁਹਾਡਾ ਬੱਚਾ ਉਲਟੀਆਂ ਕਰਦਾ ਹੈ, ਉਸ ਨੂੰ ਠੋਸ ਭੋਜਨ ਦੇਣ ਤੋਂ ਪਰਹੇਜ਼ ਕਰੋ। ਉਸ ਨੂੰ ਕਾਫ਼ੀ ਮਾਤਰਾ ਵਿੱਚ ਤਰਲ ਪਦਾਰਥ ਦੇਣੇ ਯਕੀਨੀ ਬਣਾਉ। ਆਪਣੇ ਬੱਚੇ ਨੂੰ ਹਰ 5 ਮਿੰਟਾਂ ਪਿੱਛੋਂ 1 ਜਾਂ 2 ਛੋਟੇ ਚਮਚੇ ਤਰਲ ਪਦਾਰਥ ਦਿਉ। ਲੋੜ ਅਨੁਸਾਰ ਵਧਾਉਂਦੇ ਜਾਉ। ਜੇ ਉਸ ਨੇ 4 ਘੰਟਿਆਂ ਤੋਂ ਵੱਧ ਸਮੇਂ ਤੱਕ ਉਲਟੀ ਨਹੀਂ ਕੀਤੀ, ਫ਼ਿਰ ਬੱਚੇ ਨੂੰ ਠੋਸ ਭੋਜਨ ਦੇਣੇ ਸ਼ੁਰੂ ਕਰੋ।

ਬਹੁਤੇ ਬੱਚਿਆਂ ਨੂੰ ਜਦੋਂ ਉਲਟੀਆਂ ਜਾਂ ਦਸਤ ਲੱਗੇ ਹੋਣ ਉਹ ਸਾਦੇ, ਸਟਾਰਚ (ਨਸ਼ਾਸ਼ਤੇ) ਵਾਲੇ ਭੋਜਨ ਵਧੇਰੇ ਅਸਾਨੀ ਨਾਲ ਹਜ਼ਮ ਕਰ ਸਕਦੇ ਹਨ। ਅਜਿਹੇ ਭੋਜਨਾਂ ਦੀਆਂ ਉਦਾਹਰਨਾਂ ਵਿੱਚ ਸਿਰੀਅਲ, ਬਰੈੱਡ, ਕਰੈਕਰ, ਚੌਲ਼, ਨੂਡਲਜ਼, ਆਲੂ ਅਤੇ ਕੇਲੇ ਸ਼ਾਮਲ ਹਨ। ਜਦੋਂ ਤੁਹਾਡੇ ਬੱਚੇ ਨੂੰ ਦਸਤ ਲੱਗੇ ਹੋਏ ਹੋਣ ਉਦੋਂ ਉਸ ਨੂੰ ਠੋਸ ਭੋਜਨ ਖਾਂਦੇ ਰਹਿਣਾ ਚਾਹੀਦਾ ਹੈ। ਚੰਗੀ ਪੌਸ਼ਟਿਕਤਾ ਉਸ ਦੇ ਰਾਜ਼ੀ ਹੋਣ ਵੱਲ ਚੰਗਾ ਕਦਮ ਹੈ।

ਲਾਗ ਨਾਲ ਲੱਗਣ ਵਾਲੇ ਦਸਤ ਸੌਖੇ ਹੀ ਫੈਲ ਜਾਂਦੇ ਹਨ

ਵਾਇਰਸ ਜਾਂ ਹੋਰ ਲਾਗਾਂ ਨਾਲ ਲੱਗਣ ਵਾਲੇ ਦਸਤਾਂ ਦੀ ਛੂਤ ਬਹੁਤ ਜਲਦੀ ਫੈਲਦੀ ਹੈ। ਹਰ ਵਾਰੀ ਗੁਸਲਖ਼ਾਨੇ ਜਾਣ ਜਾਂ ਡਾਇਪਰ ਬਦਲਣ ਤੋਂ ਪਿੱਛੋਂ ਆਪਣੇ ਅਤੇ ਬੱਚੇ ਦੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ।

ਡਾਇਪਰ ਨਾਲ ਹੋਣ ਵਾਲੇ ਧੱਫੜਾਂ ਦਾ ਇਲਾਜ ਕਰਨਾ

ਚਮੜੀ ਦੇ ਡਾਇਪਰ ਵਾਲੇ ਹਿੱਸੇ ‘ਤੇ ਦਸਤ ਬਹੁਤ ਜਲਣ (ਜਲੂਣ) ਪੈਦਾ ਕਰਨ ਵਾਲੇ ਹੋ ਸਕਦੇ ਹਨ। ਡਾਇਪਰਾਂ ਕਾਰਨ ਪਏ ਧੱਫੜਾਂ ਨੂੰ ਘਟਾਉਣ ਲਈ ਆਪਣੇ ਬੱਚੇ ਦੀ ਚਮੜੀ ‘ਤੇ ਕਰੀਮ ਜਾਂ ਮੱਲ੍ਹਮ ਲਾਉ। ਪੈਟਰੋਲਿਅਮ ਜੈਲੀ (ਵੈਸਲੀਨ) ਅਤੇ ਜ਼ਿੰਕ-ਯੁਕਤ ਕਰੀਮਾਂ ਜਿਵੇਂ ਕਿ ਪੈਨਾਟੈੱਨ (Penaten) ਜਾਂ ਆਇਹਲੇ ਪੇਸਟ (Ihle’s Paste) ਵਰਤੋ। ਹਰ ਵਾਰ ਟੱਟੀ ਕਰਨ ਤੋਂ ਬਾਦ ਆਪਣੇ ਬੱਚੇ ਦੀ ਚਮੜੀ ਤੁਰੰਤ ਸਾਫ਼ ਕਰੋ। ਫ਼ਿਰ ਬਚਾ (ਇਲਾਜ) ਕਰਨ ਵਾਲੀ ਕਰੀਮ ਦੀ ਮੋਟੀ ਪਰਤ ਲਗਾ ਦਿਉ।

ਡਾਕਟਰ ਦੇ ਦੱਸੇ ਬਗੈਰ ਦਸਤਾਂ ਲਈ ਕੋਈ ਦਵਾਈ ਨਾ ਦਿਉ

ਵਾਇਰਸਾਂ ਕਾਰਨ ਲੱਗੇ ਦਸਤਾਂ ਲਈ ਕੋਈ ਪਰਮਾਣਤ ਸੁਰੱਖਿਅਤ ਅਤੇ ਅਸਰਦਾਇਕ ਦਵਾਈ ਨਹੀਂ ਹੈ। ਅਸਲ ਵਿੱਚ, ਰੋਗਾਣੂਨਾਸ਼ਕ (ਐਂਟੀਬਾਇਔਟਿਕਸ) ਦਸਤਾਂ ਨੂੰ ਵਿਗਾੜ ਸਕਦੇ ਹਨ। ਇਹ ਅੰਤੜੀਆਂ ਵਿੱਚ ਰਹਿਣ ਵਾਲੇ ਤੰਦਰੁਸਤ ਬੈਕਟੀਰੀਆ ਨਾਲ ਛੇੜ ਛਾੜ ਕਰ ਸਕਦੇ ਹਨ।

ਦਸਤਾਂ ਲਈ ਡਾਕਟਰ ਵੱਲੋਂ ਤਜਵੀਜ਼ ਕੀਤੀਆਂ ਅਤੇ ਓਵਰ ਦੀ ਕਾਊਂਟਰ ਮਿਲਣ ਵਾਲੀਆਂ ਦਵਾਈਆਂ ਦੀਆਂ ਬਹੁਤ ਸਮੱਸਿਆਵਾਂ ਹਨ। ਕੁਝ ਦਵਾਈਆਂ ਬਹੁਤੀ ਨੀਂਦ ਆਉਣ, ਕੜਵੱਲ ਪੈਣੇ, ਜਾਂ ਹੋਰ ਸਮੱਸਿਆਵਾਂ ਦਾ ਕਾਰਨ ਬਣ ਸਕਦੀਆਂ ਹਨ। ਹੋਰ ਦਵਾਈਆਂ ਬੱਚਿਆਂ ਲਈ ਅਸੁਰੱਖਿਅਤ ਹੋ ਸਕਦੀਆਂ ਹਨ।

ਆਪਣੇ ਡਾਕਟਰ ਦੀ ਸਲਾਹ ਤੋਂ ਬਗੈਰ ਆਪਣੇ ਬੱਚੇ ਨੂੰ ਦਸਤਾਂ ਦੀ ਦਵਾਈ ਨਾ ਦਿਉ। ਆਮ ਤੌਰ ‘ਤੇ, ਦਸਤਾਂ ਦਾ ਸਭ ਤੋਂ ਵਧੀਆ ਇਲਾਜ ਆਪਣੇ ਬੱਚੇ ਨੂੰ ਕਾਫ਼ੀ ਮਾਤਰਾ ਵਿੱਚ ਤਰਲ ਪਦਾਰਥ ਦੇ ਕੇ ਡੀਹਾਈਡਰੇਸ਼ਨ (ਸਰੀਰ ਵਿੱਚ ਤਰਲਾਂ ਦੀ ਘਾਟ) ਨੂੰ ਰੋਕਣਾ ਹੈ।

ਡਾਕਟਰੀ ਮਦਦ ਕਦੋਂ ਲੈਣੀ ਚਾਹੀਦੀ ਹੈ

ਆਪਣੇ ਬੱਚੇ ਦੇ ਡਾਕਟਰ ਨੂੰ ਮਿਲੋ ਜੇ ਤੁਹਾਡਾ ਬੱਚਾ:

  • ਡੀਹਾਈਡਰੇਸ਼ਨ ਦੀਆਂ ਹਲਕੀਆਂ ਨਿਸ਼ਾਨੀਆਂ ਵਿਖਾ ਰਿਹਾ ਹੋਵੇ ਪ੍ਰੰਤੂ ਕੁਝ ਤਰਲ ਪਦਾਰਥ ਪੀ ਸਕਦਾ ਹੋਵੇ
  • 48 ਘੰਟਿਆਂ ਤੋਂ ਵੱਧ ਸਮੇਂ ਲਈ ਉਲਟੀਆਂ ਕਰ ਰਿਹਾ ਹੋਵੇ
  • 3 ਮਹੀਨੇ ਤੋਂ ਛੋਟੀ ਉਮਰ ਦਾ ਹੋਵੇ
  • 3 ਮਹੀਨੇ ਤੋਂ ਵੱਧ ਉਮਰ ਦਾ ਹੋਵੇ ਅਤੇ ਉਸ ਨੂੰ ਬੁਖ਼ਾਰ ਹੋਵੇ
  • ਉਸ ਦੇ ਦਸਤਾਂ ਵਿੱਚ ਲੇਸਦਾਰ ਪਦਾਰਥ ਹੋਵੇ
  • ਉਸ ਨੂੰ 2 ਦਿਨਾਂ ਤੋਂ ਵੱਧ ਸਮੇਂ ਲਈ ਗੰਭੀਰ ਦਸਤ ਲੱਗੇ ਹੋਣ (ਦਿਨ ਵਿੱਚ 8 ਤੋਂ ਵੱਧ ਵਾਰੀ)
  • ਉਸ ਨੂੰ 2 ਹਫ਼ਤਿਆਂ ਤੋਂ ਵੱਧ ਸਮੇਂ ਲਈ ਹਲਕੇ ਦਸਤ ਲੱਗੇ ਹੋਏ ਹੋਣ

ਆਪਣੇ ਬੱਚੇ ਨੂੰ ਨੇੜੇ ਦੇ ਐਮਰਜੈਂਸੀ ਵਿਭਾਗ ਵਿਖੇ ਲੈ ਕੇ ਜਾਉ, ਜਾਂ 911 ‘ਤੇ ਫ਼ੋਨ ਕਰੋ, ਜੇ ਤੁਹਾਡੇ ਬੱਚੇ ਨੂੰ ਹੇਠ ਦਰਜ ਤਕਲੀਫਾਂ ਹੋਣ:

  • ਡੀਹਾਈਡਰੇਸ਼ਨ ਦੀਆਂ ਨਿਸ਼ਾਨੀਆਂ ਵਿਖਾਈ ਦਿੰਦੀਆਂ ਹੋਣ ਅਤੇ ਤਰਲ ਪਦਾਰਥ ਨਾ ਪੀ ਸਕਦਾ ਹੋਵੇ
  • ਉਲਟੀਆਂ ਕਰਦਾ ਹੋਵੇ ਜਾਂ ਦਸਤ ਹੋਣ ਜੋ ਹਰੇ ਜਾਂ ਲਹੂ ਰੰਗੇ ਹਨ
  • ਉਸ ਦੇ ਪੇਟ ਵਿੱਚ ਬਹੁਤ ਤੇਜ਼ ਦਰਦ ਹੁੰਦਾ ਹੋਵੇ ਜੋ ਵਿਗੜਦਾ ਹੀ ਜਾਂਦਾ ਹੋਵੇ ਅਤੇ ਟੱਟੀ ਕਰਨ ਨਾਲ ਵੀ ਘੱਟ ਨਾ ਹੁੰਦਾ ਹੋਵੇ
  • ਉਹ ਬਹੁਤ ਬਿਮਾਰ ਵਿਖਾਈ ਦਿੰਦਾ ਹੋਵੇ
  • ਉਸ ਨੂੰ ਬੁਖ਼ਾਰ ਅਤੇ/ਜਾਂ ਦਸਤ ਲੱਗੇ ਹੋਣ ਜੋ ਠੀਕ ਨਹੀਂ ਹੁੰਦੇ, ਅਤੇ ਉਸ ਦੀ ਉਮਰ 3 ਮਹੀਨਿਆਂ ਤੋਂ ਘੱਟ ਹੋਵੇ

ਮੁੱਖ ਨੁਕਤੇ

  • ਦਸਤਾਂ ਨਾਲ ਵਾਰ ਵਾਰ ਅਤੇ ਢਿੱਲ੍ਹੀ ਜਾਂ ਪਾਣੀ ਵਰਗੀ ਪਤਲੀ ਟੱਟੀ ਆਉਣੀ
  • ਦਸਤਾਂ ਕਾਰਨ ਡੀਹਾਈਡਰੇਸ਼ਨ ਹੋ ਸਕਦੀ ਜਿਹੜੀ ਖ਼ਤਰਨਾਕ ਹੋ ਸਕਦੀ ਹੈ।
  • ਡੀਹਾਈਡਰੇਸ਼ਨ ਦੀਆਂ ਨਿਸ਼ਾਨੀਆਂ ਵਿੱਚ ਮੂੰਹ ਖ਼ੁਸ਼ਕ ਹੋਣਾ, ਅੱਖਾਂ ਅੰਦਰ ਨੂੰ ਧੱਸ ਜਾਣੀਆਂ, ਪਿਸ਼ਾਬ ਬਹੁਤ ਘੱਟ ਆਉਣਾ ਅਤੇ ਬਹੁਤ ਘੱਟ ਊਰਜਾ ਹੋਣੀ
  • ਜਦੋਂ ਤੁਹਾਡੇ ਬੱਚੇ ਨੂੰ ਦਸਤ ਲੱਗੇ ਹੋਣ ਉਨ੍ਹਾਂ ਦੀ ਸਧਾਰਨ ਖ਼ੁਰਾਕ ਜਾਰੀ ਰੱਖੋ। ਕਾਫ਼ੀ ਮਾਤਰਾ ਵਿੱਚ ਪਾਣੀ ਦਿਉ। 
  • ਜੇ ਤੁਹਾਡਾ ਬੱਚਾ ਛੋਟਾ ਬਾਲ (ਬੇਬੀ) ਹੋਵੇ ਤਾਂ ਕੁਝ ਖ਼ਾਸ ਤਰਲ ਦੇਣ ਬਾਰੇ ਡਾਕਟਰ ਨੂੰ ਪੁੱਛੋ।
  • ਡੀਹਾਈਡਰੇਸ਼ਨ ਨੂੰ ਰੋਕਣ ਲਈ ਆਪਣੇ ਬੱਚੇ ਨੂੰ ਓਰਲ ਰੀਹਾਈਡਰੇਸ਼ਨ ਸਲਿਊਸ਼ਨ ਦੇਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਲਉ।
  • ਜੇ ਤੁਹਾਡਾ ਬੱਚਾ ਤਰਲ ਪਦਾਰਥ ਨਾ ਪੀ ਸਕਦਾ ਹੋਵੇ, ਉਸ ਦੀ ਟੱਟੀ ਵਿੱਚ ਖ਼ੂਨ ਆਉਂਦਾ ਹੋਵੇ, ਜਾਂ ਦਰਦ ਹੁੰਦਾ ਹੋਵੇ ਜੋ ਹੱਟਦਾ ਨਾ ਹੋਵੇ ਤਾਂ ਆਪਣੇ ਡਾਕਟਰ ਨਾਲ ਗੱਲ ਕਰੋ। ਜੇ ਤੁਹਾਡਾ ਬੱਚਾ ਬਿਮਾਰ ਹੁੰਦਾ ਵਿਖਾਈ ਦੇਵੇ ਆਪਣੇ ਡਾਕਟਰ ਨਾਲ ਗੱਲ ਕਰੋ।
​​
Last updated: ਨਵੰਬਰ 17 2009