ਖ਼ੂਨ ਦੀ ਜਾਂਚ ਕੀ ਹੁੰਦੀ ਹੈ?
ਬਹੁਤੇ ਬੱਚਿਆਂ ਨੂੰ ਕਿਸੇ ਨਾ ਕਿਸੇ ਸਮੇਂ ਖ਼ੂਨ ਦੀ ਜਾਂਚ ਕਰਵਾਉਣ ਦੀ ਲੋੜ ਪਵੇਗੀ। ਜਦੋਂ ਕੋਈ ਬੱਚਾ ਬਿਮਾਰ ਹੋ ਜਾਂਦਾ ਹੈ, ਜਾਂ ਚੱਲ ਰਹੇ ਇਲਾਜ ਦੇ ਹਿੱਸੇ ਵਜੋਂ ਉਸ ਦੇ ਖ਼ੂਨ ਨੂੰ ਲਬਾਰਟਰੀ ਵਿੱਚ ਟੈਸਟ ਕਰਨ ਦੀ ਲੋੜ ਪੈ ਸਕਦੀ ਹੈ। ਇਸ ਨੂੰ ਖ਼ੂਨ ਦੀ ਜਾਂਚ ਕਹਿੰਦੇ ਹਨ। ਖ਼ੂਨ ਲੈਣ ਲਈ, ਹਸਪਤਾਲ ਵਿੱਚ ਨਰਸ ਜਾਂ ਕੋਈ ਹੋਰ ਵਿਅਕਤੀ ਬੱਚੇ ਦੀ ਕਿਸੇ ਇੱਕ ਨਾੜੀ ਵਿੱਚ ਸੂਈ ਲਾਵੇਗਾ।
ਆਪਣੇ ਬੱਚੇ ਨੂੰ ਇਹ ਦੱਸ ਕੇ ਕਿ ਕੀ ਕੀਤਾ ਜਾਣਾ ਹੈ, ਤੁਸੀਂ ਉਸ ਨੁੰ ਖ਼ੂਨ ਦੀ ਜਾਂਚ ਲਈ ਤਿਆਰ ਕਰ ਸਕਦੇ ਹੋ
ਆਮ ਤੌਰ 'ਤੇ ਆਪਣੇ ਬੱਚੇ ਨੂੰ ਪਹਿਲਾਂ ਹੀ ਇਹ ਦੱਸ ਦੇਣਾ ਬਿਹਤਰ ਹੁੰਦਾ ਹੈ ਕਿ ਉਸ ਦੇ ਖ਼ੂਨ ਦੀ ਜਾਂਚ ਕੀਤੀ ਜਾਵੇਗੀ। ਜਦੋਂ ਬੱਚੇ ਨੂੰ ਪਤਾ ਹੋਵੇ ਕਿ ਕੀ ਹੋਵੇਗਾ ਉਮੀਦ ਹੈ ਉਹ ਇਸ ਬਾਰੇ ਘੱਟ ਫ਼ਿਕਰਮੰਦ ਹੋਵੇਗਾ ਕਿ ਕੀ ਵਾਪਰੇਗਾ। ਕੁੱਝ ਮਾਪਿਆਂ ਦਾ ਵਿਸ਼ਵਾਸ਼ ਹੈ ਕਿ ਜੇ ਉਹ ਆਪਣੇ ਬੱਚੇ ਨੂੰ ਸਮੇਂ ਤੋਂ ਬਹੁਤ ਪਹਿਲਾਂ ਇਹ ਦੱਸਦੇ ਹਨ ਤਾਂ ਬੱਚਾ ਬਹੁਤ ਜ਼ਿਆਦਾ ਫ਼ਿਕਰਮੰਦ ਹੋ ਜਾਵੇਗਾ। ਬਹੁਤੇ ਬੱਚਿਆਂ ਦੀ ਸੂਰਤ ਵਿੱਚ ਇਹ ਚੰਗਾ ਵਿਚਾਰ ਹੈ ਕਿ ਉਨ੍ਹਾਂ ਨੂੰ ਹਸਪਤਾਲ ਜਾਣ ਤੋਂ ਇੱਕ ਜਾਂ ਦੋ ਦਿਨ ਪਹਿਲਾਂ ਦੱਸ ਦਿੱਤਾ ਜਾਵੇ।
ਮਾਪੇ ਮਦਦ ਕਰਨ ਲਈ ਕੀ ਕਰ ਸਕਦੇ ਹਨ
ਤੁਸੀਂ ਆਪਣੇ ਬੱਚੇ ਨੂੰ ਖ਼ੂਨ ਦੀ ਜਾਂਚ ਕਰਵਾਉਣ ਲਈ ਤਿਆਰ ਕਰਨ ਵਾਸਤੇ ਕੀ ਕਰ ਸਕਦੇ ਹੋ, ਇਹ ਤੁਹਾਡੇ ਬੱਚੇ ਦੀ ਉਮਰ 'ਤੇ ਨਿਰਭਰ ਕਰਦਾ ਹੈ। ਜਿਹੜੀ ਚੀਜ਼ ਵੱਡੀ ਉਮਰ ਦੇ ਬੱਚੇ ਲਈ ਮਦਦਗਾਰ ਹੁੰਦੀ ਹੈ ਬਹੁਤ ਛੋਟੇ ਬੱਚੇ ਲਈੰ ਅਕਸਰ ਉਸ ਤੋਂ ਵੱਖਰੀ ਚੀਜ਼ ਸਹਾਇਕ ਹੁੰਦੀ ਹੈ।
ਤਣਾਅਪੂਰਨ ਸਥਿਤੀ ਵਿੱਚ ਤੁਹਾਡਾ ਪ੍ਰਤੀਕਰਮ ਤੁਹਾਡੇ ਬੱਚੇ ਦੇ ਪ੍ਰਤੀਕਰਮ ਉੱਪਰ ਅਸਰ ਪਾ ਸਕਦਾ ਹੈ। ਮਿਸਾਲ ਵਜੋਂ, ਜੇ ਤੁਸੀਂ ਇਹ ਜ਼ਾਹਰ ਕਰਦੇ ਹੋ ਕਿ ਆਪਣੇ ਬੱਚੇ ਦੇ ਸੂਈ ਲੱਗਣ ਬਾਰੇ ਤੁਸੀਂ ਫ਼ਿਕਰਮੰਦ ਹੋ, ਤੁਹਾਡਾ ਬੱਚਾ ਜ਼ਿਆਦਾ ਫ਼ਿਕਰਮੰਦ ਹੋ ਸਕਦਾ ਹੈ। ਜੇ ਤੁਸੀਂ ਆਪਣੇ ਬੱਚੇ ਦੇ ਸੂਈ ਲੱਗਣ ਬਾਰੇ ਨਿਸਚਿੰਤ ਹੋ, ਤੁਹਾਡਾ ਬੱਚਾ ਹੋਰ ਜ਼ਿਆਦਾ ਨਿਸਚਿੰਤ ਮਹਿਸੂਸ ਕਰ ਸਕਦਾ ਹੈ।
ਆਪਣੇ ਬੱਚੇ ਦਾ ਧਿਆਨ ਹੋਰ ਪਾਸੇ ਮੋੜਨਾ ਸਹਾਇਕ ਹੁੰਦਾ ਹੈ
ਆਮ ਤੌਰ 'ਤੇ ਧਿਆਨ ਹੋਰ ਪਾਸੇ ਮੋੜਨਾ ਹਰ ਬੱਚੇ ਲਈ ਸਹਾਇਕ ਹੁੰਦਾ ਹੈ। ਸੂਈ ਲਾਉਣ ਵੇਲੇ ਬੱਚੇ ਦਾ ਧਿਆਨ ਹੋਰ ਪਾਸੇ ਮੋੜਨ ਦਾ ਢੰਗ ਬੱਚੇ ਦੀ ਉਮਰ 'ਤੇ ਨਿਰਭਰ ਕਰਦਾ ਹੈ।
12 ਮਹੀਨੇ ਦੀ ਉਮਰ ਤੋਂ 2 ਸਾਲ ਦੀ ਉਮਰ ਤੀਕ ਦੇ ਬਾਲ
ਆਪਣੇ ਬੱਚੇ ਦਾ ਧਿਆਨ ਅਜਿਹੇ ਬੁਲਬਲਿਆਂ ਜਾਂ ਖਿਡਾਉਣਿਆਂ ਨਾਲ ਪਾਸੇ ਮੋੜੋ ਜਿਹੜੇ ਹਿੱਲਦੇ ਅਤੇ ਆਵਾਜ਼ ਕਰਦੇ ਹੋਣ। ਪਿੰਨਵ੍ਹੀਲ, ਜਾਦੂ ਦੀ ਛੜੀ, ਅਤੇ ਰੋਸ਼ਨੀ ਕਰਨ ਵਾਲੇ ਖਿਡਾਉਣੇ ਵਧੀਆ ਕੰਮ ਕਰਦੇ ਹਨ।
3 ਤੋਂ 5 ਸਾਲ ਦੀ ਉਮਰ ਦੇ ਬੱਚੇ
ਆਪਣੇ ਬੱਚੇ ਦਾ ਮਨਪਸੰਦ ਖਿਡਾਉਣਾ ਹਸਪਤਾਲ ਲੈ ਕੇ ਆਉ। ਜਦੋਂ ਖ਼ੂਨ ਲਿਆ ਜਾਂਦਾ ਹੈ ਬੱਚਾ ਉਦੋਂ ਉਸ ਖਿਡਾਉਣੇ ਨੂੰ ਪਕੜ ਕੇ ਰੱਖ ਸਕਦਾ ਹੈ। ਰੋਸ਼ਨੀ ਅਤੇ ਆਵਾਜ਼ ਕਰਨ ਵਾਲੇ ਬੁਲਬਲੇ ਅਤੇ ਖਿਡਾਉਣੇ ਵੀ ਮਦਦ ਕਰ ਸਕਦੇ ਹਨ।
6 ਤੋਂ 12 ਸਾਲ ਦੀ ਉਮਰ ਦੇ ਬੱਚੇ
ਹੋ ਸਕਦਾ ਹੈ ਇਸ ਉਮਰ ਦੇ ਤੁਹਾਡੇ ਬੱਚੇ ਲਈ ਰੋਸ਼ਨੀ ਅਤੇ ਆਵਾਜ਼ ਕਰਨ ਵਾਲੇ ਖਿਡਾਉਣੇ ਵੀ ਮਦਦ ਕਰ ਸਕਣ। ਵੀਡੀਓ ਗੇਮਜ਼, ''ਸਰਚ ਐਂਡ ਫ਼ਾਈਂਡ'' ਕਿਤਾਬਾਂ, ਅਤੇ ਬੱਚੇ ਦੇ ਮਨਪਸੰਦ ਸਟੱਫ਼ਡ ਐਨੀਮਲਜ਼ ਅਤੇ ਘਰ ਤੋਂ ਲਿਆਂਦੇ ਹੋਰ ਖਿਡਾਉਣੇ ਵੀ ਮਦਦ ਕਰ ਸਕਦੇ ਹਨ।
ਬੁਲਬਲੇ ਬਣਾਉਣੇ ਵੀ ਵੱਡੀ ਉਮਰ ਦੇ ਬੱਚੇ ਦਾ ਧਿਆਨ ਹੋਰ ਪਾਸੇ ਮੋੜ ਸਕਦੇ ਹਨ। ਬੁਲਬਲੇ ਬਣਾਉਣ ਵੇਲੇ ਲੰਮਾ ਸਾਹ ਲੈਣਾ ਉਸਨੂੰ ਨਿਸਚਿੰਤ ਹੋਣ ਵਿੱਚ ਮਦਦ ਕਰ ਸਕਦਾ ਹੈ।
ਵੱਡੀ ਉਮਰ ਦੇ ਕੁੱਝ ਬੱਚੇ ਆਪਣਾ ਧਿਆਨ ਕਿਸੇ ਹੋਰ ਪਾਸੇ ਮੋੜਨ ਲਈ ਆਪਣੀ ਕਲਪਨਾ ਦੀ ਵਰਤੋਂ ਕਰ ਸਕਦੇ ਹਨ। ਆਪਣੇ ਬੱਚੇ ਨੂੰ ਅੱਖਾਂ ਬੰਦ ਕਰਨ ਅਤੇ ਉਸਦੀ ਮਨਪਸੰਦ ਜਗ੍ਹਾ ਜਾਂ ਸਰਗਰਮੀ ਦੀ ਕਲਪਨਾ ਕਰਨ ਲਈ ਕਹੋ। ਤੁਸੀਂ ਉਸਨੂੰ ਚੁਟਕਲੇ ਜਾਂ ਕਹਾਣੀਆਂ ਸੁਣਾ ਸਕਦੇ ਹੋ। ਜੇ ਤੁਹਾਡਾ ਬੱਚਾ ਯੁਵਕ (13 ਤੋਂ 19 ਸਾਲ ਦੀ ਉਮਰ ਦਾ) ਹੈ, ਕਹਾਣੀਆਂ, ਚੁਟਕਲੇ ਅਤੇ ਮਨੋ-ਕਲਪਿਤ ਖੇਡਾਂ ਉਸਦਾ ਧਿਆਨ ਵੀ ਹੋਰ ਪਾਸੇ ਮੋੜਨ ਵਿੱਚ ਮਦਦ ਕਰ ਸਕਦੀਆਂ ਹਨ।
ਮਦਦ ਕਰਨ ਲਈ ਮਾਪੇ ਕੀ ਕਹਿ ਸਕਦੇ ਹਨ
ਉਹ ਸ਼ਬਦ ਮਹੱਤਵਪੂਰਨ ਹਨ, ਜਿਹੜੇ ਤੁਸੀਂ ਆਪਣੇ ਬੱਚੇ ਨੂੰ ਇਹ ਦੱਸਣ ਲਈ ਵਰਤਦੇ ਹੋ ਕਿ ਕੀ ਹੋਣ ਵਾਲਾ ਹੈ। ਅਜਿਹੇ ਸ਼ਬਦ ਵਰਤੋ ਜਿਹੜੇ ਉਸਨੂੰ ਤਸੱਲੀ ਦੇਣ ਵਾਲੇ ਹੋਣ। ਕੀ ਹੋਣ ਵਾਲਾ ਹੈ, ਇਹ ਉਸਨੂੰ ਅਜਿਹੇ ਸ਼ਬਦਾ ਵਿੱਚ ਦੱਸੋ ਜਿਨ੍ਹਾਂ ਨੂੰ ਉਹ ਸਮਝ ਸਕੇ। ਉਸ ਨਾਲ ਗੱਲ ਕਰੋ ਕਿ ਉਹ ਕੀ ਵੇਖੇਗਾ, ਕੀ ਮਹਿਸੂਸ ਕਰੇਗਾ, ਕੀ ਸੁਣੇਗਾ ਅਤੇ ਕੀ ਸੁੰਘੇਗਾ। ਆਪਣੇ ਬੱਚੇ ਨੂੰ ਇਹ ਸਮਝਣ ਵਿੱਚ ਮਦਦ ਕਰਨ ਲਈ ਕਿ ਖ਼ੂਨ ਦੇਣ ਲਈ ਕਿੰਨਾਂ ਸਮਾਂ ਲੱਗੇਗਾ, ਉਸਨੂੰ ਕਹੋ “ਸੂਈ ਲਵਾਉਣ ਵਿੱਚ ਟੀਵੀ ਉੱਪਰ ਚੱਲਦੇ ਕਮਰਸ਼ੀਅਲ ਨਾਲੋਂ ਵੀ ਘੱਟ ਸਮਾਂ ਲੱਗਦਾ ਹੈ।“
ਕੀ ਹੋਵੇਗਾ, ਦੱਸਣ ਦਾ ਇਹ ਇੱਕ ਤਰੀਕਾ ਹੈ
- ਸੂਈ ਲਾਉਣ ਤੋਂ ਪਹਿਲਾਂ, ਬੁਲਬਲੇ ਵਾਂਗ ਮਹਿਸੂਸ ਹੁੰਦਾ ਰਬੜ ਦਾ ਇੱਕ ਬੈਂਡ (ਫੀਤਾ) ਤੁਹਾਡੇ ਬੱਚੇ ਦੀ ਬਾਂਹ ਦੁਆਲੇ ਲਪੇਟਿਆ ਜਾਵੇਗਾ। ਉਸਨੂੰ ਦੱਸੋ ਕਿ ਬੈਂਡ ਇਸ ਤਰ੍ਹਾਂ ਮਹਿਸੂਸ ਹੋਵੇਗਾ ਜਿਵੇਂ ਕੋਈ ਉਸਦੀ ਬਾਂਹ ਨੂੰ ਘੁੱਟ ਰਿਹਾ ਹੋਵੇ।
- ਨਰਸ ਤੁਹਾਡੇ ਬੱਚੇ ਦੀ ਬਾਂਹ ਉੱਪਰ ਚਮੜੀ ਦੇ ਥੋੜ੍ਹੇ ਜਿਹੇ ਹਿੱਸੇ ਨੂੰ ਸਾਫ਼ ਕਰੇਗੀ ਅਤੇ ਇਹ ਠੰਢਾ ਮਹਿਸੂਸ ਹੋਵੇਗਾ।
- ਬਾਂਹ ਵਿੱਚ ਸੂਈ ਲਗਾਈ ਜਾਵੇਗੀ ਅਤੇ ਖ਼ੂਨ ਸੂਈ ਵਿੱਚ ਜਾਵੇਗਾ। ਤੁਹਾਡਾ ਬੱਚਾ ਚੂੰਢੀ ਕੱਟਣ ਜਾਂ ਚੋਭ ਵਾਂਗ ਮਹਿਸੂਸ ਕਰੇਗਾ ਜਿਸ ਨਾਲ ਥੋੜ੍ਹੀ ਜਿਹੀ ਜਲ਼ਣ ਜਾਂ ਦਰਦ ਹੋ ਸਕਦਾ ਹੈ, ਜਾਂ ਹੋ ਸਕਦਾ ਹੈ ਉਸਨੂੰ ਕੁੱਝ ਵੀ ਮਹਿਸੂਸ ਨਾ ਹੋਵੇ।
- ਜਦੋਂ ਖ਼ੂਨ ਲੈ ਲਿਆ ਜਾਂਦਾ ਹੈ, ਸੂਈ ਬਾਹਰ ਕੱਢ ਦਿੱਤੀ ਜਾਵੇਗੀ ਅਤੇ ਜਿੱਥੇ ਸੂਈ ਲਗਾਈ ਗਈ ਸੀ ਉੱਥੇ ਇੱਕ ਛੋਟੀ ਜਿਹੀ ਪੱਟੀ ਰੱਖ ਦਿੱਤੀ ਜਾਵੇਗੀ।
ਹੋਰ ਲਾਭਦਾਇਕ ਸੁਝਾਅ
- ਆਪਣੇ ਬੱਚੇ ਨੂੰ ਦੱਸੋ ਕਿ ਉਸਦਾ ਖ਼ੂਨ ਕਿਉਂ ਲਿਆ ਜਾ ਰਿਹਾ ਹੈ।
- ਖ਼ੂਨ ਲਏ ਜਾਣ ਤੋਂ ਪਹਿਲਾਂ ਬੱਚਿਆਂ ਨੂੰ ਸੂਈਆਂ ਅਤੇ ਹੋਰ ਡਾਕਟਰੀ ਸਾਜੋ-ਸਾਮਾਨ ਦੇ ਖਿਡਾਉਣੇ ਵਿਖਾਉਣਾ ਲਾਭਦਾਇਕ ਹੋ ਸਕਦਾ ਹੈ। ਕੁੱਝ ਹਸਪਤਾਲਾਂ ਵਿੱਚ ਇਹ ਖਿਡਾਉਣੇ ਹੁੰਦੇ ਹਨ। ਜਦੋਂ ਬੱਚੇ ਇਨ੍ਹਾਂ ਖਿਡਾਉਣਿਆਂ ਨੂੰ ਵੇਖਦੇ ਹਨ ਅਤੇ ਇਨ੍ਹਾਂ ਨਾਲ ਖੇਡਦੇ ਹਨ, ਤਾਂ ਜਦੋਂ ਉਹ ਅਸਲੀ ਸੂਈਆਂ ਵੇਖਦੇ ਹਨ ਉਹ ਘੱਟ ਫ਼ਿਕਰਮੰਦ ਹੁੰਦੇ ਹਨ।
- ਜਦੋਂ ਬੱਚਿਆਂ ਨੂੰ ਕੁੱਝ ਇਖਤਿਆਰ ਹੁੰਦੇ ਹਨ ਤਾਂ ਉਹ ਚੰਗਾ ਮਹਿਸੂਸ ਕਰਦੇ ਹਨ। ਬੱਚੇ ਨੂੰ ਆਪਣੀ ਮਰਜ਼ੀ ਕਰਨ ਦੀ ਆਗਿਆ ਦੇ ਕੇ ਤੁਸੀਂ ਉਸਨੂੰ ਇਹ ਮਹਿਸੂਸ ਕਰਨ ਵਿੱਚ ਮਦਦ ਕਰ ਸਕਦੇ ਹੋ ਕਿ ਉਸਨੂੰ ਵੀ ਇਖਤਿਆਰ ਹਨ। ਮਿਸਾਲ ਵਜੋਂ, ਉਸਨੂੰ ਪੁੱਛੋ ਕਿ ਉਹ ਹਸਪਤਾਲ ਵਿੱਚ ਕੀ ਲਿਜਾਣਾ ਚਾਹੇਗਾ। ਤੁਸੀਂ ਉਸਨੂੰ ਇਹ ਵੀ ਪੁੱਛ ਸਕਦੇ ਹੋ ਕਿ ਜਦੋਂ ਖ਼ੂਨ ਲਿਆ ਜਾਵੇਗਾ ਉਹ ਖਿਡਾਉਣੇ ਨਾਲ ਖੇਡਣਾ ਚਾਹੇਗਾ ਜਾਂ ਕੋਈ ਮਨਪਸੰਦ ਕਹਾਣੀ ਸੁਣਨਾ ਚਾਹੇਗਾ।
- ਆਪਣੇ ਬੱਚੇ ਨੂੰ ਇਹ ਦੱਸੋ ਕਿ ਜੋ ਕੁੱਝ ਹੋਵੇਗਾ ਜੇ ਉਸਨੂੰ ਪਸੰਦ ਨਹੀਂ ਤਾਂ ਕੋਈ ਗੱਲ ਨਹੀਂ। ਇਹ ਚੰਗਾ ਹੈ ਕਿ ਤੁਹਾਡਾ ਬੱਚਾ ਕਿਵੇਂ ਮਹਿਸੂਸ ਕਰਦਾ ਹੈ ਉਸਨੂੰ ਕਹਿਣ ਦਿਉ। ਆਪਣੇ ਬੱਚੇ ਨੂੰ ਇਹ ਦੱਸਣਾ ਵੀ ਚੰਗੀ ਗੱਲ ਹੈ ਕਿ ਜਦੋਂ ਉਸਦੇ ਸੂਈ ਲਗਾਈ ਜਾਵੇਗੀ ਉਸਦਾ ''ਸਭ ਤੋਂ ਜ਼ਰੂਰੀ ਕੰਮ'' ਸ਼ਾਂਤ ਰਹਿਣਾ ਹੈ।
- ਕੁੱਝ ਬੱਚਿਆਂ ਨੂੰ ਇਹ ਫ਼ਿਕਰ ਹੋ ਜਾਂਦਾ ਹੈ ਕਿ ਜਦੋਂ ਉਨ੍ਹਾਂ ਦੀ ਬਾਂਹ ਵਿੱਚੋਂ ਕੁੱਝ ਖ਼ੂਨ ਲੈ ਲਿਆ ਤਾਂ ਉਨ੍ਹਾਂ ਵਿੱਚ ਲੋੜੀਂਦਾ ਖ਼ੂਨ ਨਹੀਂ ਰਹੇਗਾ। ਤੁਸੀਂ ਆਪਣੇ ਬੱਚੇ ਨੂੰ ਦੱਸ ਸਕਦੇ ਹੋ ਕਿ ਕੇਵਲ ਬਹੁਤ ਥੋੜ੍ਹੀ ਮਾਤਰਾ ਵਿੱਚ ਹੀ ਖ਼ੂਨ ਲਿਆ ਜਾਂਦਾ ਹੈ। ਤੁਸੀਂ ਉਸਨੂੰ ਇਹ ਵੀ ਦੱਸ ਸਕਦੇ ਹੋ ਕਿ ਸਰੀਰ ਹਰ ਵੇਲੇ ਨਵਾਂ ਖ਼ੂਨ ਬਣਾਉਂਦਾ ਰਹਿੰਦਾ ਹੈ।
ਮੁੱਖ ਨੁਕਤੇ
- ਕੁੱਝ ਅਜਿਹੀਆਂ ਗੱਲਾਂ ਹਨ ਜੋ ਤੁਸੀਂ ਆਪਣੇ ਬੱਚੇ ਨੂੰ ਖ਼ੂਨ ਦੀ ਜਾਂਚ ਲਈ ਤਿਆਰ ਕਰਨ ਵਿੱਚ ਮਦਦ ਕਰਨ ਵਾਸਤੇ ਕਰ ਸਕਦੇ ਹੋ ਅਤੇ ਇਸ ਸੰਬੰਧੀ ਉਸ ਦੀਆਂ ਚਿੰਤਾਵਾਂ ਨੂੰ ਘੱਟ ਕਰ ਸਕਦੇ ਹੋ।
- ਆਪਣੇ ਬੱਚੇ ਨਾਲ ਇਮਾਨਦਾਰ ਰਹੋ। ਜਿਹੜੇ ਸ਼ਬਦ ਉਹ ਸਮਝ ਸਕੇ ਉਨ੍ਹਾਂ ਵਿੱਚ ਵਿਸਤਾਰ ਨਾਲ ਦੱਸੋ ਕਿ ਕੀ ਹੋਵੇਗਾ
- ਇਸ ਅਮਲ ਦੌਰਾਨ ਬੱਚੇ ਦਾ ਧਿਆਨ ਕਿਸੇ ਹੋਰ ਪਾਸੇ ਮੋੜਨਾ ਸਹਾਇਕ ਹੋ ਸਕਦਾ ਹੈ।
- ਆਪਣੇ ਬੱਚੇ ਨੂੰ ਮਰਜ਼ੀ ਕਰਨ ਦੇਣਾ ਵੀ ਲਾਭਦਾਇਕ ਹੋ ਸਕਦਾ ਹੈ।