ਬਰਾਨਕਿਆਲਿਟੀਸ ਕੀ ਹੁੰਦਾ ਹੈ?
ਬਰਾਨਕਿਆਲਿਟੀਸ ਫੇਫੇੜਿਆਂ ਦੀ ਆਮ ਲਾਗ ਹੁੰਦੀ ਹੈ। ਇਹ ਵਾਇਰਸ ਤੋਂ ਲੱਗਦੀ ਹੈ। ਇਸ ਲਾਗ ਨਾਲ ਫੇਫੇੜਿਆਂ ਵਿਚਲੇ ਹਵਾ ਲਈ ਬਣੇ ਨਿੱਕੇ ਨਿੱਕੇ ਰਸਤੇ ਸੁੱਜ ਜਾਂਦੇ ਹਨ।
ਇਸ ਸੋਜ਼ਸ਼ ਨਾਲ ਹਵਾ ਦੇ ਰਸਤੇ ਸੌੜੇ ਹੋ ਜਾਂਦੇ ਹਨ, ਜਿਸ ਨਾਲ ਤੁਹਾਡੇ ਬੱਚੇ ਨੂੰ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਹੈ।
ਬਰਾਨਕਿਆਲਿਟੀਸ ਦੀ ਬਹੁਤੀਆਂ ਹਾਲਤਾਂ ਅਜਿਹੇ ਵਾਇਰਸ ਕਾਰਨ ਪੈਦਾ ਹੁੰਦੀਆਂ ਹਨ ਜਿਸ ਨੂੰઠ ਰੈਸਪਰੇਟੋਰੀ ਸਿਨਕਾਈਸ਼ੀਅਲ ਵਾਇਰਸ (RSV) ਕਿਹਾ ਜਾਂਦਾ ਹੈ। ਬਹੁਤੇ ਬੱਚਿਆਂ ਨੂੰ ਇਹ ਓਦੋਂ ਹੁੰਦੀ ਹੈ ਜਦੋਂ ਉਹ 2 ਸਾਲ ਦੇ ਹੁੰਦੇ ਹਨ । ਇਹ ਲਾਗ ਸਰਦੀਆਂ ਵਿੱਚ ਅਤੇ ਬਸੰਤ ਰੁੱਤ ਵਿੱਚ ਅਕਸਰ ਲੱਗਦੀ ਹੈ।
ਬਰਾਨਕਿਆਲਿਟੀਸ ਦੀਆਂ ਨਿਸ਼ਾਨੀਆਂ
ਪਹਿਲਾਂ, ਤੁਹਾਡੇ ਬੱਚੇ ਨੂੰ ਬੁਖ਼ਾਰ ਹੋ ਸਕਦਾ ਹੈ, ਨੱਕ ਵਗਣਾ ਸ਼ੁਰੂ ਹੋ ਸਕਦਾ ਹੈ, ਜਾਂ ਖੰਘ ਲੱਗ ਸਕਦੀ ਹੈ। ਸੰਭਾਵਨਾ ਹੈ ਉਹ ਬਹੁਤ ਖੰਘੇ। ਇਹ ਆਮ ਹੁੰਦਾ ਹੈ। ਦੂਜੀਆਂ ਨਿਸ਼ਾਨੀਆਂ ਵਿੱਚ ਇਹ ਸ਼ਾਮਲ ਹੋ ਸਕਦੀਆਂ ਹਨ:
- ਤੇਜ਼ ਅਤੇ ਛੋਟਾ ਸਾਹ ਲੈਣਾ
- ਸਾਹ ਦੀ ਉੱਚੀ ਆਵਾਜ਼ (ਘਰਰ ਘਰਰ ਦੀ ਆਵਾਜ਼ ਆਉਣੀ)
- ਪੱਸਲੀਆਂ ਦੇ ਪਿੰਜਰੇ ਥੱਲੇ, ਹਸਲੀ ਤੋਂ ਉੱਪਰ, ਪੱਸਲੀਆਂ ਜਾਂ ਗਰਦਨ ਦੇ ਵਿਚਕਾਰ ਛਾਤੀ ਵਿੱਚ ਸਾਹ ਅੰਦਰ ਖਿੱਚਣਾ। ਇਨ੍ਹਾਂ ਨੂੰ ਸੁੰਗੇੜਣਾ (ਰਿਟਰੈਕਸ਼ਨਜ਼) ਕਿਹਾ ਜਾਂਦਾ ਹੈ
- ਨਾਸਾਂ ਦਾ ਫ਼ੁੱਲਣਾ
- ਵਧੀ ਹੋਈ ਖਿਝ, ਚਿੜਚਿੜਾਪਣ, ਜਾਂ ਥਕਾਵਟ
- ਘੱਟ ਖਾਣਾ ਜਾਂ ਪੀਣਾ
- ਸੌਣ ਵਿੱਚ ਮੁਸ਼ਕਲ ਆਉਣੀ
ਸੰਭਾਵਨਾ ਹੈ ਪਹਿਲਾਂ ਤੁਹਾਡੇ ਬੱਚੇ ਦੀ ਖੰਘ ਖ਼ੁਸ਼ਕ, ਛੋਟੀ ਅਤੇ ਖ਼ਾਲੀ, ਅਤੇ ਹਲ਼ਕੀ ਹੋਵੇ। ਕਈ ਦਿਨਾਂ ਪਿਛੋਂ, ਤੁਹਾਡਾ ਬੱਚਾ ਖੰਘ ਦੇ ਨਾਲ ਬਲਗ਼ਮ (phlegm) ਵੀ ਕੱਢ ਸਕਦਾ ਹੈ। ਇਸ ਦਾ ਭਾਵ ਹੈ ਤੁਹਾਡਾ ਬੱਚਾ ਠੀਕ ਹੋ ਰਿਹਾ ਹੈ ਅਤੇ ਬਲਗ਼ਮ ਅਤੇ ਲਾਗ ਤੋਂ ਖਹਿੜਾ ਛੁਡਵਾ ਰਿਹਾ ਹੈ।
ਬਰਾਨਕਿਆਲਿਟੀਸ ਦੇ ਸ਼ਿਕਾਰ ਬਹੁਤੇ ਬੱਚੇ ਖੰਘਣ ਅਤੇ ਘਰਰ ਘਰਰ ਕਰਨ ਕਾਰਨ ਹਲ਼ਕੇ ਜਿਹੇ ਬਿਮਾਰ ਵੀ ਹੋ ਜਾਣ। ਉਨ੍ਹਾਂ ਨੂੰ ਕਿਸੇ ਵਿਸ਼ੇਸ਼ ਇਲਾਜ ਦੀ ਲੋੜ ਨਹੀਂ ਹੁੰਦੀ। ਵਾਇਰਸ ਵਾਲੀ ਬਰਾਨਕਿਆਲਿਟੀਸ ਆਮ ਕਰ ਕੇ 7 ਤੋਂ 10 ਦਿਨ ਰਹਿੰਦੀ ਹੈ। ਪਰ ਕਈ ਸੂਰਤਾਂ ਵਿੱਚ, ਵਾਇਰਸ ਦੇ ਖ਼ਤਮ ਹੋਣ ਜਾਣ ਪਿੱਛੋਂ ਵੀ ਕਈ ਹਫ਼ਤਿਆਂ ਲਈ ਬੱਚੇ ਖੰਘਦੇ ਰਹਿੰਦੇ ਹਨ ਜਾਂ ਹਲ਼ਕਾ ਜਿਹਾ ਘਰਰ ਘਰਰ ਕਰਦੇ ਰਹਿੰਦੇ ਹਨ।
ਬਰਾਨਕਿਆਲਿਟੀਸ ਦਾ ਇਲਾਜ ਘਰ ਵਿੱਚ ਕਰਨਾ
ਘਰ ਵਿੱਚ ਵਰਤਣ ਲਈ ਕੁਝ ਜ਼ਰੂਰੀ ਗੁਰ ਇਹ ਹਨ:
- ਬੱਚੇ ਨੂੰ ਕੁਝ ਕੁ ਬੈਠਵੀ ਜਾਂ ਸਿੱਧੀ ਖੜ੍ਹੀ ਮੁਦਰਾ ਵਿੱਚ ਬਿਠਾ ਕੇ ਰੱਖੋ। ਇਸ ਨਾਲ ਉਸ ਲਈ ਸਾਹ ਲੈਣਾ ਸੌਖਾ ਹੋ ਜਾਂਦਾ ਹੈ।
- ਆਪਣੇ ਬੱਚੇ ਨੂੰ ਖ਼ਾਸ ਕਰ ਤਰਲ ਪਦਾਰਥ ਜਿਵੇਂ ਕਿ ਪਾਣੀ ਜਾਂ ਪਾਣੀ ਵਿੱਚ ਰਲ਼ਾ ਕੇ ਸੇਬਾਂ ਦਾ ਜੂਸ ਪੀਣ ਲਈ ਉਤਸ਼ਾਹਤ ਕਰੋ। ਜੇ ਤੁਹਾਡਾ ਬੱਚਾ ਪੀਣਾ ਨਾ ਚਾਹੁੰਦਾ ਹੋਵੇ ਤਾਂ ਆਮ ਨਾਲੋਂ ਵੱਧ ਪਰ ਥੋੜ੍ਹੀ ਮਾਤਰਾ ਵਿੱਚ ਤਰਲ ਪਦਾਰਥ ਪੀਣ ਲਈ ਦਿਓ।
- ਬੇਬੀਆਂ ਨੂੰ ਛਾਤੀ ਦਾ ਦੁੱਧ ਜਾਂ ਫ਼ਾਰਮੂਲੇ ਵਾਲਾ ਦੁੱਧ ਪਿਲਾਉਂਦੇ ਰਹੋ।
- ਜੇ ਤੁਹਾਡੇ ਬੱਚੇ ਦਾ ਨੱਕ ਕਾਫ਼ੀ ਭਰਿਆ ਹੋਵੇ, ਤਾਂ ਖਾਰੇ ਪਾਣੀ ਦੇ ਤੁਪਕੇ ਪਾਉਣ ਨਾਲ ਕੁਝ ਸਮੇਂ ਲਈ ਸਾਫ਼ ਕਰਨ ਵਿੱਚ ਮਦਦ ਮਿਲਦੀ ਹੈ। ਇਸ ਨਾਲ ਤੁਹਾਡੇ ਬੇਬੀ ਨੂੰ ਖਵਾਉਣ ਵਿੱਚ ਮਦਦ ਮਿਲਦੀ ਹੈ।
- ਜੇ ਤੁਹਾਡਾ ਬੇਬੀ ਚੰਗੀ ਤਰ੍ਹਾਂ ਨਹੀਂ ਖਾਂਦਾ, ਤਾਂ ਥੋੜ੍ਹੀ ਮਾਤਰਾ ਵਿੱਚ ਖ਼ੁਰਾਕ ਕਈ ਵਾਰੀ ਦਿਓ। ਇਹ ਤੁਹਾਡੇ ਬੇਬੀ ਦੀ ਖ਼ੁਰਾਕ ਖਾਣ ਅਤੇ ਤਰਲ ਪਦਾਰਥ ਪੀਣ ਵਿੱਚ ਮਦਦ ਕਰੇਗਾ।
- ਘਰ ਵਿੱਚ ਜਾਂ ਬੱਚੇ ਦੇ ਨੇੜੇ ਤਮਾਕੂ ਨਾ ਪੀਓ। ਕਿਸੇ ਹੋਰ ਵਿਅਕਤੀ ਨੂੰ ਵੀ ਉੱਥੇ ਤਮਾਕੂ ਨਾ ਪੀਣ ਦਿਓ।
- ਜੇ ਤੁਹਾਡੇ ਬੱਚੇ ਨੂੰ ਪਾਲਤੂ ਜਾਨਵਰਾਂ ਜਾਂ ਹਵਾ ਵਿੱਚ ਅਜਿਹੇ ਪਦਾਰਥਾਂ ਤੋਂ ਐਲਰਜੀ ਹੋਵੇ ਤਾਂ ਬੇਬੀ ਨੂੰ ਉਨ੍ਹਾਂ ਤੋਂ ਦੂਰ ਰੱਖੋ। ਇਹ ਪਦਾਰਥ ਫੇਫੇੜਿਆਂ ਵਿੱਚ ਹਿਲ-ਜੁਲ ਪੈਦਾ ਕਰਦੇ ਹਨ ਅਤੇ ਇਨ੍ਹਾਂ ਨਾਲ ਬਰਾਨਕਿਆਲਿਟੀਸ ਹੋਰ ਵੀ ਵਿਗੜ ਜਾਂਦੀ ਹੈ।
ਕਈ ਬੱਚਿਆਂ ਅੰਦਰ ਬਰਾਨਕਿਆਲਿਟੀਸ ਬਹੁਤ ਪ੍ਰਚੰਡ ਹੁੰਦੀ ਹੈ
ਹੇਠ ਦਰਜ ਸ਼ਰੇਣੀ ਦੇ ਬੱਚਿਆਂ ਵਿੱਚ ਬਰਾਨਕਿਆਲਿਟੀਸ ਵੱਧ ਪ੍ਰਚੰਡ ਹੋ ਸਕਦੀ ਹੈ:
- 3 ਮਹੀਨਿਆਂ ਤੋਂ ਛੋਟੇ ਬੇਬੀ
- ਬੱਚੇ, ਜੋ ਅਜਿਹੇ ਘਰ ਵਿੱਚ ਰਹਿੰਦੇ ਹੋਣ,ਜਿੱਥੇ ਦੂਜੇ ਤਮਾਕੂ ਪੀਂਦੇ ਹੋਣ
- ਦਮੇਂ ਜਾਂ ਫੇਫੇੜਿਆਂ ਦੀ ਦਾਇਮੀ ਸਮੱਸਿਆਵਾਂ ਦੇ ਰੋਗੀ ਬੱਚੇ
- ਬੱਚੇ ਜੋ ਅਗੇਤਰੇ ਹੀ ਪੈਦਾ ਹੋਏ ਹੋਣ
- ਅਜਿਹੇ ਬੱਚੇ ਜਿੰਨ੍ਹਾਂ ਨੂੰ ਜਮਾਂਦਰੂ ਦਿਲ ਦੀ ਬਿਮਾਰੀ ਹੋਵੇ
- ਅਜਿਹੇ ਬੱਚੇ ਜਿਨ੍ਹਾਂ ਅੰਦਰ ਇੰਮਿਊਨ ਸਿਸਟਮ (ਸਰੀਰ ਅੰਦਰ ਰੋਗ ਤੋਂ ਬਚਾਅ ਕਰਨ ਵਾਲੇ ਅੰਸ਼ਾਂ) ਦੀ ਸਮੱਸਿਆਵਾਂ ਹੋਣ
ਗੰਭੀਰ ਹਾਲਤਾਂ ਵਿੱਚ ਬਰਾਨਕਿਆਲਿਟੀਸ ਵਾਲੇ ਬੱਚੇ ਨੂੰ ਹਸਪਤਾਲ ਜਾਣ ਦੀ ਲੋੜ ਪੈ ਸਕਦੀ ਹੈ।
ਸਾਹ ਦੀ ਸਮੱਸਿਆ ਵਾਲੇ ਬੱਚਿਆਂ ਲਈ ਹਸਪਤਾਲ ਜਾਣਾ ਜ਼ਰੂਰੀ ਹੈ
ਜੇ ਤੁਹਾਨੂੰ ਹੇਠ ਦਰਜ ਨਿਸ਼ਾਨੀਆਂ ਵਿੱਚੋਂ ਕਿਸੇ ਇੱਕ ਦਾ ਵੀ ਪਤਾ ਲੱਗੇ, ਤਾਂ ਆਪਣੇ ਬੱਚੇ ਨੂੰ ਨਜ਼ਦੀਕੀ ਐਮਰਜੰਸੀ ਵਿਭਾਗ ਲਿਜਾਓ
- ਤੁਹਾਡਾ ਬੱਚਾ ਤੇਜ਼ੀ ਨਾਲ ਸਾਹ ਲੈ ਰਿਹਾ ਹੈ।
- ਤੁਹਾਡੇ ਬੱਚੇ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ। ਵੇਖੋ ਕਿ ਉਸ ਦੀ ਛਾਤੀ ਜਾਂ ਗਰਦਨ ਸੁੰਗੜਦੀ ਹੈ, ਅਤੇ ਨਾਸਾਂ ਫ਼ੁਲਦੀਆਂ ਹਨ। ਇਹ ਨਿਸ਼ਾਨੀਆਂ ਹੋਰ ਵੀ ਗੰਭੀਰ ਹੁੰਦੀਆਂ ਹਨ ਜੇ ਉਸ ਦੀ ਛਾਤੀ ਵਿੱਚੋਂ ਘਰਰ ਘਰਰ ਦੀ ਅਵਾਜ਼ ਆਉਂਦੀ ਹੋਵੇ।
- ਬੱਚੇ ਦੀ ਚਮੜੀ ਆਮ ਨਾਲੋਂ ਵੱਧ ਨੀਲੀ ਜਾਂ ਵੱਧ ਪੀਲ਼ੀ ਦਿਸਦੀ ਹੋਵੇ।
- ਬੱਚੇ ਅੰਦਰੋਂ ਪਾਣੀ ਖ਼ਾਰਜ ਹੋ ਚੁਕਿਆ ਹੋਵੇ। ਇਸ ਦਾ ਭਾਵ ਹੈ ਕਿ ਸਰੀਰ ਦੇ ਚੰਗੀ ਤਰ੍ਹਾਂ ਚੱਲਣ ਲਈ ਤੁਹਾਡੇ ਬੱਚੇ ਅੰਦਰ ਕਾਫ਼ੀ ਤਰਲ ਨਹੀਂ ਹੈ। ਇਹ ਓਦੋਂ ਹੁੰਦਾ ਹੈ ਜਦੋਂ ਤੁਹਾਡਾ ਬੱਚਾ ਕਾਫ਼ੀ ਪਾਣੀ ਆਦਿ ਨਾ ਪੀ ਰਿਹਾ ਹੋਵੇ। ਤੁਹਾਡੇ ਬੱਚੇ ਦੀਆਂ ਅੱਖਾਂ ਖ਼ੁਸ਼ਕ ਅਤੇ ਡੂੰਘੀਆਂ ਹੋਣ ਜਾਂ ਉਹ ਆਮ ਨਾਲੋਂ ਘੱਟ ਪਿਸ਼ਾਬ ਕਰਦਾ ਹੋਵੇ ਤਾਂ ਸਮਝੋ ਕਿ ਉਸ (ਦੇ ਸਰੀਰ ਵਿੱਚੋਂ) ਪਾਣੀ ਖ਼ਾਰਜ ਹੋ ਚੁੱਕਿਆ ਹੈ।
- ਤੁਹਾਡਾ ਬੱਚਾ ਆਮ ਨਾਲੋਂ ਵੱਧ ਊਂਘਦਾ ਹੈ, ਅਤੇ ਖੇਡਣਾ ਨਾ ਚਾਹੁੰਦਾ ਹੋਵੇ।
- ਤੁਹਾਡਾ ਬੱਚਾ ਬਹੁਤ ਚਿੜ੍ਹਦਾ ਹੈ ਜਾਂ ਖਲਬਲ਼ੀ ਕਰਦਾ ਹੈ ਅਤੇ ਉਸ ਨੂੰ ਚੈਨ ਨਾਲ ਨਾ ਬਿਠਾਇਆ ਜਾ ਸਕਦਾ ਹੋਵੇ।
- ਤੁਹਾਡਾ ਛੋਟਾ ਬੇਬੀ ਖਾਣ ਜਾਂ ਪੀਣ ਦੇ ਕਾਬਲ ਨਹੀਂ ਹੈ।
ਹਸਪਤਾਲ ਵਿੱਚ ਬਰਾਨਕਿਆਲਿਟੀਸ ਲਈ ਇਲਾਜ
ਕੋਸ਼ਿਸ਼ ਕਰੋ ਕਿ ਹਸਪਤਾਲ ਵਿੱਚ ਤੁਸੀਂ ਸ਼ਾਂਤ ਰਹੋ, ਤੁਹਾਡੇ ਬੱਚੇ ਲਈ ਇਹ ਨਵੀਂ ਥਾਂ ਹੁੰਦੀ ਹੈ ਇਸ ਕਾਰਨ ਇਹ ਕੁਝ ਡਰਾਉਣੀ ਹੋ ਸਕਦੀ ਹੈ। ਤੁਸੀਂ ਪਿਆਰ ਭਰੀ ਸੰਭਾਲ ਨਾਲ ਆਪਣੇ ਬੱਚੇ ਨੂੰ ਦਿਲਾਸਾ ਦੇ ਸਕਦੇ ਹੋ ਅਤੇ ਉਸ ਨੂੰ ਸ਼ਾਂਤ ਕਰ ਸਕਦੇ ਹੋ।
ਇਲਾਜ ਮੁੱਖ ਤੌਰ ਤੇ ਤੁਹਾਡੇ ਬੱਚੇ ਨੂੰ ਸਾਹ ਲੈਣ ਵਿੱਚ ਮਦਦ ਕਰਨ ਲਈ ਕੀਤਾ ਜਾਂਦਾ ਹੈ:
- ਡਾਕਟਰ, ਨਰਸਾਂ, ਅਤੇ ਸਿਹਤ ਸੰਭਾਲ ਪ੍ਰਦਾਨ ਕਰਨ ਵਾਲੇ (Delete) ਦੂਜੇ ਸਿਹਤ ਸੰਭਾਲ ਪੇਸ਼ਾਵਰ ਵਿਅਕਤੀ ਸਟੈਥੋਸਕੋਪ ਰਾਹੀਂ ਤੁਹਾਡੇ ਬੱਚੇ ਦੀ ਛਾਤੀ ਵਿੱਚੋਂ ਆਉਂਦੀ ਆਵਾਜ਼ ਸੁਣਨਗੇ। ਜਿਹੜੀ ਆਵਾਜ਼ ਉਹ ਸੁਣਦੇ ਹਨ ਉਸ ਤੋਂ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਬੱਚੇ ਦਾ ਸਾਹ ਠੀਕ ਚੱਲ ਰਿਹਾ ਹੈ।
- ਹੋ ਸਕਦਾ ਹੈ ਕਿ ਤੁਹਾਡੇ ਬੱਚੇ ਨੂੰ ਸਾਹ ਰਾਹੀਂ ਵਧ ਆਕਸੀਜਨ ਲੈਣੀ ਪੈ ਸਕਦੀ ਹੈ। ਇਸ ਨਾਲ ਇਹ ਯਕੀਨੀ ਬਣਾਉਣ ਵਿੱਚ ਮਦਦ ਮਿਲਦੀ ਹੈ ਕਿ ਤੁਹਾਡੇ ਬੱਚੇ ਦੇ ਖ਼ੂਨ ਵਿੱਚ ਕਾਫ਼ੀ ਆਕਸੀਜਨ ਜਾ ਰਹੀ ਹੈ।
- ਤੁਹਾਡੇ ਬੱਚੇ ਦੀ ਸਾਹ ਲੈਣ ਵਿੱਚ ਮਦਦ ਕਰਨ ਲਈ ਡਾਕਟਰ ਦਵਾਈਆਂ, ਜਿਵੇਂ ਕਿ ਸਲਬਿਊਟਾਮੌਲ (ਵੈਂਟੋਲਿਨ), ਇਪਰਾਟਰੋਪੀਅਮ ਬਰੋਮਾਈਡ (ਐਟਰੋਵੈਂਟ) , ਅਤੇ ਐਪੀਨਫ਼ਰੀਨ ਲਈ ਕਹਿ ਸਕਦਾ ਹੈ। ਇਨ੍ਹਾਂ ਦਵਾਈਆਂ ਨੂੰ ਸਾਹ ਨਾਲ ਅੰਦਰ ਲੈਣ ਨਾਲ ਕਈ ਵਾਰੀ ਬੱਚੇ ਦੇ ਸਾਹ ਲੈਣ ਵਾਲੇ ਰਸਤੇ ਖੁੱਲ੍ਹ ਜਾਂਦੇ ਹਨ। ਇਸ ਨਾਲ ਫੇਫੜਿਆਂ ਵਿੱਚ ਵੱਧ ਹਵਾ ਦਾਖ਼ਲ ਹੁੰਦੀ ਤੇ ਖ਼ਾਰਜ ਹੁੰਦੀ ਹੈ। ਜੇ ਇਸ ਇਲਾਜ ਨਾਲ ਬੱਚੇ ਨੂੰ ਸਾਹ ਲੈਣ ਵਿੱਚ ਮਦਦ ਮਿਲਦੀ ਹੋਵੇ ਤਾਂ ਇਹੋ ਜਿਹੀ ਦਵਾਈ ਘਰ ਵਿੱਚ ਵਰਤਣ ਦਾ ਨੁਸਖ਼ਾ ਦੇ ਸਕਦਾ ਹੈ।
- ਕੁਝ ਸੂਰਤਾਂ ਵਿੱਚ, ਡਾਕਟਰ ਦਵਾਈ ਜਿਸ ਨੂੰ ਡੈਕਸਾਮੈਥਾਸੋਨ ਕਿਹਾ ਜਾਂਦਾ ਹੈ ਲੈਣ ਲਈ ਕਹਿ ਸਕਦਾ ਹੈ।
ਬਰਾਨਕਿਆਲਿਟੀਸ ਲਾਉਣ ਵਾਲੇ ਵਾਇਰਸ ਖੰਘਣ, ਨਿੱਛ ਮਾਰਨ, ਅਤੇ ਛੋਹਣ ਰਾਹੀਂ ਫੈਲਦੇ ਹਨ
ਬਰਾਨਕਿਆਲਿਟੀਸ ਲਾਉਣ ਵਾਲੇ ਵਾਇਰਸ ਲਾਗ ਵਾਲੇ ਅਜਿਹੇ ਵਿਅਕਤੀ, ਜਦੋਂ ਉਹ ਖੰਘਦਾ ਜਾਂ ਨਿੱਛ ਮਾਰਦਾ ਹੈ, ਦੇ ਨੱਕ ਜਾਂ ਮੂੰਹ ਵਿੱਚੋਂ ਨਿਕਲਦੇ ਨਿੱਕੇ ਨਿੱਕੇ ਛਿੱਟਿਆਂ ਰਾਹੀਂ ਫੈਲਦੇ ਹਨ। ਜਦੋਂ ਲਾਗ ਵਾਲਾ ਵਿਅਕਤੀ ਕਿਸੇ ਵਸਤ, ਜਿਵੇਂ ਕਿ ਖਿਡਾਉਣੇ, ਨੂੰ ਛੋਹੰਦਾ ਹੈ ਅਤੇ ਬਾਅਦ ਵਿੱਚ ਕੋਈ ਹੋਰ ਵਿਅਕਤੀ ਉਸੇ ਹੀ ਵਸਤ ਨੂੰ ਛੋਹੰਦਾ ਹੈ ਤਾਂ ਇਸ ਨਾਲ ਇੱਕ ਤੋਂ ਦੂਜੇ ਵਿਅਕਤੀ ਨੂੰ ਲੱਗ ਜਾਂਦੇ ਹਨ। ਜਦੋਂ ਬੱਚੇ ਆਪਣੇ ਨੱਕ, ਅੱਖਾਂ, ਅਤੇ ਮੂੰਹ ਨੂੰ ਆਪ ਹੀ ਛੋਹੰਦੇ ਰਹਿੰਦੇ ਹਨ ਤਾਂ ਉਹ ਆਪਣੇ ਆਪ ਨੂੰ ਵੀ ਲਾਗ ਲਵਾ ਲੈਂਦੇ ਹਨ। ਇੱਕ ਦੂਜੇ ਦੇ ਖਿਡਾਉਣਿਆਂ ਨਾਲ ਖੇਡਣ ਅਤੇ ਇੱਕ ਦੂਜੇ ਦੇ ਨੇੜੇ ਖੇਡਣ ਨਾਲ ਲਾਗ ਫੈਲਦੀ ਹੈ।
ਬਰਾਨਕਿਆਲਿਟੀਸ ਦੀ ਰੋਕ-ਥਾਮ ਕਰਨੀ
ਬਰਾਨਕਿਆਲਿਟੀਸ ਦੀ ਲਾਗ ਬਹੁਤ ਆਮ ਹੁੰਦੀ ਹੈ ਅਤੇ ਇਹ ਛੂਤ ਨਾਲ ਵੀ ਲੱਗਦੀ ਹੈ, ਆਪਣੇ ਬੱਚੇ ਨੂੰ ਇਸ ਦੇ ਲੱਗਣ ਦੇ ਖ਼ਤਰੇ ਤੋਂ ਬਚਾਉਣ ਦੇ ਕਈ ਢੰਗ ਹਨ:
- ਇਸ ਲਾਗ ਦੇ ਫੈਲਣ ਨੂੰ ਘਟਾਉਣ ਲਈ ਹੱਥ ਧੋਣਾ ਬਹੁਤ ਹੀ ਪ੍ਰਭਾਵਸ਼ਾਲੀ ਉਪਾਅ ਹੁੰਦਾ ਹੈ।
- ਲਾਗ ਵਾਲੇ ਲੋਕਾਂ ਤੋਂ, ਖ਼ਾਸ ਕਰ ਜੇ ਤੁਹਾਡਾ ਬੇਬੀ 3 ਮਹੀਨੇ ਤੋਂ ਛੋਟੀ ੳਮਰ ਦਾ ਹੋਵੇ, ਦੂਰ ਰਹੋ।
- ਛੋਟੇ ਬੱਚੇ ਖਿਡਾਉਣਿਆਂ ਨੂੰ ਅਕਸਰ ਆਪਣੇ ਮੂੰਹ ਵਿਚ ਪਾਉਂਦੇ ਹਨ। ਜਦੋਂ ਖਿਡਾਉਣੇ ਕਈ ਬੱਚਿਆਂ ਵੱਲੋਂ ਵਰਤੇ ਜਾਂਦੇ ਹੋਣ ਤਾਂ ਉਨ੍ਹਾਂ ਨੂੰ ਅਕਸਰ ਸਾਫ਼ ਕਰੋ।
- ਕੀਟਾਣੂਆਂ ਦੇ ਫੈਲਣ ਨੂੰ ਰੋਕਣ ਲਈ ਬੱਚਿਆਂ ਨੂੰ ਆਸਤੀਨ ਜਾਂ ਕੂਹਣੀ ਵਿੱਚ ਨਿੱਛ ਮਾਰਨ ਜਾਂ ਖੰਘਣ ਦੀ ਸਿੱਖਿਆ ਦਿਓ। ਜੇ ਟਿਸ਼ੂ ਕੋਲ ਹੋਵੇ ਤਾਂ ਬੱਚੇ ਇਸ ਦੀ ਵਰਤੋਂ ਕਰ ਸਕਦੇ ਹਨ, ਵਰਤੇ ਗਏ ਟਿਸ਼ੂ ਨੂੰ ਗਾਰਬੇਜ ਵਿੱਚ ਸੁੱਟ ਦਿਓ, ਅਤੇ ਫ਼ਿਰ ਉਨ੍ਹਾਂ ਦੇ ਹੱਥ ਧੋਵੋ।
- ਜੇ ਤੁਹਾਡਾ ਬੱਚਾ ਡੇਅ ਕੇਅਰ ਜਾਂ ਸਕੂਲ ਜਾਂਦਾ ਹੋਵੇ, ਤਾਂ ਸੰਭਾਲ ਪ੍ਰਦਾਨ ਕਰਨ ਵਾਲੇ ਨੂੰ ਆਪਣੇ ਬੱਚੇ ਦੀ ਬਿਮਾਰੀ ਦੀਆਂ ਨਿਸ਼ਾਨੀਆਂ ਬਾਰੇ ਦੱਸੋ।
- ਜੇ ਹੋ ਸਕੇ ਆਪਣੇ ਬੱਚੇ ਨੂੰ ਓਨੀ ਦੇਰ ਘਰ ਵਿੱਚ ਹੀ ਰੱਖੋ ਜਦੋਂ ਤੀਕ ਉਹ ਸਾਹ ਠੀਕ ਤਰ੍ਹਾਂ ਨਹੀਂ ਲੈਣ ਲੱਗ ਜਾਂਦਾ।
ਮੁੱਖ ਨੁਕਤੇ
- ਬਰਾਨਕਿਆਲਿਟੀਸ ਫੇਫੜਿਆਂ ਦੀ ਆਮ ਲਾਗ ਹੁੰਦੀ ਹੈ।
- ਬਰਾਨਕਿਆਲਿਟੀਸ ਦੀ ਲਾਗ ਵਾਲੇ ਬੱਚਿਆਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ।
- ਜੇ ਤੁਹਾਡੇ ਬੱਚੇ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ ਤਾਂ ਆਪਣੇ ਬੱਚੇ ਨੂੰ ਨਜ਼ਦੀਕੀ ਹਸਪਤਾਲ ਲਿਜਾਓ।
- ਚੰਗੀ ਤਰ੍ਹਾਂ ਹੱਥ ਧੋਣ ਨਾਲ ਲਾਗ ਘੱਟ ਫੈਲੇਗੀ।