ਖਸਰਾ ਕੀ ਹੁੰਦਾ ਹੈ?
ਖਸਰਾ ਇੱਕ ਵਾਇਰਸ ਦੇ ਕਾਰਨ ਲੱਗਣ ਵਾਲੀ ਲਾਗ ਹੁੰਦੀ ਹੈ। ਇਹ ਬਹੁਤੀ ਵਾਰੀ ਸਰਦੀ ਦੇ ਆਖੀਰ ਅਤੇ ਮੌਸਮ ਬਹਾਰ ਵਿੱਚ ਵਾਪਰਦਾ ਹੈ। ਜਦੋਂ ਵਾਇਰਸ ਲੱਗੀ ਵਾਲਾ ਕੋਈ ਵਿਅਕਤੀ ਖੰਘਦਾ ਜਾਂ ਨਿੱਛ ਮਾਰਦਾ ਹੈ ਤਾਂ ਇਸ ਤਰ੍ਹਾਂ ਕਰਨ ਨਾਲ ਡਿੱਗਣ ਵਾਲੇ ਤੁਪਕਿਆਂ ਵਿਚਲਾ ਵਾਇਰਸ ਹਵਾ ਅਤੇ ਧਰਤੀ ਰਾਹੀਂ ਫ਼ੈਲ ਕੇ ਨਜ਼ਦੀਕੀ ਸਤਹ ਤੇ ਪਹੁੰਚ ਜਾਂਦਾ ਹੈ। ਇਨ੍ਹਾਂ ਤੁਪਕਿਆਂ ਨੂੰ ਸਾਹ ਦੁਆਰਾ ਅੰਦਰ ਲੈਂਦਿਆਂ, ਜਾਂ ਇਨ੍ਹਾਂ ਨੂੰ ਛੋਹਂਦਿਆਂ ਅਤੇ ਆਪਣੇ ਚਿਹਰੇ, ਮੂੰਹ, ਅੱਖਾਂ, ਜਾਂ ਕੰਨਾਂ ਨੂੰ ਛੋਂਹਣ ਨਾਲ ਤੁਹਾਡੇ ਬੱਚੇ ਨੂੰ ਇਹ ਵਾਇਰਸ ਲੱਗ ਜਾਂਦਾ ਹੈ।
ਖਸਰੇ ਦੀਆਂ ਨਿਸ਼ਾਨੀਆਂ ਅਤੇ ਲੱਛਣ
ਖਸਰੇ ਦੇ ਲੱਛਣ ਆਮ ਤੌਰ ਤੇ ਬੁਖ਼ਾਰ ਨਾਲ ਸ਼ੁਰੂ ਹੁੰਦੇ ਹਨ ਜਿਹੜੇ ਕੁਝ ਇੱਕ ਦਿਨਾਂ ਤੱਕ ਰਹਿੰਦਾ ਹੈ। ਬੁਖ਼ਾਰ ਪਿੱਛੋਂ ਖੰਘ, ਵਗਦਾ ਨੱਕ, ਅਤੇ ਕੰਜੰਕਟੇਵੇਟਿਸ (ਕੋਅ-ਝਿੱਲੀ ਸੋਜ) ਆ ਜਾਂਦੀ ਹੈ। ਕੰਜੰਕਟੇਵੇਟਿਸ ਅੱਖਾਂ ਦੀ ਲਾਗ ਹੁੰਦੀ ਹੈ, ਜਿਸ ਨੂੰ ਕਈ ਵਾਰੀ “ਪਿੰਕ ਆਈ” ਕਿਹਾ ਜਾਂਦਾ ਹੈ। ਧੱਫੜ ਚਿਹਰੇ ਅਤੇ ਉੱਪਰਲੀ ਗਰਦਨ `ਤੇ ਸ਼ੁਰੂ ਹੁੰਦੇ ਹਨ ਅਤੇ ਸਰੀਰ ਦੇ ਹੇਠਾਂ ਵੱਲ ਫੈਲ ਜਾਂਦੇ ਹਨ। ਧੱਫੜ ਫਿਰ ਬਾਹਾਂ, ਹੱਥਾਂ, ਲੱਤਾਂ, ਅਤੇ ਪੈਰਾਂ `ਤੇ ਫੈਲ ਜਾਂਦੇ ਹਨ। ਤਕਰੀਬਨ ਪੰਜ ਦਿਨਾਂ ਪਿੱਛੋਂ, ਧੱਫੜ ਪ੍ਰਗਟ ਹੋਈ ਤਰਤੀਬ ਵਿੱਚ ਹੀ ਮੁਰਝਾ ਜਾਂਦੇ ਹਨ।
ਇਸ ਹਾਲਤ ਦੇ ਸਾਰੇ ਕੇਸ ਇੱਕੋ ਜਿਹੇ ਨਜ਼ਰ ਨਹੀਂ ਆਉਂਦੇ ਅਤੇ ਬਹੁਤੀਆਂ ਹਾਲਤਾਂ ਇੱਕੋ ਜਿਹੀਆਂ ਲੱਗ ਸਕਦੀਆਂ ਹਨ। ਆਪਣੇ ਬੱਚੇ ਦੀ ਬੀਮਾਰੀ ਬਾਰੇ ਜਾਣਕਾਰੀ ਲਈ, ਕਿਰਪਾ ਕਰਕੇ ਆਪਣੇ ਬੱਚੇ ਦੇ ਡਾਕਟਰ ਨਾਲ ਗੱਲ ਕਰੋ।
ਖਸਰਾ ਅਸਾਨੀ ਨਾਲ ਦੂਸਰੇ ਬੱਚਿਆਂ ਵੱਲ ਫ਼ੈਲ ਜਾਂਦਾ ਹੈ
ਖਸਰਾ ਇੱਕ ਬਹੁਤ ਹੀ ਛੂਤਕਾਰੀ ਰੋਗ ਹੁੰਦਾ ਹੈ। ਇਸ ਦਾ ਭਾਵ ਹੈ ਕਿ ਇਹ ਇੱਕ ਆਦਮੀ ਤੋਂ ਦੂਸਰੇ ਵੱਲ ਬਹੁਤ ਹੀ ਆਸਾਨੀ ਨਾਲ ਫੈਲ ਜਾਂਦਾ ਹੈ। ਖਸਰੇ ਵਾਲੇ ਲੋਕ ਆਮ ਤੌਰ ਤੇ ਲਗਭਗ 4 ਦਿਨ ਪਹਿਲਾਂ ਜਦੋਂ ਧੱਫੜ ਸ਼ੁਰੂ ਹੁੰਦੇ ਹਨ ਤੋਂ ਲੈਕੇ 4 ਦਿਨ ਪਿੱਛੋਂ ਤੱਕ ਛੂਤਕਾਰੀ ਹੁੰਦੇ ਹਨ। ਬੱਚੇ ਜਿਨ੍ਹਾਂ ਨੂੰ ਇਮਯੂਨ ਸਿਸਟਮ ਸਮੱਸਿਆਵਾਂ ਹੁੰਦੀਆਂ ਹਨ ਅਕਸਰ ਬਹੁਤੇ ਲੰਬੇ ਸਮੇਂ ਲਈ ਛੂਤਕਾਰੀ ਰਹਿੰਦੇ ਹਨ। ਖਸਰੇ ਦਾ ਵਇਰਸ ਲਾਗ ਲੱਗੇ ਲੋਕਾਂ ਦੇ ਨੱਕ ਅਤੇ ਗਲ਼ੇ ਦੀ ਬਲਗਮ ਵਿੱਚ ਰਹਿੰਦਾ ਹੈ। ਜਦੋਂ ਉਹ ਨਿੱਛ ਮਾਰਦੇ ਜਾਂ ਖੰਘਦੇ ਹਨ, ਛੋਟੇ ਤੁਪਕੇ ਹਵਾ ਵਿੱਚ ਛਿੜਕੇ ਜਾਂਦੇ ਹਨ। ਛੋਟੇ ਤੁਪਕੇ ਨੇੜਲੀ ਸਤਹਾ `ਤੇ ਡਿੱਗ ਪੈਂਦੇ ਹਨ, ਜਿੱਥੋਂ ਉਹ ਵਾਇਰਸ ਨੂੰ ਦੋ ਘੰਟਿਆਂ ਤੱਕ ਅਤੇ ਲਈ ਫੈਲਾ ਸਕਦੇ ਹਨ।
ਖ਼ਤਰੇ ਦੇ ਕਾਰਕ
ਤੁਹਾਡੇ ਬੱਚੇ ਨੂੰ ਖ਼ਸਰਾ ਹੋਣ ਦੀਆਂ ਜ਼ਿਆਦਾ ਸੰਭਾਵਨਾਵਾਂ ਹੁੰਦੀਆਂ ਹਨ ਜੇ:
- ਜੇ ਤੁਹਾਡੇ ਬੱਚੇ ਨੇ ਖਸਰੇ ਦੇ ਟੀਕੇ ਨਹੀਂ ਲਵਾਏ ਹੋਏ
- ਤੁਹਾਡਾ ਬੱਚਾ ਟੀਕਾ ਲਗਵਾਉਣ ਤੋਂ ਬਿਨਾਂ ਦੂਜੇ ਦੇਸ਼ਾਂ ਦੀ ਯਾਤਰਾ ਕਰਦਾ ਹੈ
- ਤੁਹਾਡੇ ਬੱਚੇ ਵਿੱਚ ਵਿਟਾਮਿਨ A ਦੀ ਘਾਟ ਹੈ
ਪੇਚੀਦਗੀਆਂ
ਪੇਚੀਦਗੀਆਂ ਬਹੁਤ ਖ਼ਤਰਨਾਕ ਹੁੰਦੀਆਂ ਹਨ। ਖਸਰੇ ਦੀ ਲਾਗ ਵਾਲੇ ਕੁਝ ਬੱਚਿਆਂ ਨੂੰ ਕੰਨ ਦੀ ਲਾਗ, ਦਸਤ, ਜਾਂ ਨਮੂਨੀਆ ਵੀ ਹੋ ਜਾਏਗਾ। ਕਦੇ ਕਦਾਈਂ, ਕੁਝ ਬੱਚੇ ਜਿਨ੍ਹਾਂ ਨੂੰ ਖਸਰਾ ਹੁੰਦਾ ਹੈ ਨੂੰ ਐਨਸੇਫਿਲੇਟਿਸ ਕਹੀ ਜਾਂਦੀ ਦਿਮਾਗ ਦੀ ਸੋਜ ਵੀ ਹੋ ਜਾਂਦੀ ਹੈ। ਐਨਸੇਫਿਲੇਟਿਸ ਦੇ ਪ੍ਰਚੰਡ ਕੇਸ ਦਿਮਾਗ ਦਾ ਨੁਕਸਾਨ ਜਾਂ ਮੌਤ ਦਾ ਕਾਰਨ ਵੀ ਬਣ ਸਕਦੇ ਹਨ। ਮੌਤ ਬਹੁਤ ਹੀ ਘੱਟ ਕੇਸਾਂ ਵਿੱਚ ਹੁੰਦੀ ਹੈ। ਬਹੁਤੇ ਬੱਚੇ ਜਿਨ੍ਹਾਂ ਨੂੰ ਖਸਰਾ ਹੋ ਜਾਂਦਾ ਹੈ ਨੂੰ ਵੈਕਸੀਨ ਦਾ ਟੀਕਾ ਨਹੀਂ ਲਗਵਾਇਆ ਗਿਆ ਹੁੰਦਾ, ਜਾਂ ਕਨੇਡਾ ਵਿੱਚ ਬਾਹਰਲੇ ਦੇਸ਼ਾਂ ਤੋਂ ਆਏ ਹੁੰਦੇ ਹਨ।
ਡਾਕਟਰ ਖਸਰੇ ਲਈ ਕੀ ਕਰ ਸਕਦੇ ਹਨ
ਤੁਹਾਡੇ ਬੱਚੇ ਦਾ ਸਰੀਰਕ ਮੁਆਇਨਾ ਕਰਨ ਪਿੱਛੋਂ ਖਸਰੇ ਦੀ ਤਸ਼ਖ਼ੀਸ ਕੀਤੀ ਜਾਂਦੀ ਹੈ। ਡਾਕਟਰ ਖ਼ੂਨ ਦੇ ਟੈਸਟ ਕਰਵਾਉਣ ਲਈ ਵੀ ਕਹਿ ਸਕਦਾ ਹੈ ਜਾਂ ਨੱਕ ਜਾਂ ਗਲ਼ੇ ਵਿੱਚੋਂ ਵਾਇਰਸ ਦਾ ਪਤਾ ਲਾਉਣ ਲਈ ਫੰਬੇ ਨਾਲ ਨਮੂਨਾ ਲੈ ਸਕਦਾ ਹੈ। ਜੇ ਤੁਸੀਂ ਸਮਝਦੇ ਹੋ ਕਿ ਤੁਹਾਡੇ ਬੱਚੇ ਨੂੰ ਖਸਰਾ ਹੈ, ਆਪਣੇ ਡਾਕਟਰ ਨਾਲ ਗੱਲ ਕਰਨੀ ਮਹੱਤਵਪੂਰਨ ਹੁੰਦਾ ਹੈ ਕਿ ਡਾਕਟਰ ਨੂੰ ਮਿਲਣ ਤੋਂ ਪਹਿਲਾਂ ਉਸ ਨਾਲ ਗੱਲ ਕਰ ਲਵੋ ਤਾਂ ਜੋ ਲਾਗ ਦੂਸਰਿਆਂ ਨੂੰ ਨਾ ਲੱਗ ਜਾਵੇ।
ਆਪਣੇ ਬੱਚੇ ਦੀ ਸੰਭਾਲ ਘਰ ਵਿੱਚ ਹੀ ਕਰਨੀ
ਖਸਰੇ ਦਾ ਕੋਈ ਵਿਸ਼ੇਸ਼ ਇਲਾਜ ਨਹੀਂ ਹੁੰਦਾ। ਤੁਸੀਂ ਆਪਣੇ ਬੱਚੇ ਨੂੰ ਅਰਾਮਦਾਇਕ ਸਥਿਤੀ ਵਿੱਚ ਰੱਖਣ ਦੇ ਯਤਨ ਕਰ ਕੇ ਉਸ ਦੀ ਸਹਾਇਤਾ ਕਰ ਸਕਦੇ ਹੋ।
ਬੁਖ਼ਾਰ ਉੱਤੇ ਨਜ਼ਰ ਰੱਖਣੀ
ਬੁਖ਼ਾਰ ਦਾ ਇਲਾਜ ਕਰਨ ਲਈ ਅਸੀਟਾਮਿਨੋਫ਼ਿਨ (ਟਾਇਲਾਨੌਲ , ਟੈਂਪਰਾ, ਜਾਂ ਦੂਜੇ ਬਰੈਂਡ) ਜਾਂ ਆਈਬਿਊਪਰੋਫ਼ੈਨ (ਮੌਟਰਿਨ, ਐਡਵਿੱਲ, ਜਾਂ ਦੂਜੇ ਬਰੈਂਡ) ਵਰਤੇ ਜਾ ਸਕਦੇ ਹਨ। ਆਪਣੇ ਬੱਚੇ ਨੂੰ ਏਐਸਏ (ਅਸੀਟਲਸਾਲਾਸਾਲਕ ਐਸਿਡ ਜਾਂ ਐੱਸਪਰੀਨ) ਨਾ ਦਿਓ।
ਆਪਣੇ ਬੱਚੇ ਨੂੰ ਬੈੱਡ `ਤੇ ਅਰਾਮ ਕਰਨ ਦਿਓ ਅਤੇ ਦੂਜਿਆਂ ਨਾਲੋਂ ਵੱਖ ਰੱਖੋ
ਧੱਫ਼ੜ ਸ਼ੁਰੂ ਹੋਣ ਦੇ 8 ਦਿਨ ਪਿੱਛੋਂ ਤੀਕ ਤੁਹਾਡਾ ਬੱਚਾ ਸਕੂਲ ਜਾਂ ਡੇਅ ਕੇਅਰ ਨਹੀਂ ਜਾ ਸਕਦਾ। ਪਬਲਿਕ ਹੈਲ਼ਥ ਡਿਪਾਰਟਮੈਂਟ ਨੂੰ ਤੁਹਾਡੇ ਬੱਚੇ ਨੂੰ ਖਸਰੇ ਦੀ ਤਸ਼ਖ਼ੀਸ ਬਾਰੇ ਸੂਚਨਾ ਦੇ ਦਿੱਤੀ ਜਾਵੇਗੀ ਅਤੇ ਉਹ ਤੁਹਾਡੇ ਨਾਲ ਇਸ ਦੀ ਪੈਰਵੀ ਕਰੇਗਾ।
ਤਰਲ
ਆਪਣੇ ਬੱਚੇ ਨੂੰ ਪਾਣੀ ਅਤੇ ਦੂਜੇ ਤਰਲ ਪਦਾਰਥ ਦਿਉ।
ਡਾਕਟਰੀ ਸਹਾਇਤਾ ਕਦੋਂ ਲੈਣੀ ਹੈ
ਆਪਣੇ ਬੱਚੇ ਦੇ ਰੈਗੂਲਰ ਡਾਕਟਰ ਨੂੰ ਫ਼ੋਨ ਕਰੋ ਜੇ:
- ਧੱਫ਼ੜ ਸ਼ੁਰੂ ਹੋਣ ਤੋਂ 4 ਦਿਨ ਪਿੱਛੋਂ ਵੀ ਤੁਹਾਡੇ ਬੱਚੇ ਦਾ ਬੁਖ਼ਾਰ ਨਹੀਂ ਘੱਟਦਾ
- ਤੁਹਾਡੇ ਬੱਚੇ ਦੀ ਖੰਘ ਵਿਗੜਦੀ ਜਾਂਦੀ ਹੈ
- ਤੁਹਾਡੇ ਬੱਚੇ ਦੇ ਕੰਨ ਵਿੱਚ ਦਰਦ ਸ਼ੁਰੂ ਹੋ ਜਾਂਦਾ ਹੈ
ਆਪਣੇ ਬੱਚੇ ਨੂੰ ਨਜ਼ਦੀਕੀ ਐਮਰਜੰਸੀ ਵਿਭਾਗ ਲੈ ਕੇ ਜਾਓ, ਜਾਂ 911 ਨੂੰ ਫ਼ੋਨ ਕਰੋ, ਜੇ:
- ਤੁਹਾਡਾ ਬੱਚਾ ਸਾਹ ਔਖਾ ਲੈਂਦਾ ਹੈ ਜਾਂ ਸਥਾਈ ਤੌਰ ਤੇ ਰੌਲਾਪਾਊ ਸਾਹ ਲੈਂਦਾ ਹੈ
- ਤੁਹਾਡਾ ਬੱਚਾ ਵਿਹਾਰ ਜਾਂ ਸਰੀਰਕ ਯੋਗਤਾਵਾਂ ਵਿੱਚ ਤਬਦੀਲੀ, ਹਿੱਲਜੁੱਲ ਦੀਆਂ ਸਮੱਸਿਆਵਾਂ, ਜਾਂ ਦੌਰਾ ਪੈਣਾ ਜ਼ਾਹਰ ਕਰਦਾ ਹੈ
- ਤੁਹਾਡੇ ਬੱਚੇ ਨੂੰ ਸਖ਼ਤ ਸਿਰ ਦਰਦ ਹੁੰਦਾ ਹੈ ਜਾਂ ਸਥਾਈ ਤੌਰ ਤੇ ਉਲਟੀਆਂ ਲੱਗ ਗਈਆਂ ਹਨ
- ਤੁਹਾਡਾ ਬੱਚਾ ਚੰਗੀ ਤਰ੍ਹਾਂ ਠੀਕ ਨਹੀਂ ਲੱਗਦਾ
ਖਸਰੇ ਦੀ ਰੋਕ-ਥਾਮ ਕਰਨੀ
ਬਹੁਤ ਸਾਰੇ ਦੇਸ਼ਾਂ ਵਿੱਚ ਮੀਜ਼ਲਜ਼ ਵੈਕਸੀਨ ਮੁਫਤ ਮਿਲਦੀ ਹੈ। ਬੱਚਿਆਂ ਨੂੰ ਮੀਜ਼ਲਜ਼ ਵੈਕਸੀਨ ਦੀਆਂ ਦੋ ਸੂਈਆਂ ਜਾਂ “ਸ਼ਾਟਸ” ਦਿੱਤੇ ਜਾਂਦੇ ਹਨ। ਪਹਿਲਾ ਆਮ ਤੌਰ ਤੇ ਤੁਹਾਡੇ ਬੱਚੇ ਦੇ ਪਹਿਲੇ ਜਨਮ ਦਿਨ ਪਿੱਛੋਂ ਦਿੱਤਾ ਜਾਂਦਾ ਹੈ। ਦੂਜਾ ਆਮ ਤੋਰ ਤੇ ਤੁਹਾਡੇ ਬੱਚੇ ਦੇ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ ਦਿੱਤਾ ਜਾਂਦਾ ਹੈ।
ਮੀਜ਼ਲਜ਼ ਮੀਜ਼ਲਜ਼(measles), ਕੰਨ ਪੇੜੇ (mumps), ਅਤੇ ਛੋਟੀ ਸੀਤਲਾ (rubella) (MMR) ਵੈਕਸੀਨ ਵਿੱਚ ਸ਼ਾਮਲ ਕੀਤੀ ਜਾਂਦੀ ਹੈ। MMR ਵੈਕਸੀਨ ਬਾਰੇ ਆਪਣੇ ਡਾਕਟਰ ਨੂੰ ਪੁੱਛੋ ਜੇ ਤੁਸੀਂ ਜਾਂ ਤੁਹਾਡਾ ਬੱਚਾ ਸੁਰੱਖਿਅਤ (ਇਮਯੂਨ) ਨਹੀਂ ਹੈ।
ਤੁਹਾਡੇ ਬੱਚੇ ਨੂੰ ਮੀਜ਼ਲਜ਼, ਕੰਨ ਪੇੜੇ, ਅਤੇ ਛੋਟੀ ਸੀਤਲਾ (MMR) ਵੈਕਸੀਨ ਦੇ ਟੀਕੇ ਦੀਆਂ ਦੋ ਖ਼ੁਰਾਕਾਂ ਨਾਲ ਸੁਰੱਖਿਅਤ ਕੀਤਾ ਜਾਣਾ ਚਾਹੀਦਾ ਹੈ। ਹੇਠ ਦਰਜ 2 ਸੰਭਵ ਸਮਾਂ-ਸੂਚੀਆਂ ਹਨ:
- 12 ਮਹੀਨੇ ਅਤੇ 18 ਮਹੀਨੇ, ਜਾਂ
- 15 ਮਹੀਨੇ ਅਤੇ 4 ਤੋਂ 6 ਸਾਲ
ਬਹੁਤੀਆਂ ਹਾਲਤਾਂ ਵਿੱਚ, ਟੀਕਾ ਤੁਹਾਡੇ ਬੱਚੇ ਨੂੰ ਖਸਰੇ ਤੋਂ ਬਚਾਉਂਦਾ ਹੈ। ਇਹ ਭਾਈਚਾਰੇ ਵਿੱਚ ਇਸ ਦੇ ਫ਼ੈਲਣ ਦੇ ਮੌਕੇ ਘਟਾਉਂਦਾ ਹੈ। ਟੀਕਾ ਲਾਉਣ ਨਾਲ ਖਸਰੇ ਦੀਆਂ ਪੇਚੀਦਗੀਆਂ, ਜਿਵੇਂ ਕਿ ਤੇਜ਼ ਨਮੂਨੀਆ, ਫ਼ੇਫ਼ੜਿਆਂ ਦੀ ਲਾਗ, ਅਤੇ ਐਨਸੈਫ਼ਲਾਈਟਿਸ (ਦਿਮਾਗ਼ ਦੀ ਸੋਜ) ਤੋਂ ਬਚਾਅ ਕਰਦਾ ਹੈ।
ਵੈਕਸੀਨ ਨਾਲ ਕੁਝ ਬੱਚਿਆਂ ਨੂੰ ਧੱਫੜ ਹੋ ਜਾਂਦੇ ਹਨ
ਜਦੋਂ ਮੀਜ਼ਲਜ਼ ਵੈਕਸੀਨ ਦਾ ਟੀਕਾ ਲਾਇਆ ਜਾਂਦਾ ਹੈ, ਕੁਝ ਬੱਚਿਆਂ ਨੂੰ ਇਸ ਰੋਗ ਦੀਆਂ ਨਰਮ ਜਿਹੀਆਂ ਨਿਸ਼ਾਨੀਆਂ ਉਤਪੰਨ ਹੋ ਜਾਂਦੀਆਂ ਹਨ। ਇਹ ਸਾਧਾਰਨ ਗੱਲ ਹੁੰਦੀ ਹੈ। ਜੇ ਇਸ ਤਰ੍ਹਾਂ ਹੁੰਦਾ ਹੈ, ਟੀਕਾ ਲੱਗਣ ਤੋਂ ਤਕਰੀਬਨ 7 ਤੋਂ 10 ਦਿਨਾਂ ਪਿੱਛੋਂ ਆਮ ਤੌਰ ਤੇ ਗੁਲਾਬੀ ਜਿਹੇ ਧੱਫੜ ਜ਼ਾਹਰ ਹੁੰਦੇ ਹਨ। ਧੱਫੜ ਤਕਰੀਬਨ ਤਿੰਨ ਦਿਨਾਂ ਤੀਕ ਰਹਿੰਦੇ ਹਨ। ਜੇ ਤੁਸੀਂ ਕਿਸੇ ਵੀ ਤਰ੍ਹਾਂ ਚਿੰਤੁਤ ਹੋ ਜਾਂਦੇ ਹੋ, ਆਪਣੇ ਫੈਮਿਲੀ ਡਾਕਟਰ ਨੂੰ ਕਾਲ ਕਰੋ।
ਵੈਕਸੀਨੇਸ਼ਨ ਮਹੱਤਵਪੂਰਨ ਹੁੰਦੀ ਹੈ
ਵਿਕਸਤ ਦੇਸ਼ਾਂ ਵਿੱਚ ਵੈਕਸੀਨੇਸ਼ਨ ਮੀਜ਼ਲਜ਼ ਨੂੰ ਬਹੁਤ ਹੀ ਨੀਵੀਆਂ ਪੱਧਰਾਂ `ਤੇ ਲਿਆਉਣ ਵਿੱਚ ਸਹਾਈ ਹੋਈ ਹੈ। ਫਿਰ ਵੀ, ਮੀਜ਼ਲਜ਼ ਦੁਨੀਆਂ ਦੇ ਦੂਸਰੇ ਭਾਗਾਂ ਵਿੱਚ ਹਾਲੀ ਵੀ ਬਹੁਤ ਆਮ ਹੈ। ਵਿਕਾਸਸ਼ੀਲ ਦੁਨੀਆਂ ਤੋਂ ਆਉਣ ਵਾਲੇ ਮਹਿਮਾਨ ਅਤੇ ਪੱਛਮੀ ਦੇਸ਼ਾਂ ਦੇ ਯਾਤਰੀ ਦੂਸਰੇ ਦੇਸ਼ਾਂ ਤੋਂ ਵਾਪਸੀ ਵੇਲੇ ਅਣਜਾਣੇ ਵਿੱਚ ਇਸ ਰੋਗ ਨੂੰ ਦੇਸ਼ ਵਿੱਚ ਲਿਆ ਸਕਦੇ ਹਨ।
ਇਸ ਕਾਰਨ, ਤੁਸੀਂ, ਤੁਹਾਡਾ ਬੱਚਾ, ਅਤੇ ਬਾਕੀ ਤੁਹਾਡੇ ਸਾਰੇ ਪਰਿਵਾਰ ਨੂੰ ਮੀਜ਼ਲਜ਼ ਦਾ ਟੀਕਾ ਲਵਾਉਣਾ ਚਾਹੀਦਾ ਹੈ। ਜੇ ਵੈਕਸੀਨੇਸ਼ਨ ਨਾਲ ਲੋਕਾਂ ਦੀ ਰੱਖਿਆ ਨਾ ਕੀਤੀ ਗਈ ਹੋਵੇ, ਤਾਂ ਇਹ ਰੋਗ ਬਹੁਤ ਤੇਜ਼ੀ ਨਾਲ ਫੈਲ ਸਕਦਾ ਹੈ।
ਜੇ ਤੁਹਾਡੇ ਬੱਚੇ ਨੂੰ ਹਸਪਤਾਲ ਵਿੱਚ ਮੀਜ਼ਲਜ਼ ਹੋ ਜਾਂਦੀ ਹੈ
ਮੀਜ਼ਲਜ਼ ਨੂੰ ਦੂਸਰਿਆਂ ਤੱਕ ਫੈਲਣ ਤੋਂ ਰੋਕਣ ਲਈ ਤੁਹਾਡੇ ਬੱਚੇ ਨੂੰ ਕਿਸੇ ਇਕੱਲੇ ਕਮਰੇ ਵਿੱਚ ਰੱਖਿਆ ਜਾਵੇਗਾ। ਤੁਹਾਡਾ ਬੱਚਾ ਖੇਡ ਕਮਰੇ ਵਿੱਚ ਜਾਣ ਦੇ ਯੋਗ ਨਹੀਂ ਹੋਵੇਗਾ ਜਿੰਨੀ ਦੇਰ ਤੱਕ ਮੀਜ਼ਲਜ਼ ਦੇ ਧੱਫ਼ੜ ਚਲੇ ਨਹੀਂ ਜਾਂਦੇ। ਵੱਖਰਤਾ ਮੀਜ਼ਲਜ਼ ਦੇ ਸ਼ੁਰੂ ਹੋਣ ਤੋਂ ਘੱਟ ਤੋਂ ਘੱਟ ਚਾਰ 4 ਦਿਨ ਲਈ ਹੋ ਸਕਦੀ ਹੈ। ਜੇ ਤੁਹਾਡੇ ਬੱਚੇ ਨੂੰ ਇਮਯੂਨ ਸਿਸਟਮ ਸਮੱਸਿਆ ਹੈ, ਉਸ ਨੂੰ ਆਪਣੇ ਕਮਰੇ ਵਿੱਚ ਓਨੀ ਦੇਰ ਤੀਕ ਰਹਿਣ ਦੀ ਜ਼ਰੂਰਤ ਹੁੰਦੀ ਹੈ ਜਿੰਨੀ ਦੇਰ ਤੱਕ ਲੱਛਣ ਚਲੇ ਨਹੀਂ ਜਾਂਦੇ।
ਤੁਹਾਡੇ ਕਮਰੇ ਵਿੱਚ ਖਿਡਾਉਣੇ ਅਤੇ ਪੂਰਤੀਆਂ ਲਿਆਉਣ ਲਈ ਚਾਈਲਡ ਲਾਈਫ ਸਪੈਸ਼ਲਿਸਟ ਨੂੰ ਆਖੋ। ਲੋਕ ਜਿਨ੍ਹਾਂ ਨੂੰ ਪਹਿਲਾਂ ਮੀਜ਼ਲਜ਼ ਨਹੀਂ ਹੋਈ ਹੁੰਦੀ ਜਾਂ ਮੀਜ਼ਲਜ਼ ਵੈਕਸੀਨ ਲਈ ਨਹੀਂ ਹੁੰਦੀ ਉਨ੍ਹਾਂ ਨੂੰ ਤੁਹਾਡੇ ਬੱਚੇ ਨੂੰ ਮਿਲਣ ਨਹੀਂ ਆਉਣਾ ਚਾਹੀਦਾ। ਜੇ ਤੁਸੀਂ ਜਾਂ ਕੋਈ ਹੋਰ ਜਿਹੜਾ ਮਿਲ ਕੇ ਗਿਆ ਹੈ ਮੀਜ਼ਲਜ਼ ਦੇ ਲੱਛਣਾਂ ਨਾਲ ਬੀਮਾਰ ਹੋ ਜਾਂਦਾ ਹੈ, ਆਪਣੇ ਬੱਚੇ ਦੇ ਡਾਕਟਰ ਨੂੰ ਤੁਰੰਤ ਜਾਣਕਾਰੀ ਦੇ ਦਿਓ।
ਵਿਕਸਤ ਦੇਸ਼ਾਂ ਵਿੱਚ ਮੀਜ਼ਲਜ਼ ਬਹੁਤ ਹੀ ਘੱਟ ਹੁੰਦੀ ਹੈ
ਵੈਕਸੀਨੇਸ਼ਨ ਦੀ ਉੱਚੀ ਦਰ ਕਾਰਨ ਕਨੇਡਾ ਵਰਗੇ ਦੇਸਾਂ ਵਿੱਚ ਮੀਜ਼ਲਜ਼ ਬਹੁਤ ਹੀ ਆਮ ਨਹੀੰ ਹੁੰਦੀ। ਫਿਰ ਵੀ, ਪੂਰੀ ਦੁਨੀਆਂ ਵਿੱਚ, ਹਰ ਸਾਲ ਅੰਦਾਜ਼ਨ 43 ਮਿਲੀਅਨ ਲੋਕ ਮੀਜ਼ਲਜ਼ ਰੋਗ ਦੀ ਛੂਤ ਦੇ ਸ਼ਿਕਾਰ ਹੋ ਜਾਂਦੇ ਹਨ। ਹਰ ਸਾਲ ਇੱਕ ਮਿਲੀਅਨ ਤੋਂ ਜ਼ਿਆਦਾ ਲੋਕ ਮੀਜ਼ਲਜ਼ ਨਾਲ ਮਰ ਜਾਂਦੇ ਹਨ।
ਮੁੱਖ ਨੁਕਤੇ
- ਖਸਰਾ ਇੱਕ ਅਜਿਹਾ ਵਾਇਰਸ ਹੁੰਦਾ ਹੈ ਜਿਸ ਦਾ ਕੋਈ ਖ਼ਾਸ ਇਲਾਜ ਨਹੀਂ ਹੁੰਦਾ।
- ਆਮ ਤੌਰ ਤੇ, ਮੀਜ਼ਲਜ਼ ਨਾਲ ਬੁਖ਼ਾਰ, ਖਾਂਸੀ, ਕੰਨਜੰਕਟਿਵਾਈਟਿ, ਅਤੇ ਧੱਫੜ ਹੋ ਜਾਂਦੇ ਹਨ।
- ਸਾਵਧਾਨੀਆਂ ਲੈਣੀਆਂ ਚਾਹੀਦੀਆਂ ਹਨ ਤਾਂ ਜੋ ਮੀਜ਼ਲਜ਼ ਨਾਲ ਦੂਸਰਿਆਂ ਨੂੰ ਲਾਗ ਨਾ ਲੱਗ ਜਾਵੇ। ਕਿਉਂਕਿ ਖਸਰਾ ਬਹੁਤ ਹੀ ਛੂਤ ਵਾਲਾ ਹੁੰਦਾ ਹੈ, ਤੁਹਾਡੇ ਬੱਚੇ ਨੂੰ ਅਲਹਿਦਾ ਰੱਖਣਾ ਜ਼ਰੂਰੀ ਹੈ।
- ਮੀਜ਼ਲਜ਼ ਦਾ ਇਲਾਜ ਕਰਨ ਲਈ ਕੇਵਲ ਬਹੁਤ ਹੀ ਘੱਟ ਕੇਸਾਂ ਵਿੱਚ ਹਸਪਤਾਲ ਲਿਜਾਣ ਦੀ ਜ਼ਰੂਰਤ ਹੁੰਦੀ ਹੈ।
- ਖਸਰੇ ਦਾ ਟੀਕਾ ਲਵਾ ਕੇ ਇਸ ਦੀ ਰੋਕ-ਥਾਮ ਕੀਤੀ ਜਾ ਸਕਦੀ ਹੈ।
- ਆਪਣੇ ਬੱਚੇ ਨੂੰ ਏਐਸਏ (ਅਸੀਟਲਸਾਲਾਸਾਲਕ ਐਸਿਡ ਜਾਂ ਐੱਸਪਰੀਨ) ਨਾ ਦਿਓ।