ਨਰਮ ਟਿਸ਼ੂ ਦੀ ਸੱਟ ਕੀ ਹੁੰਦੀ ਹੈ?
ਨਰਮ ਟਿਸ਼ੂ ਦੀਆਂ ਸੱਟਾਂ ਵਿੱਚ ਚਮੜੀ ਦੇ ਢਾਂਚੇ, ਪੱਠਿਆਂ, ਨਸਾਂ, ਯੋਜਕ ਤੰਤੂ (ਲਿਗਾਮੈਂਟਸ), ਜਾਂ ਜੋੜਾਂ ਦੇ ਇਰਦ ਗਿਰਦ ਵਾਲੇ ਟਿਸ਼ੂ ਕੈਪਸੂਲ ਸ਼ਾਮਲ ਹੋ ਸਕਦੇ ਹਨ।
ਮੋਚ, ਖਿੱਚ ਅਤੇ ਝਰੀਟਾਂ
- ਮੋਚ ਲਿਘਾਮੈਂਟ ਨੂੰ ਲੱਗੀ ਸੱਟ ਹੁੰਦੀ ਹੈ। ਯੋਜਕ ਤੰਤੂ (ਲਿਗਾਮੈਂਟਸ) ਉਹ ਟਿਸ਼ੂ ਹੁੰਦੇ ਹਨ ਜੋ ਹੱਡੀਆਂ ਨੂੰ ਬੰਨ੍ਹ ਕੇ ਰੱਖਦੇ ਹਨ।
- ਪੱਠਿਆਂ ਅਤੇ/ਜਾਂ ਪੱਠਿਆਂ ਨੂੰ ਜੋੜਨ ਜਾਂ ਬੰਨਣ ਵਾਲੀਆਂ ਨਸਾਂ ਦੀਆਂ ਸੱਟਾਂ ਨੂੰ ਤਣਾਅ ਕਹਿੰਦੇ ਹਨ। ਇਹ ਆਮ ਤੌਰ 'ਤੇ ਪੱਠੇ ਨੂੰ ਕਿੱਚ ਪੈਣ ਕਾਰਨ ਜਾਂ ਪੱਠੇ ਦੇ ਗੰਭੀਰ ਅਤੇ ਅਚਾਨਕ ਸੁੰਗੜਨ ਕਾਰਨ ਹੁੰਦੀ ਹੈ।
- ਝਰੀਟਾਂ ਨਾਲ ਟਿਸ਼ੂ ਦੇ ਅੰਦਰ ਖ਼ੂਨ ਰਿਸਣਾ ਹੁੰਦਾ ਹੈ।
- ਟਿਸ਼ੂ ਦੀ ਇਸ ਪ੍ਰਕਾਰ ਦੀ ਸੱਟ ਆਮ ਲੱਗ ਜਾਂਦੀ ਹੈ। ਆਮ ਤੌਰ ਤੇ ਇਹ ਮਾਮੂਲੀ ਹੁੰਦੀ ਹੈ, ਪਰ ਕਦੇ ਕਦੇ ਇਹ ਬਹੁਤ ਹੀ ਗੰਭੀਰ ਵੀ ਹੋ ਸਕਦੀ ਹੈ। ਇਹ ਸੱਟ ਵਾਲੀ ਥਾਂ ਉੱਪਰ ਇਕੱਠੀਆਂ ਵੀ ਲੱਗ ਸਕਦੀਆਂ ਹਨ।
ਨਰਮ ਟਿਸ਼ੂ ਦੀ ਸੱਟ ਦੇ ਲੱਛਣ
ਜਿਸ ਵਿਅਕਤੀ ਨੂੰ ਨਰਮ ਟਿਸ਼ੂ ਦੀ ਸੱਟ ਲੱਗਦੀ ਹੈ, ਉਸ ਆਮ ਤੌਰ ਤੇ ਦਰਦ ਅਤੇ ਸੋਜ਼ਸ਼ ਹੁੰਦੀ ਹੈ। ਸੱਟ ਸਰੀਰ ਦੇ ਉਸ ਅੰਗ ਜਾਂ ਹਿੱਸੇ ਜਿਸ ਨੂੰ ਸੱਟ ਲੱਗੀ ਹੈ, ਦੀ ਕਿਰਿਆਸ਼ੀਲਤਾ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀ ਹੈ, ਇਹ ਸੱਟ ਦੀ ਗੰਭੀਰਤਾ ਅਤੇ ਸੱਟ ਲੱਗਣ ਵਾਲੀ ਥਾਂ ਉੱਪਰ ਨਿਰਭਰ ਕਰਦਾ ਹੈ। ਨਰਮ ਟਿਸ਼ੂ ਦੀਆਂ ਗੰਭੀਰ ਸੱਟਾਂ ਬੱਚੇ ਜਾਂ ਯੁਵਕ ਨੂੰ ਉਸ ਦੀਆਂ ਗਤੀਵਿਧੀਆਂ ਬੰਦ ਕਰਨ ਦਾ ਕਾਰਨ ਬਣ ਸਕਦੀਆਂ ਹਨ।
ਜਿਹੜੀਆਂ ਥਾਵਾਂ ਉੱਪਰ ਚਮੜੀ ਪਤਲੀ ਹੁੰਦੀ ਹੈ ਜਿਵੇਂ ਕਿ ਗਿੱਟੇ 'ਤੇ ਉੱਥੇ ਚਮੜੀ ਦੇ ਤਲ ਦੇ ਨੇੜੇ ਜਾਂ ਹੇਠਾਂ ਲੱਗੀਆਂ ਝਰੀਟਾਂ ਨਾਲ ਚਮੜੀ ਦਾ ਰੰਗ ਵਿਗੜ ਕੇ ਪਹਿਲਾਂ ਗੂਹੜਾ ਲਾਲ ਜਾਂ ਨੀਲਾ ਵਿਖਾਈ ਦੇਵੇਗਾ। ਪੱਠਿਆਂ ਆਦਿ ਵਿੱਚ ਲੱਗਣ ਵਾਲੀਆਂ ਡੂੰਘੀਆਂ ਝਰੀਟਾਂ ਕਾਰਨ ਹੋ ਸਕਦਾ ਹੈ ਕਿ ਚਮੜੀ ਦਾ ਰੰਗ ਬਦਲਿਆ ਵਿਖਾਈ ਨਾ ਦੇਵੇ।
ਨਰਮ ਟਿਸ਼ੂ ਦੀ ਸੱਟ ਦੇ ਕਾਰਨ
ਮੋਚਾਂ ਅਤੇ ਤਣਾਅ ਜ਼ੋਰ ਨਾਲ ਜਾਂ ਅਚਾਨਕ ਮਰੋੜਨ, ਖਿੱਚਣ, ਜਾਂ ਪੱਠਿਆਂ ਦੇ ਸੁੰਗੜਨ ਕਾਰਨ ਹੁੰਦੇ ਹਨ। ਇਹ ਤਾਕਤਾਂ ਪੱਠੇ, ਨਸ ਜਾਂ ਯੋਜਕ ਤੰਤੂ (ਲਿਗਾਮੈਂਟ) ਨੂੰ ਖਿੱਚ ਪਾਉਂਦੀਆਂ ਹਨ ਜਾਂ ਬਹੁਤੀਆਂ ਗੰਭੀਰ ਹਾਲਤਾਂ ਵਿੱਚ ਇਨ੍ਹਾਂ ਦੇ ਰੇਸ਼ਿਆਂ ਨੂੰ ਚੀਰ ਵੀ ਦਿੰਦੀਆਂ ਹਨ। ਇਨ੍ਹਾਂ ਕਾਰਨ ਪੱਠਾ, ਨਸ, ਜਾਂ ਲਿਗਾਮੈਂਟ ਆਪਣੀ ਸਥਾਈ ਥਾਂ ਤੋਂ ਅਲਹਿਦਾ ਵੀ ਹੋ ਸਕਦਾ ਹੈ।
ਝਰੀਟਾਂ ਅਕਸਰ ਸੱਟ ਵਾਲੀ ਜਗ੍ਹਾ ‘ਤੇ ਸਿੱਧੀ ਸੱਟ ਜਾਂ ਦਬਾਅ ਪੈਣ ਕਾਰਨ ਲੱਗਦੀਆਂ ਹਨ।
ਆਪਣੇ ਬੱਚੇ ਦੀ ਘਰ ਅੰਦਰ ਸੰਭਾਲ ਕਰਨੀ
ਨਰਮ ਟਿਸ਼ੂ ਦੀਆਂ ਬਹੁਤੀਆਂ ਸੱਟਾਂ ਮਮੂਲੀ ਹੁੰਦੀਆਂ ਹਨ ਅਤੇ ਮਾਪੇ, ਕੋਚ,ਅਧਿਆਪਕ, ਜਾਂ ਸੰਭਾਲ ਕਰਨ ਵਾਲੇ ਇਨ੍ਹਾਂ ਦਾ ਧਿਆਨ ਰੱਖ ਸਕਦੇ ਹਨ। ਬਹੁਤ ਹੀ ਮਾਮੂਲੀ ਸੂਰਤਾਂ ਵਿੱਚ ਅਜਿਹੀਆਂ ਕਿਰਿਅਵਾਂ, ਜਿਨ੍ਹਾਂ ਕਾਰਨ ਸੱਟ ਲੱਗੀ ਹੋਵੇ, ਨੂੰ ਜਾਰੀ ਰੱਖਣਾ ਠੀਕ ਹੋ ਸਕਦਾ ਹੈ। ਇੰਜ ਕਰਨ ਤੋਂ ਪਹਿਲਾਂ, ਤੁਹਾਡੇ ਬੱਚੇ ਦੀ ਮਾਪਿਆਂ ਜਾਂ ਸੰਭਾਲ ਪ੍ਰਦਾਤਾ ਜ਼ਿੰਮੇਵਾਰ ਵਿਅਕਤੀ ਵੱਲੋਂ ਜਾਂਚ ਕੀਤੀ ਜਾਣੀ ਚਾਹੀਦੀ ਹੈ, ਅਤੇ ਬਾਅਦ ਵਿੱਚ ਇਸ ਦਾ ਧਿਆਨ ਕੀਤਾ ਜਾਵੇ। ਆਮ ਤੌਰ ਤੇ ਹੇਠ ਦਰਜ ਹਦਾਇਤਾਂ ਲਾਗੂ ਹੁੰਦੀਆਂ ਹਨ:
- ਅਰਾਮ ਕਰੋ ਅਤੇ ਸੱਟ ਵਾਲੀ ਥਾਂ ਨੂੰ ਅਹਿਲ ਰੱਖੋ। ਜਿਵੇਂ ਆਪਣੇ ਸਿਹਤ ਸੰਭਾਲ ਪ੍ਰਦਾਤਾ ਦੀ ਹਦਾਇਤ ਅਨੁਸਾਰ ਸਪਲਿੰਟਸ (ਹੱਡੀ ਸਿੱਧੀ ਰੱਖਣ ਲਈ ਫੱਟੀਆਂ), ਸਲਿੰਗ (ਜ਼ਖ਼ਮੀ ਬਾਂਹ ਜਾਂ ਹੱਥ ਨੂੰ ਗਰਦਨ ਦੁਆਲੇ ਪੱਟੀ ਲਮਕਾ ਕੇ ਸਹਾਰਾ ਦੇਣਾ), ਪੱਟੀਆਂ, ਜਾਂ ਬਸਾਖੀਆਂ ਦੀ ਵਰਤੋਂ ਕਰੋ।
- ਸੱਟ ਲੱਗਣ ਪਿੱਛੋਂ ਦੇ ਪਹਿਲੇ ਦਿਨ ਬਰਫ਼, ਜਾਂ ਠੰਢੀਆਂ ਪੋਟਲੀਆਂ ਵੀ ਵਰਤੀਆਂ ਜਾ ਸਕਦੀਆ ਹਨ। ਬਰਫ਼ ਵਿੱਚ ਜੰਮਾਈਆਂ ਸਬਜ਼ੀਆਂ ਦਾ ਬੈਗ ਜਾਂ ਕੁੱਟੀ ਹੋਈ ਬਰਫ਼ ਆਪਣੇ ਆਪ ਸੱਟ ਵਾਲੀ ਥਾਂ ਅਨੁਸਾਰ ਢਲ ਜਾਣਗੀਆਂ। ਬਰਫ਼ ਸਿੱਧੀ ਚਮੜੀ ਉੱਪਰ ਨਾ ਰੱਖੋ; ਪਹਿਲਾਂ ਇਸ ਨੁੰ ਪਤਲੇ ਕੱਪੜੇ ਵਿੱਚ ਲਪੇਟ ਲਉ। ਠੰਢੀ ਪੋਟਲੀ ਨੂੰ ਦਿਨ ਵਿੱਚ 6 ਤੋਂ 8 ਵਾਰੀ 10 ਤੋਂ 15 ਮਿੰਟ ਲਈ,ਜਾਂ ਜਿਵੇਂ ਹਦਾਇਤ ਦਿੱਤੀ ਗਏ ਹੋਵੇ, ਰੱਖੋ, ।
- ਜਦੋਂ ਤੁਹਾਡਾ ਬੱਚਾ ਚੱਲ ਫਿਰ ਰਿਹਾ ਹੋਵੇ ਉਦੋਂ ਦਬਾਅ ਪਾਉਣ ਵਾਲੀ ਜਾਂ ਇਲਾਸਟਿਕ (ਰਬੜ) ਦੀ ਪੱਟੀ ਸੋਜ਼ਸ਼ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੀ ਹੈ,ਪਰ ਇਹ ਕੋਈ ਆਸਰਾ ਪਰਦਾਨ ਨਹੀਂ ਕਰਦੀਆਂ। ਤੁਹਾਡਾ ਬੱਚਾ ਜਦੋਂ ਅਰਾਮ ਕਰਦਾ ਹੋਵੇ ਜਾਂ ਸੁੱਤਾ ਹੋਵੇ ਤਾਂ ਉਸ ਨੂੰ ਇਨ੍ਹਾਂ ਨੂੰ ਉਤਾਰ ਦੇਣਾ ਚਾਹੀਦਾ ਹੈ। ਜੇ ਪੱਟੀ ਦੇ ਨਜ਼ਦੀਕ ਵਾਲੀ ਥਾਂ ਸੁੰਨ ਹੋ ਜਾਵੇ, ਇਸ ਨੂੰ ਥੋੜ੍ਹੀ ਜਿਹੀ ਢਿੱਲੀ ਕਰ ਦਿਉ ਹੋ ਸਕਦਾ ਇਹ ਬਹੁਤ ਕੱਸੀ ਹੋਈ ਹੋਵੇ।
- ਸੱਟ ਲੱਗਣ ਤੋਂ ਪਿੱਛੋਂ ਪਹਿਲੇ 1 ਤੋਂ 2 ਦਿਨ ਸੱਟ ਵਾਲੀ ਜਗ੍ਹਾ ਨੂੰ ਜਿੰਨਾ ਵੱਧ ਤੋਂ ਵੱਧ ਹੋ ਸਕੇ ਉੱਚਾ ਕਰ ਕੇ ਰੱਖੋ। ਇਸ ਨਾਲ ਸੋਜ਼ਸ਼ ਘਟਣ ਵਿੱਚ ਮਦਦ ਮਿਲੇਗੀ। ਸਹਾਰਾ ਦੇਣ ਲਈ ਹੇਠਾਂ ਗੱਦੀਆਂ ਜਾਂ ਸਿਰਹਾਣੇ ਹੇਠਾਂ(delete) ਰੱਖੋ।
- ਪਹਿਲੇ ਦਿਨ ਤੋਂ ਬਾਅਦ ਹੀਟਿੰਗ ਪੈਡ ਜਾਂ ਗਰਮ ਪਾਣੀ ਵਾਲੀ ਬੋਤਲ ਨਾਲ ਸੇਕ ਦਿੱਤਾ ਜਾ ਸਕਦਾ ਹੈ। ਧਿਆਨ ਰਹੇ ਕਿ ਕੋਈ ਬਹੁਤੀ ਗਰਮ ਚੀਜ਼ ਨਾ ਵਰਤੀ ਜਾਵੇ ਜਿਸ ਨਾਲ ਚਮੜੀ ਸੜ ਸਕਦੀ ਹੋਵੇ। ਸੇਕ ਦਿਨ ਵਿੱਚ 6 ਤੋਂ 8 ਵਾਰੀ 10 ਤੋਂ 15 ਮਿੰਟ ਲਈ ਦਿਉ, ਜਾਂ ਜਿਵੇਂ ਹਦਾਇਤ ਕੀਤੀ ਗਈ ਹੋਵੇ।
- ਦਰਦ ਅਤੇ ਸੋਜ਼ਸ਼ ਘਟਾਉਣ ਲਈ ਦਵਾਈ ਜਿਵੇਂ ਕਿ ਆਈਬਿਊਪਰੋਫ਼ੈਨ (ਐਡਵਿਲ, ਮੋਟਰਿਨ, ਜਾਂ ਕੋਈ ਹੋਰ ਬਰਾਂਡ) ਦਿੱਤੀ ਜਾ ਸਕਦੀ ਹੈ। ਦਵਾਈ, ਆਪਣੇ ਸਿਹਤ ਪ੍ਰਦਾਤਾ ਦੀਆ ਹਦਾਇਤਾਂ ਜਾਂ ਪੈਕੇਜ 'ਚ ਦਿੱਤੀਆਂ ਹਦਾਇਤਾਂ ਅਨੁਸਾਰ ਵਰਤੋ।
ਸੱਟ ਦੀ ਕਿਸਮ ਦੇ ਅਧਾਰ 'ਤੇ, ਤੁਹਾਡੀ ਸਿਹਤ ਸੰਭਾਲ ਪ੍ਰਦਾਤਾ ਇੱਕ ਇੱਕ ਕਦਮ ਹੌਲੀ ਹੌਲੀ ਅਤੇ ਪੜਾਵਾਂ ਵਿੱਚ ਮੁੜ ਕਿਰਿਆਸ਼ੀਲ ਹੋਣ ਬਾਰੇ ਗੱਲਬਾਤ ਕਰੇਗਾ। ਮਾਮੂਲੀ ਤੋਂ ਦਰਮਿਆਨੀ ਸੱਟ ਲਈ, ਛੇਤੀ ਹਿੱਲਜੁਲ ਅਤੇ ਹਲਕੀਆਂ ਕਿਰਿਆਵਾਂ ਤੁਹਾਡੇ ਬੱਚੇ ਨੂੰ ਛੇਤੀ ਠੀਕ ਹੋਣ ਵਿੱਚ ਮਦਦ ਕਰਨਗੀਆਂ। ਬਹੁਤੀਆਂ ਗੰਭੀਰ ਸੱਟਾਂ ਵਿੱਚੋਂ ਬਹਾਲੀ ਲਈ ਹੋਰ ਲੰਮਾਂ ਸਮਾਂ ਲੱਗ ਸਕਦਾ ਹੈ ਅਤੇ ਕਿਰਿਆ ਨਾਲ ਸੱਟ ਵਿੱਚ ਹੋਰ ਵਿਗਾੜ ਪੈ ਸਕਦਾ ਹੈ।
ਡਾਕਟਰੀ ਸਹਾਇਤਾ ਕਦੋਂ ਲੈਣੀ ਹੈ
ਆਪਣੇ ਬੱਚੇ ਦੇ ਡਾਕਟਰ ਨੂੰ ਫ਼ੋਨ ਕਰੋ, ਜੇ:
- ਸੱਟ ਲੱਗਣ ਦੇ ਥੋੜ੍ਹੇ ਸਮੇਂ ਅੰਦਰ ਹੀ ਤੁਹਾਡਾ ਬੱਚਾ ਸੱਟ ਤੋਂ ਪਰਭਾਵਤ ਜਗ੍ਹਾ ਨੂੰ ਵਰਤ ਨਹੀਂ ਸਕਦਾ
- ਸੱਟ ਲੱਗਣ ਦੇ 4 ਜਾਂ 5 ਦਿਨਾਂ ਪਿੱਛੋਂ ਵੀ ਤੁਹਾਡੇ ਬੱਚੇ ਦੀ ਹਾਲਤ ਵਿੱਚ ਸੁਧਾਰ ਹੋਣਾ ਸ਼ੁਰੂ ਨਹੀਂ ਹੁੰਦਾ
- ਮੁੜ ਕੇ ਖੇਡਾਂ ਖੇਡਣ ਜਾਂ ਹੋਰ ਕਿਰਿਆਵਾਂ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਤੁਹਾਡੇ ਬੱਚੇ ਨੂੰ ਡਾਕਟਰੀ ਮੁਲਾਂਕਣ ਦੀ ਲੋੜ ਪੈਂਦੀ ਹੈ
- ਸੱਟ ਵਾਲੀ ਥਾਂ ਦੇ ਦੁਆਲੇ ਲਾਲੀ ਜਾਂ ਸੋਜ਼ਸ਼ ਵਧ ਰਹੀ ਹੈ
- ਬੁਖ਼ਾਰ ਚੜ੍ਹ ਜਾਂਦਾ ਹੈ
- ਤੁਹਾਡੇ ਕੋਈ ਸਰੋਕਾਰ ਜਾਂ ਪ੍ਰਸ਼ਨ ਹੋਣ
ਨਜ਼ਦੀਕੀ ਐਮਰਜੈਂਸੀ ਵਿਭਾਗ ਜਾਓ ਜਾਂ 911 'ਤੇ ਫ਼ੋਨ ਕਰੋ, ਜੇ:
- ਸੱਟ ਲੱਗਣ ਦੇ ਥੋੜ੍ਹੇ ਸਮੇਂ ਅੰਦਰ ਹੀ ਤੁਹਾਡਾ ਬੱਚਾ ਸੱਟ ਤੋਂ ਪਰਭਾਵਤ ਜਗ੍ਹਾ ਨੂੰ ਵਰਤ ਨਹੀਂ ਸਕਦਾ
- ਤੁਹਾਡੇ ਬੱਚੇ ਦੀ ਸੱਟ ਲੱਗਣ ਵਾਲੀ ਥਾਂ ਲਗਾਤਾਰ ਸੁੰਨ ਹੁੰਦੀ ਹੋਵੇ, ਠੰਢਕ, ਜਾਂ ਛੋਹ ਅਹਿਸਾਸ ਦੀ ਘਾਟ ਹੋਵੇ
- ਸੱਟ ਤੋਂ ਪਰਭਾਵਤ ਸਰੀਰ ਦਾ ਹਿੱਸਾ ਸਧਾਰਨ ਰੂਪ ਵਿੱਚ ਵਿਖਾਈ ਨਹੀਂ ਦੇ ਰਿਹਾ
- ਤੁਹਾਡੇ ਬੱਚੇ ਦੇ ਲਗਾਤਾਰ ਅਤੇ ਤੇਜ਼ ਦਰਦ ਹੁੰਦਾ ਹੈ ਜਿਹੜਾ ਅਸੀਟਾਮਿਨੋਫ਼ਿਨ ਜਾਂ ਆਈਬਿਊਪਰੋਫ਼ੈਨ ਦਵਾਈ ਨਾਲ ਵੀ ਠੀਕ ਨਹੀਂ ਹੁੰਦਾ
ਮੁੱਖ ਨੁਕਤੇ
- ਨਰਮ ਟਿਸ਼ੂ ਦੀਆਂ ਸੱਟਾਂ ਵਿੱਚ ਤਣਾਅ, ਮੋਚਾਂ, ਅਤੇ ਝਰੀਟਾਂ ਸ਼ਾਮਲ ਹਨ।
- ਨਰਮ ਟਿਸ਼ੂ ਦੀਆਂ ਬਹੁਤੀਆਂ ਸੱਟਾਂ ਮਾਮੂਲੀ ਹੁੰਦੀਆ ਹਨ ਇਨ੍ਹਾਂ ਦਾ ਇਲਾਜ ਅਤੇ ਅਰਾਮ, ਠੰਢੀਆਂ ਪੋਟਲੀਆਂ, ਘੁੱਟਣ ਅਤੇ ਸਰੀਰ ਦੇ ਸੱਟ ਲੱਗੇ ਹਿੱਸੇ ਨੂੰ ਉੱਚਾ ਚੁੱਕ ਕੇ ਰੱਖਣ ਨਾਲ ਕੀਤਾ ਜਾ ਸਕਦਾ ਹੈ। ਦਰਦ ਲਈ ਬਿਨਾਂ ਨੁਸਖ਼ੇ ਤੋਂ ਮਿਲਣ ਵਾਲੀ ਦਰਦ ਦੀ ਦਵਾਈ ਵੀ ਫ਼ਾਇਦੇਮੰਦ ਹੋ ਸਕਦੀ ਹੈ।
- ਤੁਹਾਡਾ ਸਿਹਤ ਪ੍ਰਦਾਤਾ ਤੁਹਾਨੂੰ ਦੱਸੇਗਾ ਕਿ ਤੁਹਾਡਾ ਬੱਚਾ ਕਿੰਨੀ ਛੇਤੀ ਮੁੜ ਆਪਣੀਆਂ ਬਾਕਾਇਦਾ ਕਿਰਿਆਵਾਂ ਸ਼ੁਰੂ ਕਰ ਸਕੇਗਾ।