ਜ਼ਖ਼ਮ ਦੀ ਸਾਂਭ ਸੰਭਾਲ

Wound care [ Punjabi ]

PDF download is not available for Arabic and Urdu languages at this time. Please use the browser print function instead

ਸਿਉਨ ਟਾਂਕਿਆਂ ਅਤੇ ਟਾਂਕਿਆਂ ਦੀ ਘਰ ਵਿੱਚ ਦੇਖ-ਰੈਖ ਬਾਰੇ ਪੜ੍ਹੋ। ਜ਼ਖ਼ਮ ਨੂੰ ਕਿਵੇਂ ਸਾਫ ਰੱਖਣਾ ਹੈ, ਕਿੰਨੀ ਦੇਰ ਤੀਕ ਤੁਹਾਡਾ ਬੱਚਾ ਉਨ੍ਹਾਂ ਨੂੰ ਵਿੱਚ ਹੀ ਰੱਖੇਗਾ, ਅਤੇ ਦਾਗਾਂ ਨੂੰ ਰੋਕਣ ਲਈ ਤੁਸੀਂ ਕੀ ਕਰ ਸਕਦੇ ਹੋ ਬਾਰੇ ਜਾਣੋ।

ਇਹ ਜਾਣਕਾਰੀ ਹਸਪਤਾਲ ਤੋਂ ਛੁੱਟੀ ਮਗਰੋਂ ਘਰ ਵਿੱਚ ਆਪਣੇ ਬੱਚੇ ਦੇ ਜ਼ਖ਼ਮਾਂ ਦੀ ਸਾਂਭ ਸੰਭਾਲ ਕਰਨ ਵਿੱਚ ਤੁਹਾਡੀ ਮਦਦ ਕਰੇਗੀ।

ਜ਼ਖ਼ਮ ਦਾ ਇਲਾਜ ਕਿਵੇਂ ਕੀਤਾ ਗਿਆ?

ਆਪਣੇ ਡਾਕਟਰ ਜਾਂ ਨਰਸ ਦੀ ਸਹਾਇਤਾ ਨਾਲ ਹੇਠ ਦਰਜ ਵਿੱਚੋਂ ਆਪਣੇ ਉੱਤੇ ਲਾਗੂ ਹੁੰਦੇ ਭਾਗ ਵਿੱਚ ਟਿਕ ਕਰੋ, ਅਤੇ ਜਾਂ ਇਨ੍ਹਾਂ ਵਿਚਲੀਆਂ ਖਾਲੀ ਥਾਵਾਂ ਭਰੋ। ਤੁਹਾਡੇ ਬੱਚੇ ਦਾ ਜ਼ਖਮ ਦਾ ਇਲਾਜ ਕਿਵੇਂ ਕੀਤਾ ਗਿਆ:

  • ਆਮ ਟਾਂਕੇ ਲਾ ਕੇ(ਟਾਂਕਿਆਂ ਦੀ ਗਿਣਤੀ____________________)
  • ਅੰਦਰ ਹੀ ਅੰਦਰ ਖ਼ਤਮ ਹੋ ਜਾਣ ਵਾਲੇ ਜਾਂ ਘੁਲ਼ ਜਾਣ ਵਾਲੇ ਟਾਂਕੇ ਲਾ ਕੇ ( ਟਾਂਕਿਆਂ ਦੀ ਗਿਣਤੀ______________)
  • ਸਟੇਪਲ ਲਾ ਕੇ (ਸਟੇਪਲਾਂ ਦੀ ਗਿਣਤੀ________)
  • ਗੂੰਦ ਨਾਲ
  • ਚਿੱਪਕਣ ਵਾਲੀਆਂ ਪੱਟੀਆਂ ਜਾਂ (ਸਟੈਰੀ-ਸਟਰਿੱਪਸ ਨਾਲ)
  • ਕਿਸੇ ਇਲਾਜ ਜਾਂ (ਜ਼ਖ਼ਮ ਨੂੰ) ਬੰਦ ਕਰਨ ਦੀ ਲੋੜ ਨਹੀਂ ਪਈ

(ਆਮ ਟਾਂਕਿਆਂ, ਘੁਲ਼ ਜਾਣ ਵਾਲੇ ਟਾਂਕਿਆਂ) ਜਾਂ ਸਟੇਪਲਾਂ ਵਾਲੇ ਜ਼ਖ਼ਮ ਦੀ ਸਾਂਭ ਸੰਭਾਲ

ਜ਼ਖ਼ਮ ਨੂੰ ਢੱਕ ਕੇ, ਸਾਫ, ਅਤੇ ਖੁਸ਼ਕ ਰੱਖੋ। ਆਪਣੇ ਬੱਚੇ ਦੇ ਜ਼ਖ਼ਮ ਨੂੰ ਪੱਟੀ ਨਾਲ _____ ਦਿਨਾਂ ਵਾਸਤੇ ਪੂਰੀ ਤਰ੍ਹਾਂ ਢੱਕ ਕੇ ਰੱਖੋ। ਇਸ ਤੋਂ ਬਾਅਦ, ਗਤੀਵਿਧੀਆਂ ਦੌਰਾਨ ਤਾਂ ਜ਼ਖ਼ਮ ਨੂੰ ਪੱਟੀ ਨਾਲ ਢੱਕ ਕੇ ਰੱਖਣਾ ਚਾਹੋਂਗੇ, ਪਰ ਜਦੋਂ ਬੱਚਾ ਘਰ ਵਿੱਚ ਅਰਾਮ ਵਗੈਰਾ ਕਰ ਰਿਹਾ ਹੋਵੇ ਜਾਂ ਹਲ਼ਕਾ ਜਿਹਾ ਕੋਈ ਕੰਮ ਰਿਹਾ ਹੋਵੇ ਤਾਂ ਜ਼ਖ਼ਮ ਨੂੰ ਹਵਾ ਲੱਗਣ ਲਈ ਪੱਟੀ ਖੋਲ੍ਹ ਕੇ ਰੱਖੋ।

ਡਾਕਟਰ ਦੀ ਸਲਾਹ ਅਨੁਸਾਰ ਦਿਨ ਵਿੱਚ ਤੁਹਾਨੂੰ ਇੱਕ ਜਾਂ ਦੋ ਵਾਰੀ ਪੱਟੀ ਬਦਲਣ ਦੀ ਲੋੜ ਪੈ ਸਕਦੀ ਹੈ। ਪੱਟੀ ਬਦਲਣ ਤੋਂ ਭਾਵ ਹੈ ਗੰਦੀ ਪੱਟੀ ਨੂੰ ਉਤਾਰ ਦਿਓ ਅਤੇ ਨਵੀਂ ਪੱਟੀ ਕਰ ਦਿਓ। ਤੁਹਾਨੂੰ ਜ਼ਖ਼ਮ ਦੀ ਹਾਲਤ ਜਾਂ ਡਾਕਟਰ ਦੀ ਸਲਾਹ ਅਨੁਸਾਰ 7 ਜਾਂ ਵੱਧ ਦਿਨਾਂ ਤੀਕ ਦਿਨ ਵਿੱਚ 2 ਵਾਰੀ ਜ਼ਖ਼ਮ 'ਤੇ ਰੋਗਾਣੂਨਾਸ਼ਕ ਮਲ੍ਹਮ (ਅਜਿਹੀ ਕਰੀਮ ਜਿਹੜੀ ਜਰਮਾਂ ਨੂੰ ਮਾਰ ਦੇਵੇ ਜਿਵੇਂ ਪੋਲੀਸਪੋਰਿਨ ਆਦਿ) ਲਾਉਣ ਦੀ ਲੋੜ ਵੀ ਪੈ ਸਕਦੀ ਹੈ।

ਰੋਗਾਣੂਨਾਸ਼ਕ ਕਰੀਮ ਨੂੰ ਡੱਬੀ ਵਿੱਚੋਂ ਨਿਚੋੜ ਕੇ ਬਾਹਰ ਕੱਢਣ ​ਲੱਗਿਆਂ ਇਹ ਯਕੀਨੀ ਬਣਾਓ ਕਿ ਛੂਤ ਤੋਂ ਬਚਾਅ ਕਰਨ ਲਈ ਟਿਊਬ ਨੂੰ ਗੰਦੇ ਹੱਥ ਨਾ ਛੋਹਣ। ਇਸ ਦੀ ਬਜਾਏ, ਸਾਫ਼ ਰੂੰ ਦੇ ਤੂੰਬੇ ਜਾਂ ਰੂੰ ਦੇ ਗੋਲੇ ਦੀ ਵਰਤੋਂ ਕਰੋ

ਜ਼ਖ਼ਮ ਨੂੰ ਧੋਣਾ

_____ ਦਿਨਾਂ ਬਾਅਦ, ਤੁਸੀਂ ਜ਼ਖ਼ਮ ਨੂੰ ਹਲਕੇ ਸਾਬਣ ਅਤੇ ਪਾਣੀ ਨਾਲ ਹੌਲੀ ਹੌਲੀ ਧੋ ਸਕਦੇ ਹੋ। ਜਦੋਂ ਜ਼ਖ਼ਮ ਨੂੰ ਧੋਣਾ ਸੁਰੱਖਿਅਤ ਹੋਵੇ ਤਾਂ ਹਰ ਰੋਜ਼ ਦਿਨ ਵਿੱਚ ਇਕ ਜਾਂ ਦੋ ਵਾਰੀ ਇਸ ਨੂੰ ਧੋਵੋ। ਜ਼ਖ਼ਮ ਨੂੰ ਨਾ ਰਗੜੋ ਜਾਂ ਨਾ ਭਿੱਜਣ ਦਿਓ।

ਨਹਾਉਣਾ

ਜੇ ਜ਼ਖ਼ਮ ਪਾਣੀ ਵਿੱਚ ਭਿੱਜਦਾ ਹੋਵੇ ਤਾਂ ਆਪਣੇ ਬੱਚੇ ਨੂੰ ਨਾ ਨਹਾਉ। ਸੌਖਾ ਹੋਵੇਗਾ ਕਿ ਬੱਚੇ ਨੂੰ ਬਾਥਟੱਬ ਜਾਂ ਸ਼ਾਵਰ ਵਿੱਚ ਖੜ੍ਹਾ ਕਰ ਲਓ ਅਤੇ ਉਸ ਦੇ ਸਰੀਰ ਦੇ ਅਜਿਹੇ ਹਿੱਸਿਆਂ ਨੂੰ, ਜਿੱਥੇ ਜ਼ਖ਼ਮ ਨਾ ਹੋਵੇ, ਗਿੱਲੇ ਤੌਲੀਏ ਨਾਲ ਸਾਫ਼ ਕਰ ਲਓ। ਜਦੋਂ ਜ਼ਖ਼ਮ ਠੀਕ ਹੋ ਰਿਹਾ ਹੋਵੇ ਤਾਂ ਸ਼ਾਵਰ ਵੀ ਦਿੱਤਾ ਜਾ ਸਕਦਾ ਹੈ।

ਟਾਂਕਿਆਂ ਜਾਂ ਸਟੇਪਲਾਂ ਨੂੰ ਖੋਲ੍ਹਣਾ

ਜੇ ਤੁਹਾਡੇ ਬੱਚੇ ਦੇ ਜ਼ਖ਼ਮ 'ਤੇ ਆਮ ਟਾਂਕੇ ਜਾਂ ਸਟੇਪਲ ਲਾ ਕੇ ਇਲਾਜ ਕੀਤਾ ਗਿਆ ਹੋਵੇ ਤਾਂ ਤੁਹਾਡੇ ਬੱਚੇ ਦੇ ਡਾਕਟਰ ਨੂੰ _____ ਦਿਨਾਂ ਬਾਅਦ ਇਨ੍ਹਾਂ ਨੂੰ ਹਟਾ ਦੇਣਾ ਚਾਹੀਦਾ ਹੈ। ਪਰ ਜੇ ਅੰਦਰ ਹੀ ਘੁਲ਼ ਜਾਣ ਵਾਲੇ ਟਾਂਕੇ ਲਾਏ ਗਏ ਹੋਣ ਤਾਂ ਉਨ੍ਹਾਂ ਨੂੰ ਹਟਾਉਣ ਦੀ ਜ਼ਰੂਰਤ ਨਹੀਂ। ਉਹ _____ ਦਿਨਾਂ ਬਾਅਦ ਆਪਣੇ ਆਪ ਹੀ ਸਰੀਰ ਦੇ ਅੰਦਰ ਹੀ ਘੁਲ਼ ਜਾਂ ਖੁਰ ਜਾਣਗੇ।

ਜ਼ਖ਼ਮਾਂ ਦੀ ਸਾਂਭ ਸੰਭਾਲ ਜਿਨ੍ਹਾਂ ਦਾ ਇਲਾਜ ਗੂੰਦ ਲਾ ਕੇ ਕੀਤਾ ਗਿਆ ਹੋਵੇ

ਗੂੰਦ ਨਾਲ ਛੇੜ ਛਾੜ ਨਾ ਕਰੋ ਜ਼ਖ਼ਮਾਂ ਨੂੰ ਨਾ ਮਲ਼ੋ।

ਜ਼ਖ਼ਮ ਨੂੰ ਪਾਣੀ ਵਿੱਚ ਗਿੱਲਾ ਨਾ ਕਰੋ। ਤੁਹਾਡੇ ਬੱਚੇ ਨੂੰ ਘੱਟੋ ਘੱਟ 7 ਦਿਨ ਤੈਰਨਾ ਨਹੀਂ ਚਾਹੀਦਾ।

ਜਦ ਤੱਕ ਗੂੰਦ ਆਪਣੇ ਆਪ ਉੱਤਰ ਜਾਂ ਲਹਿ ਨਾ ਜਾਵੇ, ਉਦੋਂ ਤੱਕ ਕੋਈ ਕਰੀਮ ਜਾਂ ਮੱਲ੍ਹਮ ਨਾ ਲਗਾਓ। ਗੂੰਦ ਆਮ ਕਰਕੇ 5 ਤੋਂ 14 ਦਿਨ ਦੇ ਵਿੱਚ ਵਿੱਚ ਉੱਤਰ ਜਾਂਦੀ ਜਾਂ ਲਹਿ ਜਾਂਦੀ ਹੈ।

ਜ਼ਖ਼ਮ ਨੂੰ ਪੱਟੀ ਨਾਲ ਢੱਕਣ ਦੀ ਲੋੜ ਨਹੀਂ ਹੁੰਦੀ, ਪਰ ਬੱਚੇ ਨੂੰ ਗੂੰਦ ਨੂੰ ਛੇੜਣ ਤੋਂ ਰੋਕਣ ਲਈ ਕਈ ਮਾਪੇ ਜ਼ਖ਼ਮ ਨੂੰ ਪੱਟੀ ਨਾਲ ਢੱਕ ਸਕਦੇ ਹਨ। ਜਦ ਗੂੰਦ ਆਪਣੇ ਆਪ ਹੀ ਉੱਤਰ ਗਈ ਹੋਵੇ ਜਾਂ ਲਹਿ ਗਈ ਹੋਵੇ ਤਾਂ ਉਸ ਪਿੱਛੋਂ ਤੁਹਾਡੇ ਬੱਚੇ ਨੂੰ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਹੁੰਦੀ।

ਨਹਾਉਣਾ

ਜੇ ਜ਼ਖ਼ਮ ਦੇ ਸਿੱਧਾ ਪਾਣੀ ਹੇਠ ਆਉਣ ਤੋਂ ਬਚਾਉਣਾ ਸੰਭਵ ਨਾ ਹੋਵੇ ਤਾਂ ਬੱਚੇ ਨੂੰ ਨਾ ਨਹਾਓ। ਇਸ ਦੀ ਬਜਾਏ ਸੌਖਾ ਤਰੀਕਾ ਇਹ ਹੋਵੇਗਾ ਕਿ ਬੱਚੇ ਨੂੰ ਬਾਥ ਟੱਬ ਜਾਂ ਸ਼ਾਵਰ ਵਿੱਚ ਖੜ੍ਹਾ ਕੇ ਗਿੱਲੇ ਤੌਲੀਏ ਨਾਲ ਉਸ ਦਾ ਸਰੀਰ ਸਾਫ ਕਰ ਦਿਓ। ਜੇ ਸੰਭਵ ਹੋਵੇ ਤਾਂ ਸ਼ਾਵਰ ਵੀ ਦਿੱਤਾ ਜਾ ਸਕਦਾ ਹੈ। ਸ਼ਾਵਰ ਤੋਂ ਬਾਅਦ ਤੌਲੀਏ ਨਾਲ ਹੌਲੀ ਹੌਲੀ ਜ਼ਖ਼ਮ ਨੂੰ ਸੁਕਾ ਦਿਓ।

ਜ਼ਖ਼ਮ, ਜਿਨ੍ਹਾਂ ਉੱਤੇ ਚਿਪਕਣ ਵਾਲੀਆਂ ਪੱਟੀਆਂ (ਸਟੈਰੀ-ਸਟ੍ਰਿੱਪਸ) ਨਾਲ ਇਲਾਜ ਕੀਤਾ ਗਿਆ ਹੋਵੇ, ਉਨ੍ਹਾਂ ਦੀ ਸਾਂਭ-ਸੰਭਾਲ

ਜਿਉਂ ਹੀ ਪੱਟੀਆਂ ਕੁਝ ਦਿਨਾਂ ਬਾਅਦ ਆਪਣੇ ਆਪ ਚਮੜੀ ਤੋਂ ਉਖੜਨ ਲੱਗਦੀਆਂ ਹਨ, ਤੁਸੀਂ ਉਨ੍ਹਾਂ ਦੇ ਸਿਰਿਆਂ ਨੂੰ ਕੱਟ ਦਿਓ। ਜੇ 7 ਦਿਨਾਂ ਬਾਅਦ ਵੀ ਇਹ ਪੱਟੀਆਂ ਨਹੀਂ ਉੱਤਰਦੀਆਂ ਤਾਂ ਤੁਸੀਂ ਘਰੇ ਹੀ ਪਾਣੀ ਨਾਲ ਗਿੱਲੀਆਂ ਕਰਕੇ ਇਨ੍ਹਾਂ ਨੂੰ ਉਤਾਰ ਸਕਦੇ ਹੋ। ਜਦੋਂ ਇਹ ਪੱਟੀਆਂ ਆਪਣੇ ਆਪ ਪੂਰੀ ਤਰ੍ਹਾਂ ਉੱਤਰ ਜਾਣ ਤਾਂ ਫਿਰ ਤੁਹਾਡੇ ਬੱਚੇ ਨੂੰ ਮੁੜ ਕੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਹੁੰਦੀ।

ਨਹਾਉਣਾ

ਜ਼ਖ਼ਮ ਨੂੰ ਗਿੱਲਾ ਨਾ ਕਰੋ ਤੇ ਨਾ ਹੀ ਇਸ ਨੂੰ ਮਲ਼ੋ। ਤੁਹਾਡਾ ਬੱਚਾ ਸ਼ਾਵਰ ਲੈ ਸਕਦਾ ਹੈ ਤੇ ਬਾਅਦ ਵਿੱਚ ਤੌਲੀਏ ਨਾਲ ਹਲਕਾ ਹਲਕਾ ਥਪਕ ਕੇ ਜ਼ਖ਼ਮ ਨੂੰ ਸੁਕਾ ਦਿਓ। ਤੁਹਾਡੇ ਬੱਚੇ ਨੂੰ 7 ਦਿਨ ਤੱਕ ਤੈਰਨਾ ਨਹੀਂ ਚਾਹੀਦਾ।

ਡਾਕਟਰੀ ਸਹਾਇਤਾ ਕਦੋਂ ਲੈਣੀ ਚਾਹੀਦੀ ਹੈ

ਜਿਉਂ ਹੀ ਤੁਹਾਡੇ ਬੱਚੇ ਦਾ ਜ਼ਖ਼ਮ ਠੀਕ ਹੁੰਦਾ ਹੋਵੇ ਤਾਂ ਇਸ ਦੇ ਸਿਰੇ ਹਲਕੇ ਜਿਹੇ ਲਾਲ ਹੋ ਜਾਣਗੇ। ਇਹ ਸਾਧਾਰਨ ਗੱਲ ਹੁੰਦੀ ਹੈ।

ਜੇ ਹੇਠ ਦਰਜ ਹਾਲਤਾਂ ਵਿੱਚੋਂ ਕਿਸੇ ਇੱਕ ਦੇ ਵਾਪਰਨ ਦੀ ਸੂਰਤ ਵਿੱਚ ਆਪਣੇ ਬੱਚੇ ਨੂੰ ਉਸ ਦੇ ਆਮ ਡਾਕਟਰ ਜਾਂ ਨਜ਼ਦੀਕੀ ਡਾਕਟਰ ਕੋਲ ਲੈ ਜਾਓ:

  • ਜੇ ਤੁਹਾਡੇ ਬੱਚੇ ਦਾ ਜ਼ਖ਼ਮ ਦੁੱਖਦਾਈ ਬਣ ਜਾਵੇ, ਲਾਲ ਹੋ ਜਾਵੇ, ਜਾਂ ਸੁੱਜ ਜਾਵੇ।
  • ਜੇ ਜ਼ਖ਼ਮ ਵਿੱਚੋਂ ਪੀਲਾ ਜਾਂ ਹਰਾ ਜਿਹਾ ਤਰਲ ਪਦਾਰਥ ਨਿਕਲ ਰਿਹਾ ਹੋਵੇ।
  • ਜੇ ਅਗਲੇ 72 ਘੰਟਿਆਂ ਅੰਦਰ ਬੱਚੇ ਨੂੰ ਬੁਖ਼ਾਰ ਚੜ੍ਹ ਜਾਂਦਾ ਹੈ।
  • ਜੇ ਬੱਚੇ ਦਾ ਜ਼ਖ਼ਮ ਖੁੱਲ੍ਹ ਜਾਵੇ ਤੇ ਇਸ ਵਿਚੋਂ ਖੂਨ ਵਹਿਣ ਲੱਗ ਜਾਵੇ।

ਬੱਚੇ ਦਾ ਜ਼ਖ਼ਮ ਠੀਕ ਹੋਣ ਤੋਂ ਬਾਅਦ ਆਪਣੇ ਬੱਚੇ ਦੇ ਜ਼ਖ਼ਮ ਦੇ ਨਿਸ਼ਾਨ ਦੀ ਦੇਖਭਾਲ ਕਰਨੀ

ਬਹੁਤੇ ਜ਼ਖ਼ਮ ਚਮੜੀ 'ਤੇ ਕੁਝ ਕੁ ਨਿਸ਼ਾਨ ਛੱਡ ਜਾਂਦੇ ਹਨ। ਇਹ ਨਿਸ਼ਾਨ ਕਈ ਕਾਰਨਾਂ ਤੋਂ ਪ੍ਰਭਾਵਤ ਹੁੰਦੇ ਹਨ, ਜਿਵੇਂ ਜ਼ਖ਼ਮ ਦੀ ਥਾਂ ਤੇ ਅਕਾਰ, ਚਮੜੀ ਦੀ ਕਿਸਮ, ਉਮਰ, ਲਾਗ, ਤਮਾਕੂਨੋਸ਼ੀ, ਅਤੇ ਮੌਜੂਦਾ ਬਿਮਾਰੀਆਂ ਅਤੇ ਚਮੜੀ ਦੀਆਂ ਹਾਲਤਾਂ। ਹੋ ਸਕਦਾ ਹੈ ਪਹਿਲੇ ਕੁੱਝ ਮਹੀਨੇ ਠੀਕ ਹੋ ਜਾਣ ਪਿੱਛੋਂ ਤੁਹਾਡੇ ਬੱਚੇ ਦਾ ਜ਼ਖ਼ਮ ਦਾ ਨਿਸ਼ਾਨ ਕਾਫ਼ੀ ਮੋਟਾ ਲੱਗੇ। ਠੀਕ ਹੋ ਜਾਣ ਪਿੱਛੋਂ ਇਸ ਨਿਸ਼ਾਨ ਦੀ ਦਿਖ ਪਹਿਲੇ 6 ਤੋਂ 18 ਮਹੀਨਿਆਂ ਦੌਰਾਨ ਬਦਲਦੀ ਰਹੇਗੀ।

ਜ਼ਖ਼ਮ ਜਦੋਂ ਠੀਕ ਹੋ ਜਾਂਦਾ ਹੈ ਤਾਂ ਹੇਠ ਦਰਜ ਕੰਮ ਕਰ ਕੇ ਤੁਸੀਂ ਨਿਸ਼ਾਨ ਦੀ ਅੰਤਿਮ ਸ਼ਕਲ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹੋ:

  • ਜ਼ਖ਼ਮ ਦੇ ਨਿਸ਼ਾਨ ਨੂੰ ਸਿੱਧੀ ਧੁੱਪ ਤੋਂ ਬਚਾਓ। ਤੁਸੀਂ ਜ਼ਖ਼ਮ ਨੂੰ ਕੱਪੜੇ ਨਾਲ ਢਕ ਕੇ, ਛਾਵੇਂ ਰੱਖ ਕੇ, ਜਾਂ ਸੂਰਜ ਤੋਂ ਬਚਾਉ ਕਰਨ ਵਾਲੀ ਵਸਤ ਵਰਤ ਕੇ ਇਹ ਕੰਮ ਕਰ ਸਕਦੇ ਹੋ।
  • ਦਿਨ ਵਿੱਚ ਇੱਕ ਜਾਂ ਦੋ ਵਾਰ ਵਿਟਾਮਿਨ ਈ ਕਰੀਮ ਜਿਹੀ ਮਾਇਸਚਰਾਈਜ਼ਰ ਕਰੀਮ ਹੌਲੀ ਹੌਲੀ ਜ਼ਖ਼ਮ 'ਤੇ ਲਾਓ। ਜੇ ਜ਼ਖ਼ਮ 'ਤੇ ਸਟੇਪਲਜ਼, ਟਾਂਕੇ ਜਾਂ ਗੂੰਦ ਅਜੇ ਲੱਗੀ ਹੋਵੇ, ਮਾਇਸਚਰਾਈਜ਼ਰ ਕਰੀਮ ਨਾ ਲਾਉ। ਜ਼ਖ਼ਮ ਦੇ ਠੀਕ ਹੋ ਜਾਣ ਤੋਂ ਬਾਅਦ ਲਗਭਗ 4 ਤੋਂ 6 ਹਫ਼ਤਿਆਂ ਤੱਕ ਦਿਨ ਵਿੱਚ 1 ਜਾਂ 2 ਵਾਰੀ ਜ਼ਖ਼ਮ ਦੇ ਨਿਸ਼ਾਨ 'ਤੇ ਅਜਿਹੀ ਮਾਇਸਚਰਾਈਜ਼ਰ ਕਰੀਮ ਲਾਉਂਦੇ ਰਹੋ।
  • ਤਮਾਕੂਨੋਸ਼ੀ ਬੰਦ ਕਰੋ।

ਮੁੱਖ ਨੁਕਤੇ

  • ਜ਼ਖ਼ਮ ਦੇ ਠੀਕ ਹੋਣ ਜਾਂ ਨਿਸ਼ਾਨਾਂ ਦੇ ਮਾਮਲੇ ਵਿੱਚ ਕੀ ਕੁਝ ਕਰਨਾ ਹੈ, ਉਸ ਬਾਰੇ ਅਜਿਹੇ ਹੈਲਥ ਕੇਅਰ ਪੇਸ਼ਾਵਰ ਨੂੰ ਪੁੱਛੋ ਜਿਹੜਾ ਤੁਹਾਡੇ ਬੱਚੇ ਦੇ ਜ਼ਖ਼ਮ ਦਾ ਇਲਾਜ ਕਰ ਰਿਹਾ ਹੋਵੇ।
  • ਜੇ ਤੁਹਾਡੇ ਬੱਚੇ ਦੇ ਲਾਗ ਲੱਗਣ ਦੀਆਂ ਨਿਸ਼ਾਨੀਆਂ, ਸਮੇਤ ਬੁਖ਼ਾਰ ਜਾਂ ਦਰਦ, ਲਾਲੀ, ਅਤੇ ਜ਼ਖ਼ਮ ਦੀ ਸੋਜ਼ਸ਼ ਦਿੱਸਣ, ਤਾਂ ਡਾਕਟਰ ਨੂੰ ਮਿਲੋ।
  • ਬਹੁਤੇ ਜ਼ਖ਼ਮ, ਜਿਹੜੇ ਚਮੜੀ ਦੀਆਂ ਉੱਪਰਲੀਆਂ ਤੈਹਾਂ ਵਿੱਚ ਹੁੰਦੇ ਹਨ, ਇੱਕ ਨਿਸ਼ਾਨ ਛੱਡਦੇ ਹੋਏ ਠੀਕ ਹੋ ਜਾਂਦੇ ਹਨ। ਸੱਟ ਲੱਗਣ ਪਿਛੋਂ ਦੇ ਹਫ਼ਤਿਆਂ ਵਿੱਚ ਇਹ ਨਿਸ਼ਾਨ ਵੱਧ ਨੁਮਾਇਆਂ ਹੁੰਦੇ ਹਨ ਪਰ ਅਗਲੇ ਮਹੀਨਿਆਂ ਵਿੱਚ ਇਹ ਹੌਲੀ ਹੌਲੀ ਘਟਣੇ ਸ਼ੁਰੂ ਹੋ ਜਾਂਦੇ ਹਨ।
Last updated: ਨਵੰਬਰ 01 2010