ਕਰੂਪ (ਬੱਚਿਆਂ ਵਿੱਚ ਸੰਘ ਦੀ ਖਰਖਰੀ ਜਿਸ ਨਾਲ ਖੰਘ ਹੋ ਜਾਂਦੀ ਹੈ)

Croup [ Punjabi ]

PDF download is not available for Arabic and Urdu languages at this time. Please use the browser print function instead

ਸੰਘ ਦੀ ਖਰਖਰੀ (ਕਰੂਪ) ਵਾਇਰਸ ਨਾਲ ਲੱਗਣ ਵਾਲੀ ਲਾਗ ਹੁੰਦੀ ਹੈ ਜਿਸ ਕਾਰਨ ਹਵਾ (ਸਾਹ) ਵਾਲੇ ਰਸਤਿਆਂ ਵਿੱਚ ਸੋਜ ਆ ਜਾਂਦੀ ਹੈ, ਜਿਸ ਨਾਲ ਸਾਹ ਲੈਣ ਵਿੱਚ ਕਠਿਨਾਈ ਆਉਂਦੀ ਹੈ।

ਸੰਘ ਦੀ ਖਰਖਰੀ (ਕਰੂਪ) ਕੀ ਹੁੰਦੀ ਹੈ?

ਸੰਘ ਦੀ ਖਰਖਰੀ (ਕਰੂਪ) ਬਚਪਨ ਵਿੱਚ ਹੋਣ ਵਾਲੀ ਇੱਕ ਆਮ ਬਿਮਾਰੀ ਹੈ ਜਿਹੜੀ ਵਾਇਰਸ ਨਾਲ ਲੱਗਣ ਵਾਲੀ ਲਾਗ ਕਾਰਨ ਹੁੰਦੀ ਹੈ। ਵਾਇਰਸ ਕਾਰਨ ਲੈਰਿੰਕਸ (ਕੰਠ ਪਟਾਰੀ) ਅਤੇ ਟਰੇਕੀਆ (ਹਵਾ ਵਾਲੀ ਨਾਲੀ) ਸਮੇਤ ਹਵਾ (ਸਾਹ) ਵਾਲੇ ਰਸਤਿਆਂ ਦੇ ਉੱਪਰਲੇ ਭਾਗਾਂ, ਵਿੱਚ ਸੋਜ ਹੋ ਜਾਂਦੀ ਹੈ[

ਸੋਜ ਕਾਰਨ ਤੁਹਾਡੇ ਬੱਚੇ ਦੀ ਅਵਾਜ਼ ਵਿੱਚ ਤਬਦੀਲੀ ਅਤੇ ਸਾਹ ਲੈਣ ਵਿੱਚ ਕਠਿਨਾਈ ਆਉਣ ਲੱਗ ਜਾਂਦੀ ਹੈ। ਇਸ ਦੀ ਸੰਭਾਵਨਾ ਖ਼ਾਸ ਕਰ ਛੋਟੇ ਬੱਚਿਆਂ ਅਤੇ ਬੇਬੀਜ਼ ਵਿੱਚ ਜ਼ਿਆਦਾ ਹੁੰਦੀ ਹੈ ਕਿਉਂਕਿ ਉਨ੍ਹਾਂ ਦੇ ਸਰੀਰ ਵਿੱਚ ਹਵਾ (ਸਾਹ) ਵਾਲੇ ਰਸਤੇ ਛੋਟੇ ਹੁੰਦੇ ਹਨ[

ਕਰੂਪ (ਬੱਚਿਆਂ ਵਿੱਚ ਸੰਘ ਦੀ ਖਰਖਰੀ ਜਿਸ ਨਾਲ ਖੰਘ ਹੋ ਜਾਂਦੀ ਹੈ)ਪਛਾਣੀ ਗਈ ਸਾਹ ਦੀ ਨਲੀ ਅਤੇ ਵੋਕਲ ਕੋਰਡਜ਼ ਵਾਲਾ ਸਧਾਰਨ ਸੰਘ ਅਤੇ ਸੁੱਜੀਆਂ  ਵੋਕਲ ਕੋਰਡਜ਼ ਅਤੇ ਆਸੇ ਪਾਸੇ ਦੀਆਂ ਬਣਤਰਾਂ ਵਾਲਾ ਸੁੱਜਿਆ ਹੋਇਆ ਸੰਘ
ਖਰਖਰੀ (ਗਲੇ ਦੀ ਖ਼ਰਾਬੀ ਜਿਸ ਨਾਲ ਬੱਚੇ ਨੂੰ ਖਾਂਸੀ ਹੋ ਜਾਂਦੀ ਹੈ) ਇੱਕ ਲਾਗ ਹੁੰਦੀ ਹੈ ਜੋ ਨਾਦ-ਤੰਤੂ (ਵੋਕਲ ਕੋਰਡਜ਼), ਘੰਡੀ (ਵਾਇਸ ਬਾਕਸ), ਅਤੇ ਸਾਹ ਨਾਲੀ `ਤੇ ਅਸਰ ਕਰਦੀ ਹੈ। ਜੋ ਵੋਕਲ ਕੋਰਡਜ਼ ਦੇ ਸੁੱਜਣ ਅਤੇ ਸਾਹ ਲੈਣ ਦੇ ਰਸਤੇ ਦੇ ਤੰਗ ਹੋਣ ਦਾ ਕਾਰਨ ਬਣ ਜਾਂਦੀ ਹੈ।

ਕਰੂਪ (ਸੰਘ ਦੀ ਖਰਖਰੀ) ਦੇ ਲੱਛਣਾਂ ਵਿੱਚ ਹੇਠ ਦਰਜ ਸ਼ਾਮਲ ਹਨ:

  • ਸਖ਼ਤ “ਕੁੱਤਾ” ਖੰਘ
  • ਸਾਹ ਦੀ ਅਵਾਜ਼ ਉੱਚੀ (ਸੀਟੀ ਵੱਜਣ ਵਾਂਗ) ਆਉਣੀ (ਸਟਰਾਈਡਰ)
  • ਸਾਹ ਲੈਣ ਵਿੱਚ ਕਠਿਨਾਈ
  • ਭਰੜਾਈ ਅਵਾਜ਼
  • ਗਲ਼ੇ ਵਿੱਚ ਹਲਕੀ ਜਿਹੀ ਪੀੜ
  • ਨੱਕ ਵਗਣਾ ਜਾਂ ਬੰਦ ਹੋਣਾ
  • ਬੁਖ਼ਾਰ

ਸਟਰਾਈਡਰ ਇੱਕ ਉੱਚੇ ਰੌਲ਼ੇ ਜਿਹੀ ਅਵਾਜ਼ ਹੁੰਦੀ ਹੈ ਜਿਹੜੀ ਉਦੋਂ ਪੈਦਾ ਹੁੰਦੀ ਹੈ ਜਦੋਂ ਤੰਗ ਹੋ ਚੁੱਕੇ ਹਵਾ ਦੇ ਰਸਤਿਆਂ (ਨਾਲੀਆਂ) ਵਿੱਚੋਂ ਸਾਹ ਲਿਆ ਜਾਂਦਾ ਹੈ। ਸੰਘ ਦੀ ਹਲ਼ਕੀ ਖਰਖਰੀ (ਕਰੂਪ) ਵਿੱਚ, ਤੁਹਾਡੇ ਬੱਚੇ ਦੀ ਅਵਾਜ਼ ਸੀਟੀ ਵਾਂਗ ਤਿੱਖੀ (ਸਟਰਾਈਡਰ) ਉਦੋਂ ਹੁੰਦੀ ਹੈ ਜਦੋਂ ਉਹ ਰੋ ਜਾਂ ਖੰਘ ਰਿਹਾ ਹੁੰਦਾ ਹੈ। ਜੇ ਕਰੂਪ (ਸੰਘ ਦੀ ਖਰਖਰੀ) ਵਿਗੜ ਜਾਵੇ ਤਾਂ ਤੁਹਾਡੇ ਬੱਚੇ ਨੂੰ ਅਰਾਮ ਵੇਲੇ ਜਾਂ ਸੁੱਤੇ ਪਏ ਨੂੰ ਵੀ ਸਟਰਾਈਡਰ (ਸੀਟੀ ਵਾਂਗ ਤਿੱਖੀ ਅਵਾਜ਼) ਆ ਸਕਦੀ ਹੈ, ਅਤੇ ਉਸ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਆ ਸਕਦੀ ਹੈ[

ਸੰਘ ਦੀ ਖਰਖਰੀ (ਕਰੂਪ) ਲਗਭਗ 1 ਹਫ਼ਤੇ ਤੀਕ ਰਹਿੰਦੀ ਹੈ

ਜਿਹੜੇ ਵਾਇਰਸਾਂ ਕਾਰਨ ਸੰਘ ਦੀ ਖਰਖਰੀ (ਕਰੂਪ) ਹੁੰਦੀ ਹੈ ਉਹ ਆਮ ਤੌਰ ‘ਤੇ 1 ਹਫ਼ਤਾ ਰਹਿੰਦੀ ਹੈ। ਕੁੱਤਾ ਖੰਘ ਅਤੇ ਅਵਾਜ਼ ਵਾਲੀ ਸਾਹ ਦੀ ਕਿਰਿਆ ਆਮ ਤੌਰ ‘ਤੇ ਪਹਿਲੇ 2 ਜਾਂ 3 ਦਿਨਾਂ ਦੌਰਾਨ ਵਧੇਰੇ ਹੁੰਦੀ ਹੈ ਅਤੇ ਅਕਸਰ ਰਾਤ ਨੂੰ ਬਹੁਤ ਜ਼ਿਆਦਾ ਹੁੰਦੀ ਹੈ।

ਘਰ ਵਿੱਚ ਹੀ ਆਪਣੇ ਬੱਚੇ ਦੀ ਸੰਭਾਲ ਕਰਨੀ

ਬਹੁਤੇ ਬੱਚਿਆਂ ਵਿੱਚ ਸੰਘ ਦੀ ਖਰਖਰੀ (ਕਰੂਪ) ਇੱਕ ਹਲਕੀ ਬਿਮਾਰੀ ਹੁੰਦੀ ਹੈ ਜਿਸ ਦਾ ਘਰ ਵਿੱਚ ਹੀ ਧਿਆਨ ਰੱਖਿਆ ਜਾ ਸਕਦਾ ਹੈ। ਤੁਹਾਡੇ ਬੱਚੇ ਨੂੰ ਬਿਹਤਰ ਮਹਿਸੂਸ ਕਰਨ ਵਿੱਚ ਮਦਦ ਲਈ ਹੇਠ ਦਰਜ ਕੁੱਝ ਢੰਗ ਹਨ:

ਠੰਢੇ ਵਾਸ਼ਪ

ਠੰਢੀ, ਨਮੀ ਵਾਲੀ ਹ​ਵਾ , ਹਵਾ ਵਾਲੇ ਰਸਤਿਆਂ (ਸਾਹ ਵਾਲੀਆਂ ਨਾਲੀਆਂ) ਵਿੱਚ ਸੋਜ, ਜਿਸ ਕਾਰਨ ਤੇਜ਼ ਅਵਾਜ਼ ਵਾਲਾ ਸਾਹ ਜਾਂ ਸਾਹ ਲੈਣ ਵਿੱਚ ਕਠਿਨਾਈ ਹੁੰਦੀ ਹੈ, ਨੂੰ ਘਟਾਉਣ ਵਿੱਚ ਮਦਦ ਕਰ ਸਕਦੀ ਹੈ। ਆਪਣੇ ਬੱਚੇ ਨੂੰ ਠੰਢੇ ਵਾਸ਼ਪ ਬਣਾਉਣ ਵਾਲੇ ਯੰਤਰ ਦੇ ਨੇੜੇ ਰੱਖਣਾ ਵਧੀਆ ਗੱਲ ਹੁੰਦੀ ਹੈ। ਜੇ ਤੁਹਾਡੇ ਕੋਲ ਠੰਢੇ ਵਾਸ਼ਪ ਬਣਾਉਣ ਵਾਲਾ ਯੰਤਰ ਨਹੀਂ ਹੈ, ਤੁਹਾਡੇ ਬੱਚੇ ਦੇ ਕਮਰੇ ਵਿੱਚ ਇੱਕ ਸਧਾਰਨ ਹਿਊਮਿਡੀਫ਼ਾਇਰ ਰੱਖਣਾ ਵੀ ਲਾਭਦਾਇਕ ਹੁੰਦਾ ਹੈ। ਸਰਦੀਆਂ ਦੌਰਾਨ, ਤੁਸੀਂ ਆਪਣੇ ਬੱਚੇ ਦੇ ਸੌਣ ਵਾਲੇ ਕਮਰੇ ਦੀ ਖਿੜਕੀ ਖੋਲ੍ਹ ਸਕਦੇ ਹੋ ਤਾ ਕਿ ਠੰਢੀ ਹਵਾ ਅੰਦਰ ਆ ਸਕੇ, ਜਾਂ ਰਾਤ ਦੀ ਠੰਢੀ ਹਵਾ ਵਿੱਚ ਸਾਹ ਲੈਣ ਲਈ ਥੋੜ੍ਹੀ ਦੇਰ ਵਾਸਤੇ ਆਪਣੇ ਬੱਚੇ ਨੂੰ ਬਾਹਰ ਲੈ ਜਾਓ।

ਭਾਫ਼ ਨਾਲ ਭਰਿਆ ਗੁਸਲ਼ਖਾਨਾ

ਤੁਸੀਂ ਗੁਸਲ਼ਖਾਨੇ ਦਾ ਦਰਵਾਜ਼ਾ ਬੰਦ ਕਰ ਕੇ ਗਰਮ ਪਾਣੀ ਦਾ ਸ਼ਾਵਰ ਲਓ ਤਾਂ ਕਿ ਗੁਸਲ਼ਖਾਨਾ ਭਾਫ਼ ਨਾਲ ਭਰ ਜਾਵੇ। ਆਪਣੇ ਬੱਚੇ ਨੂੰ ਨਾਲ ਲੈ ਕੇ 10 ਮਿੰਟ ਲਈ ਭਾਫ਼ ਨਾਲ ਭਰੇ ਗੁਸਲ਼ਖਾਨੇ ਵਿੱਚ ਬੈਠੋ।

ਬੁਖ਼ਾਰ ਅਤੇ ਦਰਦ ਦੀਆਂ ਦਵਾਈਆਂ

ਬੁਖ਼ਾਰ ਅਤੇ ਗਲ਼ੇ ਦੀ ਸੋਜ ਲਈ ਅਸੀਟਾਮਿਨੋਫਿ਼ਨ (ਟਾਇਲਾਨੌਲ ਜਾਂ ਟੈਂਪਰਾ) ਜਾਂ ਆਈਬਿਊਪਰੋਫ਼ੈਨ (ਮੋਟਰਿਨ ਜਾਂ ਐਡਵਿੱਲ) ਦੀ ਵਰਤੋਂ ਕੀਤੀ ਜਾ ਸਕਦੀ ਹੈ। ਆਪਣੇ ਬੱਚੇ ਨੂੰ ਏ ਐੱਸ ਏ (ਅਸੀਟਲਸਾਲਾਸਾਲਕ ਐਸਿਡ ਜਾਂ ਐੱਸਪਰੀਨ) ਨਾ ਦਿਓ।

ਆਪਣੇ ਬੱਚੇ ਦੀ ਖੰਘ ਵਿੱਚ ਮਦਦ ਕਰਨੀ

ਖੰਘ ਸੰਘ ਵਿੱਚ ਖਰਖਰੀ (ਕਰੂਪ) ਦਾ ਇੱਕ ਲੱਛਣ ਹੁੰਦੀ ਹੈ। ਖੰਘ ਦਾ ਛੇਤੀ ਇਲਾਜ ਕਰਨ ਲਈ ਤੁਸੀਂ ਕੁੱਝ ਨਹੀਂ ਕਰ ਸਕਦੇ। ਵਾਇਰਸ ਦੀ ਮਿਆਦ ਪੁੱਗਣ ਤੋਂ ਪਿੱਛੋਂ ਖੰਘ ਠੀਕ ਹੋ ਜਾਵੇਗੀ।

ਫਿ਼ਰ ਵੀ, ਜਿਹੜੇ ਵਾਇਰਸ ਸੰਘ ਵਿੱਚ ਖਰਖਰੀ (ਕਰੂਪ) ਦਾ ਕਾਰਨ ਬਣਦੇ ਹਨ ਉਹ ਦਮੇ ਦੀ ਬਿਮਾਰੀ ਵਾਲੇ ਬੱਚਿਆਂ ਦੀ ਛਾਤੀ ਵਿੱਚ ਘਰਰ ਘਰਰ ਦੀ ਅਵਾਜ਼ ਵੀ ਪੈਦਾ ਕਰ ਸਕਦੇ ਹਨ, ਅਤੇ ਕਈ ਵਾਰੀ ਛਾਤੀ ਵਿੱਚ ਲਾਗ ਲੱਗਣ ਦਾ ਕਾਰਨ ਵੀ ਬਣ ਜਾਂਦੇ ਹਨ। ਜੇ ਤੁਹਾਡੇ ਬੱਚੇ ਦੀ ਖੰਘ ਅਤਿਅੰਤ ਜ਼ਿਆਦਾ ਲੱਗਦੀ ਹੈ ਜਾਂ ਠੰਢੇ ਵਾਸ਼ਪ ਵੀ ਬੱਚੇ ਦੀ ਸੌਖ ਨਾਲ ਸਾਹ ਲੈਣ ਵਿੱਚ ਮਦਦ ਨਹੀਂ ਕਰਦੇ ਤਾਂ ਉਸ ਨੂੰ ਡਾਕਟਰ ਕੋਲ ਲੈ ਕੇ ਜਾਉ।

ਨੁਸਖ਼ੇ ਤੋਂ ਬਿਨਾਂ ਅਤੇ ਨੁਸਖ਼ੇ ਵਾਲੀਆ ਖੰਘ ਦੀਆਂ ਦਵਾਈਆਂ ਆਮ ਤੌਰ ਤੇ ਬੱਚਿਆਂ ਲਈ ਲਾਭਦਾਇਕ ਨਹੀਂ ਹੁੰਦੀਆਂ। ਭਾਵੇਂ ਖੰਘ ਦੀਆਂ ਬਹੁਤੀਆਂ ਦਵਾਈਆਂ ਆਮ ਤੌਰ ਤੇ ਸੁਰੱਖਿਅਤ ਹੁੰਦੀਆ ਹਨ ਪਰ ਉਨ੍ਹਾਂ ਦੇ ਮੰਦੇ ਅਸਰ ਹੋ ਸਕਦੇ ਹਨ, ਜਿਵੇਂ ਕਿ ਸੁਸਤੀ (ਉਨੀਂਦਰਾ) ਜਾਂ ਚੱਕਰ ਆਉਣੇ। ਉਨ੍ਹਾਂ ਕਾਰਨ ਵਿਰਲੇ ਪਰ ਗੰਭੀਰ ਮੰਦੇ ਅਸਰ ਵੀ ਹੋ ਸਕਦੇ ਹਨ। ਛੋਟੇ ਬੱਚੇ ਨੂੰ ਖੰਘ ਦੀ ਦਵਾਈ ਦੇਣ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ ਕਰੋ, ਖ਼ਾਸ ਕਰ ਜੇ ਤੁਹਾਡਾ ਬੱਚਾ ਕੋਈ ਹੋਰ ਦਵਾਈਆਂ ਲੈ ਰਿਹਾ ਹੈ ਜਾਂ ਉਸ ਨੂੰ ਸਿਹਤ ਸੰਬੰਧੀ ਕੋਈ ਹੋਰ ਸਮੱਸਿਆਵਾਂ ਹਨ। ਜੇ ਤੁਹਾਡਾ ਬੱਚਾ 1 ਸਾਲ ਤੋਂ ਘੱਟ ਉਮਰ ਦਾ ਹੈ, ਉਸ ਨੂੰ ਖੰਘ ਦੀਆਂ ਦਵਾਈਆਂ ਕਦੇ ਵੀ ਨਾ ਦਿਓ।

ਆਪਣੇ ਬੱਚੇ ਦਾ ਧਿਆਨ ਰੱਖੋ

ਸੰਘ ਦੀ ਖਰਖਰੀ (ਕਰੂਪ) ਨਾਲ ਪੀੜਤ ਬੱਚਿਆਂ ਨੂੰ ਅਚਾਨਕ ਸਾਹ ਲੈਣ ਵਿੱਚ ਤਕਲੀਫ਼ ਸ਼ੁਰੂ ਹੋ ਸਕਦੀ ਹੈ, ਅਤੇ ਇਹ ਇੱਕ ਤੋਂ ਵੱਧ ਵਾਰੀ ਹੋ ਸਕਦੀ ਹੈ। ਜਦੋਂ ਤੁਹਾਡੇ ਬੱਚੇ ਨੂੰ ਸੰਘ ਦੀ ਖਰਖਰੀ ਦੀ ਸ਼ਿਕਾਇਤ ਹੋਵੇ, ਤੁਹਾਨੂੰ ਉਸ ਦੇ ਕਮਰੇ ਵਿੱਚ ਸੌਣਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਰਾਤ ਵੇਲੇ ਹੋਣ ਵਾਲੀ ਕਿਸੇ ਵੀ ਤਕਲੀਫ਼ ਦਾ ਪਤਾ ਲੱਗ ਸਕੇਗਾ।

ਡਾਕਟਰ ਸੰਘ ਦੀ ਖਰਖਰੀ ਬਾਰੇ ਕੀ ਕਰ ਸਕਦੇ ਹਨ?

ਸਟਿਰੋਆਇਡ ਦਵਾਈ

ਤੁਹਾਡਾ ਡਾਕਟਰ ਮੂੰਹ ਰਾਹੀਂ ਲੈਣ ਵਾਲੀ ਸਟਿਰੋਆਇਡ ਦਵਾਈ ਦਾ ਨੁਸਖ਼ਾ ਦੇ ਸਕਦਾ ਹੈ। ਇਹ ਦਵਾਈ ਹਵਾ ਵਾਲੇ ਰਸਤਿਆਂ ਵਿੱਚ ਸੋਜ ਨੂੰ ਘਟਾਉਣ ਦਾ ਕੰਮ ਕਰਦੀ ਹੈ। ਸਟਿਰੋਆਇਡ ਦਵਾਈ ਨੂੰ ਅਸਰ ਕਰਨ ਲਈ ਕੁੱਝ ਘੰਟੇ ਲੱਗਦੇ ਹਨ ਅਤੇ ਇਸ ਦਾ ਅਸਰ 24 ਤੋਂ 36 ਘੰਟਿਆਂ ਲਈ ਰਹਿੰਦਾ ਹੈ। ਆਮ ਤੌਰ ‘ਤੇ 1 ਜਾਂ 2 ਖ਼ੁਰਾਕਾਂ ਦੀ ਲੋੜ ਪੈਂਦੀ ਹੈ।

ਐਪਿਨੈਫ਼ਰੀਨ

ਜੇ ਤੁਹਾਡੇ ਬੱਚੇ ਨੂੰ ਸਾਹ ਲੈਣ ਵਿੱਚ ਅਤਿਅੰਤ ਮੁਸ਼ਕਿਲ ਆ ਰਹੀ ਹੈ, ਤੁਹਾਡੇ ਬੱਚੇ ਨੂੰ ਇੱਕ ਦਵਾਈ ਜੋ ਨਕਾਬ ਰਾਹੀਂ ਤੁਹਾਡੇ ਬੱਚੇ ਦੇ ਹਵਾ ਵਾਲੇ ਰਸਤਿਆਂ ਵਿੱਚ ਛਿੜਕੀ ਜਾਂਦੀ ਹੈ, ਦਿੱਤੀ ਜਾ ਸਕਦੀ ਹੈ ਜਿਸ ਨੂੰ ਐਪਿਨੈਫ਼ਰੀਨ ਕਹਿੰਦੇ ਹਨ। ਇਹ ਦਵਾਈ ਬਹੁਤ ਹੀ ਛੇਤੀ ਤੁਹਾਡੇ ਬੱਚੇ ਦੇ ਹਵਾ ਵਾਲੇ ਰਸਤਿਆਂ ਵਿਚਲੀ ਸੋਜ ਨੂੰ ਘੱਟ ਕਰ ਦੇਵੇਗੀ। ਇਸ ਦਾ ਅਸਰ ਲਗਭਗ 4 ਘੰਟਿਆ ਤੀਕ ਰਹਿੰਦਾ ਹੈ। 4 ਘੰਟਿਆਂ ਤੋਂ ਪਿੱਛੋਂ ਸੋਜ ਫਿਰ ਵਾਪਸ ਆ ਸਕਦੀ ਹੈ ਅਤੇ ਤੁਹਾਡੇ ਬੱਚੇ ਨੂੰ ਸਾਹ ਲੈਣ ਵਿੱਚ ਹੋਰ ਵਧੇਰੇ ਮੁਸ਼ਕਲਾਂ ਆ ਸਕਦੀਆਂ ਹਨ। ਜੇ ਐਪਿਨੈਫ਼ਰੀਨ ਦੀ ਲੋੜ ਪਵੇ, ਇਹ ਯਕੀਨੀ ਬਣਾਉਣ ਲਈ ਕਿ ਤੁਹਾਡੇ ਬੱਚੇ ਦਾ ਸਾਹ ਠੀਕ ਰਹੇ, ਡਾਕਟਰ ਤੁਹਾਡੇ ਬੱਚੇ ਨੂੰ 4 ਤੋਂ 6 ਘੰਟਿਆਂ ਲਈ ਐਮਰਜੈਂਸੀ ਵਿਭਾਗ ਵਿੱਚ ਰੱਖਣਾ ਚਾਹੇਗਾ।

ਸੰਘ ਦੀ ਖਰਖਰੀ (ਕਰੂਪ) ਆਸਾਨੀ ਨਾਲ ਫ਼ੈਲ ਸਕਦੀ ਹੈ

ਜਿਹੜੇ ਵਾਇਰਸ ਸੰਘ ਦੀ ਖਰਖਰੀ (ਕਰੂਪ) ਦਾ ਕਾਰਨ ਬਣਦੇ ਹਨ ੳਹੁ ਛੂਤ ਨਾਲ ਲੱਗਣ ਵਾਲੇ ਹੁੰਦੇ ਹਨ, ਖ਼ਾਸ ਕਰ ਬਿਮਾਰੀ ਦੇ ਪਹਿਲੇ ਕੁੱਝ ਦਿਨਾਂ ਵਿੱਚ। ਜਦੋਂ ਤੀਕ ਤੁਹਾਡੇ ਬੱਚੇ ਦਾ ਬੁਖ਼ਾਰ ਉੱਤਰ ਨਹੀਂ ਜਾਂਦਾ ਅਤੇ ਕੁੱਤਾ ਖੰਘ ਘਟ ਨਹੀਂ ਜਾਂਦੀ ਉਦੋਂ ਤੀਕ ਬੱਚੇ ਨੂੰ ਡੇਅ ਕੇਅਰ ਜਾਂ ਸਕੂਲ ਦੀ ਬਜਾਏ ਘਰ ਹੀ ਰੱਖੋ। ਜਿੰਨਾ ਹੋ ਸਕੇ ਬੇਬੀਆਂ (2 ਮਹੀਨੇ ਤੋਂ ਛੋਟੀ ਉਮਰ ਦੇ) ਤੋਂ ਆਪਣੇ ਬੱਚੇ ਨੂੰ ਦੂਰ ਰੱਖੋ।

ਜਿਸ ਕਾਰਨ ਉਨ੍ਹਾਂ ਦੇ ਬੱਚੇ ਨੂੰ ਸੰਘ ਦੀ ਖਰਖਰੀ (ਕਰੂਪ) ਹੋਈ ਹੋਵੇ ਬਾਲਗ਼ਾਂ ਨੂੰ ਵੀ ਉਸ ਵਾਇਰਸ ਤੋਂ ਲਾਗ ਲੱਗ ਸਕਦੀ ਹੈ। ਫਿ਼ਰ ਵੀ, ਬਾਲਗ਼ਾਂ ਅਤੇ ਵੱਡੇ ਬੱਚਿਆਂ ਦੇ ਹਵਾ ਵਾਲੇ ਰਸਤੇ ਵੱਡੇ (ਖੁੱਲੇ) ਹੁੰਦੇ ਹਨ, ਇਸ ਕਰ ਕੇ ਉਨ੍ਹਾਂ ਦੀ ਬਿਮਾਰੀ ਆਮ ਤੌਰ ‘ਤੇ ਹਲਕੀ ਹੁੰਦੀ ਹੈ ਅਤੇ ਸਾਧਾਰਨ ਜ਼ੁਕਾਮ ਵਾਂਗ ਵਿਖਾਈ ਦਿੰਦੀ ਹੈ।

ਆਪਣੇ ਬੱਚੇ ਦੇ ਸਿਹਤ ਪ੍ਰਦਾਤਾ ਨਾਲ ਸੰਪਰਕ ਕਦੋਂ ਕਰਨਾ ਚਾਹੀਦਾ ਹੈ

ਆਪਣੇ ਬੱਚੇ ਦੇ ਬਾਕਾਇਦਾ ਡਾਕਟਰ ਨੂੰ ਮਿਲੋ, ਜੇ:

  • ਬੁਖ਼ਾਰ 3 ਦਿਨਾਂ ਤੋਂ ਵੱਧ ਸਮੇਂ ਲਈ ਰਹਿੰਦਾ ਹੈ
  • ਖੰਘ 1 ਹਫ਼ਤੇ ਤੋਂ ਵੱਧ ਸਮੇਂ ਲਈ ਰਹਿੰਦੀ ਹੈ
  • ਸਾਹ ਲੈਣ ਵੇਲੇ ਤੁਹਾਡੇ ਬੱਚੇ ਦੀ ਅਵਾਜ਼ ਆਉਂਦੀ ਹੈ
  • ਤੁਹਾਡਾ ਬੱਚਾ ਕੰਨ ਦਰਦ ਦੀ ਸ਼ਿਕਾਇਤ ਕਰਦਾ ਹੈ
  • ਤੁਹਾਡੇ ਕੋਈ ਹੋਰ ਸਰੋਕਾਰ ਜਾਂ ਪ੍ਰਸ਼ਨ ਹੋਣ

ਲੋੜ ਪੈਣ ‘ਤੇ ਆਪਣੇ ਬੱਚੇ ਨੂੰ ਨਜ਼ਦੀਕੀ ਐਮਰਜੈਂਸੀ ਵਿਭਾਗ ਲਿਜਾਓ, ਜਾਂ 911 ‘ਤੇ ਫ਼ੋਨ ਕਰੋ, ਜੇ:

  • 15 ਮਿੰਟ ਵਿੱਚ ਠੰਢੇ ਵਾਸ਼ਪ ਸਾਹ ਦੀ ਸੀਟੀ ਵਰਗੀ ਅਵਾਜ਼ (ਸਟਰਾਈਡਰ) ਨੂੰ ਠੀਕ ਨਹੀਂ ਕਰਦੇ
  • ਤੁਹਾਡੇ ਬੱਚੇ ਨੂੰ ਵਾਰ ਵਾਰ ਸਟਰਾਈਡਰ ਦੀ ਸ਼ਿਕਾਇਤ ਹੁੰਦੀ ਹੈ ਜਾਂ ਸਾਹ ਲੈਣ ਵਿੱਚ ਤਕਲੀਫ਼ ਹੁੰਦੀ ਹੈ
  • ਸਾਹ ਲੈਣ ਵੇਲੇ ਤੁਹਾਡੇ ਬੱਚੇ ਦੀ ਛਾਤੀ ਜਾਂ ਪੇਟ ਅੰਦਰ ਨੂੰ ਖਿੱਚਿਆ ਜਾਂਦਾ ਹੈ
  • ਤੁਹਾਡੇ ਬੱਚੇ ਦੇ ਬੁੱਲ੍ਹ ਨੀਲੇ ਜਾ ਜਾਮਨੀ ਰੰਗ ਦੇ ਵਿਖਾਈ ਦਿੰਦੇ ਹਨ
  • ਤੁਹਾਡੇ ਬੱਚੇ ਦੇ ਰਾਲ਼ਾਂ ਜਾਂ ਥੁੱਕ ਡਿੱਗਦਾ ਹੈ, ਨਿਗਲਣ ਵਿੱਚ ਤਕਲੀਫ਼ ਹੁੰਦੀ ਹੈ ਜਾਂ ਕੁੱਝ ਪੀਣ ਤੋਂ ਨਾਂਹ ਕਰਦਾ ਹੈ
  • ਤਹੁਾਡੇ ਬੱਚੇ ਦੀ ਗਰਦਨ ਵਿੱਚ ਦਰਦ ਜਾਂ ਗਰਦਨ ਆਕੜੀ ਹੋਈ ਹੈ
  • ਤੁਹਾਡਾ ਬੱਚਾ ਸੁਸਤ (ਬਹੁਤ ਉਨੀਂਦਰਾ) ਜਾਂ ਚਿੜਚਿੜਾ (ਬਹੁਤ ਛੇਤੀ ਖਿਝ ਜਾਣ ਵਾਲਾ) ਵਿਖਾਈ ਦਿੰਦਾ ਹੈ

ਮੁੱਖ ਨੁਕਤੇ

  • ਸੰਘ ਦੀ ਖਰਖਰੀ (ਕਰੂਪ) ਬਚਪਨ ਵਿੱਚ ਵਾਇਰਸ ਕਾਰਨ ਲੱਗਣ ਵਾਲੀ ਲਾਗ ਦੀ ਆਮ ਬਿਮਾਰੀ ਹੈ।
  • ਬਹੁਤੇ ਬੱਚਿਆਂ ਵਿੱਚ ਸੰਘ ਦੀ ਖਰਖਰੀ (ਕਰੂਪ) ਇੱਕ ਹਲਕੀ ਬਿਮਾਰੀ ਹੁੰਦੀ ਹੈ ਜਿਸ ਦਾ ਘਰ ਵਿੱਚ ਹੀ ਧਿਆਨ ਰੱਖਿਆ ਜਾ ਸਕਦਾ ਹੈ। ਅਜਿਹੀ ਕੋਈ ਦਵਾਈ ਨਹੀਂ ਹੈ ਜੋ ਵਾਇਰਸ ਨੂੰ ਛੇਤੀ ਖ਼ਤਮ ਕਰ ਦੇਵੇਗੀ, ਪਰ ਅਜਿਹੇ ਤਰੀਕੇ ਹਨ ਜਿਨ੍ਹਾਂ ਨਾਲ ਬੱਚੇ ਨੂੰ ਵਧੇਰੇ ਅਰਾਮ ਵਿੱਚ ਰੱਖਿਆ ਜਾ ਸਕਦਾ ਹੈ।
  • ਜੇ ਸੰਘ ਦੀ ਖਰਖਰੀ (ਕਰੂਪ) ਬਹੁਤ ਗੰਭੀਰ ਹੋਵੇ, ਆਪਣੇ ਬੱਚੇ ਨੂੰ ਡਾਕਟਰ ਕੋਲ ਲੈ ਕੇ ਜਾਉ।
Last updated: outubro 16 2009