ਡੀਹਾਈਡਰੇਸ਼ਨ (ਸਰੀਰ ਵਿੱਚ ਤਰਲਾਂ ਦੀ ਘਾਟ)

Dehydration [ Punjabi ]

PDF download is not available for Arabic and Urdu languages at this time. Please use the browser print function instead

ਨਿਰਜਲੀਕਰਨ ਉਦੋਂ ਵਾਪਰਦਾ ਹੈ ਜਦੋਂ ਸਰੀਰ ਵਿੱਚ ਉਚਿੱਤ ਤੌਰ ਤੇ ਕਾਰਜ ਕਰਨ ਲਈ ਕਾਫੀ ਪਾਣੀ ਨਹੀਂ ਹੁੰਦਾ। ਬਿਮਾਰੀ ਕਿਵੇਂ ਨਿਰਜਲੀਕਰਨ ਪੈਦਾ ਕਰ ਸਕਦੀ ਹੈ ਅਤੇ ਇਸ ਦਾ ਇਲਾਜ ਕਿਵੇਂ ਕੀਤਾ ਜਾਂਦਾ ਹੈ ਬਾਰੇ ਸਿੱਖੋ।

ਡੀਹਾਈਡਰੇਸ਼ਨ ਕੀ ਹੁੰਦੀ ਹੈ?

ਅਸੀਂ ਪਿਸ਼ਾਬ ਅਤੇ ਪਸੀਨੇ ਰਾਹੀਂ ਹਰ ਰੋਜ਼ ਸਰੀਰ ਵਿੱਚੋਂ ਤਰਲ ਪਦਾਰਥ (ਪਾਣੀ ਅਤੇ ਹੋਰ ਤਰਲ) ਖ਼ਾਰਜ ਕਰਦੇ ਹਾਂ। ਅਸੀਂ ਖ਼ਾਰਜ ਹੋਏ ਤਰਲਾਂ ਦੀ ਪੂਰਤੀ ਖਾਣ ਅਤੇ ਪੀਣ ਰਾਹੀਂ ਕਰਦੇ ਹਾਂ। ਆਮ ਤੌਰ ‘ਤੇ, ਸਰੀਰ ਬਹੁਤ ਧਿਆਨ ਨਾਲ ਇਨ੍ਹਾਂ ਅਮਲਾਂ ਦਾ ਸੰਤੁਲਨ ਬਣਾਉਂਦਾ ਹੈ, ਇਸ ਲਈ ਅਸੀਂ ਜਿੰਨਾ ਪਾਣੀ ਖ਼ਾਰਜ ਕਰਦੇ ਹਾਂ ਉਸ ਦੀ ਪੂਰਤੀ ਕਰ ਲੈਂਦੇ ਹਾਂ। ਕੁਝ ਖਣਿਜ, ਜਿਵੇਂ ਕਿ ਸੋਡੀਅਮ, ਪੋਟਾਸ਼ੀਅਮ, ਅਤੇ ਕਲੋਰਾਈਡ ਵੀ ਤਰਲਾਂ ਦਾ ਤੰਦਰੁਸਤ ਸੰਤੁਲਨ ਬਣਾਉਣ ਵਿੱਚ ਸ਼ਾਮਲ ਹੁੰਦੇ ਹਨ।

ਡੀਹਾਈਡਰੇਸ਼ਨ ਉਦੋਂ ਹੁੰਦੀ ਹੈ ਜਦੋਂ ਸਰੀਰ ਵਿੱਚ ਦਾਖ਼ਲ ਹੋਣ ਵਾਲੇ ਤਰਲਾਂ ਨਾਲੋਂ ਵੱਧ ਤਰਲ ਸਰੀਰ ਵਿੱਚੋਂ ਬਾਹਰ ਨਿਕਲਦੇ ਹਨ। ਇਹ ਉਦੋਂ ਹੋ ਸਕਦਾ ਹੈ ਜਦੋਂ ਬੱਚਾ ਕਾਫ਼ੀ ਮਾਤਰਾ ਵਿੱਚ ਤਰਲ ਪਦਾਰਥ ਨਹੀਂ ਪੀਂਦਾ ਜਾਂ ਜਦੋਂ ਉਹ ਸਰੀਰ ਦੇ ਤਰਲ ਆਮ ਨਾਲੋਂ ਵੱਧ ਖ਼ਾਰਜ ਕਰਦਾ ਹੈ। ਇਸ ਅਸੰਤੁਲਨ ਕਾਰਨ ਡੀਹਾਈਡਰੇਸ਼ਨ ਹੁੰਦੀ ਹੈ।

ਡੀਹਾਈਡਰੇਸ਼ਨ (ਸਰੀਰ ਵਿੱਚੋਂ ਤਰਲਾਂ ਦੀ ਘਾਟ) ਹੌਲ਼ੀ ਹੌਲ਼ੀ ਜਾਂ ਬਹੁਤ ਛੇਤੀ ਹੋ ਸਕਦੀ ਹੈ, ਇਹ ਤਰਲ ਕਿਵੇਂ ਖ਼ਾਰਜ ਹੁੰਦੇ ਹਨ ਅਤੇ ਬੱਚੇ ਦੀ ਉਮਰ ‘ਤੇ ਨਿਰਭਰ ਕਰਦਾ ਹੈ। ਛੋਟੀ ਉਮਰ ਦੇ ਬੱਚੇ ਅਤੇ ਬਾਲਾਂ (ਬੇਬੀ) ਨੂੰ ਡੀਹਾਈਡਰੇਸ਼ਨ ਵਧੇਰੇ ਹੋ ਸਕਦੀ ਹੈ ਕਿਉਂਕਿ ਉਨ੍ਹਾਂ ਦੇ ਸਰੀਰ ਛੋਟੇ ਹੁੰਦੇ ਹਨ ਅਤੇ ਉਨ੍ਹਾਂ ਵਿੱਚ ਤਰਲਾਂ ਦੇ ਭੰਡਾਰ ਵੀ ਛੋਟੇ ਹੁੰਦੇ ਹਨ। ਵੱਡੀ ਉਮਰ ਦੇ ਬੱਚੇ ਅਤੇ ਯੁਵਕ ਤਰਲਾਂ ਦੇ ਹਲਕੇ ਅਸੰਤੁਲਨ ਨੂੰ ਬਿਹਤਰ ਸਹਾਰ ਸਕਦੇ ਹਨ।

ਡੀਹਾਈਡਰੇਸ਼ਨ ਦੇ ਕਾਰਨ

ਡੀਹਾਈਡਰੇਸ਼ਨ ਦੇ ਬਹੁਤੇ ਆਮ ਕਾਰਨ ਇਹ ਹੁੰਦੇ ਹਨ:

  • ਬਿਮਾਰੀ ਦੌਰਾਨ ਤਰਲ ਪਦਾਰਥ ਘੱਟ ਪੀਣੇ
  • ਦਸਤਾਂ ਅਤੇ/ਜਾਂ ਉਲਟੀਆਂ ਰਾਹੀਂ ਤਰਲ ਖ਼ਾਰਜ ਹੋ ਜਾਣੇ

ਤੰਦਰੁਸਤ ਬੱਚੇ ਕਦੇ ਕਦਾਈਂ ਉਲਟੀ ਜਾਂ ਢਿੱਲੀ ਟੱਟੀ ਕਰ ਸਕਦੇ ਹਨ ਪਰ ਉਨ੍ਹਾਂ ਦੇ ਸਰੀਰ ਵਿੱਚ ਤਰਲਾਂ ਦੀ ਘਾਟ ਨਹੀਂ ਹੁੰਦੀ। ਪ੍ਰੰਤੂ ਡੀਹਾਈਡਰੇਸ਼ਨ ਅਚਾਨਕ ਹੋ ਸਕਦੀ ਹੈ ਅਤੇ ਬਹੁਤ ਖ਼ਤਰਨਾਕ ਹੋ ਸਕਦੀ ਹੈ, ਖ਼ਾਸ ਕਰ ਬਾਲਾਂ ਅਤੇ ਛੋਟੀ ਉਮਰ ਦੇ ਬੱਚਿਆਂ ਲਈ। ਜੇ ਬੱਚੇ ਉਲਟੀਆਂ ਕਰ ਰਹੇ ਹਨ, ਪਾਣੀ ਵਾਂਗ ਪਤਲੀ ਟੱਟੀ ਕਰ ਰਹੇ ਹਨ, ਅਤੇ ਕੁਝ ਪੀ ਨਹੀਂ ਸਕਦੇ, ਉਹ ਬਹੁਤ ਛੇਤੀ ਤਰਲ ਖ਼ਾਰਜ ਕਰ ਸਕਦੇ ਹਨ ਅਤੇ ਬਹੁਤ ਬਿਮਾਰ ਹੋ ਸਕਦੇ ਹਨ।

ਵਧੇਰੇ ਜਾਣਕਾਰੀ ਲਈ, ਕ੍ਰਿਪਾ ਕਰਕੇ ਉਲਟੀਆਂ ਅਤੇ ਦਸਤ ਪੜ੍ਹੋ।

ਡੀਹਾਈਡਰੇਸ਼ਨ ਦੀਆਂ ਆਮ ਨਿਸ਼ਾਨੀਆਂ ਅਤੇ ਲੱਛਣ

ਤੁਹਾਡੇ ਬੱਚੇ ਨੂੰ ਹੇਠ ਦਿੱਤਿਆਂ ਵਿੱਚੋਂ ਇੱਕ ਜਾਂ ਇੱਕ ਤੋਂ ਵੱਧ ਹੋ ਸਕਦੇ ਹਨ:

  • ਬੇਚੈਨੀ, ਊਂਘ (ਆਲਸ), ਖਿਝ ਆਉਣੀ
  • ਠੰਯੀ ਜਾਂ ਪਸੀਨੇ ਨਾਲ ਭਿੱਜੀ ਚਮੜੀ
  • ਊਰਜਾ ਦੇ ਪੱਧਰ ਵਿੱਚ ਕਮੀ, ਬਹੁਤ ਹੀ ਕਮਜ਼ੋਰ ਜਾਂ ਢਿਚਕੂੰ-ਢਿਚਕੂੰ ਕਰਨਾ
  • ਰੋਣ ਵੇਲੇ ਹੰਝੂ ਨਾ ਆਉਣੇ
  • ਖੁ਼ਸ਼ਕ ਚਿਪਚਿਪਾ ਮੂੰਹ ਅਤੇ/ਜਾਂ ਜੀਭ
  • ਅੰਦਰ ਨੂੰ ਧਸੀਆਂ ਹੋਈਆਂ ਅੱਖਾਂ ਜਾਂ ਛੋਟੇ ਬਾਲ (ਬੇਬੀ) ਦੇ ਸਿਰ ਉੱਪਰਲਾ ਨਰਮ ਭਾਗ ਅੰਦਰ ਨੂੰ ਧਸਿਆ ਹੋਇਆ
  • ਪਿਸ਼ਾਬ ਬਹੁਤ ਘੱਟ ਆਉਣਾ, 8 ਤੋਂ 12 ਘੰਟਿਆਂ ਤੱਕ ਪਿਸ਼ਾਬ ਨਾ ਆਉਣਾ, ਜਾਂ ਪਿਸ਼ਾਬ ਦਾ ਰੰਗ ਗੂੜ੍ਹਾ ਹੋਣਾ

ਡੀਹਾਈਡਰੇਸ਼ਨ ਦਾ ਅਨੁਮਾਨ ਲਾਉਣਾ

ਅਸੀਂ ਬਹੁਤ ਧਿਆਨ ਨਾਲ ਬਿਮਾਰ ਬੱਚੇ ਦਾ ਵਜ਼ਨ ਤੋਲ ਕੇ ਅਤੇ ਅਤੇ ਉਸ ਵਜ਼ਨ ਨੂੰ ਬੱਚੇ ਦੇ ਬਿਮਾਰ ਹੋਣ ਤੋਂ ਪਹਿਲਾਂ ਦੇ ਵਜ਼ਨ ਵਿੱਚੋਂ ਘਟਾ ਕੇ ਸਭ ਤੋਂ ਵਧੀਆ ਢੰਗ ਨਾਲ ਡੀਹਾਈਡਰੇਸ਼ਨ ਦਾ ਅਨੁਮਾਨ ਲਾਵਾਂਗੇ। ਦੋਵੇਂ ਵਜ਼ਨਾਂ ਵਿੱਚ ਜਿਹੜਾ ਫ਼ਰਕ ਹੋਵੇ ਓਨੇ ਤਰਲ ਬੱਚੇ ਦੇ ਸਰੀਰ ਵਿੱਚੋਂ ਖ਼ਾਰਜ ਹੋਏ ਹੁੰਦੇ ਹਨ। ਐਪਰ, ਇਹ ਅਕਸਰ ਸੰਭਵ ਨਹੀਂ ਹੁੰਦਾ: ਵੱਖ ਵੱਖ ਤੱਕੜੀਆਂ ਥੋੜ੍ਹਾ ਵੱਖ ਵੱਖ ਵਜ਼ਨ ਦੱਸਦੀਆਂ ਹਨ, ਅਤੇ ਆਮ ਤੌਰ ‘ਤੇ ਬੱਚੇ ਦੇ ਬਿਮਾਰ ਹੋਣ ਤੋਂ ਤੁਰੰਤ ਪਹਿਲਾਂ ਉਸ ਦੇ ਵਜ਼ਨ ਕੋਈ ਸਹੀ ਪੈਮਾਇਸ਼ ਨਹੀਂ ਹੁੰਦੀ।

ਡੀਹਾਈਡਰੇਸ਼ਨ ਦੀ ਗੰਭੀਰਤਾ ਨਿਰਧਾਰਤ ਕਰਨ ਲਈ ਸਿਹਤ ਪੇਸ਼ਾਵਰ ਕਲੀਨੀਕਲ ਡੀਹਾਈਡਰੇਸ਼ਨ ਸਕੇਲ (ਪੈਮਾਨਾ) ਦੀ ਵਰਤੋਂ ਕਰਦੇ ਹਨ। ਤੁਸੀਂ ਵੀ ਇਸ ਦੀ ਵਰਤੋ ਕਰ ਸਕਦੇ ਹੋ। ਇਸ ਪੈਮਾਨੇ ਦੀ ਵਰਤੋਂ ਤੁਹਾਨੂੰ ਇਹ ਸੇਧ ਦੇਣ ਵਿੱਚ ਮਦਦ ਕਰ ਸਕਦੀ ਹੈ ਕਿ ਕੀ ਤੁਹਾਡਾ ਬੱਚਾ ਠੀਕ ਹੋ ਰਿਹਾ ਹੈ, ਉਸ ਦੀ ਹਾਲਤ ਉਸੇ ਤਰ੍ਹਾਂ ਹੀ ਹੈ, ਜਾਂ ਵਿਗੜ ਰਹੀ ਹੈ। ਡੀਹਾਈਡਰੇਸ਼ਨ ਦਾ ਅਨੁਮਾਨ ਲਾਉਣ ਲਈ ਡਾਕਟਰ ਹੋਰ ਪਰਿਣਾਮਾਂ ਦੀ ਵਰਤੋ ਵੀ ਕਰ ਸਕਦਾ ਹੈ, ਪ੍ਰੰਤੂ ਸ਼ੁਰੂ ਕਰਨ ਲਈ ਇਹ ਪੈਮਾਨਾ ਚੰਗਾ ਹੈ।

ਇਹ ਪੈਮਾਨਾ ਖ਼ਾਸ ਨਿਸ਼ਾਨੀਆਂ ਜਾਂ ਲੱਛਣ ਜੋ ਤੁਸੀਂ ਆਪਣੇ ਬੱਚੇ ਵਿੱਚ ਵੇਖਦੇ ਹੋ ਉਨ੍ਹਾਂ ਲਈ ਪੁਆਇੰਟ ਨਿਸ਼ਚਤ ਕਰਦਾ ਹੈ। ਪੁਆਇੰਟਾਂ ਦਾ ਜੋੜ ਜਿੰਨਾ ਵੱਧ ਓਨੀ ਹੀ ਵੱਧ ਡੀਹਾਈਡਰੇਸ਼ਨ।

ਆਪਣੇ ਬੱਚੇ ਦੀ ਡੀਹਾਈਡਰੇਸ਼ਨ ਦਾ ਦਰਜਾ ਮਾਪਣ ਲਈ:

  1. ਆਪਣੇ ਬੱਚੇ ਦੇ ਲੱਛਣ ਨੋਟ ਕਰੋ।
  2. ਹਰ ਲੱਛਣ ਲਈ, ਪੈਮਾਨੇ ਵਿੱਚ ਦਿੱਤੇ ਨੰਬਰ ਲੱਭੋ।
  3. ਨੰਬਰ ਜਾਣਨ ਲਈ ਪੁਆਇੰਟਾਂ ਦਾ ਜੋੜ ਕਰੋ।

ਉਦਾਹਰਨ ਵਜੋਂ, ਜੇ ਤੁਹਾਡੇ ਬੱਚੇ ਦਾ ਮਿਊਕਸ ਮੈਂਬਰੇਨ (ਲੇਸਦਾਰ ਝਿੱਲੀ) ਖ਼ੁਸ਼ਕ ਹੋਵੇ (2 ਪੁਆਇੰਟ), ਹੰਝੂ ਘੱਟ ਆਉਣੇ (1 ਪੁਆਇੰਟ), ਅਤੇ ਪਸੀਨਾ ਜ਼ਿਆਦਾ ਆਉਂਦਾ ਦਿਸੇ (2 ਪੁਆਇੰਟ), ਸਾਰੇ ਪੁਆਇੰਟਾਂ ਦਾ ਜੋੜ 5 ਪੁਆਇੰਟ ਬਣਦਾ ਹੈ। 5 ਪੁਆਇੰਟਾਂ ਦਾ ਭਾਵ ਹੈ ਕਿ ਤੁਹਾਡੇ ਬੱਚੇ ਨੂੰ ਦਰਮਿਆਨੀ ਤੋਂ ਗੰਭੀਰ ਡੀਹਾਈਡਰੇਸ਼ਨ ਹੈ।

ਕਲੀਨੀਕਲ ਡੀਹਾਈਡਰੇਸ਼ਨ ਸਕੇਲ (ਪੈਮਾਨਾ)

012
ਸਧਾਰਨ ਦਿੱਖ ਆਮਪਿਆਸ ਲੱਗਣੀ, ਬੇਚੈਨ, ਜਾਂ ਸੁਸਤ ਪ੍ਰੰਤੂ ਹੱਥ ਲਾਉਣ ‘ਤੇ ਖਿਝ ਜਾਣਾਉਨੀਂਦਰਾ, ਢਿਚਕੂੰ ਢਿਚਕੂੰ ਕਰਨਾ, ਪਸੀਨਾ ਆਉਣਾ
ਅੱਖਾਂ ਆਮਮਮੂਲੀ ਅੰਦਰ ਨੂੰ ਧਸੀਆਂ ਹੋਈਆਂਬਹੁਤ ਜ਼ਿਆਦਾ ਅੰਦਰ ਨੂੰ ਧਸੀਆਂ ਹੋਈਆਂ
ਮਿਊਕਸ ਮੈਂਬਰੇਨ * (ਲੇਸਦਾਰ ਝਿੱਲੀ) ਨਮ (ਸਿੱਲ੍ਹਾ)ਚਿਪਚਿਪੀਖ਼ੁਸ਼ਕ
ਹੰਝੂਆਉਂਦੇਘੱਟ ਮਾਤਰਾ ਵਿੱਚਬਿਲਕੁਲ ਨਹੀਂ

*ਮਿਊਕਸ ਮੈਂਬਰੇਨ (ਲੇਸਦਾਰ ਝਿੱਲੀ) ਵਿੱਚ ਮੂੰਹ ਅਤੇ ਅੱਖਾਂ ਅੰ​ਦਰਲੀ ਨਮ (ਸਿੱਲ੍ਹੀ) ਪਰਤ।

0 ਨੰਬਰ = ਡੀਹਾਈਡਰੇਸ਼ਨ ਨਹੀਂ​​​

1 ਤੋਂ 4 ਨੰਬਰ = ਥੋੜ੍ਹੀ ਜਿਹੀ ਡੀਹਾਈਡਰੇਸ਼ਨ

5 ਤੋਂ 8 ਨੰਬਰ = ਦਰਮਿਆਨੀ ਤੋਂ ਗੰਭੀਰ ਡੀਹਾਈਡਰੇਸ਼ਨ

(ਗੋਲਡਮੈਨ 2008)

ਡੀਹਾਈਡਰੇਸ਼ਨ ਦਾ ਇਲਾਜ

ਡੀਹਾਈਤਰੇਸ਼ਨ ਦਾ ਇਲਾਜ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਤੁਹਾਡਾ ਬੱਚਾ ਕਿੰਨਾ ਕੁ ਹਾਈਡਰੇਟਡ (ਸਰੀਰ ਵਿੱਚ ਤਰਲਾਂ ਦੀ ਮੌਜੂਦਗੀ) ਹੈ।

ਦਰਮਿਆਨੀ ਤੋਂ ਗੰਭੀਰ ਡੀਹਾਈਡਰੇਸ਼ਨ ( ਕਲੀਨੀਕਲ ਡੀਹਾਈਡਰੇਸ਼ਨ ਸਕੇਲ ਉੱਪਰ 5 ਤੋਂ 8 ਨੰਬਰ)

ਆਪਣੇ ਬੱਚੇ ਦਾ ਮੁਆਇਨਾ ਕਰਵਾਉਣ ਅਤੇ ਇਲਾਜ ਲਈ ਤੁਰੰਤ ਡਾਕਟਰ ਕੋਲ ਲੈ ਕੇ ਜਾਉ।

ਹਲਕੀ ਡੀਹਾਈਡਰੇਸ਼ਨ ( ਕਲੀਨੀਕਲ ਡੀਹਾਈਡਰੇਸ਼ਨ ਸਕੇਲ ਉੱਪਰ1 ਤੋਂ 4 ਨੰਬਰ)

ਤੁਹਾਡੇ ਬੱਚੇ ਦੇ ਸਰੀਰ ਵਿੱਚੋਂ ਜੋ ਪਾਣੀ ਅਤੇ ਲੂਣ ਖ਼ਾਰਜ ਹੋ ਚੁੱਕੇ ਹਨ ਉਨ੍ਹਾਂ ਦੀ ਪੂਰਤੀ ਲਈ ਬੱਚੇ ਨੂੰ ਓਰਲ ਰੀਹਾਈਡਰੇਸ਼ਨ ਸਲਿਊਸ਼ਨ (ਮੂੰਹ ਰਾਹੀਂ ਦੇਣ ਵਾਲੇ ਮੁੜ ਤਰਲ ਭਰਪੂਰ ਬਣਾਉਣ ਵਾਲੇ ਘੋਲ) ਦਿਉ। ਬਜ਼ਾਰ ਵਿੱਚੋਂ ਮਿਲਣ ਵਾਲੇ ਓਰਲ ਰੀਹਾਈਡਰੇਸ਼ਨ ਸਲਿਊਸ਼ਨ ਜਿਵੇਂ ਕਿ ਪੀਡੀਆਲਾਈਟ, ਪੀਡੀਏਟਰਿਕ ਇਲੈਕਟਰੋਲਾਈਟ, ਐਨਫ਼ੇਲਾਈਟ ਜਾਂ ਦੂਜੇ ਬਰਾਂਡਾਂ ਵਿੱਚ ਤਰਲਾਂ ਨੂੰ ਸਰੀਰ ਵਿੱਚ ਰਚ ਜਾਣ ਲਈ ਪਾਣੀ, ਸ਼ੱਕਰਾਂ, ਅਤੇ ਲੂਣਾਂ ਦਾ ਉਚਿਤ ਸੰਤੁਲਨ ਹੁੰਦਾ ਹੈ। ਸਾਦੇ ਪਾਣੀ ਜਾਂ ਘਰ ਅੰਦਰ ਹੀ ਬਣਾਏ ਘੋਲ਼ਾਂ ਨਾਲੋਂ ਇਹ ਪਦਾਰਥ ਦੇਣੇ ਸਭ ਤੋਂ ਬਿਹਤਰ ਹੁੰਦੇ ਹਨ, ਖ਼ਾਸਕਰ ਬਾਲਾਂ (ਬੇਬੀਜ਼) ਅਤੇ ਛੋਟੇ ਬੱਚਿਆਂ ਨੂੰ।

ਆਪਣੇ ਬੱਚੇ ਨੂੰ ਹਰ 5 ਮਿੰਟ ਪਿੱਛੋਂ 5 ਮਿ.ਲੀ. (1 ਛੋਟਾ ਚਮਚਾ) ਦਿਉ ਅਤੇ ਹਜ਼ਮ ਕਰਨ ਦੀ ਸਮਰੱਥਾ ਅਨੁਸਾਰ ਹਰ 5 ਮਿੰਟ ਪਿੱਛੋਂ 30 ਮਿ.ਲੀ. (1ਆਊਂਸ) ਤੱਕ ਵਧਾਉ। ਹਰ 1 ਤੋਂ 2 ਘੰਟਿਆਂ ਬਾਦ ਸਰੀਰ ਦੇ ਵਜ਼ਨ ਦੇ ਇੱਕ ਕਿਲੋਗਰਾਮ ਪਿੱਛੇ 25 ਤੋਂ 50 ਮਿ.ਲੀ. ਦੇਣ ਦਾ ਟੀਚਾ ਬਣਾਉ। ਇਸ ਤੋਂ ਭਾਵ ਹੈ ਕਿ ਜੇ ਤੁਹਾਡੇ ਬੱਚੇ ਦਾ ਵਜ਼ਨ 13 ਕਿ.ਗ. (29 ਪਾਊਂਡ) ਹੈ, ਤੁਹਾਡਾ ਟੀਚਾ ਉਸ ਨੂੰ 1 ਤੋਂ 2 ਘੰਟਿਆਂ ਦੇ ਸਮੇਂ ਵਿੱਚ 325 ਤੋਂ 650 ਮਿ.ਲੀ. (11 ਤੋਂ 22 ਆਊਂਸ) ਓਰਲ ਰੀਹਾਈਡਰੇਸ਼ਨ ਸਲਿਊਸ਼ਨ ਦੇਣ ਦਾ ਹੋਵੇਗਾ।

ਜੇ ਤੁਹਾਡਾ ਬੱਚਾ ਛਾਤੀ ਤੋਂ ਦੁੱਧ ਪੀਂਦਾ ਹੈ, ਛਾਤੀ ਤੋਂ ਦੁੱਧ ਪਿਆਉਣਾ ਜਾਰੀ ਰੱਖੋ।

ਬਿਲਕੁਲ ਡੀਹਾਈਡਰੇਸ਼ਨ ਨਹੀਂ ( ਕਲੀਨੀਕਲ ਡੀਹਾਈਡਰੇਸ਼ਨ ਸਕੇਲ ਉੱਪਰ 0 ਨੰਬਰ)

ਆਪਣੇ ਬੱਚੇ ਨੂੰ ਤਰਲ ਪਦਾਰਥ ਅਤੇ ਉਮਰ ਅਨੁਸਾਰ ਉਚਿਤ ਖ਼ੁਰਾਕ ਦਿੰਦੇ ਰਹੋ। ਜੇ ਤੁਹਾਡਾ ਬੱਚਾ ਉਲਟੀਆਂ ਕਰਦਾ ਹੋਵੇ ਜਾਂ ਉਸ ਨੂੰ ਦਸਤ ਲੱਗੇ ਹੋਣ, ਹਰ ਵਾਰੀ ਟੱਟੀ ਜਾਂ ਉਲਟੀ ਕਰਨ ਉਪਰੰਤ ਉਸ ਨੂੰ 10 ਮਿ.ਲੀ./ਕਿ.ਗ. ਦੇ ਹਿਸਾਬ ਨਾਲ ਓਰਲ ਰੀਹਾਈਡਰੇਸ਼ਨ ਸਲਿਊਸ਼ਨ ਦਿਉ। ਬੱਚੇ ਨੂੰ ਥੋੜ੍ਹੀ ਥੋੜ੍ਹੀ ਮਾਤਰਾ ਵਿੱਚ ਭੋਜਨ ਅਕਸਰ ਦਿੰਦੇ ਰਹੋ।

ਡੀਹਾਈਡਰੇਸ਼ਨ ਤੋਂ ਬਾਦ ਦਾ ਇਲਾਜ

ਜਦੋਂ ਤੁਹਾਡੇ ਬੱਚੇ ਦੇ ਸਰੀਰ ਅੰਦਰ ਤਰਲਾਂ ਦੀ ਮਾਤਰਾ ਬਿਹਤਰ ਹੋ ਜਾਂਦੀ ਹੈ, ਉਸ ਤੋਂ ਅਗਲਾ ਕਦਮ ਬੱਚੇ ਨੂੰ ਆਮ ਵਾਂਗ ਭੋਜਨ ਖਾਣ ਦੀ ਸਥਿਤੀ ਵਿੱਚ ਲਿਆਉਣਾ ਹੈ। ਆਮ ਤੌਰ ‘ਤੇ ਇਹ ਅਖ਼ੀਰਲੀ ਵਾਰੀ ਉਲਟੀ ਆਉਣ ਤੋਂ ਲਗਭਗ 4 ਤੋਂ 6 ਘੰਟਿਆਂ ਪਿੱਛੋਂ ਹੁੰਦਾ ਹੈ। ਜਿਹੜੇ ਭੋਜਨ ਅਤੇ ਪੀਣ ਵਾਲੇ ਪਦਾਰਥ ਤੁਹਾਡਾ ਬੱਚਾ ਪਸੰਦ ਕਰਦਾ ਹੈ, ਉਹ ਉਸ ਨੂੰ ਦਿਉ।

ਆਪਣੇ ਬੱਚੇ ਨੂੰ ਬੰਧੇਜ ਵਾਲੀ ਖ਼ੁਰਾਕ ਜਿਵੇਂ ਕਿ ਬੀ.ਆਰ.ਏ.ਟੀ (BRAT) ( ਕੇਲੇ, ਚੌਲ਼, ਸੇਬਾਂ ਦੀ ਸਾਸ, ਟੋਸਟ) ਦੇਣ ਦੀ ਲੋੜ ਨਹੀਂ। ਫ਼ਿਰ ਵੀ, ਜਿੰਨੀ ਦੇਰ ਤੱਕ ਤੁਹਾਡਾ ਬੱਚਾ ਪੂਰੀ ਤਰ੍ਹਾਂ ਰਾਜ਼ੀ ਨਹੀਂ ਹੋ ਜਾਦਾਂ ਉਸ ਨੂੰ ਅਜਿਹੇ ਭੋਜਨ ਦੇਣ ਤੋਂ ਪਰਹੇਜ਼ ਕਰੋ ਜਿਨ੍ਹਾਂ ਵਿੱਚ ਸ਼ੱਕਰ ਜਾਂ ਮਿੱਠੇ ਦੀ ਮਾਤਰਾ ਬਹੁਤ ਜ਼ਿਆਦਾ ਹੋਵੇ, ਜੋ ਤਲੇ ਹੋਏ ਜਾਂ ਵਧੇਰੇ ਥੰਧਿਆਈ ਵਾਲੇ, ਅਤੇ ਮਸਾਲੇਦਾਰ ਹੋਣ।

ਪਾਣੀ, ਓਰਲ ਰੀਹਾਈਡਰੇਸ਼ਨ ਸਲਿਊਸ਼ਨ, ਜਾਂ ਕਿਸੇ ਹੋਰ ਤਰਲ ਪਦਾਰਥ ਨਾਲ ਆਪਣੇ ਬੱਚੇ ਦਾ ਫ਼ਾਰਮੂਲਾ ਜਾਂ ਦੁੱਧ ਪਤਲਾ ਨਾ ਕਰੋ।

ਜੇ ਤੁਹਾਡੇ ਬੱਚੇ ਨੂੰ ਉਲਟੀਆਂ ਜਾਂ ਦਸਤ ਚਾਲੂ ਰਹਿੰਦੇ ਹਨ, ਹਰ ਵਾਰੀ ਟੱਟੀ ਜਾਂ ਉਲਟੀ ਕਰਨ ਉਪਰੰਤ ਉਸ ਨੂੰ 10 ਮਿ.ਲੀ./ਕਿ.ਗ. ਦੇ ਹਿਸਾਬ ਨਾਲ ਓਰਲ ਰੀਹਾਈਡਰੇਸ਼ਨ ਸਲਿਊਸ਼ਨ ਦਿਉ। ਜਿਹੜੇ ਭੋਜਨ ਅਤੇ ਪੀਣ ਵਾਲੇ ਪਦਾਰਥ ਤੁਹਾਡਾ ਬੱਚਾ ਪਸੰਦ ਕਰਦਾ ਹੈ, ਉਸ ਨੂੰ ਉਹ ਵੀ ਦੇ ਸਕਦੇ ਹੋ। ਭਾਵੇਂ ਬੱਚੇ ਨੂੰ ਦਸਤ ਲੱਗੇ ਹੋਣ, ਉਸ ਨੂੰ ਮੁੜ ਰਾਜ਼ੀ ਹੋਣ ਲਈ ਸਰੀਰ ਦੀ ਲੋੜ ਅਨੁਸਾਰ ਦੁੱਧ ਅਤੇ ਹੋਰ ਪੋਸ਼ਟਿਕ ਭੋਜਨ ਆਮ ਵਾਂਗ ਦਿੰਦੇ ਰਹਿਣਾ ਬਿਹਤਰ ਹੁੰਦਾ ਹੈ।

ਓਰਲ ਰੀਹਾਈਡਰੇਸ਼ਨ ਸਲਿਊਸ਼ਨ ਨਾਲ ਭਵਿੱਖ ਵਿੱਚ ਡੀਹਾਈਡਰੇਸ਼ਨ ਹੋਣ ਤੋਂ ਰੋਕਣਾ

ਆਪਣੇ ਬੱਚੇ ਨੂੰ ਅਕਸਰ ਅਤੇ ਜਿਉਂ ਹੀ ਡੀਹਾਈਡਰੇਸ਼ਨ ਦੇ ਲੱਛਣ ਵੇਖੋਂ ਉਸ ਵੇਲੇ ਓਰਲ ਰੀਹਾਈਡਰੇਸ਼ਨ ਸਲਿਊਸ਼ਨ ਦੇ ਕੇ ਤੁਸੀਂ ਡੀਹਾਈਡਰੇਸ਼ਨ ਰੋਕ ਸਕਦੇ ਹੋ। ਇਹ ਸਲਿਊਸ਼ਨ ਫ਼ਾਰਮੇਸੀਆਂ ਤੋਂ ਤਿਆਰ ਰੂਪ ਤਰਲ, ਕੁਲਫੀਆਂ, ਅਤੇ ਪਾਊਡਰ ਦੀ ਸ਼ਕਲ ਵਿੱਚ ਉਪਲਬਧ ਹੁੰਦੇ ਹਨ। ਪਾਊਡਰ ਸੰਭਾਲ ਕੇ ਰੱਖਣ ਲਈ ਸੁਖਾਲ਼ੇ ਹੁੰਦੇ ਹਨ ਅਤੇ ਛੇਤੀ ਖ਼ਰਾਬ ਨਹੀਂ ਹੁੰਦੇ, ਪ੍ਰੰਤੂ ਇਹ ਬਹੁਤ ਹੀ ਧਿਆਨ ਨਾਲ ਮਿਲਾਉਣੇ ਪੈਂਦੇ ਹਨ ਨਹੀਂ ਤਾਂ ਇਹ ਗ਼ਲਤ ਮਾਤਰਾ (ਸੰਘਣਾਪਣ) ਵਿੱਚ ਦਿੱਤੇ ਜਾ ਸਕਦੇ ਹਨ।

ਜੇ ਤੁਹਾਡਾ ਬੱਚਾ ਓਰਲ ਰੀਹਾਈਡਰੇਸ਼ਨ ਸਲਿਊਸ਼ਨ ਬੋਤਲ ਜਾਂ ਕੱਪ ਨਾਲ ਲੈਣ ਤੋਂ ਨਾਂਹ ਕਰ ਦਿੰਦਾ ਹੈ, ਸਲਿਊਸ਼ਨ ਛੋਟੇ ਚਮਚੇ ਜਾ ਸਰਿੰਜ ਨਾਲ ਦਿਉ। ਸਲਿਊਸ਼ਨ ਦੇ ਤਾਪਮਾਨ ਨਾਲ ਕੋਈ ਫ਼ਰਕ ਨਹੀਂ ਪੈਂਦਾ। ਤੁਸੀਂ ਸਲਿਊਸ਼ਨ ਨੂੰ ਜਿਵੇਂ ਵੀ ਤੁਹਾਡਾ ਬੱਚਾ ਪਸੰਦ ਕਰਦਾ ਹੋਵੇ ਗਰਮ, ਠੰਢੇ, ਜਾਂ ਕਮਰੇ ਦੇ ਸਾਧਾਰਨ ਤਾਪਮਾਨ ਵਾਲੇ ਤਰਲਾਂ ਨਾਲ ਮਿਲਾ ਸਕਦੇ ਹੋ

ਡਾਕਟਰੀ ਮਦਦ ਕਦੋਂ ਲੈਣੀ ਚਾਹੀਦੀ ਹੈ

ਆਪਣੇ ਡਾਕਟਰ ਨੂੰ ਫ਼ੋਨ ਕਰੋ ਜੇ:

  • ਤੁਹਾਡਾ ਬੱਚਾ ਓਰਲ ਰੀਹਾਈਡਰੇਸ਼ਨ ਸਲਿਊਸ਼ਨ ਲੈਣ ਤੋਂ ਨਾਂਹ ਕਰ ਦਿੰਦਾ ਹੈ
  • ਤੁਹਾਡਾ ਬੱਚਾ ਲਗਾਤਾਰ ਉਲਟੀਆਂ ਕਰਦਾ ਹੈ

ਆਪਣੇ ਬੱਚੇ ਨੂੰ ਨੇੜੇ ਦੇ ਐਮਰਜੈਂਸੀ ਵਿਭਾਗ ਵਿਖੇ ਲੈ ਕੇ ਜਾਉ, ਜਾਂ ਲੋੜ ਹੋਵੇ ਤਾਂ 911 ‘ਤੇ ਫ਼ੋਨ ਕਰੋ, ਜੇ:

  • ਤੁਹਾਡਾ ਬੱਚਾ ਮੁੜ ਰਾਜ਼ੀ ਨਹੀਂ ਹੋ ਰਿਹਾ ਜਾਂ ਜ਼ਿਆਦਾ ਡੀਹਾਇਡਰੇਟਡ (ਸਰੀਰ ਵਿੱਚ ਤਰਲਾਂ ਦੀ ਬਹੁਤੀ ਘਾਟ) ਹੋ ਰਿਹਾ ਹੋਵੇ
  • ਦਸਤਾਂ ਜਾਂ ਉਲਟੀਆਂ ਵਿੱਚ ਖ਼ੂਨ ਆਉਂਦਾ ਹੋਵੇ, ਜਾਂ ਉਲਟੀ ਹਰੇ ਰੰਗ ਵਿੱਚ ਬਦਲ ਜਾਂਦੀ ਹੋਵੇ
  • ਤੁਹਾਡੇ ਬੱਚੇ ਦੇ ਦਰਦ ਹੋ ਰਿਹਾ ਹੋਵੇ ਜਿਸ ਨੂੰ ਤੁਸੀਂ ਅਸਾਨੀ ਨਾਲ ਨਜਿੱਠ ਨਹੀਂ ਸਕਦੇ ਜਾਂ ਜੋ ਉਸ ਨੂੰ ਲੋੜੀਂਦੀ ਮਾਤਰਾ ਵਿੱਚ ਤਰਲ ਪਦਾਰਥ ਲੈਣ ਦੇ ਅਯੋਗ ਬਣਾ ਰਿਹਾ ਹੈ
  • ਦਸਤ 10 ਦਿਨਾਂ ਤੋਂ ਵੱਧ ਸਮੇਂ ਲਈ ਰਹਿੰਦੇ ਹਨ

ਮੁੱਖ ਨੁਕਤੇ

  • ਬਾਲ ਅਤੇ ਛੋਟੇ ਬੱਚਿਆਂ ਨੂੰ ਡੀਹਾਈਡਰੇਸ਼ਨ ਦਾ ਵੱਧ ਖ਼ਤਰਾ ਹੁੰਦਾ ਹੈ।
  • ਛੇਤੀ, ਉਚਿਤ ਇਲਾਜ ਡੀਹਾਈਡਰੇਸ਼ਨ ਦੀ ਰੋਕਥਾਮ ਕਰ ਸਕਦਾ ਹੈ।
  • ਹਲਕੀ ਡੀਹਾਈਡਰੇਸ਼ਨ ਵਾਲੇ ਬੱਚਿਆਂ ਦੀ ਸੰਭਾਲ ਘਰ ਅੰਦਰ ਹੀ ਕੀਤੀ ਜਾ ਸਕਦੀ ਹੈ।
  • ਦਰਮਿਆਨੀ ਅਤੇ ਗੰਭੀਰ ਡੀਹਾਈਡਰੇਸ਼ਨ ਵਾਲੇ ਬੱਚਿਆਂ ਨੂੰ ਡਾਕਟਰ ਨੂੰ ਵਿਖਾਉਣਾ ਚਾਹੀਦਾ ਹੈ।
Last updated: novembro 17 2009