ਪਰਟੂਸਿੱਸ (ਕਾਲੀ ਖੰਘ)

Pertussis (whooping cough) [ Punjabi ]

PDF download is not available for Arabic and Urdu languages at this time. Please use the browser print function instead

ਕਾਲੀ ਖੰਘ (ਪਰਟੂਸਿੱਸ) ਸਾਹ ਪਰਣਾਲੀ ਦੀ ਜਰਾਸੀਮ ਨਾਲ ਲੱਗਣ ਵਾਲੀ ਲਾਗ ਹੈ ਜਿਸ ਨਾਲ ਖੰਘ ਦੇ ਗੰਭੀਰ ਦੌਰੇ ਪੈਂਦੇ ਹਨ। ਕਾਲੀ ਖੰਘ ਦੇ ਲੱਛਣਾਂ ਅਤੇ ਇਲਾਜ ਬਾਰੇ ਪੜ੍ਹੋ।

ਕਾਲੀ ਖੰਘ ਕੀ ਹੁੰਦੀ ਹੈ?

ਪਰਟੂਸਿੱਸ ਜਿਸ ਨੂੰ ਆਮ ਤੌਰ ਤੇ ਕਾਲੀ ਖੰਘ ਕਿਹਾ ਜਾਂਦਾ ਹੈ, ਫੇਫੜਿਆਂ ਅਤੇ ਸਾਹ ਪਰਣਾਲੀ ਦੇ ਉੱਪਰਲੇ ਹਿੱਸੇ ਵਿੱਚ ਅਚਾਨਕ ਸ਼ੁਰੂ ਹੋ ਜਾਣ ਵਾਲੀ ਲਾਗ ਹੁੰਦੀ ਹੈ।

ਇਸ ਬਿਮਾਰੀ ਦੇ ਤਿੰਨ ਪੜਾਅ ਹੁੰਦੇ ਹਨ:

  • ਤੁਹਾਡੇ ਬੱਚੇ ਵਿੱਚ ਸਰਦੀ-ਜ਼ੁਕਾਮ ਵਰ​ਗੇ ਲੱਛਣ ਵਿਖਾਈ ਦੇਣੇ ਸ਼ੁਰੂ ਹੋਣਗੇ, ਜਿਵੇਂ ਕਿ ਨੱਕ ਵਗਣਾ ਅਤੇ ਹਲਕੀ ਖੰਘ।
  • ਦੁਜੇ ਪੜਾਅ ਵਿੱਚ ਖੰਘ ਵਿਗੜ ਜਾਂਦੀ ਹੈ। ਤੁਹਾਡੇ ਬੱਚੇ ਨੂੰ ਖੰਘ ਦੇ ਗੰਭੀਰ ਦੌਰੇ ਪੈਂਦੇ ਹਨ। ਇਹ ਅਚਾਨਕ ਛੋਟੇ, ਤੇਜ਼ ਖੰਘ ਦੇ ਦੌਰੇ ਹੁੰਦੇ ਹਨ।
  • ਖੰਘ ਕਾਰਨ ਤੁਹਾਡੇ ਬੱਚੇ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਹੁੰਦੀ ਹੈ। ਖੰਘ ਦੇ ਦੌਰੇ ਤੋਂ ਪਿੱਛੋਂ ਜਦੋਂ ਤੁਹਾਡਾ ਬੱਚਾ ਸਾਹ ਲੈਂਦਾ ਹੈ, ਤੁਸੀਂ ਬਹੁਤ ਉੱਚੀ ਚੀਕ ਮਾਰਨ ਵਰਗੀ ਅਵਾਜ਼ ਸੁਣੋਗੇ। ਤੁਹਾਡੇ ਬੱਚੇ ਦਾ ਚਿਹਰਾ ਅਕਸਰ ਲਾਲ ਹੋ ਜਾਵੇਗਾ।
  • ਇਹ ਲਾਗ ਨੱਕ ਅਤੇ ਗਲ਼ੇ ਅੰਦਰ ਬਹੁਤ ਮਾਤਰਾ ਵਿੱਚ ਸੰਘਣੀ ਬਲਗ਼ਮ ਪੈਦਾ ਕਰ ਸਕਦੀ ਹੈ।
  • ਖੰਘ ਕਾਰਨ ਤੁਹਾਡੇ ਬੱਚੇ ਨੂੰ ਉਲਟੀ ਆ ਸਕਦੀ ਹੈ। ਉਹ ਦੁੱਧ, ਭੋਜਨ ਅਤੇ ਬਲਗ਼ਮ ਬਾਹਰ ਕੱਢ ਸਕਦੇ ਹਨ।
  • ਤੀਜੇ ਪੜਾਅ ਵਿੱਚ ਰਾਜ਼ੀ ਹੋਣ ਅਤੇ ਅਰੋਗਤਾ ਸ਼ਾਮਲ ਹੁੰਦੀ ਹੈ। ਤੁਹਾਡੇ ਬੱਚੇ ਨੂੰ ਲਗਾਤਾਰ ਖੰਘ ਆਉਣੀ ਜਾਰੀ ਰਹੇਗੀ, ਪ੍ਰੰਤੂ ਇਹ ਦੂਜੇ ਪੜਾਅ ਨਾਲੋਂ ਘੱਟ ਗੰਭੀਰ ਹੋਵੇਗੀ।

ਕਾਲੀ ਖੰਘ ਛੋਟੇ ਬਾਲਾਂ (ਬੇਬੀਆਂ) ਵਿੱਚ ਬਹੁਤ ਗੰਭੀਰ ਹੋ ਸਕਦੀ ਹੈ ਕਿਉਂਕਿ ਉਨ੍ਹਾਂ ਦੇ ਹਵਾ (ਸਾਹ) ਵਾਲੇ ਰਸਤੇ ਛੋਟੇ ਹੁੰਦੇ ਹਨ। ਕਾਲੀ ਖੰਘ ਵਾਲੇ ਛੋਟੇ ਬਾਲਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਦੀ ਲੋੜ ਪੈ ਸਕਦੀ ਹੈ।

ਕਾਲੀ ਖੰਘ ਦੀਆਂ ਨਿਸ਼ਾਨੀਆਂ ਅਤੇ ਲੱਛਣ

  • ਲਗਾਤਾਰ, ਗੰਭੀਰ ਖੰਘ ਜਿਸ ਦੇ ਦੌਰੇ ਪੈਂਦੇ ਹਨ
  • ਖੰਘ ਤੋਂ ਪਿੱਛੋਂ ਦੁੱਧ, ਭੋਜਨ ਜਾਂ ਬਲਗ਼ਮ ਦੀ ਉਲਟੀ ਆਉਣੀ
  • ਜਦੋਂ ਖੰਘ ਆਉਂਦੀ ਹੈ ਉਦੋਂ ਚਿਹਰੇ ਦਾ ਰੰਗ ਬਦਲ ਜਾਣਾ
  • ਸਾਹ ਅੰਦਰ​ ਖਿੱਚਣ ਵੇਲੇ ਉੱਚੀ ਚੀਕ ਵਰਗੀ ਅਵਾਜ਼ ਆਉਣੀ

ਕਾਲੀ ਖੰਘ ਦੇ ਕਾਰਨ

ਇਹ ਬਿਮਾਰੀ ਬੋਰਡਟੈਲਾ ਪਰਟੂਸਿੱਸ ਜਰਾਸੀਮ (ਕਿਟਾਣੂ) ਦੇ ਕਾਰਨ ਲੱਗਦੀ ਹੈ। ਆਪਣੇ ਬੱਚੇ ਦੇ ਟੀਕਾ ਲਗਵਾ ਕੇ ਤੁਸੀਂ ਲਗਭਗ ਸਦਾ ਲਈ ਹੀ ਕਾਲੀ ਖੰਘ ਨੂੰ ਰੋਕ ਸਕਦੇ ਹੋ।

ਜੇ ਤੁਹਾਡੇ ਜਾ ਤੁਹਾਡੇ ਬੱਚੇ ਦੇ ਟੀਕਾ ਲੱਗਿਆ ਹੋਇਆ ਹੈ, ਸਮਾਂ ਪਾ ਕੇ ਉਨ੍ਹਾਂ ਵਿੱਚ ਰੋਗਾਂ ਵਿਰੁੱਧ ਲੜਨ ਦੀ ਸਮਰੱਥਾ (ਸੁਰੱਖਿਆ) ਘਟ ਜਾਂਦੀ ਹੈ। ਜਿਹੜੇ ਬਾਲਗ਼ ਅਸਰ ਵਧਾਊ ਟੀਕਾ (ਬੂਸਟਰ) ਨਹੀਂ ਲਵਾਉਂਦੇ, ਉਨ੍ਹਾਂ ਨੂੰ ਲਾਗ ਲੱਗ ਸਕਦੀ ਹੈ ਅਤੇ ਉਨ੍ਹਾਂ ਤੋਂ ਲਾਗ ਅੱਗੇ ਬੱਚਿਆਂ ਨੂੰ ਲੱਗ ਸਕਦੀ ਹੈ। ਜਿਹੜੇ ਛੋਟੇ ਬਾਲਾਂ ਦੇ ਕਾਲੀ ਖੰਘ ਦੇ ਪੂਰੇ ਟੀਕੇ ਨਹੀਂ ਲੱਗੇ ਹੁੰਦੇ, ਉਨ੍ਹਾਂ ਨੂੰ ਲਾਗ ਲੱਗਣ ਦਾ ਖ਼ਤਰਾ ਹੁੰਦਾ ਹੈ।

ਹੋਰ ਕਿਟਾਣੂ ਵੀ ਅਜਿਹੀ ਬਿਮਾਰੀ ਲਗਾ ਸਕਦੇ ਹਨ ਜਿਹੜੀ ਕਾਲੀ ਖੰਘ ਵਰਗੀ ਹੀ ਲੱਗਦੀ ਹੈ, ਪਰ ਇਹ ਇੰਨੀ ਗੰਭੀਰ ਨਹੀਂ ਹੁੰਦੀ।

ਕਾਲੀ ਖੰਘ ਦੀਆਂ ਪੇਚੀਦਗੀਆਂ

ਕਾਲੀ ਖੰਘ ਇੱਕ ਖ਼ਤਰਨਾਕ ਬਿਮਾਰੀ ਹੋ ਸਕਦੀ ਹੈ, ਖਾਸ ਕਰ ਛੋਟੇ ਬਾਲਾਂ ਲਈ। ਇਸ ਦੀਆਂ ਪੇਚੀਦਗੀਆ ਕਾਰਨ ਨਮੂਨੀਆ, ਸਾਹ ਰੁੱਕਣਾ, ਦੌਰੇ ਪੈਣੇ ਅਤੇ ਮੌਤ ਹੋ ਸਕਦੀ ਹੈ।

ਕਾਲੀ ਖੰਘ ਦੇ ਖ਼ਤਰੇ ਦੇ ਕਾਰਨ

ਕਾਲੀ ਖੰਘ ਦੇ ਟੀਕੇ ਨਾ ਲਵਾਉਣਾ ਵੱਡਾ ਖ਼ਤਰਾ ਹੁੰਦਾ ਹੈ। ਲਾਗ ਵਾਲੇ ਵੱਡੇ ਬੱਚਿਆਂ ਅਤੇ ਬਾਲਗ਼ਾਂ ਦੇ ਸੰਪਰਕ ਵਿੱਚ ਆਉਣਾ ਵੀ ਤੁਹਾਡੇ ਬੱਚੇ ਨੂੰ ਲਾਗ ਲੱਗਣ ਦੇ ਖ਼ਤਰੇ ਵਿੱਚ ਪਾ ਸਕਦਾ ਹੈ। ਛੋਟੇ ਬਾਲ ਜਦੋਂ ਲਾਗ ਲੱਗੀ ਵਾਲੇ ਹੋਰ ਵਿਅਕਤੀਆਂ ਦੇ ਸੰਪਰਕ ਵਿੱਚ ਆਉਂਦੇ ਹਨ ਤਾਂ ਬਹੁਤ ਛੇਤੀ ਬਿਮਾਰ ਹੋ ਸਕਦੇ ਹਨ।

ਤੁਹਾਡਾ ਡਾਕਟਰ ਕਾਲੀ ਖੰਘ ਲਈ ਕੀ ਕਰ ਸਕਦਾ ਹੈ

ਜੇ ਡਾਕਟਰ ਨੂੰ ਸ਼ੱਕ ਹੋਵੇ ਕਿ ਤੁਹਾਡੇ ਬੱਚੇ ਨੂੰ ਕਾਲੀ ਖੰਘ ਹੈ, ਉਹ ਰੂੰਈਂ ਦੇ ਫ਼ੰਬੇ ਨਾਲ ਨੱਕ ਵਿੱਚੋਂ ਰਿੱਸਦੇ ਤਰਲ ਦਾ ਨਮੂਨਾ ਟੈਸਟ ਕਰਨ ਲਈ ਲਵੇਗਾ। ਟੈਸਟ ਦੇ ਨਤੀਜੇ ਆਉਣ ਵਿੱਚ 5 ਤੋਂ 7 ਦਿਨ ਲੱਗ ਸਕਦੇ ਹਨ।

ਰੋਗਾਣੂਨਾਸ਼ਕਾਂ ਨਾਲ ਇਲਾਜ

ਜੇ ਡਾਕਟਰ ਇਹ ਮਹਿਸੂਸ ਕਰਦਾ ਹੋਵੇ ਕਿ ਤੁਹਾਡੇ ਬੱਚੇ ਨੂੰ ਕਾਲੀ ਖੰਘ ਹੈ, ਉਹ ਟੈਸਟ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਰੋਗਾਣੂਨਾਸ਼ਕਾਂ (ਐਂਟੀਬਾਇਟਿਕਸ) ਨਾਲ ਇਲਾਜ ਕਰਨ ਦੀ ਸਲਾਹ ਦੇਵੇਗਾ। ਜੇ ਰੋਗਾਣੂਨਾਸ਼ਕ ਬਿਮਾਰੀ ਸ਼ੁਰੂ ਹੋਣ ਦੇ 3 ਦਿਨਾਂ ਦੇ ਅੰਦਰ ਅੰਦਰ ਸ਼ੁਰੂ ਕਰ ਦਿੱਤੇ ਜਾਣ ਤਾਂ ਬਹੁਤ ਅਸਰਦਾਇਕ ਹੁੰਦੇ ਹਨ।

ਯਕੀਨੀ ਬਣਾਉ ਕਿ ਤੁਹਾਡਾ ਬੱਚਾ ਰੋਗਾਣੂਨਾਸ਼ਕਾਂ ਨਾਲ ਇਲਾਜ ਦਾ ਕੋਰਸ ਮੁਕੰਮਲ ਕਰੇ। ਲਾਗ ਨੂੰ ਫ਼ੈਲਣ ਤੋਂ ਰੋਕਣ ਲਈ ਤੁਹਾਡੇ ਬੱਚੇ ਦੇ ਨਜ਼ਦੀਕੀ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਵੀ ਰੋਗਾਣੂਨਾਸ਼ਕ ਲੈਣ ਲਈ ਕਿਹਾ ਜਾ ਸਕਦਾ ਹੈ।

ਤਿੰਨ ਮਹੀਨੇ ਤੋਂ ਛੋਟੀ ਉਮਰ ਦੇ ਬਾਲ ਅਤੇ ਵੱਡੇ ਬਾਲ, ਜਿੰਨ੍ਹਾਂ ਨੂੰ ਸਾਹ ਲੈਣ, ਖਾਣ, ਜਾਂ ਪੀਣ ਵਿੱਚ ਮੁਸ਼ਕਿਲ ਆਉਂਦੀ ਹੋਵੇ, ਨੂੰ ਹਸਪਤਾਲ ਵਿੱਚ ਦਾਖ਼ਲ ਕਰਨ ਦੀ ਲੋੜ ਪੈ ਸਕਦੀ ਹੈ।

ਆਪਣੇ ਬੱਚੇ ਦੀ ਘਰ ਵਿੱਚ ਹੀ ਸੰਭਾਲ ਕਰਨੀ

ਨਮੀਂ ਵਾਲੀ ਹਵਾ

ਨਮੀਂ ਵਾਲੀ ਹਵਾ ਬਲਗ਼ਮ ਨੂੰ ਢਿੱਲਾ ਕਰਨ ਵਿੱਚ ਮਦਦ ਕਰ ਸਕਦੀ ਹੈ, ਜਦ ਕਿ ਖ਼ੁਸ਼ਕ ਹਵਾ ਖੰਘ ਨੂੰ ਵਿਗਾੜਦੀ ਹੈ। ਆਪਣੇ ਬੱਚੇ ਦੇ ਸੌਣ ਵਾਲੇ ਕਮਰੇ ਵਿੱਚ ਠੰਢੀ ਹਵਾ ਵਾਲਾ ਵੈਪੋਰਾਈਜ਼ਰ (ਵਾਸ਼ਪ ਬਣਾਉਣ ਵਾਲਾ ਯੰਤਰ) ਜਾਂ ਹਿਊਮਿਡੀਫ਼ਾਇਰ ਰੱਖਣ ਨਾਲ ਮਦਦ ਮਿਲ ਸਕਦੀ ਹੈ। ਦਿਨ ਵਿੱਚ ਘੱਟੋ ਘੱਟ ਇੱਕ ਵਾਰੀ ਪਾਣੀ ਬਦਲੋ ਅਤੇ ਫ਼ਿਲਟਰ ਸਾਫ਼ ਕਰੋ।

ਖਾਰੇ ਘੋਲ

ਨੱਕ ਅਤੇ ਗਲ਼ੇ ਵਿੱਚੋਂ ਬਲਗ਼ਮ ਦੂਰ ਕਰਨ ਵਿੱਚ ਮਦਦ ਲਈ ਨੱਕ ਵਿੱਚ ਪਾਉਣ ਵਾਲੇ ਖਾਰੇ ਘੋਲ (ਸੈਲੀਨੈਕਸ ਜਾਂ ਹੋਰ ਬਰਾਂਡ) ਦੀ ਵਰਤੋਂ ਕਰੋ। ਬਲਬ ਸਰਿੰਜ ਨਾਲ ਹੌਲੀ ਹੌਲੀ ਖਿੱਚਣਾ ਵੀ ਸਹਾਈ ਹੋ ਸਕਦਾ ਹੈ।

ਆਪਣੇ ਬੱਚੇ ਦੀ ਸੌਣ ਦੀ ਮੁਦਰਾ ਨੂੰ ਠੀਕ ਕਰੋ

ਆਪਣੇ ਬੱਚੇ ਨੂੰ ਭੋਜਨ ਖਵਾਉਣ ਤੋਂ ਪਹਿਲਾਂ ਅਤੇ ਪਿੱਛੋਂ ਸਿੱਧੀ ਖੜਵੀਂ ਮੁਦਰਾ ਵਿੱਚ ਰੱਖਣਾ ਪੇਟ ਵਿੱਚੋਂ ਭੋਜਨ ਬਾਹਰ ਕੱਢਣ ਅਤੇ ਉਲਟੀਆਂ ਆਉਣੀਆਂ ਘਟਾ ਸਕਦਾ ਹੈ। ਇਸ ਮੁਦਰਾ ਵਿੱਚ ਸਾਹ ਲੈਣ ਵਿੱਚ ਸੌਖਿਆਈ ਹੁੰਦੀ ਹੈ।

ਤਰਲ ਪਦਾਰਥਾਂ ਦੇ ਛੋਟੇ ਗਲਾਸ ਅਕਸਰ ਦਿੰਦੇ ਰਹੋ

ਆਪਣੇ ਬੱਚੇ ਨੂੰ ਥੋੜ੍ਹੀ ਥੋੜ੍ਹੀ ਮਾਤਰਾ ਵਿੱਚ ਤਰਲ ਪਦਾਰਥ ਅਕਸਰ ਪਿਅਉਂਦੇ ਰਹੋ। ਜੇ ਤੁਹਾਡਾ ਬੱਚਾ ਉਲਟੀਆਂ ਕਰ ਰਿਹਾ ਹੈ ਤਾਂ ਸਰੀਰ ਵਿੱਚ ਤਰਲਾਂ ਦੀ ਮਾਤਰਾ ਬਣਾਈ ਰੱਖਣੀ ਬਹੁਤ ਜ਼ਰੂਰੀ ਹੁੰਦੀ ਹੈ। ਛਾਤੀ ਤੋਂ ਦੁੱਧ ਚੁੰਘਣ ਵਾਲੇ ਬਾਲਾਂ ਨੂੰ ਦੁੱਧ ਚੁੰਘਾਉਂਦੇ ਰਹਿਣਾ ਚਾਹੀਦਾ ਹੈ।

ਧੂੰਏਂ ਵਾਲੀਆਂ ਥਾਵਾਂ ਤੋਂ ਪਰਹੇਜ਼ ਕਰੋ

ਆਪਣੇ ਬੱਚੇ ਨੂੰ ਧੂੰਏਂ ਅਤੇ ਹੋਰ ਪਰੇਸ਼ਾਨ ਕਰਨ ਵਾਲੇ ਵਾਤਾਵਰਣ ਤੋਂ ਦੂਰ ਰੱਖੋ। ਸਿਗਰਟ ਦਾ ਧੂੰਆਂ ਖੰਘ ਨੂੰ ਹੋਰ ਵੀ ਵਿਗਾੜ ਸਕਦਾ ਹੈ।

ਡਾਕਟਰੀ ਮਦਦ ਕਦੋਂ ਲੈਣੀ ਚਾਹੀਦੀ ਹੈ

ਆਪਣੇ ਬੱਚੇ ਦੇ ਡਾਕਟਰ ਨੂੰ ਫ਼ੋਨ ਕਰੋ, ਜੇ:

  • ਤੁਹਾਡੇ ਬੱਚੇ ਨੂੰ ਲਗਾਤਾਰ ਖੰਘ ਆਉਂਦੀ ਹੈ, ਵਿਗੜ ਰਹੀ ਹੈ, ਜਾਂ ਖੰਘ ਦੇ ਦੌਰੇ ਪੈਂਦੇ ਹਨ
  • ਤੁਹਾਡਾ ਬੱਚਾ ਕਾਲੀ ਖੰਘ ਵਾਲੇ ਕਿਸੇ ਵਿਅਕਤੀ ਦੇ ਸੰਪਰਕ ਵਿੱਚ ਆਇਆ ਹੈ
  • ਤੁਹਾਡੇ ਬੱਚੇ ਨੂੰ ਬੁਖ਼ਾਰ ਹੁੰਦਾ ਹੈ

ਆਪਣੇ ਨਜ਼ਦੀਕੀ ਐਮਰਜੈਂਸੀ ਵਿਭਾਗ ਵਿਖੇ ਜਾਉ ਜਾਂ 911 ‘ਤੇ ਫ਼ੋਨ ਕਰੋ, ਜੇ:

  • ਖੰਘ ਕਾਰਨ ਤੁਹਾਡੇ ਬੱਚੇ ਦੇ ਚਿਹਰੇ ਦਾ ਰੰਗ ਨੀਲਾ ਹੋ ਜਾਂਦਾ ਹੈ ਜਾਂ ਤੁਹਾਡੇ ਬੱਚੇ ਦਾ ਸਾਹ ਰੁਕ ਜਾਂਦਾ ਹੈ
  • ਖੰਘ ਕਾਰਨ ਸਾਹ ਲੈਣ ਵਿੱਚ ਕਠਿਨਾਈ ਹੁੰਦੀ ਹੈ ਜਾਂ ਸਾਹ ਤੇਜ਼ ਹੋ ਜਾਂਦਾ ਹੈ
  • ਤੁਹਾਡਾ ਬੱਚਾ ਤੁਹਾਨੂੰ ਕੋਈ ਜਵਾਬ ਨਹੀਂ ਦੇ ਰਿਹਾ ਜਾਂ ਬਹੁਤ ਸੁਸਤ ਵਿਖਾਈ ਦਿੰਦਾ ਹੈ
  • ਤੁਹਾਡੇ ਬੱਚੇ ਨੂੰ ਦੌਰਾ ਪਿਆ ਹੈ (ਸਰੀਰ ਵਿੱਚ ਲਗਾਤਾਰ ਥਰਕਣ ਜੋ ਰੋਕੀ ਨਹੀਂ ਜਾ ਸਕਦੀ)
  • ਤੁਹਾਡਾ ਬੱਚਾ ਕੁੱਝ ਪੀ ਨਹੀਂ ਰਿਹਾ, ਉਲਟੀਆਂ ਕਰਦਾ ਹੈ ਅਤੇ ਸਰੀਰ ਵਿੱਚੋਂ ਤਰਲ ਘਟ ਰਹੇ ਹਨ
  • ਤੁਹਾਡੇ ਬੱਚੇ ਨੂੰ ਬਹੁਤ ਤੇਜ਼ ਬੁਖ਼ਾਰ ਹੋ ਜਾਂਦਾ ਹੈ
  • ਤੁਹਾਡਾ ਬੱਚਾ ਬਹੁਤ ਬਿਮਾਰ ਵਿਖਾਈ ਦਿੰਦਾ ਹੈ
  • ਤੁਹਾਡੇ ਕੋਈ ਹੋਰ ਪ੍ਰਸ਼ਨ ਜਾਂ ਸਰੋਕਾਰ ਹੋਣ

ਮੁੱਖ ਨੁਕਤੇ

  • ਕਾਲੀ ਖੰਘ ਉਨ੍ਹਾਂ ਬੱਚਿਆਂ ਲਈ ਗੰਭੀਰ ਅਤੇ ਖ਼ਤਰਨਾਕ ਲਾਗ ਹੋ ਸਕਦੀ ਹੈ ਜਿਨ੍ਹਾਂ ਦੇ ਪੂਰੇ ਟੀਕੇ ਨਹੀਂ ਲੱਗੇ।
  • ਆਪਣੇ ਬੱਚੇ ਦੇ ਟੀਕੇ ਲਗਵਾ ਕੇ ਤੁਸੀਂ ਕਾਲੀ ਖੰਘ ਨੂੰ ਰੋਕ ਸਕਦੇ ਹੋ। ਆਪਣੇ ਸਿਹਤ ਸੰਭਾਲ ਕਰਨ ਵਾਲੇ ਨਾਲ ਗੱਲ ਕਰੋ।
  • ਤੁਹਾਡੇ ਬੱਚੇ ਦੇ ਨਜ਼ਦੀਕੀ ਸੰਪਰਕ ਵਿੱਚ ਰਹਿਣ ਵਾਲੇ ਵਿਅਕਤੀਆਂ ਨੂੰ ਵੀ ਦਵਾਈ ਲੈਣ ਦੀ ਲੋੜ ਪਵੇਗੀ।
Last updated: novembro 01 2010