ਸੈਲੂਲਾਈਟਿਸ (ਚਮੜੀ ਦੀ ਬਿਮਾਰੀ) ਕੀ ਹੁੰਦੀ ਹੈ?
ਸੈਲੂਲਾਈਟਿਸ (ਚਮੜੀ ਦੀ ਬਿਮਾਰੀ) ਚਮੜੀ ਦੀ ਇੱਕ ਆਮ ਲਾਗ ਹੈ ਜੋ ਜਰਾਸੀਮ (ਕੀਟਾਣੂਆਂ) ਦੁਆਰਾ ਲੱਗਦੀ ਹੈ। ਲਾਗ ਨਾਲ ਚਮੜੀ ਸੁੱਜੀ ਹੋਈ ਅਤੇ ਲਾਲ ਵਿਖਾਈ ਦਿੰਦੀ ਹੈ, ਅਤੇ ਗਰਮ ਅਤੇ ਦੁਖਦੀ ਮਹਿਸੂਸ ਹੁੰਦੀ ਹੈ। ਸੈਲੂਲਾਈਟਿਸ (ਚਮੜੀ ਦੀ ਬਿਮਾਰੀ) ਸਰੀਰ ਦੇ ਕਿਸੇ ਵੀ ਹਿੱਸੇ ਉੱਤੇ ਹੋ ਸਕਦੀ ਹੈ। ਇਹ ਥੋੜ੍ਹੀ ਜਿਹੀ ਥਾਂ ਤੋਂ ਸ਼ੁਰੂ ਹੋ ਕੇ ਬਹੁਤ ਵਧ ਸਕਦੀ ਹੈ।
ਜੇ ਤੁਸੀਂ ਲਾਗ ਦਾ ਇਲਾਜ ਨਹੀਂ ਕਰਦੇ, ਤਾਂ ਇਹ ਪੱਠਿਆਂ ਅਤੇ ਜੋੜਾਂ ਤੱਕ ਫ਼ੈਲ ਸਕਦੀ ਹੈ ਅਤੇ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ। ਸੈਲੂਲਾਈਟਿਸ ਤੁਹਾਡੇ ਬੱਚੇ ਦੇ ਲਸਿਕਾ ਪ੍ਰਣਾਲੀ (ਲਿਮਫੈਨਗਾਈਟਿਸ) (ਜ਼ਖ਼ਮ ਵਿੱਚੋਂ ਰਿਸਣ ਵਾਲੇ ਪਾਣੀ) ਜਾਂ ਖ਼ੂਨ ਦੇ ਵਹਾ (ਬੈਕਟਰੀਮੀਆ) ਨੂੰ ਪ੍ਰਭਾਵਤ ਕਰ ਸਕਦੀ ਹੈ।
ਨਿਸ਼ਾਨੀਆਂ ਅਤੇ ਲੱਛਣ
ਤੁਹਾਡੇ ਬੱਚੇ ਨੂੰ ਸੈਲੂਲਾਈਟਿਸ ਹੋ ਸਕਦੀ ਹੈ ਜੇ ਉਸ ਦੀ ਚਮੜੀ ਦੀ ਪ੍ਰਭਾਵਤ ਥਾਂ ਅਜਿਹੀ ਹੈ:
- ਸੁੱਜੀ ਹੋਈ
- ਦਰਦ ਵਾਲੀ
- ਲਾਲ
- ਛਿਲਕੇਦਾਰ
- ਗਰਮ ਅਤੇ ਦੁਖਦੀ
- ਆਕਾਰ ਵਿੱਚ ਵਧ ਰਹੀ ਹੋਵੇ
ਦੂਜੇ ਲੱਛਣਾਂ ਵਿੱਚ ਇਹ ਸ਼ਾਮਲ ਹੋ ਸਕਦੇ ਹਨ:
- 2 ਘੰਟੇ ਤੋਂ ਵੱਧ ਸਮਾਂ ਬੁਖ਼ਾਰ ਅਤੇ ਸਿਰ ਦਰਦ
- ਤੁਹਾਡਾ ਬੱਚਾ ਠੀਕ ਨਹੀਂ ਲੱਗਦਾ
- ਤੁਹਾਡਾ ਬੱਚਾ ਬਹੁਤ ਉਨੀਂਦਰੇ ਵਿੱਚ ਹੋਵੇ
- ਉਲਟੀਆਂ ਆਉਂਦੀਆਂ ਹੋਣ
- ਸ਼ਖ਼ਸੀਅਤ ਵਿੱਚ, ਬੋਲਣ ਵਿੱਚ, ਜਾਂ ਕੰਮ ਕਰਨ ਵਿੱਚ ਤਬਦੀਲੀਆਂ
- ਭਾਰ ਦਾ ਘਟਣਾ
- ਚੱਲਣ ਵਿੱਚ ਮੁਸ਼ਕਲ
- ਬਾਹਵਾਂ ਜਾਂ ਲੱਤਾਂ ਵਿੱਚ ਕਮਜ਼ੋਰੀ
- ਦੌਰੇ ਪੈਣੇ (ਸਰੀਰ ਦਾ ਕਾਂਬਾ ਜੋ ਰੋਕਿਆ ਨਾ ਜਾ ਸਕਦਾ ਹੋਵੇ)
- ਆਕੜੀ ਹੋਈ ਗਰਦਨ
- ਨੀਂਦ ਨਾਲ ਸਬੰਧਤ ਸਿਰ ਦਰਦ
- ਨਜ਼ਰ ਵਿੱਚ ਗੜਬੜ
ਸੈਲੂਲਾਈਟਿਸ ਦੇ ਕਾਰਨ
ਸੈਲੂਲਾਈਟਿਸ ਜਰਾਸੀਮ (ਕੀਟਾਣੂਆਂ) ਕਾਰਨ ਲੱਗਦੀ ਹੈ, ਜਿਵੇਂ ਕਿ ਸਟ੍ਰੈਪਟੋਕਾਕੁਸ (streptococcus) ਅਤੇ ਸਟੈਫ਼ਲੋਕਾਕੁਸ (staphylococcus)। ਜਰਾਸੀਮ ਝਰੀਟ, ਚੀਰ, ਜਾਂ ਚਮੜੀ ਵਿੱਚ ਤਰੇੜ ਰਾਹੀਂ ਤੁਹਾਡੇ ਬੱਚੇ ਦੇ ਸਰੀਰ ਵਿੱਚ ਦਾਖ਼ਲ ਹੋ ਜਾਂਦੇ ਹਨ। ਹੋ ਸਕਦਾ ਹੈ ਜਰਾਸੀਮ ਦੇ ਦਾਖ਼ਲੇ ਵਾਲੀ ਜਗ੍ਹਾ ਤੁਸੀਂ ਨਾ ਵੇਖ ਸਕੋਂ।
ਤੁਹਾਡੇ ਬੱਚੇ ਨੂੰ ਲਾਗ ਦੇ ਲੱਗਣ ਦੀ ਸੰਭਾਵਨਾ ਵੱਧ ਹੁੰਦੀ ਹੈ ਜੇ ਕਰ ਉਸ ਦੀ:
- ਚਮੜੀ ਖ਼ੁਸ਼ਕ ਜਾਂ ਪੇਪੜੀਆਂ ਵਾਲੀ ਹੋਵੇ
- ਚਮੜੀ ਜਲ਼ੀ ਹੋਈ, ਰਗੜਾਂ ਵਾਲੀ, ਚਿੱਪਰਾਂ ਵਾਲੀ, ਚੀਰੀ, ਜਾਂ ਛਿੱਲੀ ਹੋਈ ਹੋਵੇ
- ਲਾਗ ਦੀਆਂ ਦੂਜੀਆਂ ਕਿਸਮਾਂ ਜੋ ਚਮੜੀ 'ਤੇ ਅਸਰ ਪਾਉਂਦੀਆਂ ਹਨ
- ਮੱਕੜੀ ਜਾਂ ਕੀੜੇ-ਮਕੌੜੇ ਦਾ ਕੱਟਣਾ
- ਹੁਣੇ ਹੁਣੇ ਸਰਜਰੀ ਹੋਈ ਹੋਵੇ
ਬੱਚੇ ਦੀ ਚਮੜੀ ਅੰਦਰ ਇੱਕ ਵਾਰੀ ਦਾਖ਼ਲ ਹੋ ਜਾਣ ਪਿੱਛੋਂ ਇਹ ਲਾਗ ਸਰੀਰ ਦੇ ਦੂਜੇ ਹਿੱਸਿਆਂ ਵਿੱਚ ਫ਼ੈਲ ਸਕਦੀ ਹੈ। ਲੱਤਾਂ ਅਤੇ ਪੈਰ ਆਮ ਥਾਵਾਂ ਹਨ ਜਿਨ੍ਹਾਂ ਰਾਹੀਂ ਜਰਾਸੀਮ ਸਰੀਰ ਅੰਦਰ ਦਾਖ਼ਲ ਹੁੰਦੇ ਹਨ। ਜੇ ਤੁਹਾਡੇ ਬੱਚੇ ਦੀਆਂ ਬਾਹਵਾਂ ਅਤੇ ਲੱਤਾਂ ਨੂੰ ਲਾਗ ਲੱਗੀ ਹੋਈ ਹੋਵੇ ਤਾਂ ਬੱਚੇ ਲਈ ਇਨ੍ਹਾਂ ਨੂੰ ਵਰਤਣ ਵਿੱਚ ਮੁਸ਼ਕਲ ਆਉਂਦੀ ਹੈ।
ਸੈਲੂਲਾਈਟਿਸ ਬਾਰੇ ਤੁਹਾਡਾ ਡਾਕਟਰ ਕੀ ਕਰ ਸਕਦਾ ਹੈ
ਸਰੀਰਕ ਮੁਆਇਨਾ
ਕੀ ਤੁਹਾਡੇ ਬੱਚੇ ਨੂੰ ਸੈਲੂਲਾਇਟਿਸ ਹੈ, ਇਹ ਵੇਖਣ ਲਈ ਤੁਹਾਡੇ ਬੱਚੇ ਦਾ ਡਾਕਟਰ ਉਸ ਦਾ ਮੁਕੰਮਲ ਸਰੀਰਕ ਮੁਆਇਨਾ ਕਰੇਗਾ। ਤੁਹਾਡੇ ਬੱਚੇ ਦਾ ਖੂਨ ਵੀ ਟੈਸਟ ਕੀਤਾ ਜਾ ਸਕਦਾ ਹੈ।
ਕੀ ਲਾਗ ਵਧ ਰਹੀ ਹੈ ਇਹ ਵੇਖਣ ਲਈ ਡਾਕਟਰ ਜਾਂ ਨਰਸ ਪ੍ਰਭਾਵਤ ਜਗ੍ਹਾ ਦੁਆਲੇ ਪੈੱਨ ਨਾਲ ਨਿਸ਼ਾਨੀ ਲਾ ਸਕਦੀ ਹੈ।
ਰੋਗਾਣੂਨਾਸ਼ਕ (ਐਂਟੀਬਾਇਟਿਕਸ)
ਲਾਗ ਦਾ ਇਲਾਜ ਕਰਨ ਲਈ ਤੁਹਾਡੇ ਬੱਚੇ ਦਾ ਡਾਕਟਰ ਰੋਗਾਣੂਨਾਸ਼ਕ ਵਰਤਣ ਦਾ ਨੁਸਖ਼ਾ ਦੇਵੇਗਾ। ਆਮ ਤੌਰ ‘ਤੇ ਇਹ ਰੋਗਾਣੂਨਾਸ਼ਕ ਤੁਹਾਡਾ ਬੱਚਾ ਮੂੰਹ ਰਾਹੀਂ ਲੈ ਸਕਦਾ ਹੈ। ਜੇ ਤੁਹਾਡੇ ਬੱਚੇ ਨੂੰ ਬਹੁਤ ਹਲਕੀ ਲਾਗ ਲੱਗੀ ਹੋਵੇ, ਤੁਹਾਡੇ ਬੱਚੇ ਦਾ ਡਾਕਟਰ ਰੋਗਾਣੂਨਾਸ਼ਕ ਮੱਲ੍ਹਮ ਤਜਵੀਜ਼ ਕਰ ਸਕਦਾ ਹੈ।
ਜੇ ਤੁਹਾਡੇ ਬੱਚੇ ਦੀ ਲਾਗ ਬਹੁਤ ਗੰਭੀਰ ਹੈ ਜਾਂ ਵਿਗੜਦੀ ਜਾਂਦੀ ਹੋਵੇ ਤਾਂ ਉਸ ਨੂੰ ਇੰਟਰਾਵੀਨਸ (ਨਾੜੀ ਰਾਹੀਂ) ਰੋਗਾਣੂਨਾਸ਼ਕ ਦੇਣ ਦੀ ਲੋੜ ਪੈ ਸਕਦੀ ਹੈ। ਡਾਕਟਰ ਜਾਂ ਨਰਸ ਇਸ ਨੂੰ ਸਿੱਧਾ ਤੁਹਾਡੇ ਬੱਚੇ ਦੀ ਨਾੜੀ ਵਿੱਚ ਦਿੰਦਾ ਹੈ।
ਕੁਝ ਦਿਨਾਂ ਦੇ ਇਲਾਜ ਪਿੱਛੋਂ ਲਾਗ ਠੀਕ ਹੋ ਜਾਣੀ ਚਾਹੀਦੀ ਹੈ।
ਆਪਣੇ ਬੱਚੇ ਦੀ ਘਰ ਵਿੱਚ ਸੰਭਾਲ ਕਰਨੀ
ਸਾਰੇ ਰੋਗਾਣੂਨਾਸ਼ਕ ਸਾਰੇ ਵਰਤੋ
ਭਾਵੇਂ ਤੁਹਾਡਾ ਬੱਚਾ ਠੀਕ ਮਹਿਸੂਸ ਕਰਦਾ ਹੋਵੇ ਤਾਂ ਵੀ ਰੋਗਾਣੂਨਾਸ਼ਕਾਂ ਦੀ ਤਜਵੀਜ਼ ਕੀਤੀ ਗਈ ਮਾਤਰਾ ਉਸ ਨੂੰ ਦੇਣੀ ਜਾਰੀ ਰੱਖੋ। ਲਾਗ ਮੁੜ ਲੱਗ ਸਕਦੀ ਹੈ, ਖਾਸ ਕਰਕੇ ਜੇ ਇਲਾਜ ਸਹੀ ਢੰਗ ਨਾਲ ਮੁਕੰਮਲ ਨਾ ਕੀਤਾ ਜਾਵੇ।
ਬੁਖ਼ਾਰ ਅਤੇ ਦਰਦ ਦਾ ਇਲਾਜ ਕਰਨਾ
ਬੁਖ਼ਾਰ ਜਾਂ ਦਰਦ ਦੇ ਇਲਾਜ ਲਈ ਅਸੀਟਾਮਿਨੋਫ਼ਿਨ (ਟਾਇਲਾਨੌਲ ਜਾਂ ਟੈਂਪਰਾ) ਜਾਂ ਆਈਬਿਊਪਰੋਫ਼ੈਨ (ਮੌਟਰਿਨ ਜਾਂ ਐਡਵਿਲ) ਵਰਤੋ। ਆਪਣੇ ਬੱਚੇ ਨੂੰ ਏ ਐੱਸ ਏ (ਅਸੀਟਲਸਾਲਿਸੀਲਕ ਐਸਿਡ ਜਾਂ ਐੱਸਪਰੀਨ) ਨਾ ਦਿਓ।
ਦਰਦ ਅਤੇ ਬੁਖ਼ਾਰ ਘਟਾਉਣ ਵਿੱਚ ਮਦਦ ਲਈ ਪ੍ਰਭਾਵਤ ਜਗ੍ਹਾ ਉੱਤੇ ਠੰਢੇ ਪੈਕ (ਪੋਟਲੀਆਂ) ਰੱਖੋ।
ਜ਼ਖ਼ਮ ਦਾ ਇਲਾਜ ਕਰਨਾ
ਨਹਾਉਣ ਸਮੇਂ, ਪ੍ਰਭਾਵਤ ਜਗ੍ਹਾ ਨੂੰ ਜਰਾਸੀਮ ਮਾਰਨ ਵਾਲੇ ਸਾਬਣ ਨਾਲ ਪੋਲੇ ਪੋਲੇ ਸਾਫ਼ ਕਰੋ।
ਤੁਹਾਡੇ ਬੱਚੇ ਦੀ ਚਮੜੀ ਬਹੁਤ ਨਰਮ ਤੇ ਦੁਖਦਾਈ ਮਹਿਸੂਸ ਹੋਵੇਗੀ। ਚਮੜੀ ਨੂੰ ਅਰਾਮਦਾਇਕ ਮਹਿਸੂਸ ਕਰਨ ਵਿੱਚ ਮਦਦ ਕਰਨ ਲਈ ਬੈਸੀਟਰੇਸਿਨ (Bacitracin) ਅਤੇ ਪੌਲੀਸਪੋਰਿਨ (Polysporin) ਜਿਹੀ ਰੋਗਾਣੂਨਾਸ਼ਕ ਕਰੀਮ ਨੂੰ ਪੋਲੇ ਪੋਲੇ ਲਾਉ।
ਬੱਚੇ ਦੀ ਸਫ਼ਾਈ ਕਰਨ ਲਈ ਉਸ ਨੂੰ ਨਹਾਉਣ ਵੇਲ਼ੇ ਤੁਸੀਂ ਜਰਾਸੀਮ ਮਾਰਨ ਵਾਲੀ ਸਾਬਣ ਵਰਤ ਸਕਦੇ ਹੋ।
ਜ਼ਖ਼ਮ ਨੂੰ ਪੱਟੀ ਨਾਲ ਢਕ ਕੇ ਰੱਖੋ
ਜ਼ਖ਼ਮ ਨੂੰ ਢਕਣ ਲਈ ਖ਼ੁਸ਼ਕ,ਸਾਫ਼ ਪੱਟੀ ਵਰਤੋ। ਇਹ ਜ਼ਖ਼ਮ ਨੂੰ ਸਾਫ਼ ਰੱਖੇਗੀ।
ਬੱਚੇ ਨੂੰ ਪਾਣੀ ਆਦਿ ਪਿਆਉਂਦੇ ਰਹੋ
ਆਪਣੇ ਬੱਚੇ ਨੂੰ ਬਹੁਤ ਮਾਤਰਾ ਵਿੱਚ ਪਾਣੀ ਅਤੇ ਹੋਰ ਤਰਲ ਪਦਾਰਥ ਪਿਆਉਂਦੇ ਰਹੋ। ਪੀਣ ਵਾਲੇ ਪਦਾਰਥ ਜਿਨ੍ਹਾਂ ਵਿੱਚ ਕੈਫ਼ੀਨ ਹੋਵੇ ਜਿਵੇਂ ਕਿ ਕਾਫ਼ੀ, ਚਾਹ ਅਤੇ ਕੋਲਾ ਤੋਂ ਪਰਹੇਜ਼ ਕਰੋ।
ਠੰਢੇ ਵਾਸ਼ਪ
ਖ਼ੁਸ਼ਕ ਚਮੜੀ ਅਤੇ ਚਮੜੀ ਵਿੱਚ ਪੈਣ ਵਾਲੀਆਂ ਤੇੜਾਂ ਤੋਂ ਅਰਾਮ ਵਿੱਚ ਮਦਦ ਲਈ ਆਪਣੇ ਬੱਚੇ ਨੂੰ ਠੰਢੇ ਵਾਸ਼ਪ ਵਾਲੇ ਵੇਪੋਰਾਈਜ਼ਰ ਦੇ ਨੇੜੇ ਰੱਖੋ।
ਛੂਤ ਨਾਲ ਲੱਗਣ ਬਾਰੇ
ਲਾਗ ਵਾਲੇ ਵਿਅਕਤੀ ਦੇ ਨਜ਼ਦੀਕੀ ਸੰਪਰਕ ਵਿੱਚ ਆਉਣ ਨਾਲ ਲਾਗ ਫ਼ੈਲਣੀ ਨਹੀਂ ਚਾਹੀਦੀ।
ਫਿਰ ਵੀ, ਜੇ ਤੁਹਾਡੇ ਬੱਚੇ ਦੀ ਚਮੜੀ ਵਿਚਲਾ ਕੋਈ ਰਸਤਾ (ਛੇਕ) ਜਿਵੇਂ ਕਿ ਕੋਈ ਚੀਰ ਜਾਂ ਜ਼ਖ਼ਮ ਲਾਗ ਵਾਲੇ ਕਿਸੇ ਵਿਅਕਤੀ ਦੇ ਖੁੱਲ੍ਹੇ ਜ਼ਖ਼ਮ ਦੇ ਸਿੱਧੇ ਸੰਪਰਕ ਵਿੱਚ ਆਉਂਦਾ ਹੈ ਤਾਂ ਜਰਾਸੀਮ ਤੁਹਾਡੇ ਬੱਚੇ ਦੀ ਚਮੜੀ ਵਿੱਚ ਦਾਖ਼ਲ ਹੋ ਸਕਦੇ ਹਨ। ਤੁਹਾਡੇ ਬੱਚੇ ਨੂੰ ਸੈਲੂਲਾਈਟਿਸ ਹੋ ਲੱਗਾ (delete) ਸਕਦੀ ਹੈ।
ਡਾਕਟਰੀ ਸਹਾਇਤਾ ਕਦੋਂ ਲੈਣੀ ਚਾਹੀਦੀ ਹੈ
ਆਪਣੇ ਬੱਚੇ ਦੇ ਡਾਕਟਰ ਨਾਲ ਸੰਪਰਕ ਕਰੋ ਜਾਂ ਨਜ਼ਦੀਕੀ ਕਲਿਨਿਕ ਜਾਂ ਐਮਰਜੈਂਸੀ ਵਿਭਾਗ ਪਹੁੰਚੋ, ਜੇ:
- ਤੁਹਾਡੇ ਬੱਚੇ ਵਿੱਚ ਸੈਲੂਲਾਈਟਿਸ ਦੀਆਂ ਨਿਸ਼ਾਨੀਆਂ ਦਿੱਸਦੀਆਂ ਹੋਣ
ਮੁੜ ਕੇ ਡਾਕਟਰ ਕੋਲ ਜਾਉ, ਜੇ ਤੁਹਾਡਾ ਬੱਚਾ:
- ਉਲਟੀਆਂ ਕਰਨ ਕਰ ਕੇ ਉਹ ਨੁਸਖ਼ੇ ਵਾਲੀ ਦਵਾਈ ਨਹੀਂ ਲੈ ਸਕਦਾ
- ਠੀਕ ਨਹੀਂ ਲੱਗਦਾ ਜਾਂ ਬਹੁਤ ਉਨੀਂਦਰੇ ਵਿੱਚ ਲੱਗਦਾ ਹੈ
- ਪਹਿਲੀ ਵਾਰੀ ਰੋਗਾਣੂਨਾਸ਼ਕ ਲੈਣ ਤੋਂ 72 ਘੰਟੇ ਪਿੱਛੋਂ ਵੀ ਉਸ ਨੂੰ ਬੁਖ਼ਾਰ ਰਹਿੰਦਾ ਹੈ
- ਰੋਗਾਣੂਨਾਸ਼ਕ ਇਲਾਜ ਦੇ 24 ਤੋਂ 48 ਘੰਟੇ ਪਿਛੋਂ ਵੀ ਸੋਜ਼ਸ਼, ਲਾਲੀ, ਜਾਂ ਦਰਦ ਵਧਿਆ ਹੋਇਆ ਹੈ
- ਚਮੜੀ 'ਤੇ ਲਾਲ ਧਾਰੀਆਂ ਬਣ ਜਾਣ ਜਿਹੜੀਆਂ ਲਾਗ ਵਾਲੀ ਮੁੱਢਲੀ ਥਾਂ ਤੋਂ ਬਾਹਰ ਵੱਲ ਨੂੰ ਫ਼ੈਲ ਰਹੀਆਂ ਹੋਣ
- ਉਸ ਦੀਆਂ ਅੱਖਾਂ ਦੁਆਲੇ ਸੈਲੂਲਾਈਟਿਸ ਵਿੱਚ ਰੋਗਾਣੂਨਾਸ਼ਕ ਇਲਾਜ ਦੇ 24 ਤੋਂ 48 ਘੰਟੇ ਪਿੱਛੋਂ ਸੁਧਾਰ ਨਾ ਹੋਵੇ
- 3 ਮਹੀਨਿਆਂ ਤੋਂ ਛੋਟੀ ਉਮਰ ਦਾ ਹੈ ਅਤੇ ਬੁਖ਼ਾਰ ਵਿੱਚ ਉਸ ਦੇ ਗੁਦੇ ਦਾ ਤਾਪਮਾਨ 38°C ਦਰਜੇ (100.4°F) ਹੋਵੇ।
ਮੁੱਖ ਨੁਕਤੇ
- ਸੈਲੂਲਾਈਟਿਸ ਚਮੜੀ ਦੀ ਇੱਕ ਲਾਗ ਹੁੰਦੀ ਹੈ ਜੋ ਸਰੀਰ ਦੇ ਅੰਦਰ ਫ਼ੈਲ ਸਕਦੀ ਹੈ
- ਜੇ ਤੁਹਾਡੇ ਬੱਚੇ ਵਿੱਚ ਸੈਲੂਲਾਈਟਿਸ ਦੀਆਂ ਨਿਸ਼ਾਨੀਆਂ ਵਿਖਾਈ ਦੇਣ ਤਾਂ ਆਪਣੇ ਡਾਕਟਰ ਨਾਲ ਸੰਪਰਕ ਕਰੋ ਜਾਂ ਨਜ਼ਦੀਕੀ ਐਮਰਜੈਂਸੀ ਵਿਭਾਗ ਪਹੁੰਚੋ।
- ਭਾਵੇਂ ਤੁਹਾਡਾ ਬੱਚਾ ਠੀਕ ਮਹਿਸੂਸ ਕਰਦਾ ਹੋਵੇ, ਤਜਵੀਜ਼ ਕੀਤੇ ਰੋਗਾਣੂਨਾਸ਼ਕਾਂ ਵਾਲਾ ਇਲਾਜ ਮੁਕੰਮਲ ਕਰੋ।
- ਜੇ ਜ਼ਖ਼ਮ ਨੰਗਾ ਹੈ ਤਾਂ ਖ਼ਾਰਸ਼ ਜਾਂ ਲਾਗ ਦੇ ਵਧੇਰੇ ਫ਼ੈਲਣ ਤੋਂ ਬਚਾਅ ਕਰਨ ਲਈ ਬੱਚੇ ਦੇ ਜ਼ਖ਼ਮਾਂ ਨੂੰ ਢਕ ਕੇ ਰੱਖੋ।