ਬੁਖ਼ਾਰ

Fever in babies and children [ Punjabi ]

PDF download is not available for Arabic and Urdu languages at this time. Please use the browser print function instead

ਬੁਖ਼ਾਰ ਦੀਆਂ ਨਿਸ਼ਾਨੀਆਂ, ਕਾਰਨਾਂ, ਮਿਆਦ ਅਤੇ ਉਚਿੱਤ ਇਲਾਜ ਬਾਰੇ ਪੜ੍ਹੋ। ਬਿਮਾਰ ਬੱਚਿਆਂ ਦੇ ਹਸਪਤਾਲ ਵੱਲੋਂ ਵਿਸ਼ਵਾਸਯੋਗ ਉੱਤਰ।

ਆਮ ਸਾਧਾਰਨ ਸਰੀਰ ਦਾ ਤਾਪਮਾਨ 37°C (98.6°F) ਹੁੰਦਾ ਹੈ, ਭਾਵੇਂ ਦਿਨ ਭਰ ਵਿੱਚ ਇਸ ਵਿੱਚ ਥੋੜ੍ਹਾ ਕੁ ਘਾਟਾ ਵਾਧਾ ਹੋ ਸਕਦਾ ਹੈ। ਜੇ ਤੁਹਾਡੇ ਬੱਚੇ ਦਾ ਤਾਪਮਾਨ ਸਾਧਾਰਨ ਨਾਲੋਂ ਵੱਧ ਹੋਵੇ ਤਾਂ ਸਮਝੋ ਬੱਚੇ ਨੂੰ ਬੁਖ਼ਾਰ ਹੈ।

ਆਮ ਤੌਰ ਤੇ, ਬੁਖ਼ਾਰ ਇੱਕ ਤਰ੍ਹਾਂ ਦੀ ਨਿਸ਼ਾਨੀ ਹੁੰਦੀ ਹੈ ਕਿ ਸਰੀਰ ਕਿਸੇ ਲਾਗ ਵਿਰੁੱਧ ਲੜ ਰਿਹਾ ਹੈ। ਜਦੋਂ ਸਰੀਰ ਦਾ ਬਿਮਾਰੀ ਤੋਂ ਬਚਾਅ ਕਰਨ ਵਾਲਾ (ਇਮਿਊਨ) ਸਿਸਟਮ ਜਰਮ ਕਾਰਨ ਕਿਰਿਆਸ਼ੀਲ ਹੋ ਜਾਂਦਾ ਹੈ, ਤਾਂ ਸਰੀਰ ਅੰਦਰ ਕਈ ਪ੍ਰਤੀਕਰਮ ਪੈਦਾ ਹੁੰਦੇ ਹਨ। ਬੁਖ਼ਾਰ ਉਨ੍ਹਾਂ ਪ੍ਰਤੀਕਰਮਾਂ ਦੀ ਨਿਸ਼ਾਨੀ ਹੁੰਦੀ ਹੈ।​ ਬੁਖ਼ਾਰ ਆਪਣੇ ਆਪ ਵਿੱਚ ਕੋਈ ਰੋਗ ਜਾਂ ਬਿਮਾਰੀ ਨਹੀਂ ਹੁੰਦੀ।

ਸਰੀਰ ਦੇ ਤਾਪਮਾਨ ਦਾ ਪਤਾ ਕਰਨਾ

ਬੱਚਿਆਂ ਨੂੰ ਜਦੋਂ ਬੁਖ਼ਾਰ ਹੁੰਦਾ ਹੈ ਤਾਂ ਹੱਥ ਲਾਉਣ `ਤੇ ਉਹ ਅਕਸਰ ਗਰਮ ਮਹਿਸੂਸ ਹੁੰਦੇ ਹਨ। ਇਸ ਗੱਲ ਦੀ ਪੁਸ਼ਟੀ ਕਰਨ ਲਈ ਕਿ ਉਸ ਨੂੰ ਬੁਖ਼ਾਰ ਹੈ ਬੱਚੇ ਦੇ ਸਰੀਰ ਦਾ ਤਾਪਮਾਨ ਦਾ ਪਤਾ ਕਰਨ ਲਈ ਥਰਮਾਮੀਟਰ ਵਰਤੋ।

  • ਬੱਚੇ ਦੇ ਗੁਦੇ ਵਿੱਚ ਥਰਮਾਮੀਟਰ ਦੇ ਨਾਲ  ਬੱਚਾ ਪੇਟ ਦੇ ਬਲ ਗੋਦੀ ਵਿੱਚ ਲੇਟਿਆ ਹੋਇਆ

    ਬੇਬੀ ਦੇ ਕੇਸ ਵਿੱਚ ਤਾਪਮਾਨ ਦਾ ਪਤਾ ਕਰਨ ਲਈ ਥਰਮਾਮੀਟਰ ਗੁਦੇ (ਗੁਦੇ ਦਾ ਤਾਪਮਾਨ) ਵਿੱਚ ਲਾਇਆ ਜਾਂਦਾ ਹੈ। ਗੁਦੇ ਦਾ ਤਾਪਮਾਨ 38°C (100.4°F) ਤੋਂ ਵੱਧ ਹੋਣ ਦਾ ਭਾਵ ਹੈ ਕਿ ਉਸ ਨੂੰ ਬੁਖ਼ਾਰ ਹੈ।

  • ਕੰਬਲ ਹੇਠ ਲੇਟੀ ਹੋਈ ਕੁੜੀ ਜਦੋਂ ਕਿ ਮੂੰਹ ਰਾਹੀਂ ਉਸਦਾ ਤਾਪਮਾਨ ਲਿਆ ਜਾ ਰਿਹਾ ਹੈ

    ਵੱਡੀ ਉਮਰ ਦੇ ਬੱਚਿਆਂ ਦੇ ਕੇਸ ਵਿੱਚ, ਥਰਮਾਮੀਟਰ ਮੂੰਹ (ਮੂੰਹ ਦਾ ਤਾਪਮਾਨ) ਵਿੱਚ ਲਾ ਕੇ ਤਾਪਮਾਨ ਦਾ ਪਤਾ ਲਾਇਆ ਜਾ ਸਕਦਾ ਹੈ। ਮੂੰਹ ਦਾ ਤਾਪਮਾਨ 37°C (99.5°F) ਤੋਂ ਵੱਧ ਹੋਣ ਦਾ ਭਾਵ ਹੈ ਕਿ ਉਸ ਨੂੰ ਬੁਖ਼ਾਰ ਹੈ।

ਤਾਪਮਾਨ ਦਾ ਪਤਾ ਕਰਨ ਲਈ ਦੂਜੇ ਤਰੀਕੇ ਕਈ ਵਾਰੀ ਲਾਹੇਵੰਦ ਹੋ ਸਕਦੇ ਹਨ, ਪਰ ਇੰਜ ਕਰਨ ਨਾਲ ਪਤਾ ਠੀਕ ਠੀਕ ਨਹੀਂ ਲੱਗਦਾ। ਇਨ੍ਹਾਂ ਤਰੀਕਿਆਂ ਵਿੱਚ ਹੇਠ ਦਰਜ ਸ਼ਾਮਲ ਹਨ:

  • ਕੱਛ ਹੇਠ ਥਰਮਾਮੀਟਰ ਦੇ ਨਾਲ ਉਨ੍ਹਾਂ ਦੀ ਪਿੱਠ ਦੇ ਭਾਰ ਲੇਟਿਆ ਹੋਇਆ ਨਿਆਣਾ

    ਕੱਛ ( ਕੱਛ ਦਾ ਤਾਪਮਾਨ) ਵਿੱਚ ਥਰਮਾਮੀਟਰ ਲਾਉਣਾ; ਤਾਪਮਾਨ 37.2°C (99.0°F) ਤੋਂ ਵੱਧ ਹੋਣ ਦਾ ਭਾਵ ਹੈ ਕਿ ਉਸ ਨੂੰ ਬੁਖ਼ਾਰ ਹੈ।

  • ਇੱਕ ਹੱਥ ਕੰਨ ਨੂੰ ਉੱਤੇ ਖਿੱਚਦੇ ਹੋਏ ਅਤੇ ਦੂਸਰਾ ਥਰਮਾਮੀਟਰ ਨੂੰ ਕੰਨ ਵਿੱਚ ਪਕੜਦੇ ਹੋਣ ਦੇ ਨਾਲ ਕੰਨ ਰਾਹੀਂ ਇੱਕ ਮੁੱਡੇ ਦਾ ਤਾਪਮਾਨ ਲਿਆ ਜਾ ਰਿਹਾ

    ਕੰਨ (ਕੰਨ ਦੇ ਡਰੱਮ ਦਾ ਤਾਪਮਾਨ) ਵਿੱਚ ਥਰਮਾਮੀਟਰ ਲਾਉਣਾ; ਤਾਪਮਾਨ 38°C (100.4°F) ਤੋਂ ਵੱਧ ਹੋਣ ਦਾ ਭਾਵ ਹੈ ਕਿ ਉਸ ਨੂੰ ਬੁਖ਼ਾਰ ਹੈ

ਬੁਖ਼ਾਰ ਕਿਸ ਕਾਰਨ ਹੁੰਦਾ ਹੈ?

ਵੱਖ ਵੱਖ ਤਰ੍ਹਾਂ ਦੀਆਂ ਲਾਗਾਂ ਕਾਰਨ ਬੁਖ਼ਾਰ ਹੁੰਦਾ ਹੈ। ਤੁਹਾਡੇ ਬੱਚੇ ਦੇ ਬੁਖ਼ਾਰ ਦੇ ਕਾਰਨ ਦਾ ਪਤਾ ਕਰਨ ਲਈ ਡਾਕਟਰ ਬੁਖ਼ਾਰ ਵੱਲ ਵੇਖਣ ਦੀ ਥਾਂ ਬਿਮਾਰੀ ਦੀਆਂ ਦੂਸਰੀਆਂ ਨਿਸ਼ਾਨੀਆਂ ਅਤੇ ਲੱਛਣਾਂ ਨੂੰ ਵੇਖੇਗਾ। ਬੁਖ਼ਾਰ ਕਿੰਨਾ ਕੁ ਤੇਜ਼ ਹੈ ਤੋਂ ਡਾਕਟਰ ਨੂੰ ਇਹ ਨਿਰਣਾ ਕਰਨ ਵਿੱਚ ਮਦਦ ਨਹੀਂ ਮਿਲਦੀ ਕਿ ਕੀ ਇਹ ਲਾਗ ਹਲ਼ਕੀ ਹੈ ਜਾਂ ਤੀਬਰ ਹੈ, ਜਾਂ ਇਹ ਲਾਗ ਕਿਸੇ ਜਰਾਸੀਮ ਜਾਂ ਵਾਇਰੈਸ ਤੋਂ ਲੱਗੀ ਹੈ।

ਬੁਖ਼ਾਰ ਹੋਰ ਕਾਰਨਾਂ ਤੋਂ ਵੀ ਹੋ ਸਕਦਾ ਹੈ:

  • ਕਸਰਤ, ਜਾਂ ਬਹੁਤ ਕੱਪੜੇ ਪਾਉਣ ਨਾਲ, ਗਰਮ ਪਾਣੀ ਦੇ ਟਪ ਵਿੱਚ ਬੈਠਣ ਜਾਂ ਗਰਮ ਸ਼ਾਵਰ ਲੈਣ ਪਿੱਛੋਂ ਜਾਂ ਗਰਮ ਮੌਸਮ ਕਾਰਨ ਵੀ ਸਰੀਰ ਦਾ ਤਾਪਮਾਨ ਹਲ਼ਕਾ ਜਿਹਾ ਵਧ ਸਕਦਾ ਹੈ।
  • ਹੀਟ ਸਟਰੋਕ ਜਾਂ ਕੁਝ ਦਵਾਈਆਂ ਜਾਂ ਡਰੱਗਜ਼ ਲੈਣ ਕਾਰਨ ਘੱਟ ਹੀ ਕਦੇ ਸਰੀਰ ਦੇ ਤਾਪਮਾਨ ਵਿੱਚ ਗੰਭੀਰ ਅਤੇ ਸ਼ਾਇਦ ਖ਼ਤਰਨਾਕ ਹੱਦ ਤੀਕ ਵਾਧਾ ਹੁੰਦਾ ਹੈ।
  • ਟੀਕੇ ਲੱਗਣ ਕਾਰਨ ਵੀ ਬੁਖ਼ਾਰ ਹੋ ਸਕਦਾ ਹੈ।
  • ਬਿਮਾਰੀਆਂ, ਜੋ ਛੂਤ ਵਾਲੀਆਂ ਨਾ ਹੋਣ, ਅਤੇ ਕੁਝ ਕੁ ਦਾਇਮੀ ਬਿਮਾਰੀਆਂ ਕਾਰਨ ਵੀ ਮੁੜ ਮੁੜ ਹੋਣ ਵਾਲਾ ਜਾਂ ਲਗਾਤਾਰ ਰਹਿਣ ਵਾਲਾ ਬੁਖ਼ਾਰ ਹੋ ਸਕਦਾ ਹੈ।

ਕਈ ਲੋਕਾਂ ਦਾ ਵਿਸ਼ਵਾਸ ਹੈ ਕਿ ਬੱਚੇ ਦੇ ਦੰਦਾਂ ਦੇ ਨਿਕਲਣ ਕਾਰਨ ਵੀ ਬੁਖ਼ਾਰ ਹੋ ਜਾਂਦਾ ਹੈ। ਮਿਲਦਾ ਪ੍ਰਕਾਸ਼ਤ ਸਬੂਤ ਸਝਾਉਂਦਾ ਹੈ ਕਿ ਦੰਦਾਂ ਦੇ ਨਿਕਲਣ ਕਾਰਨ ਬੁਖ਼ਾਰ ਨਹੀਂ ਹੁੰਦਾ ਜਾਂ ਸ਼ਾਇਦ ਇਸ ਨਾਲ ਬਹੁਤ ਹੀ ਹਲ਼ਕਾ ਬੁਖ਼ਾਰ ਹੋ ਸਕਦਾ ਹੈ। ਦੰਦਾਂ ਦੇ ਨਿਕਲਣ ਕਾਰਨ ਯਕੀਨੀ ਤੌਰ ਤੇ ਤੇਜ਼ ਬੁਖ਼ਾਰ ਨਹੀਂ ਹੁੰਦਾ।

ਜੇ ਤੁਹਾਡੇ ਬੱਚੇ ਦੇ ਡਾਕਟਰ ਨੇ ਆਪਣੇ ਵਿਚਾਰ ਅਨੁਸਾਰ ਬੱਚੇ ਦੇ ਬੁਖ਼ਾਰ ਦਾ ਕਾਰਨ ਤੁਹਾਨੂੰ ਦੱਸਿਆ ਹੈ ਤਾਂ ਉਹ ਕਾਰਨ ਇਥੇ ਲਿਖ ਲਓ:

ਜਦੋਂ ਤੁਹਾਡੇ ਬੱਚੇ ਨੂੰ ਬੁਖ਼ਾਰ ਹੋ ਜਾਵੇ ਤਾਂ ਤੁਸੀਂ ਕੀ ਆਸ ਕਰਦੇ ਹੋ

ਬੁਖ਼ਾਰ ਬੱਚਿਆਂ ਨੂੰ ਬਹੁਤ ਬੇਆਰਾਮ ਕਰ ਦਿੰਦਾ ਹੈ। ਇਹ ਲੱਛਣ, ਆਮ ਕਰ ਕੇ, ਹਲ਼ਕੇ ਹੁੰਦੇ ਹਨ ਅਤੇ ਬੱਚਾ ਕੁਝ ਕੁ ਖਿਝਿਆ ਜਿਹਾ ਹੁੰਦਾ ਹੈ ਅਤੇ ਉਸ ਨੂੰ ਦਰਦਾਂ ਤੇ ਪੀੜਾਂ ਹੁੰਦੀਆਂ ਹਨ। ਕਿਉਂਕਿ ਸਰੀਰ ਦਾ ਤਾਪਮਾਨ ਬਦਲ ਰਿਹਾ ਹੁੰਦਾ ਹੈ ਇਸ ਲਈ ਕਈ ਵਾਰੀ ਬੁਖ਼ਾਰ ਦੇ ਨਾਲ ਕਾਂਬਾ (ਸਰਦੀ ਜਾਂ ਨਾ-ਸਹਿਣਯੋਗ ਬੇਹੱਦ ਕਾਂਬਾ) ਵੀ ਹੁੰਦਾ ਹੈ। ਇਸ ਕਿਸਮ ਦਾ ਕਾਂਬਾ ਸਰੀਰ ਲਈ ਤਾਪਮਾਨ ਨੂੰ ਨੇਮਤ ਕਰਨ ਦਾ ਹੀ ਇੱਕ ਤਰੀਕਾ ਹੁੰਦਾ ਹੈ। ਇਹ ਕੋਈ ਦੌਰਾ ਪੈਣ ਜਾਂ ਵੱਟ ਪੈਣਾ ਨਹੀਂ ਹੁੰਦਾ , ਅਤੇ ਨਾ ਹੀ ਇਸ ਦਾ ਸੰਬੰਧ ਬੱਚੇ ਦੀ ਚੇਤੰਨਤਾ ਦੀ ਪੱਧਰ ਵਿੱਚ ਤਬਦੀਲੀ ਨਾਲ ਹੁੰਦਾ ਹੈ।

6 ਮਹੀਨੇ ਤੋਂ ਲੈ ਕੇ 6 ਸਾਲ ਦੇ ਵਿਚਕਾਰ ਦੀ ਉਮਰ ਦੇ ਲੱਗਭਗ 5% ਬੱਚਿਆਂ ਨੂੰ ਬੁਖ਼ਾਰ ਕਾਰਨ ਦੌਰਾ ਪੈਣ ਜਾਂ ਵੱਟ ਪੈਣ ਦੀਆਂ ਘਟਨਾਵਾਂ ਹੋ ਸਕਦੀਆਂ ਹਨ। ਇਨ੍ਹਾਂ ਨੂੰ ਬੁਖ਼ਾਰ ਨਾਲ ਸੰਬੰਧਤ ਗਸ਼ੀ ਜਾਂ ਬੁਖ਼ਾਰ ਨਾਲ ਸੰਬੰਧਤ ਵੱਟ ਪੈਣੇ (ਕਾਨਵੱਲਸ਼ਨ) ਕਿਹਾ ਜਾਂਦਾ ਹੈ। ਬੁਖ਼ਾਰ ਕਾਰਨ ਦੌਰਾ ਪੈ ਜਾਣ ਪਿਛੋਂ ਤੁਹਾਡੇ ਬੱਚੇ ਨੂੰ ਡਾਕਟਰ ਕੋਲ ਜਾਣਾ ਚਾਹੀਦਾ ਹੈ, ਬੁਖ਼ਾਰ ਕਾਰਨ ਪਏ ਦੌਰੇ ਆਮ ਕਰ ਕੇ ਖ਼ਤਰਨਾਕ ਨਹੀਂ ਹੁੰਦੇ।ਬੁਖ਼ਾਰ ਕਾਰਨ ਵਿਸੇਸ਼ ਕਿਸਮ ਦੇ ਪਏ ਦੌਰੇ ਨਾਲ ਦਿਮਾਗ਼ ਨੂੰ ਨੁਕਸਾਨ ਨਹੀਂ ਹੁੰਦਾ।

ਵਧੇਰੇ ਜਾਣਕਾਰੀ ਲਈ , ਕ੍ਰਿਪਾ ਕਰ ਕੇ ਵੇਖੋ "ਬੁਖ਼ਾਰ ਕਾਰਨ ਪਏ ਦੌਰੇ."

ਬੁਖ਼ਾਰ ਕਿੰਨੀ ਕੁ ਵਾਰੀ ਮੁੜ ਮੁੜ ਕੇ ਹੁੰਦਾ ਹੈ ਅਤੇ ਬੁਖ਼ਾਰ ਕਿੰਨਾ ਸਮਾਂ ਰਹਿੰਦਾ ਹੈ ਇਨ੍ਹਾਂ ਗੱਲਾਂ ਦੀ ਨਿਰਭਰਤਾ ਬਹੁਤਾ ਕਰ ਕੇ ਉਸ ਲਾਗ 'ਤੇ ਹੁੰਦਾ ਹੈ ਜਿਸ ਕਾਰਨ ਬੁਖ਼ਾਰ ਹੋਇਆ ਹੋਵੇ। ਵਾਇਰਸ ਵਾਲੇ ਬਹੁਤੇ ਬੁਖ਼ਾਰ 2 ਤੋਂ 3 ਦਿਨ ਰਹਿੰਦੇ ਹਨ, ਕਈ ਵਾਰੀ ਉਹ 2 ਹਫ਼ਤਿਆਂ ਤੀਕ ਵੀ ਰਹਿੰਦੇ ਹਨ। ਜੇ ਬੁਖ਼ਾਰ ਜਰਾਸੀਮ ਦੀ ਲਾਗ ਕਾਰਨ ਹੋਇਆ ਹੋਵੇ, ਤਾਂ ਇਹ ਉਦੋਂ ਤੀਕ ਰਹਿ ਸਕਦਾ ਹੈ ਜਦੋਂ ਤੀਕ ਰੋਗਾਣੂਨਾਸ਼ਕ (ਐਂਟੀਬਾਇਟਿਕ) ਦਵਾਈ ਨਾਲ ਬੱਚੇ ਦਾ ਇਲਾਜ ਨਹੀਂ ਕੀਤਾ ਜਾਂਦਾ।

ਬੁਖ਼ਾਰ ਵਾਲੇ ਆਪਣੇ ਬੱਚੇ ਦੀ ਸੰਭਾਲ ਕਰਨੀ

ਕੱਪੜੇ

ਆਪਣੇ ਬੱਚੇ ਨੂੰ ਹਲ਼ਕੇ ਕੱਪੜੇ ਪਹਿਣਾਅ ਕੇ ਰੱਖੋ। ਸਰੀਰ ਦੀ ਬਹੁਤੀ ਗਰਮੀ ਚਮੜੀ ਰਾਹੀਂ ਨਿਕਲ ਜਾਂਦੀ ਹੈ, ਇਸ ਲਈ ਆਪਣੇ ਬੱਚੇ ਨੂੰ ਬਹੁਤੇ ਕੱਪੜੇ ਪਹਿਣਨ ਜਾਂ ਉਨ੍ਹਾਂ ਨਾਲ ਲੱਦ ਦੇਣ ਦੇ ਨਤੀਜੇ ਦੇ ਤੌਰ ਤੇ ਵੀ ਤੇਜ਼ ਬੁਖ਼ਾਰ ਹੋ ਸਕਦਾ ਹੈ ਅਤੇ ਇਹ ਤੁਹਾਡੇ ਬੱਚੇ ਨੂੰ ਬੇਆਰਾਮ ਵੀ ਕਰ ਸਕਦੇ ਹਨ। ਜੇ ਤੁਹਾਡੇ ਬੱਚੇ ਨੂੰ ਸਰਦੀ ਦਾ ਕਾਂਬਾ ਲੱਗਦਾ ਹੋਵੇ, ਤਾਂ ਉਸ ਨੂੰ ਹਲ਼ਕਾ ਜਿਹਾ ਕੰਬਲ ਦਿਓ। ਜਦੋਂ ਤੁਸੀਂ ਹਲ਼ਕੇ ਕੱਪੜੇ ਪਾਏ ਹੋਣ, ਕਮਰੇ ਦਾ ਤਾਪਮਾਨ ਉਸ ਪੱਧਰ `ਤੇ ਰੱਖੋ ਜੋ ਤੁਹਾਡੇ ਲਈ ਆਰਾਮਦਾਇਕ ਹੋਵੇ।

ਵੱਧ ਮਾਤਰਾ ਵਿੱਚ ਤਰਲ

ਬੁਖ਼ਾਰ ਨਾਲ ਤੁਹਾਡੇ ਬੱਚੇ ਦੇ ਸਰੀਰ ਵਿੱਚੋਂ ਤਰਲ (ਪਦਾਰਥ) ਵੱਧ ਮਾਤਰਾ ਵਿੱਚ ਘਟਦੇ ਹਨ, ਇਸ ਲਈ ਆਪਣੇ ਬੱਚੇ ਨੂੰ ਵੱਧ ਮਾਤਰਾ ਵਿੱਚ ਤਰਲ ਪੀਣ ਲਈ ਉਤਸ਼ਾਹਤ ਕਰੋ। ਠੰਡਾ ਪਾਣੀ ਜਾਂ ਡ੍ਰਿੰਕ ਲਾਭਦਾਇਕ ਹੋ ਸਕਦੇ ਹਨ, ਪਰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਡ੍ਰਿੰਕ ਗਰਮ ਜਾਂ ਠੰਡਾ ਹੈ।

ਸਪੰਜ ਕਰਨਾ

ਆਮ ਤੌਰ ਤੇ ਸਰੀਰ ਦਾ ਤਾਪਮਾਨ ਘਟਾਉਣ ਲਈ ਸਪੰਜ ਕਰਨਾ ਜ਼ਰੂਰੀ ਨਹੀਂ ਹੁੰਦਾ, ਅਤੇ ਇਹ ਤੁਹਾਡੇ ਬੱਚੇ ਨੂੰ ਜ਼ਿਆਦਾ ਬੇਆਰਾਮ ਵੀ ਕਰ ਸਕਦਾ ਹੈ। ਸਰੀਰ ਦੇ ਅੰਦਰਲੇ ਤਾਪਮਾਨ ਉੱਤੇ ਅਸਲੀਅਤ ਵਿੱਚ ਅਸਰ ਪਾਏ ਬਗੈਰ, ਸਪੰਜ ਕਰਨਾ ਤੁਹਾਡੇ ਬੱਚੇ ਦੇ ਸਰੀਰ ਦੇ ਬਾਹਰਲੇ ਹਿੱਸੇ ਨੂੰ ਠੰਡਾ ਕਰ ਸਕਦਾ ਹੈ ਅਤੇ ਉਸ ਨੂੰ ਕਾਂਬਾ ਵੀ ਲਾ ਸਕਦਾ ਹੈ। ਸਪੰਜ ਦੀ ਵਰਤੋਂ ਕੇਵਲ ਹੇਠ ਦਰਜ ਸਥਿਤੀਆਂ ਵਿੱਚ ਹੀ ਕੀਤੀ ਜਾਵੇ:

  • ਜੇ ਇਸ ਨਾਲ ਤੁਹਾਡੇ ਬੱਚੇ ਨੂੰ ਆਰਾਮ ਮਿਲਦਾ ਹੈ
  • ਐਮਰਜੰਸੀ ਵਾਲੀਆਂ ਹਾਲਤਾਂ ਵਿੱਚ ਜਿਵੇਂ ਕਿ ਹੀਟ ਸਟਰੋਕ ਜਾਂ 42°C (108°F)ਤੋਂ ਵੱਧ ਬਹੁਤ ਤੇਜ਼ ਬੁਖ਼ਾਰ ਹੋਣ ਦੀ ਸੂਰਤ ਵਿੱਚ

ਦਵਾਈ

ਦਵਾਈ ਨਾਲ ਬੁਖ਼ਾਰ ਘਟਾਉਣ ਵਿੱਚ ਮਦਦ ਮਿਲਦੀ ਹੈ। ਦਵਾਈਆਂ ਨਾਲ ਬੁਖ਼ਾਰ ਨੂੰ 1°C ਤੋਂ ਲੈ ਕੇ 2°C (2°F ਤੋਂ ਲੈ ਕੇ 3°F) ਤੀਕ ਘਟਾਇਆ ਜਾ ਸਕਦਾ ਹੈ, ਅਤੇ ਇਹ ਤਾਪਮਾਨ ਨੂੰ ਸਾਧਾਰਨ ਦਰਜੇ `ਤੇ ਨਹੀਂ ਲਿਆ ਸਕਦੀਆਂ। ਬੁਖ਼ਾਰ ਆਪਣੇ ਆਪ ਵਿੱਚ ਘਟਦੇ ਵਧਦੇ ਰਹਿੰਦੇ ਹਨ, ਇਸ ਲਈ ਸਦਾ ਹੀ ਇਹ ਦੱਸਣਾ ਸੌਖਾ ਨਹੀਂ ਹੁੰਦਾ ਕਿ ਬੁਖ਼ਾਰ ਦਵਾਈ ਕਾਰਨ ਜਾਂ ਬੁਖ਼ਾਰ ਦੇ ਆਪਣੇ ਕੁਦਰਤੀ ਉਤਰਾਅ-ਚੜ੍ਹਾਅ ਕਾਰਨ ਹੀ ਘਟਿਆ ਹੈ। ਜੇ ਤੁਹਾਡਾ ਬੱਚਾ ਆਰਾਮ ਨਾਲ ਸੌਂ ਰਿਹਾ ਹੈ, ਜ਼ਰੂਰੀ ਨਹੀਂ ਹੁੰਦਾ ਕਿ ਬੱਚੇ ਨੂੰ ਜਗਾਅ ਕੇ ਇਹ ਦਵਾਈਆਂ ਦਿਓ।

ਬੁਖ਼ਾਰ ਉੱਤੇ ਕਾਬੂ ਪਾਉਣ ਲਈ ਆਮ ਤੌਰ ਤੇ ਦੋ ਕਿਸਮ ਦੀਆਂ ਦਵਾਈਆਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਉਹ ਹੇਠ ਦਰਜ ਹਨ:

  • ਅਸੈਟਾਮਿਨੋਫ਼ਿਨ ( ਟਾਇਲੋਨੌਲ, ਟੈਂਪਰਾ,ਐਬੇਨੌਲ, ਡਰੱਗ ਸਟੋਰ ਦੇ ਬਰੈਂਡ ਜਾਂ ਦੂਸਰੇ ਬਰੈਂਡ)
  • ​ਆਈਬਿਊਪਰੋਫ਼ੈਨ (ਐਡਵਿੱਲ, ਮੌਟਰਿਨ,ਬਰੂਫ਼ਿਨ, ਡਰੱਗ ਸਟੋਰ ਦੇ ਬਰੈਂਡ ਜਾਂ ਦੂਸਰੇ ਬਰੈਂਡ)

ਇਹ ਗੋਲੀਆਂ, ਕੈਪਸੂਲਾਂ, ਦੋਹਾਂ ਰੂਪਾਂ ਵਿੱਚ,ਅਤੇ ਵੱਖ ਵੱਖ ਤਾਕਤ ਵਾਲੀਆਂ ਤਰਲ ਫ਼ਾਰਮੂਲੇ ਅਨੁਸਾਰ ਉਪਲਬਧ ਹੁੰਦੀਆਂ ਹਨ। ਬੱਤੀ ਦੇ ਰੂਪ ਵਿੱਚ ਗੁਦੇ ਵਿੱਚ ਰੱਖ ਕੇ ਵਰਤਣ ਲਈ ਅਸੈਟਾਮਿਨੋਫ਼ਿਨ ਵੀ ਉਪਲਬਧ ਹੁੰਦੀ ਹੈ।

ਤੁਹਾਡਾ ਡਾਕਟਰ ਜਾਂ ਦਵਾਫ਼ਰੋਸ਼ ਤੁਹਾਡੇ ਬੱਚੇ ਲਈ ਸਭ ਤੋਂ ਵਾਜਬ ਫ਼ਾਰਮੂਲੇ ਅਤੇ ਦਵਾਈ ਦੀ ਤਾਕਤ ਬਾਰੇ ਫ਼ੈਸਲਾ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਦਵਾਈ ਦੀ ਵਾਜਬ ਖ਼ੁਰਾਕ ਬੱਚੇ ਦੇ ਸਰੀਰਕ ਭਾਰ 'ਤੇ ਨਿਰਭਰ ਕਰਦੀ ਹੈ। ਦਵਾਈ ਵਾਲੇ ਪੈਕੇਜ 'ਤੇ ਅਨੁਮਾਣਤ ਖ਼ੁਰਾਕ ਦੀ ਡੋਜ਼ ਆਮ ਤੌਰ ਤੇ ਦੱਸੀ ਹੁੰਦੀ ਹੈ।

ਇਹ ਦਵਾਈਆਂ ਬੁਖ਼ਾਰ ਉੱਤੇ ਕਾਬੂ ਪਾਉਣ ਵਿੱਚ ਮਦਦ ਕਰਨ ਲਈ ਅਤੇ ਤੁਹਾਡੇ ਬੱਚੇ ਨੂੰ ਵੱਧ ਆਰਾਮ ਦੇਣ ਲਈ ਵਰਤੀਆਂ ਜਾਂਦੀਆਂ ਹਨ,ਪਰ ਇਹ ਬੁਖ਼ਾਰ ਦੇ ਕਾਰਨ ਦਾ ਇਲਾਜ ਨਹੀਂ ਕਰਦੀਆਂ।

ਜੇ ਤੁਹਾਡਾ ਬੇਬੀ 3 ਮਹੀਨੇ ਤੋਂ ਘੱਟ ਉਮਰ ਦਾ ਹੈ, ਤਾਂ ਜਿੰਨੀ ਦੇਰ ਤੀਕ ਤੁਹਾਡਾ ਡਾਕਟਰ ਇਸ ਤਰ੍ਹਾਂ ਕਰਨ ਲਈ ਨਾ ਕਹੇ ਉਸ ਨੂੰ ਬੁਖ਼ਾਰ ਦੀ ਕੋਈ ਦਵਾਈ ਨਾ ਦਿਓ।

ਅਸੀਟਾਮਿਨੋਫ਼ਿਨ ਜਾਂ ਆਈਬਿਊਪਰੋਫ਼ੈਨ ਇੱਕ ਦੂਸਰੀ ਵਿਰੁੱਧ ਉਲਟਾ ਅਸਰ ਨਹੀਂ ਕਰਦੀਆਂ। ਤਾਪਮਾਨ ਘਟਾਉਣ ਲਈ ਉਹ ਬਰਾਬਰ ਦਾ ਅਸਰ ਰੱਖਦੀਆਂ ਹਨ। ਵੱਖ ਵੱਖ ਸਮੇਂ ਇਹ ਲੱਗਦਾ ਹੈ ਕਿ ਇਨ੍ਹਾਂ ਵਿੱਚੋਂ ਇੱਕ ਦੇ ਮੁਕਾਬਲੇ ਦੂਸਰੀ ਵੱਧ ਕਾਰਗਰ ਹੋਵੇਗੀ, ਜਾਂ ਦੋਹਾਂ ਵਿੱਚੋਂ ਇੱਕ ਕਾਰਗਰ ਨਹੀਂ ਜਾਂ ਦੋਵੇਂ ਹੀ ਕਾਰਗਰ ਨਹੀਂ ਹੋਣਗੀਆਂ।

ਜੇ ਤੁਹਾਡੇ ਬੱਚੇ ਵਿੱਚ ਪਹਿਲਾਂ ਤੋਂ ਹੀ ਕੋਈ ਡਾਕਟਰੀ ਸਮੱਸਿਆ ਮੌਜੂਦ ਹੋਵੇ ਜਾਂ ਉਹ ਪਹਿਲਾਂ ਹੀ ਦੂਜੀਆਂ ਦਵਾਈਆਂ ਲੈ ਰਿਹਾ ਹੋਵੇ, ਇਹ ਯਕੀਨੀ ਬਣਾਉਣ ਲਈ ਕਿ ਅਸੀਟਾਮਿਨੋਫ਼ਿਨ ਜਾਂ ਆਈਬਿਊਪਰੋਫ਼ੈਨ ਤੁਹਾਡੇ ਬੱਚੇ ਲਈ ਸੁਰੱਖਿਅਤ ਹੈ ਆਪਣੇ ਬੱਚੇ ਦੇ ਡਾਕਟਰ ਨਾਲ ਗੱਲ ਕਰੋ।

ਆਪਣੇ ਬੱਚੇ ਦੇ ਬੁਖ਼ਾਰ ਦਾ ਇਲਾਜ ਕਰਨ ਲਈ ਏਐੱਸਏ (ਐਸਪਰੀਨ) ਨਾ ਵਰਤੋ

ਭਾਵੇਂ ਇੰਜ ਬਹੁਤ ਹੀ ਘੱਟ ਹੁੰਦਾ ਹੈ, ਏਐੱਸਏ (ਅਸੀਟਲਸਾਲਾਸਾਲਕ ਐਸਿਡ ਜਾਂ ਐੱਸਪਰੀਨ ) ਰੇਜ਼ ਸਿੰਨਡਰੰਮ ਦੀ ਗੰਭੀਰ ਹਾਲਤ ਨਾਲ ਜੁੜ ਗਿਆ ਹੋਇਆ ਹੈ। ਜਿੰਨੀ ਦੇਰ ਤੀਕ ਤੁਹਾਡੇ ਡਾਕਟਰ ਨੇ ਖ਼ਾਸ ਤੌਰ ਤੇ ਇਹ ਦਵਾਈ ਦੇਣ ਲਈ ਨਾ ਕਿਹਾ ਹੋਵੇ, ਆਪਣੇ ਬੱਚੇ ਦੇ ਬੁਖ਼ਾਰ ਉੱਤੇ ਕਾਬੂ ਪਾਉਣ ਲਈ ਉਸ ਨੂੰ ਏਐੱਸਏ ਨਾ ਦਿਓ। ਤੁਹਾਨੂੰ ਦੂਸਰੀਆਂ ਦਵਾਈਆਂ ਦੇ ਲੇਬਲ ਪੜ੍ਹਣੇ ਚਾਹੀਦੇ ਹਨ ਜਾਂ ਇਹ ਯਕੀਨੀ ਬਣਾਉਣ ਲਈ ਕਿ ਦਵਾਈਆਂ ਵਿੱਚ ਏਐੱਸਏ ਮੌਜੂਦ ਨਹੀਂ ਬਾਰੇ ਤੁਸੀਂ ਆਪਣੇ ਦਵਾਈਫ਼ਰੋਸ਼ ਤੋਂ ਪੁੱਛੋ।

ਆਪਣੇ ਬੱਚੇ ਦੇ ਸਿਹਤ ਸੰਭਾਲ ਪ੍ਰਦਾਨ ਕਰਨ ਵਾਲੇ ਨੂੰ ਕਦੋਂ ਫ਼ੋਨ ਕਰਨਾ ਹੈ

ਆਪਣੇ ਬੱਚੇ ਦੇ ਡਾਕਟਰ ਨੂੰ ਫ਼ੋਨ ਕਰੋ ਜਾਂ ਕਲੀਨਿਕ ਜਾਂ ਐਮਰਜੰਸੀ ਵਿਭਾਗ ਪਹੁੰਚੋ, ਜੇ:

  • ਤੁਹਾਡਾ ਬੱਚਾ 3 ਮਹੀਨੇ ਤੋਂ ਛੋਟੀ ਉਮਰ ਦਾ ਹੈ
  • ਬਾਹਰਲੇ ਦੇਸ਼ ਦਾ ਸਫ਼ਰ ਕਰ ਕੇ ਤੁਸੀਂ ਹੁਣੇ ਹੁਣੇ ਪਰਤੇ ਹੋ
  • ਬੁਖ਼ਾਰ 40°C (104°F) ਤੋਂ ਵੱਧ ਹੈ
  • ਤੁਹਾਡੇ ਬੱਚੇ ਨੂੰ ਅਜਿਹੇ ਧੱਫ਼ੜ ਪੈ ਗਏ ਹੋਣ ਜੋ ਬੈਂਗਣੀ ਰੰਗ ਦੇ ਛੋਟੇ ਛੋਟੇ ਨੁਕਤਿਆਂ ਵਾਂਗ ਦਿੱਸਦੇ ਹੋਣ ਅਤੇ ਜਿਹੜੇ ਤੁਹਾਡੀ ਉਂਗਲੀ (ਡਰ ਨਾਲ ਰੰਗ ਪੀਲਾ ਪੈ ਜਾਣਾ) ਦੇ ਦਬਾਉਣ ਨਾਲ ਖ਼ਤਮ ਨਾ ਹੁੰਦੇ ਹੋਣ
  • ਤੁਹਾਡੇ ਬੱਚੇ ਅੰਦਰ ਤਰਲ ਨਹੀ ਠਹਿਰਦੇ ਅਤੇ ਲੱਗਦਾ ਹੈ ਕਿ ਉਸ ਅੰਦਰ ਤਰਲ ਦੀ ਘਾਟ ਹੈ
  • ਤੁਹਾਡੇ ਬੱਚੇ ਦੀ ਚਮੜੀ ਪੇਤਲੀ ਅਤੇ ਹਿੱਸੀ ਹੋੲ ਰੰਗ ਦੀ ਲੱਗਦੀ ਹੈ, ਜਾਂ ਠੰਡੀ ਹੈ ਜਾਂ ਉਸ ਉਪੱਰ ਥੱਬੇ ਹਨ
  • ਤੁਹਾਡੇ ਬੱਚੇ ਨੂੰ ਲਗਾਤਾਰ ਦਰਦ ਹੋ ਰਿਹਾ ਹੈ
  • ਤੁਹਾਡਾ ਬੱਚਾ ਸੁਸਤ (ਬਹੁਤ ਕਮਜ਼ੋਰ) ਹੈ ਜਾਂ ਉਸ ਨੂੰ ਜਗਾਉਣ ਵਿੱਚ ਮੁਸ਼ਕਲ ਆਉਂਦੀ ਹੈ
  • ਤੁਹਾਡੇ ਬੱਚੇ ਦੀ ਗਰਦਨ ਆਕੜੀ ਹੋਈ ਹੈ
  • ਤੁਹਾਡੇ ਬੱਚੇ ਨੂੰ ਬੁਖ਼ਾਰ ਕਾਰਨ ਦੌਰਾ ਪਿਆ ਹੈ
  • ਤੁਹਾਡਾ ਬੱਚਾ ਬਿਮਾਰ ਲੱਗਦਾ ਹੈ ਜਾਂ ਉਹ ਇੰਜ ਹੋਣ ਦਾ ਬਹਾਨਾ ਕਰਦਾ ਹੈ
  • ਤੁਹਾਡਾ ਬੱਚਾ ਲਗਾਤਾਰ ਉਲਝਿਆ ਹੋਇਆ ਜਾਂ ਹੱਦੋਂ ਵੱਧ ਉਤੇਜਤ ਲੱਗਦਾ ਹੈ
  • ਤੁਹਾਡਾ ਬੱਚਾ ਆਪਣੀ ਲੱਤ ਜਾਂ ਬਾਂਹ ਨੂੰ ਲਗਾਤਾਰ ਸਾਧਾਰਨ ਢੰਗ ਨਾਲ ਨਹੀਂ ਵਰਤਦਾ ਜਾਂ ਖੜ੍ਹਾ ਹੋਣ ਤੋਂ ਜਾਂ ਲੱਤਾਂ 'ਤੇ ਭਾਰ ਪਾਉਣ ਤੋਂ ਇਨਕਾਰ ਕਰਦਾ ਹੈ
  • ਤੁਹਾਡੇ ਬੱਚੇ ਨੂੰ ਸਾਹ ਲੇਣ ਵਿੱਚ ਸਮੱਸਿਆਵਾਂ ਆ ਰਹੀਆਂ ਹਨ
  • ਤੁਹਾਡਾ ਬੱਚਾ ਲਗਾਤਾਰ ਰੋਂਦਾ ਹੈ ਅਤੇ ਚੁੱਪ ਨਹੀਂ ਕਰਦਾ

24 ਘੰਟੇ ਦੇ ਅੰਦਰ ਅੰਦਰ ਫ਼ੋਨ ਕਰੋ ਜੇ:

  • ਤੁਹਾਡੇ ਬੱਚੇ ਦੀ ਉਮਰ 3 ਅਤੇ 6 ਮਹੀਨੇ ਦੇ ਵਿਚਕਾਰ ਹੈ
  • ਤੁਹਾਡੇ ਬੱਚੇ ਨੂੰ ਖ਼ਾਸ ਦਰਦ ਹੈ, ਜਿਵੇਂ ਕਿ ਕੰਨ ਜਾਂ ਗਲ਼ੇ ਦਾ ਦਰਦ ਜਿਸ ਦੀ ਮੁਲਾਂਕਣ ਕਰਵਾਉਣ ਦੀ ਲੋੜ ਪੈ ਸਕਦੀ ਹੈ
  • ਤੁਹਾਡੇ ਬੱਚੇ ਨੂੰ 3 ਤੋਂ ਵੱਧ ਦਿਨਾਂ ਤੋਂ ਬੁਖ਼ਾਰ ਹੋਇਆ ਹੈ
  • ਬੁਖ਼ਾਰ 24 ਘੰਟੇ ਤੋਂ ਵੱਧ ਸਮੇਂ ਵਿੱਚ ਨਹੀਂ ਹੋਇਆ ਅਤੇ ਮੁੜ ਕੇ ਹੋ ਗਿਆ ਹੈ
  • ਤੁਹਾਡੇ ਬੱਚੇ ਨੂੰ ਜਰਾਸੀਮੀ ਲਾਗ ਲੱਗੀ ਹੈ ਜਿਸ ਦਾ ਇਲਾਜ ਰੋਗਾਣੂਨਾਸ਼ਕ (ਐਂਟੀਬਾਇਟਿਕ) ਦੁਆਰਾ ਕੀਤਾ ਜਾ ਰਿਹਾ ਹੈ, ਪਰ ਰੋਗਾਣੂਨਾਸ਼ਕ ਸ਼ੁਰੂ ਕਰਨ ਦੇ 2 ਤੋਂ 3 ਦਿਨਾਂ ਪਿੱਛੋਂ ਵੀ ਬੁਖ਼ਾਰ ਖ਼ਤਮ ਨਹੀਂ ਹੋ ਰਿਹਾ
  • ਤੁਹਾਡਾ ਬੱਚਾ ਬਾਥਰੂਮ ਜਾਣ ਲੱਗਿਆਂ ਰੋਂਦਾ ਹੈ
  • ਤੁਹਾਡੇ ਬੱਚੇ ਦੇ ਪਿਸ਼ਾਬ ਵਿੱਚੋਂ ਬੋ ਆਉਂਦੀ ਹੈ
  • ਤੁਹਾਡੀਆਂ ਹੋਰ ਚਿੰਤਵਾਵਾਂ ਜਾਂ ਪ੍ਰਸ਼ਨ ਹੋਣ

ਬੁਖ਼ਾਰ: ਕਲਪਤ ਗੱਲਾਂ ਅਤੇ ਤੱਥ

ਬੁਖ਼ਾਰ ਬਾਰੇ ਕਈ ਕਲਪਤ ਗੱਲਾਂ ਹੁੰਦੀਆਂ ਹਨ, ਅਤੇ ਇਨ੍ਹਾਂ ਵਿੱਚੋਂ ਕਈ ਕਲਪਤ ਗੱਲਾਂ ਤੁਹਾਨੂੰ ਬੇਲੋੜੀ ਚਿੰਤਾ ਵਿੱਚ ਪਾ ਸਕਦੀਆਂ ਹਨ। ਜੇ ਤੁਹਾਡੇ ਬੱਚੇ ਨੂੰ ਬੁਖ਼ਾਰ ਹੈ,ਤਾਂ ਸਭ ਤੋਂ ਵੱਧ ਜ਼ਰੂਰੀ ਗੱਲ ਇਹ ਹੈ ਕਿ ਉਹ ਵੇਖਣ ਨੂੰ ਕਿਵੇਂ ਲੱਗਦਾ ਹੈ ਤੇ ਉਹ ਕਿਵੇਂ ਕਿਰਿਆ ਕਰਦਾ ਹੈ।

ਕਲਪਤ ਗੱਲ: ਤਾਪਮਾਨ ਦਾ ਸਹੀ ਨੰਬਰ ਲਾਹੇਵੰਦ ਹੁੰਦਾ ਹੈ

ਤੱਥ: ਇਹ ਨੰਬਰ ਹਰੇਕ ਅਜਿਹੇ ਛੋਟੇ ਬੇਬੀਆਂ ਜਾਂ ਬੱਚਿਆਂ ਦੀ ਸੰਭਾਲ ਬਾਰੇ ਨਿਰਣਾ ਕਰਨ ਲਈ ਲਾਹੇਵੰਦ ਹੁੰਦਾ ਹੈ ਜਿਨ੍ਹਾਂ ਨੂੰ ਕੁਝ ਪੁਰਾਣੀਆਂ ਡਾਕਟਰੀ ਸਮਸਿਆਵਾਂ ਹੋਣ। ਪਰ ਬੁਖ਼ਾਰ ਵਾਲੇ ਬੱਚੇ ਦੀ ਜਾਂਚ ਕਰਨ ਦਾ ਸਭ ਤੋਂ ਵੱਧ ਜ਼ਰੂਰੀ ਹਿੱਸਾ ਇਹ ਹੁੰਦਾ ਹੈ ਕਿ ਬੱਚਾ, ਖ਼ਾਸ ਕਰ ਉਸ ਦੇ ਬੁਖ਼ਾਰ ਦੇ ਇਲਾਜ ਵਾਸਤੇ ਦਵਾਈ ਦੇਣ ਪਿੱਛੋਂ, ਵੇਖਣ ਨੂੰ ਕਿਵੇਂ ਲੱਗਦਾ ਹੈ ਅਤੇ ਕਿਵੇਂ ਹਿਲਦਾ-ਜੁਲਦਾ ਹੈ। ਅਜਿਹੇ ਬੱਚੇ, ਜਿਸ ਨੂੰ ਭਾਵੇਂ ਤੇਜ਼ ਤਾਪਮਾਨ ਹੈ ਪਰ ਲੱਗਦਾ ਉਹ ਠੀਕ ਹੈ, ਮਿਸਾਲ ਵਜੋਂ ਉਸ ਬੱਚੇ ਦੇ ਮੁਕਾਬਲੇ ਘੱਟ ਚਿੰਤਾ ਵਾਲਾ ਹੁੰਦਾ ਹੈ ਜਿਸ ਨੂੰ ਬੁਖ਼ਾਰ ਹਲ਼ਕਾ ਹੈ ਪਰ ਠੀਕ ਨਹੀਂ ਲੱਗਦਾ ਜਾਂ (ਗੱਲ ਕਰੋ ਤਾਂ ਉੱਤਰ ਵਜੋਂ) ਹੁੰਗਾਰਾ ਨਹੀਂ ਭਰਦਾ। ਵਾਇਰਸ ਦੀ ਲਾਗ ਵਾਲੀਆਂ ਕੁਝ ਘੱਟ ਗੰਭੀਰ ਬਿਮਾਰੀਆਂ ਕਾਰਨ ਤੇਜ਼ ਬੁਖ਼ਾਰ ਹੁੰਦਾ ਮੰਨਿਆ ਜਾਂਦਾ ਹੈ, ਅਤੇ ਕੁਝ ਜਰਾਸੀਮੀ ਲਾਗਾਂ ਕਾਰਨ ਸਰੀਰ ਦਾ ਤਾਪਮਾਨ ਅਸਧਾਰਨ ਪੱਧਰ 'ਤੇ ਘੱਟ ਪਾਇਆ ਜਾਂਦਾ ਹੈ।

ਕਲਪਤ ਗੱਲ: ਬੁਖ਼ਾਰ ਨਾਲ ਦਿਮਾਗ਼ ਨੂੰ ਨੁਕਸਾਨ ਹੋ ਜਾਂਦਾ ਹੈ​

ਤੱਥ: ਲਾਗ ਕਾਰਨ ਹੋਏ ਬਹੁਤੇ ਬੁਖ਼ਾਰ 42°C (108°F) ਤੋਂ ਘੱਟ ਹੁੰਦੇ ਹਨ। ਇਨ੍ਹਾਂ ਕਾਰਨ ਦਿਮਾਗ਼ ਨੂੰ ਨੁਕਸਾਨ ਨਹੀਂ ਹੁੰਦਾ। ਸਿਰਫ਼ 44°C (110°F) ਨਾਲੋਂ ਵੱਧ ਲਗਾਤਾਰ ਸਰੀਰਕ ਤਾਪਮਾਨ ਨਾਲ ਦਿਮਾਗ ਨੂੰ ਨੁਕਸਾਨ ਪਹੁੰਚ ਸਕਦਾ ਹੈ। ਸੰਭਾਵਨਾ ਹੁੰਦੀ ਹੈ ਕਿ ਇਹ ਸਰੀਰਕ ਤਾਪਮਾਨ ਹੀਟ ਸਟਰੋਕ ਕਾਰਨ ਹੀ ਹੁੰਦੇ ਹਨ ਜਾਂ ਕੁਝ ਬਾਜ਼ਾਰੀ ਡਰੱਗਜ਼ ਜਾਂ ਦਵਾਈਆਂ, ਜਿਵੇਂ ਕਿ ਸੁੰਨ ਕਰਨ ਲਈ ਦਵਾਈਆਂ ਜਾਂ ਕੁਝ ਦਿਮਾਗ਼ੀ ਬਿਮਾਰੀਆ ਲਈ ਦਵਾਈਆਂ ਦੀ ਵਰਤੋਂ ਕਾਰਨ ਵਾਪਰ ਸਕਦੇ ਹਨ। ਬੱਚਿਆਂ ਨੂੰ ਲੱਗਣ ਵਾਲੀਆਂ ਆਮ ਲਾਗਾਂ ਤੋਂ ਇਨ੍ਹਾਂ ਦੇ ਵਾਪਰਨ ਦੀ ਸੰਭਾਵਨਾ ਨਹੀੰ ਹੁੰਦੀ।

ਕਲਪਤ ਗੱਲ: ਬੁਖ਼ਾਰ ਬੱਚਿਆਂ ਲਈ ਮਾੜੇ ਹੁੰਦੇ ਹਨ

ਤੱਥ: ਬੁਖ਼ਾਰ ਇੱਕ ਤਰ੍ਹਾਂ ਦੀ ਨਿਸ਼ਾਨੀ ਹੁੰਦੀ ਜੋ ਸਰੀਰ ਦੇ ਬਚਾਅ ਕਰਨ ਵਾਲੇ ਸਿਸਟਮ ਨੂੰ ਕਿਰਿਆਸ਼ੀਲ ਬਣਾ ਦਿੰਦੀ ਹੈ। ਬੁਖ਼ਾਰ ਆਪਣੇ ਆਪ ਵਿੱਚ ਵੀ ਲਾਗ ਵਿਰੁੱਧ ਲੜਣ ਵਿੱਚ ਮਦਦ ਕਰ ਸਕਦੇ ਹਨ ਕਿਉਂਕਿ ਬਹੁਤੇ ਕੀਟਾਣੂ ਸਰੀਰ ਦੇ ਥੋੜ੍ਹੇ ਜਿਹੇ ਵੱਧ ਤਾਪਮਾਨ ਵਿੱਚ ਜਿਉਂਦੇ ਨਹੀਂ ਰਹਿ ਸਕਦੇ। ਇਸ ਦਾ ਮਤਲਬ ਹੈ, ਭਾਵੇਂ ਬੱਚਾ ਬੇਆਰਾਮ ਮਹਿਸੂਸ ਕਰਦਾ ਹੋਵੇ, ਬਹੁਤੇ ਬੁਖ਼ਾਰਾਂ ਦਾ ਅਸਰ ਲਾਹੇਵੰਦ ਹੁੰਦਾ ਹੈ ਅਤੇ ਇਹ ਸਰੀਰ ਨੂੰ ਲਾਗ ਵਿਰੁੱਧ ਲੜਣ ਵਿੱਚ ਮਦਦ ਕਰਦੇ ਹਨ। ਦਵਾਈ ਵਰਤਣ ਦਾ ਮੁੱਖ ਕਾਰਨ ਬੁਖ਼ਾਰ ਘਟਾਅ ਕੇ ਬੱਚੇ ਨੂੰ ਪਹਿਲਾਂ ਨਾਲੋਂ ਬਿਹਤਰ ਮਹਿਸੂਸ ਕਰਵਾਉਣਾ ਹੁੰਦਾ ਹੈ।

ਕਲਪਤ ਗੱਲ: ਬੁਖ਼ਾਰਾਂ ਨੂੰ ਕਿਸੇ ਬੁਖ਼ਾਰ ਵਿਰੋਧੀ (ਐਂਟੀ-ਫੀਵਰ) ਦਵਾਈ ਨਾਲ ਹਮੇਸ਼ਾਂ ਹੀ ਪ੍ਰਤੀਕਰਮ ਦੇਣਾ ਚਾਹੀਦਾ ਹੈ

ਤੱਥ: ਬੁਖ਼ਾਰ ਵਿਰੋਧੀ (ਐਂਟੀ-ਫੀਵਰ) ਦਵਾਈ ਨਾਲ ਆਮ ਤੌਰ ਤੇ ਬੁਖ਼ਾਰ ਘਟਾਉਣ ਵਿੱਚ ਮਦਦ ਮਿਲਦੀ ਹੈ, ਪਰ ਹਮੇਸ਼ਾ ਹੀ ਇਸ ਤਰ੍ਹਾਂ ਨਹੀਂ ਹੁੰਦਾ। ਕਈ ਵਾਰੀ ਦਵਾਈ ਦੇਣ ਪਿੱਛੋਂ ਵੀ ਬੁਖ਼ਾਰ ਰਹਿੰਦਾ ਹੈ। ਕੀ ਦਵਾਈ ਨਾਲ ਬੁਖ਼ਾਰ ਘੱਟਦਾ ਹੈ ਜਾਂ ਨਹੀਂ, ਇਸ ਗੱਲ ਦਾ ਲਾਗ ਦੀ ਗੰਭੀਰਤਾ ਨਾਲ ਕੋਈ ਸੰਬੰਧ ਨਹੀਂ ਹੁੰਦਾ।

ਕਲਪਤ ਗੱਲ: ਰੋਗਾਣੂਨਾਸ਼ਕ (ਐਂਟੀਬਾਇਟਿਕ) ਦਵਾਈ ਦਾ ਅਸਰ ਬੁਖ਼ਾਰ ਉੱਤੇ ਛੇਤੀ ਹੋਣਾ ਚਾਹੀਦਾ ਹੈ

ਤੱਥ: ਰੋਗਾਣੂਨਾਸ਼ਕ ਸਿਰਫ਼ ਜਰਾਸੀਮੀ ਲਾਗਾਂ ਦੇ ਇਲਾਜ ਲਈ ਲਾਹੇਵੰਦ ਹੁੰਦੇ ਹਨ। ਇਨ੍ਹਾਂ ਦਾ ਵਾਇਰਸ ਦੀ ਲਾਗ ਉੱਤੇ ਕੋਈ ਅਸਰ ਨਹੀਂ ਪੈਂਦਾ। ਬਹੁਤੀਆਂ ਲਾਗਾਂ ਵਾਇਰਸਾਂ ਕਾਰਨ ਲੱਗਦੀਆਂ ਹਨ, ਇਸ ਲਈ ਰੋਗਾਣੂਨਾਸ਼ਕ ਦਾ ਉਨ੍ਹਾਂ ਉੱਤੇ ਕੋਈ ਅਸਰ ਨਹੀਂ ਹੁੰਦਾ। ਜਰਾਸੀਮੀ ਲਾਗਾਂ ਦੀ ਸੂਰਤ ਵਿੱਚ, ਜਦੋਂ ਰੋਗਾਣੂਨਾਸ਼ਕ ਦਿੱਤੇ ਜਾਂਦੇ ਹਨ ਤਾਂ ਨਾਲ ਦੀ ਨਾਲ ਇਹ ਜਰਾਸੀਮਾਂ ਵਿਰੁੱਧ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ, ਪਰ ਬੁਖ਼ਾਰ ਖ਼ਤਮ ਹੋਣ ਵਿੱਚ ਕੁਝ ਦਿਨ ਲੱਗ ਜਾਂਦੇ ਹਨ।

ਮੁੱਖ ਨੁਕਤੇ

  • ਬੁਖ਼ਾਰ ਆਮ ਤੌਰ ਤੇ ਸਰੀਰ ਵੱਲੋਂ ਲਾਗ ਵਿਰੁੱਧ ਲੜਨ ਦੀ ਨਿਸ਼ਾਨੀ ਹੁੰਦੀ ਹੈ।
  • ਬੱਚੇ ਦਾ ਠੀਕ ਠੀਕ ਤਾਪਮਾਨ ਕੀ ਹੈ ਏਨਾ ਅਹਿਮ ਨਹੀਂ ਹੁੰਦਾ ਜਿੰਨਾ ਕਿ ਬੱਚਾ ਵੇਖਣ ਨੂੰ ਕਿਵੇਂ ਲੱਗਦਾ ਹੈ ਤੇ ਉਹ ਕਿਵੇਂ ਹਿਲਦਾ-ਜੁਲਦਾ ਹੈ।
  • ਆਪਣੇ ਬੱਚੇ ਨੂੰ ਆਰਾਮ ਵਿੱਚ ਰੱਖੋ, ਆਪਣੇ ਬੱਚੇ ਨੂੰ ਬਹੁਤ ਗਰਮ ਕੱਪੜੇ ਨਾ ਪਾਓ, ਵੱਧ ਮਾਤਰਾ ਵਿੱਚ ਤਰਲ ਪਦਾਰਥ ਪਿਆਓ ਅਤੇ ਅਸੀਟਾਮਿਨੋਫ਼ਿਨ ਜਾਂ ਆਈਬਿਊਪਰੋਫ਼ੈਨ ਦਿਓ। ​
Last updated: اکتوبر 16 2009