ਖੰਘ

Cough [ Punjabi ]

PDF download is not available for Arabic and Urdu languages at this time. Please use the browser print function instead

ਖੰਘਣਾ (ਸਰੀਰ ਦਾ) ਇੱਕ ਸਿਹਤਮੰਦ ਪਰਤਾਵਾਂ ਕਾਰਜ ਹੁੰਦਾ ਹੈ ਜੋ ਫ਼ੇਫ਼ੜਿਆਂ ਨੂੰ ਸਾਫ ਼ਕਰਨ ਵਿੱਚ ਮਦਦ ਕਰਦਾ ਹੈ, ਅਤੇ ਅਕਸਰ ਬਿਮਾਰੀ ਦੀ ਨਿਸ਼ਾਨੀ ਹੁੰਦੀ ਹੈ। ਬੱਚਿਆਂ ਵਿੱਚ ਖੰਘਾਂ ਦੇ ਕਾਰਨਾਂ, ਅਤੇ ਇਲਾਜ ਬਾਰੇ ਪੜ੍ਹੋ।

ਖੰਘ ਕੀ ਹੁੰਦੀ ਹੈ?

ਖੰਘ ਸਰੀਰ ਵੱਲੋਂ ਕੀਤੀ ਜਾਂਦੀ ਅਜਿਹੀ ਆਵਾਜ਼ ਅਤੇ ਹਰਕਤ ਜੋ ਫੇਫੜਿਆਂ, ਸਾਹ ਲੈਣ ਦੇ ਵੱਡੇ ਰਸਤਿਆਂ, ਅਤੇ ਗਲ਼ੇ ਵਿੱਚੋਂ ਬਲਗ਼ਮ ਜਾਂ ਪਰੇਸ਼ਾਨ ਕਰਨ ਵਾਲੇ ਪਦਾਰਥਾਂ ਨੂੰ ਸਾਫ਼ ਕਰਨ ਲਈ ਹੁੰਦੀ ਹੈ। ਜੇ ਤੁਹਾਡੇ ਬੱਚੇ ਨੂੰ ਹਲਕੀ ਬਿਮਾਰੀ ਹੋਵੇ ਤਾਂ ਖੰਘ ਹੋ ਜਾਣੀ ਆਮ ਹੁੰਦੀ ਹੈ। ਜੇ ਤੁਹਾਡੇ ਬੱਚੇ ਨੂੰ ਖੰਘ ਹੋਵੇ ਅਤੇ ਹੋਰ ਕੋਈ ਲੱਛਣ ਨਾ ਹੋਣ ਤਾਂ ਇਹ ਕਿਸੇ ਗੰਭੀਰ ਬਿਮਾਰੀ ਦੀ ਨਿਸ਼ਾਨੀ ਨਹੀਂ ਹੈ।

ਤੁਹਾਡੇ ਬੱਚੇ ਨੂੰ ਖੰਘ ਦੇ ਨਾਲ ਨਾਲ ਹੋਰ ਲੱਛਣ ਵੀ ਹੋ ਸਕਦੇ ਹਨ ਜੋ ਤੁਹਾਨੂੰ ਇਹ ਜਾਣਨ ਵਿੱਚ ਮਦਦ ਕਰਨਗੇ ਕਿ ਕੀ ਤੁਹਾਡੇ ਬੱਚੇ ਨੂੰ ਡਾਕਟਰ ਕੋਲ ਲਿਜਾਣਾ ਚਾਹੀਦਾ ਹੈ। ਦੂਜੇ ਲੱਛਣਾਂ, ਜਿਵੇਂ ਕਿ ਬੁਖ਼ਾਰ, ਸਾਹ ਲੈਣ ਵਿੱਚ ਕਠਨਾਈ, ਨੱਕ ਭਰਿਆ ਹੋਣਾ ਅਤੇ ਸੰਭਵ ਲਾਗਾਂ ਜਾਂ ਪਰੇਸ਼ਾਨ ਕਰਨ ਵਾਲੇ ਪਦਾਰਥਾਂ ਨੂੰ ਨੋਟ ਕਰੋ।

ਖੰਘ ਦੀ ਅਵਾਜ਼ ਗਿੱਲੀ, ਖ਼ੁਸ਼ਕ ਕੁਤੇ ਖੰਘ ਵਰਗੀ ਹੋ ਸਕਦੀ ਹੈ। ਜਿਹੜੀ ਖੰਘ 2 ਹਫ਼ਤਿਆਂ ਤੋਂ ਘੱਟ ਰਹਿੰਦੀ ਹੈ, ਨੂੰ ਤੀਬਰ ਖੰਘ ਕਿਹਾ ਜਾਂਦਾ ਹੈ। ਜਿਹੜੀ ਖੰਘ 4 ਹਫਤਿਆਂ ਤੋਂ ਵੱਧ ਰਹਿੰਦੀ ਹੈ, ਉਸ ਨੂੰ ਦਾਇਮੀ ਖੰਘ ਕਿਹਾ ਜਾਂਦਾ ਹੈ। ਖੰਘ ਦਾ ਕਾਰਨ ਇਸ ਗੱਲ 'ਤੇ ਅਸਰ ਪਾਉਂਦਾ ਹੈ ਕਿ ਖੰਘ ਕਿੰਨਾ ਸਮਾਂ ਰਹਿੰਦੀ ਹੈ। ਜੇ ਤੁਹਾਡੇ ਬੱਚੇ ਨੂੰ ਕੇਵਲ ਖੰਘ ਜਾਂ ਖੰਘ ਅਤੇ ਨੱਕ ਵਗਦਾ ਹੋਵੇ, ਉਹ ਆਮ ਤੌਰ ‘ਤੇ 1 ਤੋਂ 2 ਹਫ਼ਤਿਆਂ ਵਿੱਚ ਠੀਕ ਹੋ ਜਾਂਦਾ ਹੈ।

ਖੰਘ ਦੇ ਕਾਰਨ

ਫੇਫੜਿਆਂ ਅਤੇ ਹਵਾ ਵਾਲੇ ਰਸਤਿਆਂ ਵਿੱਚੋਂ ਬਲਗ਼ਮ ਅਤੇ ਪਰੇਸ਼ਾਨ ਕਰਨ ਵਾਲੇ ਪਦਾਰਥਾਂ ਨੂੰ ਸਾਫ਼ ਕਰਨ ਲਈ ਖੰਘ ਸਰੀਰ ਦਾ ਕੁਦਰਤੀ ਢੰਗ ਹੈ। ਇਹ ਹਵਾ ਤੋਂ ਇਲਾਵਾ ਬਾਕੀ ਪਦਾਰਥਾਂ ਨੂੰ ਫੇਫੜਿਆਂ ਵਿੱਚ ਦਾਖ਼ਲ ਹੋਣ ਤੋਂ ਰੋਕਦੀ ਹੈ। ਇਹ ਕੁਦਰਤੀ ਪ੍ਰਕਿਰਿਆ ਹੈ।

ਖੰਘ ਦਾ ਸਭ ਤੋਂ ਆਮ ਕਾਰਨ ਸਾਹ ਪਰਣਾਲੀ ਨੂੰ ਵਾਇਰਸ ਦੀ ਲਾਗ ਹੁੰਦਾ ਜਿਵੇਂ ਕਿ ਸਰਦੀ-ਜ਼ੁਕਾਮ। ਇਸ ਨਾਲ ਨੱਕ ਅਤੇ ਗਲ਼ਾ ਭਰਿਆ ਜਾਂਦਾ ਹੈ। ਜਦੋਂ ਤੁਹਾਡੇ ਬੱਚੇ ਦਾ ਨੱਕ ਭਰ ਜਾਂਦਾ ਹੈ , ਬਲਗ਼ਮ ਨੱਕ ਵਿੱਚੋਂ ਗਲ਼ੇ ਅੰਦਰ ਡਿੱਗਣ ਲੱਗ ਸਕਦੀ ਹੈ। ਇਸ ਕਾਰਨ ਖੰਘ ਦਾ ਪਰਤਾਵਾਂ ਕਾਰਜ ਸ਼ੁਰੂ ਹੋ ਸਕਦਾ ਹੈ। ਖੰਘ ਬਲਗ਼ਮ ਨੂੰ ਫੇਫੜਿਆਂ ਅੰਦਰ ਦਾਖ਼ਲ ਹੋਣ ਤੋਂ ਰੋਕਦੀ ਹੈ।

ਕੰਨਾਂ ਵਿੱਚ ਲਾਗ ਲੱਗਣੀ (ਜਿਵੇਂ ਕਿ ਸਵਿਮਰ’ਜ਼ ਈਅਰ), ਸਾਇਨਸ, ਅਤੇ ਫੇਫੜਿਆਂ ਦੀ ਲਾਗ (ਜਿਵੇਂ ਕਿ ਨਮੂਨੀਆ) ਵੀ ਤੁਹਾਡੇ ਬੱਚੇ ਦੀ ਖੰਘ ਦਾ ਕਾਰਨ ਬਣ ਸਕਦੀ ਹੈ। ਖੰਘ ਅਜਿਹੀਆਂ ਵਸਤੂਆਂ ਦੇ ਸੰਪਰਕ ਤੋਂ ਵੀ ਲੱਗ ਸਕਦੀ ਹੈ ਜਿਹੜੀਆਂ ਸਾਹ ਲੈਣ ਵਾਲੇ (ਹਵਾ ਵਾਲੇ) ਰਸਤਿਆਂ ਨੂੰ ਪਰੇਸ਼ਾਨ ਕਰਦੀਆਂ ਹੋਣ। ਉਦਾਹਰਨ ਵਜੋਂ, ਜਿਹੜੇ ਪਰਿਵਾਰਾਂ ਵਿੱਚ ਲੋਕ ਤਮਾਕੂਨੋਸ਼ੀ ਕਰਦੇ ਹੋਣ, ਉਨ੍ਹਾਂ ਵਿੱਚ ਬੱਚਿਆਂ ਨੂੰ ਖੰਘ ਆਮ ਹੁੰਦੀ ਹੈ।

ਤੁਹਾਡੀ ਨਸ ਪਰਣਾਲੀ ਵਿੱਚ ਅਜਿਹੇ ਸੰਵੇਦਕ ਅੰਗ ਜਾਂ ਸੰਕੇਤ ਹੁੰਦੇ ਹਨ ਜਿਹੜੇ ਉਦੋਂ ਕਾਰਜਸ਼ੀਲ ਹੋ ਜਾਂਦੇ ਹਨ ਜਦੋਂ ਤੁਹਾਡੇ ਸਰੀਰ ਨੂੰ ਖੰਘਣ ਦੀ ਲੋੜ ਹੁੰਦੀ ਹੈ। ਵਾਇਰਸ ਨਾਲ ਲੱਗਣ ਵਾਲੀ ਲਾਗ ਕਾਰਨ ਇਹ ਸੰਵੇਦਕ ਅੰਗ ਬਹੁਤ ਸੰਵੇਦਨਸ਼ੀਲ ਹੋ ਜਾਂਦੇ ਹਨ। ਵਾਇਰਸ ਨਾਲ ਲੱਗਣ ਵਾਲੀ ਲਾਗ ਤੋਂ ਪਿੱਛੋਂ ਵੀ ਇਹ ਸੰਵੇਦਕ ਅੰਗ ਸੰਵੇਦਨਸ਼ੀਲ ਰਹਿ ਸਕਦੇ ਹਨ। ਇਸ ਕਾਰਨ ਦਾਇਮੀ ਖੰਘ ਹੋ ਜਾਂਦੀ ਹੈ।

ਦਾਇਮੀ ਖੰਘ ਸਾਹ ਪਰਣਾਲੀ ਨੂੰ ਪਰੇਸ਼ਾਨ ਕਰਨ ਵਾਲੀਆਂ ਵਸਤਾਂ ਦੇ ਸੰਪਰਕ ਵਿੱਚ ਆਉਣ ਜਾਂ ਸਾਹ ਪਰਣਾਲੀ ਦੀ ਲਗਾਤਾਰ ਖ਼ਰਾਬ ਹਾਲਤ ਕਾਰਨ ਵੀ ਹੋ ਸਕਦੀ ਹੈ।

ਖੰਘ ਦੀਆਂ ਕਿਸਮਾਂ

ਦਮਾ, ਕਰੂਪ (croup) (ਬੱਚਿਆਂ ਵਿੱਚ ਸੰਘ ਦੀ ਖਰਖਰੀ ਜਿਸ ਨਾਲ ਖੰਘ ਹੋ ਜਾਂਦੀ ਹੈ), ਜਾਂ ਕਾਲ਼ੀ ਖੰਘ(ਪਰਟੁਸਿਸ) ਵਾਲੇ ਬੱਚੇ

ਦਮੇ ਵਾਲੇ ਬੱਚਿਆਂ ਨੂੰ ਅਕਸਰ ਅਜਿਹੀ ਖੰਘ ਲੱਗਦੀ ਜਿਸ ਵਿੱਚ ਸਾਹ ਨਾਲ ਘਰਰ ਘਰਰ ਦੀ ਅਵਾਜ਼ ਅਤੇ ਸਾਹ ਦੀ ਤੇਜ਼ ਗਤੀ ਸ਼ਾਮਲ ਹੁੰਦੀ ਹੈ।

ਸੰਘ ਦੀ ਖਰਖਰੀ (ਕਰੂਪ) ਵਾਲੇ ਬੱਚਿਆਂ ਦੀ ਖੰਘ ਦੀ ਅਵਾਜ਼ ਭੌਂਕਣ ਵਾਂਗ ਹੁੰਦੀ ਹੈ। ਜਦੋਂ ਉਹ ਸਾਹ ਲੈਂਦੇ ਹਨ ਤਾਂ ਇਸ ਵਿੱਚੋਂ ਉੱਚੀ ਆਵਾਜ਼ ਆਉਂਦੀ ਹੈ। ਜਦੋਂ ਤੁਹਾਡਾ ਬੱਚਾ ਖੰਘ ਨਹੀਂ ਰਿਹਾ ਹੁੰਦਾ ਉਦੋਂ ਸਾਹ ਆਮ ਵਾਂਗ ਹੋ ਸਕਦਾ ਹੈ।

ਕਾਲ਼ੀ ਖੰਘ ਵਾਲੇ ਬੱਚਿਆਂ ਨੂੰ ਜਦੋਂ ਖੰਘ ਛਿੜਦੀ ਹੈ ਤਾਂ ਹੱਟਦੀ ਹੀ ਨਹੀਂ। ਇਨ੍ਹਾਂ ਖੰਘਾਂ ਵਿੱਚ “ਖੌਂਹ ਖੌਂਹ” ਦੀ ਅਵਾਜ਼ ਆਉਂਦੀ ਹੈ। ਖੰਘ ਆਉਣ ਨਾਲ ਤੁਹਾਡੇ ਬੱਚੇ ਨੂੰ ਸਾਹ ਲੈਣ ਵਿੱਚ ਕਠਨਾਈ ਹੁੰਦੀ ਹੈ। ਜਦੋਂ ਤੁਹਾਡਾ ਬੱਚਾ ਖੰਘ ਨਹੀਂ ਰਿਹਾ ਹੁੰਦਾ ਉਦੋਂ ਸਾਹ ਆਮ ਵਾਂਗ ਹੋ ਸਕਦਾ ਹੈ।

ਸਾਹ ਲੇਣ ਵਾਲੇ ਰਸਤੇ ਵਿੱਚ ਸਰੀਰ ਤੋਂ ਬਾਹਰਲੇ ਪਦਾਰਥ

ਜੇ ਛੋਟਾ ਬੱਚਾ ਛੋਟੀ-ਮੋਟੀ ਚੀਜ਼ ਸੰਘ ਅੰਦਰ ਲੰਘਾ ਲੈਂਦਾ ਹੈ ਜਾਂ ਭੋਜਨ ਦਾ ਛੋਟਾ ਟੁਕੜਾ ਉਸ ਦੇ ਗਲ਼ ਵਿੱਚ ਅੜ ਜਾਂਦਾ ਹੈ ਤਾਂ ਇਸ ਨਾਲ ਅਚਾਨਕ ਹੀ ਤੀਬਰ ਖੰਘ ਅਤੇ/ ਜਾਂ ਸਾਹ ਲੈਣ ਵਿੱਚ ਮੁਸ਼ਕਲ ਆਉਣੀ ਸ਼ੁਰੂ ਹੋ ਸਕਦੀ ਹੈ। ਇਹ ਇੱਕ ਡਾਕਟਰੀ ਐਮਰਜੈਂਸੀ ਹੁੰਦੀ ਹੈ।

ਕਈ ਵਾਰੀ ਬੱਚੇ ਨੂੰ ਲਗਾਤਾਰ ਖੰਘ ਲੱਗ ਸਕਦੀ ਹੈ ਜੋ ਕਈ ਹਫ਼ਤੇ ਜਾਂ ਮਹੀਨੇ ਰਹਿ ਸਕਦੀ ਹੈ ਕਿਉਂਕਿ ਸਰੀਰ ਤੋਂ ਬਾਹਰਲਾ ਪਦਾਰਥ ਸਾਹ ਵਾਲੇ ਰਸਤੇ ਵਿੱਚ ਫਸਿਆ ਹੁੰਦਾ ਹੈ। ਤੁਹਾਡੇ ਬੱਚੇ ਦਾ ਡਾਕਟਰ ਇਸ ਦੀ ਸ਼ਨਾਖ਼ਤ ਕਰ ਕੇ ਤਕਲੀਫ਼ ਦਾ ਇਲਾਜ ਕਰ ਸਕੇਗਾ।

ਆਪਣੇ ਬੱਚੇ ਦੀ ਸੰਭਾਲ ਘਰ ਵਿੱਚ ਹੀ ਕਰਨੀ

ਆਪਣੇ ਬੱਚੇ ਦੀ ਸੌਣ ਦੀ ਮੁਦਰਾ ਨੂੰ ਠੀਕ ਕਰੋ

ਨੱਕ ਜਾਂ ਗਲ਼ੇ ਦਾ ਪਿਛਲਾ ਪਾਸਾ ਭਰਿਆ ਹੋਇਆ ਹੋਣ ਕਾਰਨ ਲੱਗੀ ਖੰਘ ਵਾਲੇ ਬੱਚੇ (ਬੇਬੀ) ਨੂੰ ਪੇਟ ਪਰਨੇ ਜਾਂ ਪਿੱਠ ਪਰਨੇ ਸੌਣ ਵਿੱਚ ਮੁਸ਼ਕਲ ਆ ਸਕਦੀ ਹੈ। ਉਹ ਕਿਸੇ ਦੀਆਂ ਬਾਹਵਾਂ ਵਿੱਚ ਜਾਂ ਅਰਧ-ਖੜ੍ਹੀ ਪੁਜ਼ੀਸ਼ਨ ਵਿੱਚ ਸੌਂ ਕੇ ਅਰਾਮ ਮਹਿਸੂਸ ਕਰ ਸਕਦੇ ਹਨ। ਵੱਡੀ ਉਮਰ ਦੇ ਬੱਚੇ ਸਰ੍ਹਾਣੇ ਦੇ ਉੱਪਰ ਸਿਰ ਉੱਚਾ ਰੱਖ ਕੇ ਸੌਣ ਵਿੱਚ ਵਧੇਰੇ ਅਰਾਮ ਮਹਿਸੂਸ ਕਰ ਸਕਦੇ ਹਨ।

ਜਦੋਂ ਲੋੜ ਹੋਵੇ ਅਰਾਮ ਕਰੋ

ਖੰਘ ਦੋਰਾਨ, ਤੁਹਾਡੇ ਬੱਚੇ ਨੂੰ ਸੌਣ ਵਿੱਚ ਮੁਸ਼ਕਿਲ ਹੋ ਸਕਦੀ ਹੈ। ਰਾਤ ਸਮੇਂ ਉਸ ਦਾ ਸਾਹ ਵਧੇਰੇ ਹੌਲ਼ੀ ਅਤੇ ਛੋਟਾ ਹੁੰਦਾ ਹੈ। ਫੇਫੜਿਆਂ ਵਿੱਚੋਂ ਬਲਗ਼ਮ ਖ਼ਾਰਜ ਕਰਨ ਲਈ ਉਹ ਵਧੇਰੇ ਖੰਘ ਸਕਦਾ ਹੈ। ਇਸ ਦਾ ਭਾਵ ਹੈ ਕਿ ਉਸ ਨੂੰ ਦਿਨ ਵੇਲੇ ਵਧੇਰੇ ਅਰਾਮ ਦੀ ਲੋੜ ਪੈ ਸਕਦੀ ਹੈ।

ਖਾਰੇ ਘੋਲ਼

ਭਰੇ ਹੋਏ ਨੱਕ ਨੂੰ ਅਰਾਮ ਦੇਣ ਵਿੱਚ ਮਦਦ ਕਰਨ ਲਈ ਨਾਸਾਂ ਵਿੱਚ ਪਾਉਣ ਵਾਲਾ ਖਾਰਾ ਘੋਲ਼ (ਸੈਲੀਨੈਕਸ ਜਾਂ ਦੂਜੇ ਬਰੈਂਡ) ਵਰਤੋ।

ਪੀਣ ਲਈ ਤਰਲ ਦੇ ਛੋਟੇ ਛੋਟੇ ਗਲਾਸ ਅਕਸਰ ਦਿਓ

ਆਪਣੇ ਬੱਚੇ ਨੂੰ ਤਰਲ ਪਦਾਰਥ ਪੀਣ ਲਈ ਉਤਸ਼ਾਹਤ ਕਰੋ। ਇਸ ਨਾਲ ਉਸ ਨੂੰ ਬਿਹਤਰ ਮਹਿਸੂਸ ਕਰਨ ਵਿੱਚ ਮਦਦ ਮਿਲੇਗੀ। ਜੇ ਤੁਹਾਡਾ ਬੱਚਾ ਖੰਘਣ ਪਿੱਛੋਂ ਉਲਟੀ ਕਰਦਾ ਹੈ ਤਾਂ ਉਸ ਨੂੰ ਥੋੜ੍ਹੀ ਥੋੜ੍ਹੀ ਮਾਤਰਾ ਵਿੱਚ ਤਰਲ ਪਦਾਰਥ ਪੀਣ ਲਈ ਉਤਸ਼ਾਹਤ ਕਰੋ।

ਕਿਉਂਕਿ ਤੁਹਾਡੇ ਬੱਚੇ ਨੂੰ ਖੰਘ ਹੈ ਇਸ ਕਰ ਕੇ ਛਾਤੀ ਦਾ ਦੁੱਧ ਪਿਆਉਣਾ ਬੰਦ ਨਾ ਕਰੋ।

ਤੁਹਾਨੂੰ ਬੱਚੇ ਦੀ ਖੁਰਾਕ ਵਿੱਚੋਂ ਦੁੱਧ ਕੱਢ ਦੇਣ (ਬੰਦ ਕਰਨ) ਦੀ ਲੋੜ ਨਹੀਂ ਹੁੰਦੀ। ਇਸ ਨਾਲ ਬਲਗ਼ਮ ਨਾ ਬਣਦੀ ਹੈ ਤੇ ਨਾ ਹੀ ਵੱਧਦੀ ਹੈ। ਤੁਹਾਡਾ ਬੱਚਾ ਕਿਸੇ ਵੀ ਕਿਸਮ ਦਾ ਠੋਸ ਭੋਜਨ ਜਾਂ ਤਰਲ ਪਦਾਰਥ ਖਾ ਪੀ ਸਕਦਾ ਹੈ।

ਹਿਊਮਿਡੀਫ਼ਾਈਡ (ਨਮੀ ਵਾਲੀ) ਹਵਾ

ਖ਼ੁਸ਼ਕ ਹਵਾ ਖੰਘ ਨੂੰ ਹੋਰ ਵੀ ਵਿਗਾੜਦੀ ਹੈ। ਆਪਣੇ ਬੱਚੇ ਦੇ ਕਮਰੇ ਵਿੱਚ ਠੰਢੇ ਵਾਸ਼ਪਾਂ ਵਾਲਾ ਵੇਪੁਰਾਈਜ਼ਰ ਜਾਂ ਹਿਊਮਿਡੀਫ਼ਾਇਰ ਰੱਖਣ ਨਾਲ ਵੀ ਮਦਦ ਮਿਲਦੀ ਹੈ। ਦਿਨ ਵਿੱਚ ਇੱਕ ਵਾਰੀ ਇਨ੍ਹਾਂ ਦਾ ਪਾਣੀ ਬਦਲੋ ਅਤੇ ਫ਼ਿਲਟਰਾਂ ਨੂੰ ਸਾਫ਼ ਕਰੋ।

ਨਮੀ ਵਾਲੀ ਹਵਾ, ਜਿਵੇਂ ਕਿ ਸ਼ਾਵਰ ਦੀ ਭਾਫ਼ ਲੈਣ ਨਾਲ ਕੁੱਤਾ ਖੰਘ (ਭੌਂਕਣ ਦੀ ਆਵਾਜ਼ ਵਰਗੀ ਖੰਘ) ਨੂੰ ਅਰਾਮ ਮਿਲ ਸਕਦਾ ਹੈ। ਠੰਢੀ ਹਵਾ ਵਿੱਚ ਬਾਹਰ ਜਾਣ ਨਾਲ ਵੀ ਤੁਹਾਡੇ ਬੱਚੇ ਨੂੰ ਅਰਾਮ ਮਹਿਸੂਸ ਕਰਨ ਵਿੱਚ ਮਦਦ ਮਿਲ ਸਕਦੀ ਹੈ।

ਖੰਘ ਵਾਲੀਆਂ ਦਵਾਈਆਂ ਵਰਤਣ ਦੀ ਸਿਫ਼ਾਰਸ਼ ਨਹੀਂ ਕੀਤੀ ਜਾਂਦੀ

2 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਲਈ ਬਿਨਾਂ ਨੁਸਖ਼ੇ ਤੋਂ (ਓਵਰ-ਦੀ-ਕਾਊਂਟਰ) ਖੰਘ ਅਤੇ ਜ਼ੁਕਾਮ ਦੀਆਂ ਦਵਾਈਆਂ ਨਹੀਂ ਵਰਤਣੀਆਂ ਚਾਹੀਦੀਆਂ। ਇਨ੍ਹਾਂ ਦੀ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸਿਫ਼ਾਰਸ਼ ਨਹੀਂ ਕੀਤੀ ਜਾਂਦੀ। ਇਹ ਖ਼ਤਰਨਾਕ ਹੋ ਸਕਦੀਆਂ ਹਨ, ਇਨ੍ਹਾਂ ਵਿੱਚ ਸ਼ਾਮਲ ਕੁਝ ਤੱਤਾਂ ਕਾਰਨ ਇਹ ਛੋਟੀ ਉਮਰ ਦੇ ਬੱਚਿਆਂ ਲਈ ਘਾਤਕ ਵੀ ਹੋ ਸਕਦੀਆਂ ਹਨ। ਛੋਟੀ ਉਮਰ ਦੇ ਬੱਚਿਆਂ ਲਈ ਜ਼ਹਿਰੀਲਿਆਂ ਵੀ ਹੋ ਸਕਦੀਆਂ ਹਨ। 6 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ, ਇਹ ਸਾਬਤ ਨਹੀਂ ਹੋ ਸਕਿਆ ਹੈ ਕਿ ਇਹ ਦਵਾਈਆਂ ਖੰਘ ਦੀ ਮਿਆਦ ਨੂੰ ਘਟਾਉਂਦੀਆਂ ਹਨ। ਘਰੇਲੂ ਟੋਟਕੇ ਵਰਤਣ ਦੀ ਸਿਫ਼ਾਰਸ਼ ਵੀ ਨਹੀਂ ਕੀਤੀ ਜਾਂਦੀ।

1 ਸਾਲ ਤੋਂ ਵੱਡੀ ਉਮਰ ਦੇ ਬੱਚਿਆਂ ਨੂੰ ਲੋੜ ਅਨੁਸਾਰ ਜਰਮ ਰਹਿਤ ਕੀਤੇ ਸ਼ਹਿਦ ਦੇ 1 ਤੋਂ 2 ਛੋਟੇ ਚਮਚੇ (5 ਤੋਂ 10 ਮਿ ਲੀ) ਦਿਓ। ਸ਼ਹਿਦ ਸ਼ਾਂਤੀਕਾਰਕ (ਗਲ਼ੇ ਨੂੰ) ਹੋ ਸਕਦਾ ਹੈ ਅਤੇ ਖੰਘ ਨੂੰ ਅਰਾਮ ਕਰਨ ਵਿੱਚ ਮਦਦ ਕਰਨ ਵਾਲਾ ਸਿੱਧ ਹੋਇਆ ਹੈ। 1 ਸਾਲ ਤੋਂ ਛੋਟੀ ਉਮਰ ਦੇ ਬੱਚੇ ਨੂੰ ਸ਼ਹਿਦ ਨਾ ਦਿਓ।

ਤਮਾਕੂਨੋਸ਼ੀ ਵਾਲੀਆਂ ਥਾਵਾਂ ਤੋਂ ਦੂਰ ਰਹੋ

ਆਪਣੇ ਬੱਚੇ ਨੂੰ ਤਮਾਕੂਨੋਸ਼ੀ ਵਾਲੀਆਂ ਥਾਵਾਂ ਅਤੇ ਪਰੇਸ਼ਾਨ ਕਰਨ ਵਾਲੀਆਂ ਦੂਜੀਆਂ ਵਾਤਾਵਰਣਕ ਵਸਤਾਂ ਤੋਂ ਦੂਰ ਰੱਖੋ। ਸਿਗਰਟ ਦੇ ਧੂੰਏਂ ਦੇ ਨੇੜੇ ਹੋਣ ਨਾਲ ਖੰਘ ਵਿਗੜ ਸਕਦੀ ਹੈ।

ਡਾਕਟਰੀ ਸਹਾਇਤਾ ਕਦੋਂ ਲੈਣੀ ਚਾਹੀਦੀ ਹੈ

ਆਪਣੇ ਬੱਚੇ ਦੇ ਡਾਕਟਰ ਨੂੰ ਫ਼ੋਨ ਕਰੋ ਜੇ ਤੁਹਾਡਾ ਬੱਚੇ ਨੂੰ:

  • ਜੇ ਤੁਹਾਡੇ ਬੱਚੇ ਨੂੰ ਖੰਘ ਹੋਵੇ ਅਤੇ ਉੱਚੀ ਅਵਾਜ਼ ਵਾਲਾ ਸਾਹ ਆਉਂਦਾ ਅਤੇ ਬੁਖ਼ਾਰ ਹੋਵੇ
  • ਅਜਿਹੀ ਖੰਘ ਹੋਵੇ ਜੋ 2 ਹਫ਼ਤਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਹੈ

ਨਜ਼ਦੀਕੀ ਐਮਰਜੈਂਸੀ ਵਿਭਾਗ ਪਹੁੰਚੋ ਜਾਂ 911 ਨੂੰ ਫ਼ੋਨ ਕਰੋ, ਜੇ ਤੁਹਾਡਾ ਬੱਚਾ:

  • ਖੰਘ ਕਾਰਨ ਖਾ ਨਾ ਸਕਦਾ ਹੋਵੇ ਜਾਂ ਖੰਘ ਕਾਰਨ ਅਕਸਰ ਉਲਟੀਆਂ ਕਰਦਾ ਹੈ
  • ਕੁੱਤਾ ਖੰਘ ਦਾ ਸ਼ਿਕਾਰ ਹੈ ਅਤੇ ਸਾਹ ਉੱਚੀ ਆਵਾਜ਼ ਵਿੱਚ ਆਉਂਦਾ ਹੈ
  • ਬੱਚੇ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਆਉਂਦੀ ਹੈ ਜੋ ਠੰਢੀ ਹਵਾ ਵਿੱਚ ਜਾਣ, ਹਿਊਮਿਡੀਫ਼ਾਇਰ, ਜਾ ਭਾਫ਼ ਨਾਲ ਠੀਕ ਨਾ ਹੋ ਰਹੀ ਹੋਵੇ
  • ਉਸ ਦੇ ਬੁੱਲ੍ਹ ਅਤੇ ਚਮੜੀ ਨੀਲੀ ਹੈ
  • ਖੰਘ ਕਾਰਨ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ
  • ਲਗਾਤਾਰ ਖੰਘ ਜਾਂ ਸਾਹ ਲੈਣ ਵਿੱਚ ਤਕਲੀਫ਼ ਮਹਿਸੂਸ ਕਰਦਾ ਹੈ ਅਤੇ ਭੋਜਨ ਜਾਂ ਕੋਈ ਹੋਰ ਵਸਤ ਉਸ ਦੇ ਗਲ਼ੇ ਵਿੱਚ ਅੜ ਗਈ ਹੋਵੇ

ਮੁੱਖ ਨੁਕਤੇ

  • ਖੰਘ ਬੱਚਿਆਂ ਵਿੱਚ ਆਮ ਲੱਛਣ ਹੁੰਦਾ ਹੈ।
  • ਬਹੁਤੀਆਂ ਖੰਘਾਂ ਆਮ ਸਰਦੀ-ਜ਼ੁਕਾਮ ਕਰ ਕੇ ਹੁੰਦੀਆਂ ਹਨ ਅਤੇ ਇਨ੍ਹਾਂ ਦੇ ਇਲਾਜ ਦੀ ਲੋੜ ਨਹੀਂ ਹੁੰਦੀ।
  • 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਬਿਨਾਂ ਨੁਸਖ਼ੇ ਤੋਂ (ਓਵਰ-ਦੀ-ਕਾਊਂਟਰ) ਖੰਘ ਜਾਂ ਜ਼ੁਕਾਮ ਦੀਆਂ ਦਵਾਈਆਂ ਲੈਣ ਦੀ ਸਿਫ਼ਾਰਸ਼ ਨਹੀਂ ਕੀਤੀ ਜਾਂਦੀ।
  • ਖੰਘ ਨਾਲ ਹੋਣ ਵਾਲੇ ਕੁਝ ਲੱਛਣ ਜਿਵੇਂ ਕਿ ਬੁਖ਼ਾਰ, ਸਾਹ ਉੱਚੀ ਆਵਾਜ਼ ਵਿੱਚ ਆਉਣਾ, ਘੱਟ ਖਾਣਾ, ਜਾਂ ਤੇਜ਼ੀ ਨਾਲ ਸਾਹ ਲੈਣ ਤੋਂ ਇਹ ਜਾਣਨ ਵਿੱਚ ਮਦਦ ਮਿਲਦੀ ਹੈ ਕਿ ਬੱਚੇ ਨੂੰ ਡਾਕਟਰੀ ਸਹਾਇਤਾ ਦੀ ਲੋੜ ਹੈ।
  • ਕੋਈ ਵੀ ਖੰਘ ਜਿਸ ਦੇ ਨਾਲ ਉੱਚੀ ਉੱਚੀ ਸਾਹ ਆਉਂਦਾ ਹੋਵੇ (ਜਿਵੇਂ ਕਿ ਘਰਰ ਘਰਰ ਦੀ ਅਵਾਜ਼) ਜਾਂ ਬੁਖ਼ਾਰ ਹੋਵੇ ਤਾਂ ਡਾਕਟਰ ਵੱਲੋਂ ਵੇਖੇ ਜਾਣ ਦੀ ਲੋੜ ਹੁੰਦੀ ਹੈ।
Last updated: 10月 16 2009