ਉਲਟੀ ਕਰਨੀ

Vomiting [ Punjabi ]

PDF download is not available for Arabic and Urdu languages at this time. Please use the browser print function instead

ਉਲਟੀ ਪੇਟ ਦੀਆਂ ਵਸਤੂਆਂ ਨੂੰ ਜ਼ੋਰ ਨਾਲ ਖਾਲੀ ਕਰਨਾ ਹੁੰਦਾ ਹੈ ਅਤੇ ਆਮ ਤੌਰ ਤੇ ਵਾਇਰਸ ਦੇ ਕਾਰਨ ਹੁੰਦਾ ਹੈ। ਖੁਰਾਕ ਥਰੇਪੀ (ਚਿਕਿਤਸਾ) ਬਾਰੇ ਪੜ੍ਹੋ, ਉਲਟੀ ਦਾ ਕੇਵਲ ਇੱਕੋ ਇੱਕ ਇਲਾਜ।

ਉਲਟੀ ਤੋਂ ਕੀ ਭਾਵ ਹੁੰਦਾ ਹੈ?

ਉਲਟੀ ਉਦੋਂ ਆਉੰਦੀ ਹੈ ਜਦੋਂ ਪੇਟ ਅੰਦਰ ਸਖ਼ਤ ਸੁੰਗੜੇਵਾਂ ਵਾਪਰਨ ਨਾਲ ਪੇਟ ਅੰਦਰਲੀ ਖੁਰਾਕ ਆਦਿ ਸੰਘ ਅੰਦਰ ਲੰਘਾਉਣ ਵਾਲੀ ਨਾਲੀ (ਐਸੋਫੈਗਸ) ਰਾਹੀਂ ਉਪਰ ਨੂੰ ਧੱਕੀ ਜਾਂਦੀ ਹੈ ਅਤੇ ਮੂੰਹ ਜਾਂ ਨੱਕ ਰਾਹੀਂ ਬਾਹਰ ਆ ਜਾਂਦੀ ਹੈ। ਇਹ ਆਮ ਕਰ ਕੇ ਛੋਟੀ-ਮੋਟੀ ਬਿਮਾਰੀ ਕਾਰਨ ਆਉਂਦੀ ਹੈ।

ਉਲਟੀ ਤੇ ਉਗਲੱਛਣ ਇੱਕੋ ਗੱਲ ਨਹੀਂ ਹੁੰਦੀ। ਖੁਰਾਕ ਜਾਂ ਤਰਲ​ ਦੀ ਥੋੜ੍ਹੀ ਜਿਹੀ ਮਾਤਰਾ ਦਾ ਵੱਖ ਵੱਖ ਹੋ ਜਾਣਾ ਉਗਲੱਛਣ ਹੁੰਦਾ ਹੈ। ਖੁਰਾਕ ਨਿਗਲਨ ਵਾਲੀ ਨਾਲੀ ਵਿੱਚ ਅਤੇ ਫਿਰ ਮੂੰਹ ਵਿੱਚ ਚਲੀ ਜਾਂਦੀ ਹੈ। ਉਗਲੱਛਣ ਬੇਬੀਆਂ ਵਿੱਚ ਅਕਸਰ ਵਾਪਰਦਾ ਹੈ।ਇਹ ਹਾਨੀਕਾਰਕ ਨਹੀਂ ਹੁੰਦਾ।

ਜੇ ਤੁਹਾਡਾ ਬੱਚਾ ਬਹੁਤ ਜਿਆਦਾ ਤਰਲ ਖਾਰਜ ਕਰ ਲੈਂਦਾ ਹੈ ਤਾਂ ਉਲਟੀ ਬਹੁਤ ਗੰਭੀਰ ਵੀ ਬਣ ਸਕਦੀ ਹੈ। ਸਰੀਰ ਵਿੱਚ ਤਰਲ ਦੀ ਘਾਟ ਕਾਰਨ ਡੀਹਾਈਡਰੇਸ਼ਨ ਹੁੰਦੀ ਹੈ।

ਵਧੇਰੇ ਜਾਣਕਾਰੀ ਲੈਣ ਲਈ ਕਰਪਾ ਕਰ ਕੇ ਪੜ੍ਹੋ ਡੀਹਾਈਡਰੇਸ਼ਨ.

ਉਲਟੀ ਦੇ ਕਾਰਨ

ਬਹੁਤੀ ਵਾਰੀ ਉਲਟੀ ਗੈਸਟਰੋਐਂਟਰਾਈਟਿਸ (ਪੇਟ ਦਾ ਵਾਇਰਸ) ਕਰਕੇ ਜਾਣੇ ਜਾਂਦੇ ਇੱਕ ਵਾਇਰਲ ਲਾਗ ਦੇ ਕਾਰਨ ਆਉਂਦੀ ਹੈ। ਲਾਗ ਪੇਟ ਅਤੇ ਪਾਚਨ ਪ੍ਰਣਾਲੀ ਨੂੰ ਉਤੇਜਤ ਕਰਦੀ ਹੈ। ਗੈਸਟਰੋਐਂਟਰਾਈਟਿਸ ਵਾਲੇ ਬੱਚਿਆਂ ਨੂੰ ਦਸਤ ਵੀ ਲੱਗ ਸਕਦੇ ਹਨ।

ਉਲਟੀਆਂ ਸਿਰ ਵਿੱਚ ਦਰਦ, ਜਾਂ ਸਿਰ ਨੂੰ ਸੱਟ, ਪਿਸ਼ਾਬ ਵਾਲੀ ਨਾਲੀ ਅੰਦਰ ਲਾਂਗ, ਆਂਤੜੀਆਂ ਦੀਆਂ ਨਾਲੀਆਂ ਅੰਦਰ ਰੁਕਾਵਟਾਂ, ਖੰਘ, ਭੋਜਨ ਪ੍ਰਤੀ ਐਲਰਜੀਆਂ, ਖ਼ੁਰਾਕ ਕਾਰਨ ਜ਼ਹਿਰ, ਅਤੇ ਕਈ ਹੋਰ ਕਾਰਨਾਂ ਕਰ ਕੇ ਆਉਂਦੀਆਂ ਹਨ। ਕਈ ਦਵਾਈਆਂ, ਹੋਰ ਡਰੱਗਾਂ, ਜਾਂ ਪਦਾਰਥ ਜਿਵੇਂ ਕਿ ਸ਼ਰਾਬ ਪੇਟ ਵਿੱਚ ਗੜਬੜ ਪੈਦਾ ਕਰ ਸਕਦੇ ਹਨ ਅਤੇ ਉਲਟੀ ਆਉਂਦੀ ਹੈ।

ਜੇ ਤੁਹਾਡੇ ਬੱਚੇ ਨੂੰ ਸਖ਼ਤ ਉਲਟੀ ਆਉਂਦੀ ਜਾਂ ਉਲਟੀਆਂ ਹਟਦੀਆਂ ਨਹੀਂ ਤਾਂ ਸਿਹਤ ਸੰਭਲ ਦੇ ਪੇਸ਼ਾਵਰ ਨੂੰ ਮਿਲੋ।

ਉਲਟੀ ਕਿੰਨੀ ਦੇਰ ਰਹਿੰਦੀ ਹੈ?

ਵਾਇਰਸ ਸੰਬੰਧਤ ਗੈਸਟਰੋਐਂਟਰਾਇਟਿਸ (ਪੇਟ ਅੰਦਰ ਵਾਇਰਸ) ਉਲਟੀ ਕਰਨ ਅਤੇ ਕਈ ਵਾਰੀ ਬੁਖ਼ਾਰ ਨਾਲ ਨਾਲ ਸ਼ੁਰੂ ਹੁੰਦੇ ਹਨ।ਉਲਟੀ ਅਕਸਰ 1 ਜਾਂ 2 ਦਿਨ ਰਹਿੰਦੀ ਹੈ, ਪਰ ਵੱਧ ਸਮੇਂ ਲਈ ਵੀ ਰਹਿ ਸਕਦੀ ਹੈ।

ਬੱਚੇ ਨੂੰ ਅਕਸਰ ਦਸਤ ਅਤੇ ਉਲਟੀਆਂ ਇੱਕੋ ਸਮੇਂ ਲੱਗਦੀਆਂ ਹਨ। ਸਾਰੀ ਬਿਮਾਰੀ 1 ਹਫ਼ਤੇ ਤੋਂ ਵੱਧ ਨਹੀਂ ਰਹਿੰਦੀ।

ਆਪਣੇ ਬੱਚੇ ਦੀ ਸੰਭਾਲ ਘਰ ਵਿੱਚ ਹੀ ਕਰਨੀ

ਆਪਣੇ ਬੱਚੇ ਨੂੰ ਸਾਫ਼ ਤਰਲ ਪਦਾਰਥ ਦਿਓ। ਉਲਟੀਆਂ ਕਰਨ ਨਾਲ ਘਾਟ ਨੂੰ ਪੂਰਾ ਕਰਨ ਲਈ ਤੁਹਾਡੇ ਬੱਚੇ ਨੂੰ ਪਾਣੀ ਅਤੇ ਨਮਕ ਦੇਣ ਦੀ ਲੋੜ ਹੁੰਦੀ ਹੈ।

ਜੇ ਤੁਹਾਡਾ ਬੱਚਾ ਛਾਤੀ ਦਾ ਦੁੱਧ ਪੀਂਦਾ ਹੈ ਤਾਂ ਛਾਤੀ ਦਾ ਦੁੱਧ ਪਿਆਉਂਦੇ ਰਹੋ ਜਾਂ ਛਾਤੀ ਨਿਚੋੜ ਕੇ ਕੱਢਿਆਂ ਦੁੱਧ ਬੋਤਲ ਨਾਲ ਪਿਆਉਂਦੇ ਰਹੋ।

ਬੇਬੀਆਂ ਅਤੇ ਬੱਚਿਆਂ ਜੋ ਛਾਤੀ ਦਾ ਦੁੱਧ ਨਹੀਂ ਪੀਂਦੇ, ਉਨ੍ਹਾਂ ਨੂੰ ਆਖ਼ਰੀ ਉਲਟੀ ਆਉਣ ਪਿੱਛੋਂ ਜਦੋਂ ਤੀਕ ਘੰਟਾ ਨਾ ਹੋਇਆ ਹੋਵੇ, ਉਨ੍ਹਾਂ ਨੂੰ ਸਾਫ਼ ਤਰਲ ਦਿਓ। ਆਪਣੇ ਬੱਚੇ ਨੂੰ ਓਰਲ ਰੀਹਾਈਡਰੇਸ਼ਨ ਸਲੂਸ਼ਨ (ਮੁੜ ਪਾਣੀ ਕਾਇਮ ਕਰਨ ਵਾਲਾ ਘੋਲ) ਵੀ ਦੇ ਸਕਦੇ ਹੋ। ਇਹ ਤੁਹਾਡੇ ਬੱਚੇ ਨੂੰ ਲੋੜੀਂਦਾ ਪਾਣੀ, ਮਿੱਠਾ, ਅਤੇ ਨਮਕ ਦੇਵੇਗਾ।

ਜੇ ਆਖ਼ਰੀ ਵਾਰ ਉਲਟੀ ਕੀਤੇ ਨੂੰ ਘੱਟੋ ਘੱਟ ਇੱਕ ਘੰਟਾ ਹੋ ਚੁਕਿਆ ਹੋਵੇ ਤਾਂ ਅਤੇ ਉਸ ਅੰਦਰੋਂ ਪਾਣੀ ਖ਼ਾਰਜ ਨਾ ਹੋਇਆ ਹੋਵੇ ਤਾਂ ਤੁਹਾਡਾ ਬੱਚਾ ਜੋ ਕੁਝ ਉਹ ਚਾਹੇ ਪੀ ਸਕਦਾ ਹੈ। ਇਸ ਵਿੱਚ ਦੁੱਧ ਵੀ ਸ਼ਾਮਲ ਹੈ। ਹੌਲ਼ੀ ਹੌਲ਼ੀ ਵੱਧ ਠੋਸ ਖ਼ੁਰਾਕ ਦੇਣੀ ਸ਼ੁਰੂ ਕਰ ਦਿਓ।

ਜੇ ਤੁਹਾਡੇ ਬੱਚੇ ਅੰਦਰ ਪਾਣੀ ਦੀ ਘਾਟ ਹੋ ਚੁਕੀ ਹੋਵੇ ਤਾਂ ਓਰਲ ਰੀਹਾਈਡਰੇਸ਼ਨ ਸਲੂਸ਼ਨ (ਮੁੜ ਪਾਣੀ ਕਾਇਮ ਕਰਨ ਵਾਲਾ ਘੋਲ) ਦਿੰਦੇ ਰਹੋ।

ਛਾਤੀ ਦਾ ਦੁੱਧ ਪੀਂਦੇ ਬੇਬੀਆਂ ਲਈ ਛਾਤੀ ਦਾ ਦੁੱਧ

ਛਾਤੀ ਦਾ ਦੁੱਧ ਪੀਂਦੇ ਬੇਬੀਆਂ ਨੂੰ, ਭਾਵੇਂ ਇਹ ਸਿੱਧਾ ਛਾਤੀ ਤੋਂ ਹੋਵੇ ਜਾਂ ਛਾਤੀ ਵਿੱਚੋਂ ਨਿਚੋੜ ਕੇ ਕੱਢਿਆ ਹੋਵੇ, ਛਾਤੀ ਦਾ ਦੁੱਧ ਪੀਣਾ ਚਾਹੀਦਾ ਹੈ। ਛਾਤੀ ਦਾ ਦੁੱਧ ਬਹੁਤ ਪੋਸ਼ਟਿਕ ਹੁੰਦਾ ਹੈ ਅਤੇ ਗੈਸਟਰੋਐਂਟਰਾਇਟਿਸ (''ਪੇਟ ਅੰਦਰ ਵਾਇਰਸ'') ਵਾਲੇ ਬੇਬੀ ਇਸ ਨੂੰ ਸਹਿਜੇ ਹੀ ਪੀਂਦੇ ਹਨ। ਜੇ ਤੁਹਾਡਾ ਬੱਚਾ ਦੁੱਧ ਪੀਣ ਪਿੱਛੋਂ ਉਲਟੀ ਕਰਦਾ ਹੈ ਜਾਂ ਘੜੀ ਮੁੜੀ ਉਲਟੀ ਕਰਦਾ ਹੈ ਤਾਂ ਛਾਤੀ ਦਾ ਦੁੱਧ ਪਿਆਉਂਦੇ ਰਹੋ ਪਰ ਥੋੜ੍ਹਾ ਥੋੜ੍ਹਾ ਦੁੱਧ ਵੱਧ ਵਾਰੀ ਦਿਓ।

ਜੇ ਤੁਸੀਂ ਬੇਬੀ ਨੁੰ ਛਾਤੀ ਦਾ ਦੁੱਧ ਪਿਆ ਰਹੇ ਹੋਵੇ ਅਤੇ ਉਹ ਆਮ ਨਾਲੋਂ ਘੱਟ ਪੀਂਦਾ ਹੋਵੇ ਤਾਂ ਆਪਣਾ ਦੁੱਧ ਬਣਨਾ ਕਾਇਮ ਰੱਖਣ ਲਈ ਤੁਹਾਨੂੰ ਆਪਣੇ ਦੁੱਧ ਨੂੰ ਪੰਪ ਕਰਨ ਦੀ ਲੋੜ ਪੈ ਸਕਦੀ ਹੈ।

ਜੇ ਤੁਹਾਡਾ ਬੇਬੀ ਛਾਤੀ ਦਾ ਦੁੱਧ ਪੀਣ ਪਿੱਛੋਂ ਵੀ ਪਿਆਸਾ ਰਹਿੰਦਾ ਹੈ ਜਾਂ ਉਹ ਉਲਟੀਆਂ ਕਰਦਾ ਰਹਿੰਦਾ ਹੈ ਤਾਂ ਹੇਠ ਦਰਜ ਅਨੁਸਾਰ ਉਸ ਨੂੰ ਓਰਲ ਰੀਹਾਈਡਰੇਸ਼ਨ ਸਲੂਸ਼ਨ ਦਿਓ। ਛਾਤੀ ਦਾ ਦੁੱਧ ਪਿਆਉਣਾ ਜਾਰੀ ਰੱਖੋ ਜਾਂ ਆਪਣੇ ਦੁੱਧ ਨੂੰ ਪੰਪ ਕਰੋ।

ਜੇ ਤੁਹਾਡਾ ਬੇਬੀ ਪਿਸ਼ਾਬ ਘੱਟ ​ਵਾਰੀ ਕਰਦਾ ਹੈ ਅਤੇ ਤੁਹਾਨੂੰ ਯਕੀਨ ਨਹੀਂ ਕਿ ਤੁਸੀਂ ਕਾਫ਼ੀ ਦੁੱਧ ਬਣਾ ਰਹੇ ਹੋ, ਤਾਂ ਆਪਣੇ ਬੇਬੀ ਨੂੰ ਦੁੱਧ ਪਿਆਉਣ ਦੇ ਵਕਫ਼ਿਆਂ ਵਿੱਚ ਓਰਲ ਰੀਹਾਈਡਰੇਸ਼ਨ ਸਲੂਸ਼ਨ ਦਿਓ। ਸਰੀਰ ਅੰਦਰ ਪਾਣੀ ਦੀ ਘਾਟ ਵਾਲੇ ਬੇਬੀ ਨੂੰ ਚਾਹ ਜਾਂ ਪਾਣੀ ਨਾ ਦਿਓ।

ਜੇ ਤੁਹਾਨੂੰ ਲੱਗੇ ਕਿ ਤੁਹਾਡੇ ਬੇਬੀ ਅੰਦਰ ਪਾਣੀ ਦੀ ਘਾਟ ਹੈ ਤਾਂ ਡਾਕਟਰ ਨੂੰ ਮਿਲੋ।

ਓਰਲ ਰੀਹਾਈਡਰੇਸ਼ਨ ਸਲੂਸ਼ਨਜ਼

ਜੇ ਲੱਗਦਾ ਹੋਵੇ ਕਿ ਤੁਹਾਡੇ ਬੱਚੇ ਦੇ ਸਰੀਰ ਅੰਦਰ ਪਾਣੀ ਦੀ ਘਾਟ (ਖ਼ੁਸ਼ਕ ਮੂੰਹ, ਘੱਟ ਹਿਲਦਾ-ਜੁਲਦਾ ਹੈ, ਜਾਂ ਆਮ ਨਾਲੋਂ ਘੱਟ ਪਿਸ਼ਾਬ ਕਰਦਾ ਹੈ) ਹੈ, ਤਾਂ ਉਸ ਨੂੰ ਓਰਲ ਰੀਹਾਈਡਰੇਸ਼ਨ ਸਲੂਸ਼ਨ ਦਿਓ। ਇਹ ਸਲੂਸ਼ਨ ਤੁਹਾਡੇ ਬੱਚੇ ਨੂੰ ਲੋੜੀਂਦਾ ਪਾਣੀ, ਮਿੱਠਾ, ਅਤੇ ਨਮਕ ਦੇਵੇਗਾ।

ਓਰਲ ਰੀਹਾਈਡਰੇਸ਼ਨ ਸਲੂਸ਼ਨ ਦੀਆਂ ਮਿਸਾਲਾਂ ਵਿੱਚ ਪੀਡੀਅਲਾਈਟ, ਐਨਫ਼ਾਲਾਈਟ ਜਾਂ ਪੀਡੀਅਟ੍ਰਿਕ ਇਲੈਕਟਰੋਲਾਈਟ ਸ਼ਾਮਲ ਹਨ। ਉਪਲਬਧ ਜਨੈਰਿਕ ਬਰੈਂਡ (ਉਹ ਬਰੈਂਡ ਜਿਨ੍ਹਾਂ ਦੀ ਮੂਲ ਕੰਪਨੀ ਦੇ ਟਰੇਡਮਾਰਕ ਦੁਆਰਾ ਰੱਖਿਆ ਨਾਮ ਹੋਵੇ) ਵੀ ਬਰਾਬਰ ਦੇ ਅਸਰਦਾਰ ਹੁੰਦੇ ਹਨ। ਤੁਸੀਂ ਓਰਲ ਰੀਹਾਈਡਰੇਸ਼ਨ ਸਲੂਸ਼ਨ ਬਹੁਤ ਡਰੱਗ ਸਟੋਰਾਂ ਜਾਂ ਗਰੌਸਰੀ ਸਟੋਰਾਂ ਤੋਂ ਖ਼ਰੀਦਿਆ ਜਾ ਸਕਦਾ ਹੈ। ਘਰ ਤਿਆਰ ਕੀਤੇ ਘੋਲ਼ ਵਰਤਣ ਦੀ ਸਿਫ਼ਾਰਸ਼ ਨਹੀਂ ਕੀਤੀ ਜਾਂਦੀ ਕਿਉਂਕਿ ਇਸ ਵਿੱਚ ਬਹੁਤ ਘਟ ਜਾਂ ਬਹੁਤ ਵੱਧ ਨਮਕ ਦੀ ਹੋਂਦ ਸਮੱਸਿਆਵਾਂ ਪੈਦਾ ਕਰ ਸਕਦੀ ਹੈ।

ਛੋਟਾ ਚਮਚਾ, ਸਰਿੰਜ, ਜਾਂ ਦਵਾਈ ਦੇ ਤੁਪਕੇ ਦੇਣ ਵਾਲਾ ਡਰਾਪਰ ਵਰਤੋ। ਤੁਸੀਂ ਬੋਤਲ ਜਾਂ ਕੱਪ ਵੀ ਵਰਤ ਸਕਦੇ ਹੋ।

ਛੋਟਾ ਚਮਚਾ, ਸਰਿੰਜ ਜਾਂ ਦਵਾਈ ਦੇ ਤੁਪਕੇ ਦੇਣ ਵਾਲਾ ਡਰਾਪਰ ਵਰਤਦਿਆਂ ਹੋਇਆਂ ਹਰ 2 ਤੋਂ 3 ਮਿੰਟਾਂ ਪਿੱਛੋਂ ਤੁਸੀਂ ਆਪਣੇ ਬੱਚੇ ਨੂੰ ਥੋੜ੍ਹੀ ਜਿਹੀ ਮਾਤਰਾ (ਸ਼ੁਰੂ ਵਿੱਚ 5 mL ਜਾਂ 1 ਛੋਟਾ ਚਮਚਾ) ਵਿੱਚ ਸਲੂਸ਼ਨ ਦਿਓ। ਜੇ ਤੁਹਾਡਾ ਬੱਚਾ ਤਰਲ ਨੂੰ ਸਵੀਕਾਰ ਕਰਦਾ ਤੇ ਪੀ ਲੈਂਦਾ ਹੈ ਤਾਂ ਤੁਸੀਂ ਹੌਲ਼ੀ ਹੌਲ਼ੀ ਇਸ ਦੀ ਮਾਤਰਾ ਵਿੱਚ ਵਾਧਾ ਕਰਦੇ ਜਾਓ। ਅਤੇ ਹਰ 5 ਮਿੰਟ ਪਿੱਛੋਂ ਮਾਤਰਾ ਵਧਾ ਕੇ 1 ਔਂਸ (30 mL) ਕਰ ਦਿਓ। ਆਪਣੇ ਬੱਚੇ ਨੂੰ ਹੌਲੀ ਹੌਲੀ ਪੀਣ ਲਈ ਉਤਸਾਹਤ ਕਰੋ। ਛੇਤੀ ਛੇਤੀ ਪੀਣ ਨਾਲ ਉਲਟੀ ਆ ਸਕਦੀ ਹੈ।

ਜੇ ਤੁਹਾਡਾ ਬੱਚਾ ਅਜੇ ਵੀ ਉਲਟੀ ਕਰਦਾ ਹੈ, ਤਾਂ ਇੱਕ ਸਮੇਂ ਓਰਲ ਰੀਹਾਈਡਰੇਸ਼ਨ ਸਲੂਸ਼ਨ ਦਾ 1 ਛੋਟਾ ਚਮਚਾ (5 mL) ਦਿੰਦੇ ਰਹੋ। ਜੇ ਤੁਹਾਡਾ ਬੱਚਾਫਿਰ ਵੀ ਉਲਟੀ ਕਰਨੀ ਜਾਰੀ ਰੱਖਦਾ ਹੈ ਤਾਂ ਇਸ ਦਾ ਭਾਵ ਇਹ ਨਹੀਂ ਹੁੰਦਾ ਕਿ ਓਰਲ ਰੀਹਾਈਡਰੇਸ਼ਨ ਸਲੂਸ਼ਨ ਕਾਰਗਰ ਨਹੀਂ ਹੋ ਰਿਹਾ। ਸਲੂਸ਼ਨ ਵਿਚਲਾ ਮਿੱਠਾ, ਨਮਕ, ਅਤੇ ਤਰਲ ਫਿਰ ਵੀ ਹਜ਼ਮ ਹੋ ਰਿਹਾ ਹੁੰਦਾ ਹੈ।

ਆਮ ਓਰਲ ਰੀਹਾਈਡਰੇਸ਼ਨ ਸਲੂਸ਼ਨ ਦੇ ਬਦਲ

ਕਈ ਬੱਚੇ ਓਰਲ ਰੀਹਾਈਡਰੇਸ਼ਨ ਸਲੂਸ਼ਨ ਦਾ ਨਮਕੀਨ ਸੁਅਦ ਪਸੰਦ ਨਹੀਂ ਕਰਦੇ।

ਜੇ ਤੁਹਾਡਾ ਬੱਚਾ ਓਰਲ ਰੀਹਾਈਡਰੇਸ਼ਨ ਸਲੂਸ਼ਨ ਲੈਣ ਤੋਂ ਨਾਂਹ ਕਰਦਾ ਹੋਵੇ ਤਾਂ ਇਹ ਘੋਲ਼ ਠੰਡਾ ਕਰਕੇ ਦੇਣ ਨਾਲ ਵੀ ਮਦਦ ਮਿਲਦੀ ਹੈ। ਇਹ ਜੰਮੇ ਹੋਏ (ਫ਼ਰੀਜ਼ੀ) ਜਾਂ ਪਾਪਸਿਕਲ ਰੂਪ ਵਿੱਚ ਵੀ ਉਪਲਬਧ ਹੁੰਦਾ ਹੈ। ਤੁਸੀਂ ਓਰਲ ਰੀਹਾਈਡਰੇਸ਼ਨ ਸਲੂਸ਼ਨ ਦਾ ਬਰੈਂਡ ਜਾਂ ਫ਼ਲੇਵਰ ਵੀ ਬਦਲ ਸਕਦੇ ਹੋ। ਜੇ ਤੁਹਾਡਾ ਬੱਚਾ ਅਜੇ ਵੀ ਨਾਂਹ ਕਰਦਾ ਹੈ ਤਾਂ ਹੇਠ ਦਰਜ ਢੰਗ (ਭਾਵੇਂ ਸੰਪੂਰਨ ਤੌਰ ਤੇ ਨਹੀਂ) ਸਭ ਤੋਂ ਚੰਗੇ ਬਦਲ ਹਨ:

  • ਓਰਲ ਰੀਹਾਈਡਰੇਸ਼ਨ ਸਲੂਸ਼ਨ ਵਿੱਚ ਜੂਸ ਮਿਲਾਉ। 2ਹਿੱਸੇ ਓਰਲ ਰੀਹਾਈਡਰੇਸ਼ਨ ਸਲੂਸ਼ਨ ਵਿੱਚ 1ਹਿੱਸਾ ਜੂਸ ਮਿਲਾੳ।
  • ਆਪਣੇ ਬੱਚੇ ਨੂੰ ਗੇਟੁਰੇਡ ਜਾਂ ਪਆਵਰੇਡ ਜਿਹੀਆਂ ਅਲੈਕਟਰੋਲਾਈਟ ਸਪੋਰਟਸ ਡ੍ਰਿੰਕ ਦਿਓ। ਤੁਸੀਂ ਇਹ ਚੀਜਾਂ ਗਰੌਸਰੀ ਸਟੋਰਾਂ 'ਤੇ ਖ਼ਰੀਦ ਸਕਦੇ ਹੋ। ਇਹ ਓਰਲ ਰੀਹਾਈਡਰੇਸ਼ਨ ਸਲੂਸ਼ਨ ਜਿਹੀਆਂ ਡ੍ਰਿੰਕਸ ਨਹੀਂ ਹੁੰਦੀਆਂ,ਪਰ ਇਨ੍ਹਾਂ ਵਿੱਚ ਸਾਦੇ ਜੂਸ ਜਾਂ ਸੋਢੇ ਨਾਲੋਂ ਵੱਧ ਅਲੈਟਰੋਲਾਈਟਸ (ਬਿਜਲੀ ਪੈਦਾ ਕਰਨ ਵਾਲੇ ਘੋਲ਼) ਹੁੰਦੇ ਹਨ।

ਮਿੱਠੇ ਵਾਲੀਆਂ ਡ੍ਰਿੰਕਾਂ ਤੋਂ ਪਰਹੇਜ਼ ਕਰੋ

ਕਈ ਜੂਸਾਂ ਵਿੱਚ ਬਹੁਤ ਮਿੱਠਾ ਹੁੰਦਾ ਹੇ ਜਿਸ ਨਾਲ ਦਸਤ ਵਿਗੜਦੇ ਹਨ। ਜੇ ਤੁਹਾਡੇ ਬੱਚੇ ਨੂੰ ਦਸਤ ਲੱਗੇ ਹੋਏ ਹਨ, ਤਾਂ ਜੂਸ ਜਾਂ ਮਿੱਠੇ ਵਾਲੀਆਂ ਦੂਜੀਆਂ ਡ੍ਰਿੰਕਾਂ ਨਾ ਦਿਓ।

ਖ਼ੁਰਾਕ ਦਿਓ

ਤੁਹਾਡੇ ਬੱਚੇ ਨੂੰ ਗੈਸਟਰੋਐਂਟਰਾਇਟਿਸ (ਪੇਟ ਅੰਦਰ ਵਾਇਰਸ) ਹੋਈ ਹੋਵੇ ਤਾਂ ਉਸ ਨੂੰ ਆਮ ਵਾਲੀ ਖ਼ੁਰਾਕ ਖਾਣੀ ਚਾਹੀਦੀ ਹੈ। ਚੰਗਾ ਪੌਸ਼ਟਿਕ ਭੋਜਨ ਉਸ ਨੂੰ ਠੀਕ ਮਹਿਸੂਸ ਕਰਨ ਵਿੱਚ ਮਦਦ ਕਰਦਾ ਹੈ। ਜੇ ਉਲਟੀਆਂ ਘੜੀ ਮੁੜੀ ਨਾ ਆਉਂਦੀਆਂ ਹੋਣ ਤਾਂ ਉਸ ਨੂੰ ਓਹੋ ਹੀ ਖ਼ੁਰਾਕ ਦਿਓ ਜੋ ਉਹ ਆਮ ਖਾਂਦਾ ਹੋਵੇ। ਕਈ ਬੱਚੇ, ਜਦੋਂ ਉਨ੍ਹਾਂ ਨੂੰ ਉਲਟੀਆਂ ਲੱਗੀਆਂ ਹੋਣ, ਉਹ ਸਾਦੀ ਖ਼ਰਾਕ ਨੂੰ ਤਰਜੀਹ ਦਿੰਦੇ ਹਨ। ਇਹ ਜ਼ਰੂਰੀ ਹੈ ਇਸ ਬਾਰੇ ਕਰੜਾਈ ਨਾ ਵਰਤੋ ਅਤੇ ਉਸ ਨੂੰ ਓਹੋ ਕੁਝ ਦਿਓ ਜੋ ਉਹ ਖਾਣ ਲਈ ਰਾਜ਼ੀ ਹੋਵੇ। ਖਾਣ ਵਾਲੀਆਂ ਅਜਿਹੀਆਂ ਚੀਜ਼ਾਂ, ਜਿਵੇਂ ਕਿ ਕਰੈਕਰ, ਸਿਰੀਅਲ, ਬ੍ਰੈੱਡ, ਚੌਲ, ਸੂਪ, ਫ਼ਲ, ਸਬਜ਼ੀਆਂ, ਅਤੇ ਮਾਸ, ਦਿਓ। ਤੁਹਾਡੇ ਬੱਚੇ ਨੂੰ ਦਸਤ ਲੱਗੇ ਹੋਣ ਤਾਂ ਮਿਠੇ ਭੋਜਨਾਂ ਤੋਂ ਪਰਹੇਜ਼ ਕਰੋ।

ਦੁੱਧ ਚੰਗੇ ਪੌਸ਼ਟਿਕ ਅੰਸ਼ ਮੁਹੱਈਆ ਕਰਦਾ ਹੈ। ਉਲਟੀਆਂ ਕਰਦੇ ਬਹੁਤੇ ਬੱਚੇ ਫਿਰ ਵੀ ਦੁੱਧ ਪੀ ਸਕਦੇ ਹਨ। ਜੇ ਤੁਸੀਂ ਮਹਿਸੂਸ ਕਰਦੇ ਹੋਵੋ ਕਿ ਦੁੱਧ ਦੇਣ ਨਾਲ ਤੁਹਾਡਾ ਬੱਚਾ ਵੱਧ ਉਲਟੀਆਂ ਜਾਂ ਦਸਤ ਕਰਦਾ ਹੈ ਤਾਂ ਤੁਸੀ ਲੈਕਟੋਜ਼ (ਇੱਕ ਕਿਸਮ ਦਾ ਮਿੱਠਾ) ਮੁਕਤ ਦੁੱਧ ਦੇ ਕੇ ਵੇਖੋ। ਜੇ ਤੁਸੀਂ ਦੁੱਧ ਨਹੀਂ ਦੇ ਰਹੇ ਤਾਂ ਯਕੀਨੀ ਬਣਾਓ ਕਿ ਤੁਹਾਡਾ ਬੱਚਾ ਦੂਜੇ ਪੌਸ਼ਟਿਕ ਭੋਜਨ ਲੈਂਦਾ ਹੈ।

ਦਵਾਈਆਂ

ਜੇ ਤੁਹਾਡੇ ਬੱਚੇ ਨੂੰ ਬੁਖ਼ਾਰ ਹੈ ਅਤੇ ਬੇਅਰਾਮ ਹੈ ਤਾਂ ਅਸੀਟਾਮਿਨੋਫ਼ਿਨ (ਟਾਇਲਾਨੌਲ, ਟੈਂਪਰਾ, ਜਾਂ ਦੂਜੇ ਬਰੈਂਡ) ਜਾਂ ਆਈਬਿਊਪਰੋਫ਼ੈਨ (ਐਡਵਿੱਲ, ਮੌਟਰਿਨ ਜਾਂ ਦੁਜੇ ਬਰੈਂਡ) ਦਿਓ।

ਜੇ ਤੁਹਾਡਾ ਬੱਚਾ ਨੁਸਖ਼ੇ ਵਾਲੀਆਂ ਦਵਾਈਆਂ ਲੈਂਦਾ ਹੈ ਅਤੇ ਬਿਮਾਰੀ ਦੌਰਾਨ ਲੈਣ ਲੱਗਿਆਂ ਕਠਿਨਾਈ ਮਹਿਸੂਸ ਕਰਦਾ ਹੈ, ਤਾਂ ਆਪਣੇ ਡਾਕਟਰ ਨਾਲ ਗੱਲਬਾਤ ਕਰੋ।

ਕਾਉਂਟਰ ‘ਤੇ ਮਿਲਣ ਵਾਲੀਆਂ ਬਿਨਾਂ ਨੁਸਖ਼ੇ ਤੋਂ ਦਵਾਈਆਂ (ਜਿਵੇਂ ਕਿ ਗਰੈਵਲ ਜਾਂ ਦੂਜੇ ਬਰੈਂਡ) ਸਦਾ ਮਦਦ ਨਹੀਂ ਕਰਦੀਆਂ, ਅਤੇ ਕਈ ਵਾਰੀ ਨੀਂਦ ਲਿਆਉਂਦੀਆਂ ਹਨ ਜੋ ਪਾਣੀ ਕਾਇਮ ਕਰਨ ਲਈ ਮੂੰਹ ਨਾਲ ਲੈਣ ਵਾਲੀ ਦਵਾਈ ਵਿੱਚ ਦਖ਼ਲ ਦਿੰਦੀ ਹੈ। ਲਗਾਤਾਰ ਆਉਣ ਵਾਲੀਆਂ ਉਲਟੀਆਂ ਦੀਆਂ ਕਈ ਸੂਰਤਾਂ ਵਿੱਚ, ਤੁਹਾਡਾ ਡਾਕਟਰ ਉਲਟੀਆਂ ਰੋਕਣ ਲਈ ਦਵਾਈ ਜਿਵੇਂ ਕਿ ਆਂਡਿਨਸਿਟਰੋਨ ਲਈ ਨੁਸਖ਼ਾ ਦੇ ਸਕਦਾ ਹੈ ਜਿਸ ਦੀ ਆਮ ਕਰ ਕੇ ਸਿਰਫ਼ ਇੱਕੋ ਖ਼ੁਰਾਕ ਹੀ ਦਿੱਤੀ ਜਾਂਦੀ ਹੈ।

ਬਾਕੀ ਦੇ ਆਪਣੇ ਪਰਿਵਾਰ ਨੂੰ ਕਿਵੇਂ ਸਿਹਤਮੰਦ ਰੱਖਣਾ ਹੈ

ਆਪਣੇ ਅਤੇ ਆਪਣੇ ਬੱਚੇ ਦੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਵ੍ਹੋ। ਟਾਇਲਟ ਜਾਣ ਪਿੱਛੋਂ ਅਤੇ ਆਪਣੇ ਬੱਚੇ ਨੂੰ ਡਾਇਪਰ ਬੰਨ੍ਹਣ ਪਿੱਛੋਂ ਇਸ ਤਰ੍ਹਾਂ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਨਾਲ ਆਪਣੇ ਪਰਿਵਾਰ ਵਿੱਚ ਬਿਮਾਰੀ ਫ਼ੈਲਣ ਨੂੰ ਰੋਕਣ ਵਿੱਚ ਮਦਦ ਮਿਲਦੀ ਹੈ।

ਡਾਕਟਰੀ ਸਹਾਇਤਾ ਕਦੋਂ ਹਾਸਲ ਕਰਨੀ ਹੈ

ਆਪਣੇ ਬੱਚੇ ਨੂੰ ਨਜ਼ਦੀਕੀ ਐਮਰਜੈਂਸੀ ਵਿਭਾਗ ਵਿਖੇ ਲਿਜਾਉ ਜਾਂ, ਜੇ ਲੋੜ ਪਵੇ 911 'ਤੇ ਫ਼ੋਨ ਕਰੋ, ਜੇ ਤੁਹਾਡਾ ਬੱਚਾ:

  • ਤੁਹਾਡੇ ਬੱਚੇ ਨੂੰ ਸਿਰ ਦੀ ਸੱਟ ਲੱਗੀ ਹੈ ਜਾਂ ਉਹ ਕਿਸੇ ਜ਼ਹਿਰੀਲੀ ਚੀਜ਼ ਦੇ ਅਸਰ ਅਧੀਨ ਹੈ
  • ਤੁਹਾਡੇ ਬੱਚੇ ਦੇ ਸਰੀਰ ਵਿੱਚੋਂ ਬਹੁਤ ਪਾਣੀ ਖ਼ਾਰਜ ਹੋ ਚੁਕਿਆ ਹੋਵੇ (8 ਘੰਟੇ ਪਿਸ਼ਾਬ ਨਾ ਕੀਤਾ ਹੋਵੇ, ਅਥਰੂ ਨਾ ਵਹਿਣ, ਹਿਲ-ਜੁਲ ਘਟੀ ਹੋਈ ਹੋਵੇ)
  • ਤੁਹਾਡੇ ਬੱਚੇ ਦੀ ਉਲਟੀ ਦਾ ਰੰਗ ਹਰਾ , ਖ਼ੂਨ, ਜਾਂ ਕਾਲਾ ਭੂਰਾ (ਕਾਫ਼ੀ ਦੇ ਰੰਗ ਜਿਹਾ) ਹੋਵੇ
  • ਤੁਹਾਡੇ ਬੱਚੇ ਨੂੰ ਸਖ਼ਤ ਜਾਂ ਵਿਗੜਦਾ ਜਾ ਰਿਹਾ ਪੇਟ ਦਰਦ ਹੋਵੇ
  • ਤੁਹਾਡੇ ਬੱਚੇ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੋਵੇ
  • ਤੁਹਾਡੇ ਬੱਚੇ ਨੂੰ ਬਹੁਤ ਸਖ਼ਤ ਸਿਰ ਦਰਦ ਜਾਂ ਗਰਦਨ ਵਿੱਚ ਪੀੜ ਹੋਵੇ
  • ਤੁਹਾਡੇ ਬੱਚੇ ਦੀ ਚਮੜੀ ਠੰਡੀ ਹੋਵੇ ਜਾਂ ਇਸ ਦਾ ਰੰਗ ਆਮ ਜਿਹਾ ਨਾ ਹੋਵੇ
  • ਤੁਹਾਡਾ ਬੱਚਾ ਬਹੁਤ ਸੁਸਤ ਹੋਵੇ ਜਾਂ ਉਸ ਨੂੰ ਜਗਾਉਣਾ ਮੁਸ਼ਕਲ ਲਗੱਦਾ ਹੋਵੇ
  • ਤੁਹਾਡਾ ਬੱਚਾ ਵੇਖਣ ਨੂੰ ਬਹੁਤ ਬਿਮਾਰ ਲੱਗਦਾ ਹੋਵੇ

ਆਪਣੇ ਬੱਚੇ ਦੇ ਡਾਕਟਰ ਨੂੰ ਫ਼ੋਨ ਕਰੋ ਜੇ:

  • ਤੁਹਾਨੂੰ ਲੱਗਦਾ ਹੋਵੇ ਕਿ ਤੁਹਾਡੇ ਬੱਚੇ ਅੰਦਰੋਂ ਪਾਣੀ ਘਟ ਰਿਹਾ ਹੈ
  • ਜੇ ਬੱਚਾ 2 ਸਾਲ ਤੋਂ ਘੱਟ ਉਮਰ ਦਾ ਹੈ ਅਤੇ ਉਸ ਦੀਆਂ ਉਲਟੀਆਂ 24 ਘੰਟਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੀਆਂ ਹੋਣ
  • ਜੇ ਬੱਚਾ 2 ਸਾਲ ਤੋਂ ਵੱਧ ਉਮਰ ਦਾ ਹੈ ਅਤੇ ਉਸ ਦੀਆਂ ਉਲਟੀਆਂ 48 ਘੰਟਿਆਂ ਤੋਂ ਵੱਧ ਸਮੇਂ ਲਈ ਚਲ ਰਹੀਆਂ ਹੋਣ
  • ਤੁਹਾਡੇ ਬੱਚੇ ਦਾ ਬੁਖ਼ਾਰ 3 ਤੋਂ ਵੱਧ ਦਿਨ ਰਹਿੰਦਾ ਹੈ
  • ਮਹੀਨੇ ਵਿੱਚ ਇੱਕ ਤੋਂ ਵੱਧ ਵਾਰੀ ਉਲਟੀਆਂ ਆਉਂਦੀਆਂ ਹੋਣ ਜਾਂ ਬਹੁਤਾ ਕਰ ਕੇ ਰਾਤ ਨੂੰ ਜਾਂ ਸੁਬ੍ਹਾ ਸਵੇਰੇ ਆਉਂਦੀਆਂ ਹਨ
  • ਤੁਹਾਡੇ ਕੋਈ ਹੋਰ ਸਰੋਕਾਰ ਜਾਂ ਪ੍ਰਸ਼ਨ ਹੋਣ

ਮੁੱਖ ਨੁਕਤੇ

  • ਉਲਟੀ ਪੇਟ ਅਤੇ ਗੈਸਟਰੋਐਂਟਰਾਇਟਿਸ (''ਪੇਟ ਅੰਦਰ ਵਾਇਰਸ'') ਦੀ ਵਾਇਰਲ ਲਾਗ ਨਾਲ ਪਾਚਨ ਪ੍ਰਣਾਲੀ ਅੰਦਰ ਗੜਬੜ ਕਾਰਨ ਆਉਂਦੀ ਹੈ
  • ਉਲਟੀ ਆਮ ਤੌਰ ਤੇ 1 ਜਾਂ 2 ਦਿਨ ਰਹਿੰਦੀ ਹੈ, ਪਰ ਵੱਧ ਸਮਾਂ ਵੀ ਰਹਿ ਸਕਦੀ ਹੈ।
  • ਗੈਸਟਰੋਐਂਟਰਾਇਟਿਸ (''ਪੇਟ ਅੰਦਰ ਵਾਇਰਸ'') ਦੇ ਬਿਮਾਰ ਛਾਤੀ ਦਾ ਦੁੱਧ ਪੀਂਦੇ ਬੇਬੀਆਂ ਨੂੰ ਛਾਤੀ ਦਾ ਦੁੱਧ ਪਿਆਉਂਦੇ ਰਹਿਣਾ ਚਾਹੀਦਾ ਹੈ।
  • ਆਪਣੇ ਬੱਚੇ ਨੂੰ ਓਰਲ ਰੀਹਾਈਡਰੇਸ਼ਨ ਸਲੂਸ਼ਨ ਅਤੇ ਦੂਜੇ ਤਰਲ ਪਦਾਰਥ ਦਿਓ। ਮਿੱਠੇ ਵਾਲੀਆਂ ਪੀਣ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰੋ
  • ਆਪਣੇ ਅਤੇ ਆਪਣੇ ਬੱਚੇ ਦੇ ਹੱਥ ਚੰਗੀ ਤਰ੍ਹਾਂ ਧੋਵ੍ਹੋ।
  • ਜੇ ਤੁਹਾਡੇ ਬੱਚੇ ਅੰਦਰੋਂ ਬਹੁਤ ਪਾਣੀ ਖ਼ਾਰਜ ਹੋਇਆ ਲੱਗੇ ਤਾਂ ਸਿਹਤ ਪ੍ਰਦਾਤਾ ਨੂੰ ਮਿਲੋ।
Last updated: 4月 12 2011